ਦਾਊਦ ਦਾ ਵੱਧਦਾ ਰਾਜ
14
1 ਹੀਰਾਮ ਸ਼ੂਰ ਦਾ ਰਾਜਾ ਸੀ ਅਤੇ ਉਸ ਨੇ ਦਾਊਦ ਕੋਲ ਹਲਕਾਰੇ ਭੇਜੇ। ਉਸ ਨੇ ਦਿਆਰ ਦੀਆਂ ਸ਼ਤੀਰਾਂ, ਸੰਗਤਰਾਸ਼ ਅਤੇ ਤਰੱਖਾਨ ਵੀ ਭੇਜੇ ਤਾਂ ਜੋ ਉਹ ਦਾਊਦ ਲਈ ਇੱਕ ਭਵਨ ਤਿਆਰ ਕਰ ਸੱਕਣ।
2 ਤੱਦ ਦਾਊਦ ਨੂੰ ਮਹਿਸੂਸ ਹੋਇਆ ਕਿ ਵਾਕਇ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ। ਯਹੋਵਾਹ ਨੇ ਦਾਊਦ ਦੇ ਰਾਜ ਨੂੰ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਬਣਾਇਆ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂ ਕਿ ਉਹ ਦਾਊਦ ਅਤੇ ਇਸਰਾਏਲੀਆਂ ਨੂੰ ਬਹੁਤ ਪਿਆਰ ਕਰਦਾ ਸੀ।
3 ਦਾਊਦ ਨੇ ਯਰੂਸ਼ਲਮ ਵਿੱਚ ਹੋਰ ਇਸਤ੍ਰੀਆਂ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਤੋਂ ਉਸ ਦੇ ਘਰ ਵੱਧੇਰੇ ਧੀਆਂ-ਪੁੱਤਰ ਪੈਦਾ ਹੋਏ।
4 ਯਰੂਸ਼ਲਮ ਵਿੱਚ ਦਾਊਦ ਦੇ ਜੰਮੇ ਬੱਚਿਆਂ ਦੇ ਨਾਂ ਇਸ ਪ੍ਰਕਾਰ ਹਨ: ਸ਼ਂਮੂਆ, ਸ਼ੋਬਾਬ, ਨਾਥਾਨ, ਸੁਲੇਮਾਨ,
5 ਯਿਬਹਾਰ, ਅਲੀਸ਼ੂਆ ਤੇ ਅਲਪਾਲਟ,
6 ਨੋਗਹ, ਨਫ਼ਗ ਤੇ ਯਾਫ਼ੀਆ,
7 ਅਲੀਸ਼ਾਮਾ, ਬਅਲਯਾਦਾ ਅਤੇ ਅਲੀਫ਼ਾਲਟ।
ਫ਼ਲਿਸਤੀਆਂ ਦੀ ਦਾਊਦ ਦੇ ਹੱਥੋਂ ਹਾਰ
8 ਜਦ ਫ਼ਲਿਸਤੀਆਂ ਨੇ ਸੁਣਿਆ ਕਿ ਦਾਊਦ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਬਣਨ ਲਈ ਮਸਹ ਕੀਤਾ ਗਿਆ ਹੈ, ਤਾਂ ਸਾਰੇ ਫ਼ਲਿਸਤੀ ਦਾਊਦ ਨੂੰ ਭਾਲਣ ਤੁਰ ਆਏ। ਦਾਊਦ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਫ਼ਲਿਸਤੀਆਂ ਨਾਲ ਲੜਨ ਤੇ ਉਨ੍ਹਾਂ ਦਾ ਸਾਹਮਣਾ ਕਰਨ ਬਾਹਰ ਨਿਕਲ ਆਇਆ।
9 ਫ਼ਲਿਸਤੀਆਂ ਨੇ ਰਫ਼ਾਈਮ ਦੀ ਵਾਦੀ ਵਿੱਚ ਰਹਿੰਦੇ ਲੋਕਾਂ ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀਆਂ ਵਸਤਾਂ ਲੁੱਟ ਲਈਆਂ।
10 ਦਾਊਦ ਨੇ ਪਰਮੇਸ਼ੁਰ ਤੋਂ ਪੁੱਛਿਆ, “ਕੀ ਮੈਨੂੰ ਫ਼ਲਿਸਤੀਆਂ ਦੇ ਵਿਰੁੱਧ ਲੜਨਾ ਚਾਹੀਦਾ ਹੈ? ਕੀ ਤੂੰ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕਰੇਂਗਾ?”
ਯਹੋਵਾਹ ਨੇ ਦਾਊਦ ਨੂੰ ਜਵਾਬ ਦਿੱਤਾ, “ਜਾ, ਮੈਂ ਉਨ੍ਹਾਂ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਁਗਾ।”
11 ਤੱਦ ਦਾਊਦ ਅਤੇ ਉਸ ਦੇ ਆਦਮੀ ਬਅਲ ਪਰਾਸੀਮ ਤਾਈਂ ਗਏ। ਉੱਥੇ, ਉਸ ਨੇ ਅਤੇ ਉਸ ਦੇ ਆਦਮੀਆਂ ਨੇ ਫ਼ਲਿਸਤੀਆਂ ਨੂੰ ਹਾਰ ਦਿੱਤੀ। ਤਾਂ ਦਾਊਦ ਨੇ ਆਖਿਆ, “ਜਿਵੇਂ ਕਿ ਟੁੱਟੇ ਹੋਏ ਬੰਨ੍ਹ ਵਿੱਚੋਂ ਪਾਣੀ ਫ਼ਟ ਪੈਂਦਾ ਹੈ, ਪਰਮੇਸ਼ੁਰ ਮੇਰੇ ਰਾਹੀਂ ਮੇਰੇ ਦੁਸਮਣਾਂ ਤੇ ਫ਼ਟ ਪਿਆ ਹੈ।” ਇਸੇ ਕਾਰਣ ਉਸ ਥਾਂ ਦਾ ਨਾਂ ਬਅਲ ਪਰਾਸੀਮ ਰੱਖਿਆ ਗਿਆ।
12 ਫ਼ਲਿੱਸਤੀ ਲੋਕ ਆਪਣੇ ਦੇਵਤਿਆਂ ਦੇ ਬੁੱਤ ਬਅਲ ਪਰਾਸੀਮ ’ਚ ਹੀ ਛੱਡ ਗਏ, ਤਾਂ ਦਾਊਦ ਨੇ ਉਨ੍ਹਾਂ ਬੁੱਤਾਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ।
ਫ਼ਲਿਸਤੀਆਂ ਉੱਪਰ ਇੱਕ ਹੋਰ ਜਿੱਤ
13 ਫ਼ਲਿਸਤੀਆਂ ਨੇ ਰਫ਼ਾਈਮ ਦੀ ਵਾਦੀ ਵਿੱਚ ਇੱਕ ਵਾਰ ਫ਼ੇਰ ਹਮਲਾ ਕੀਤਾ।
14 ਦਾਊਦ ਨੇ ਮੁੜ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਆਖਿਆ, “ਦਾਊਦ, ਇਸ ਵਾਰ, ਪਹਾੜੀਆਂ ਤਾਈਂ ਉਨ੍ਹਾਂ ਦਾ ਪਿੱਛਾ ਨਾ ਕਰੀਂ, ਪਰ ਉਨ੍ਹਾਂ ਦੇ ਦੁਆਲੇ ਮੈਂਹਦੀ ਦੇ ਦ੍ਰੱਖਤਾਂ ਦੇ ਪਿੱਛੇ ਲੁਕ ਜਾਵੀਂ।
15 ਇੱਕ ਦਰਬਾਨ ਨੂੰ ਮੈਂਹਦੀ ਦੇ ਦ੍ਰੱਖਤਾਂ ਉੱਤੇ ਚਢ਼ਨ ਲਈ ਆਖੀਂ। ਜਦੋਂ ਹੀ ਉਹ ਉਨ੍ਹਾਂ ਨੂੰ ਕੂਚ ਕਰਦਿਆਂ ਸੁਣੇ, ਤੈਨੂੰ ਉਨ੍ਹਾਂ ਤੇ ਹਮਲਾ ਕਰ ਦੇਣਾ ਚਾਹੀਦਾ ਹੈ। ਮੈਂ ਤੇਰੇ ਅਗਾਂਹ ਹੋਵਾਂਗਾ ਅਤੇ ਫ਼ਲਿਸਤੀ ਫ਼ੌਜ ਨੂੰ ਹਰਾ ਦੇਵਾਂਗਾ।”
16 ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਨੇ ਆਖਿਆ। ਇਉਂ ਦਾਊਦ ਅਤੇ ਉਸਦੀ ਸੈਨਾ ਨੇ ਫ਼ਲਿਸਤੀ ਸੈਨਾ ਨੂੰ ਹਾਰ ਦਿੱਤੀ। ਉਨ੍ਹਾਂ ਨੇ ਫ਼ਲਿਸਤੀਆਂ ਦੇ ਦਲ ਨੂੰ ਗਿਬਓਨ ਤੋਂ ਲੈ ਕੇ ਗਜ਼ਰ ਤੀਕ ਸਾਰਿਆਂ ਨੂੰ ਵੱਢ ਸੁੱਟਿਆ।
17 ਇਉਂ ਦਾਊਦ ਸਾਰੇ ਦੇਸ਼ਾਂ ਵਿੱਚ ਪ੍ਰਸਿੱਧ ਹੋ ਗਿਆ ਅਤੇ ਯਹੋਵਾਹ ਨੇ ਸਾਰੀਆਂ ਕੌਮਾਂ ਤੇ ਉਸਦਾ ਡਰ ਪਾ ਦਿੱਤਾ।