5
ਹਰ ਯਹੂਦੀ ਸਰਦਾਰ ਜਾਜਕ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ। ਜਾਜਕ ਨੂੰ ਉਨ੍ਹਾਂ ਗੱਲਾਂ ਨਾਲ ਲੋਕਾਂ ਦੀ ਸਹਾਇਤਾ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਿਹੜੀਆਂ ਉਹ ਪਰਮੇਸ਼ੁਰ ਲਈ ਕਰਦਾ ਹੈ। ਉਸ ਜਾਜਕ ਨੂੰ ਪਾਪਾਂ ਲਈ ਪਰਮੇਸ਼ੁਰ ਨੂੰ ਤੋਹਫ਼ੇ ਅਤੇ ਕੁਰਬਾਨੀਆਂ ਅਰਪਨ ਕਰਨੀਆਂ ਚਾਹੀਦੀਆਂ ਹਨ। ਸਰਦਾਰ ਜਾਜਕ ਸਮੂਹ ਲੋਕਾਂ ਵਾਂਗ ਖੁਦ ਕਮਜ਼ੋਰ ਹੈ। ਇਸ ਲਈ ਉਹ ਉਨ੍ਹਾਂ ਲੋਕਾਂ ਨਾਲ ਕੋਮਲ ਹੋ ਸੱਕਦਾ ਹੈ ਜੋ ਅਗਿਆਨੀ ਹਨ ਅਤੇ ਸਹੀ ਰਾਹ ਤੋਂ ਭਟਕਾਏ ਗਏ ਹਨ। ਸਰਦਾਰ ਜਾਜਕ ਲੋਕਾਂ ਦੇ ਪਾਪ ਲਈ ਬਲੀ ਚੜ੍ਹਾਉਂਦਾ ਹੈ। ਪਰ ਸਰਦਾਰ ਜਾਜਕ ਖੁਦ ਕਮਜ਼ੋਰੀਆਂ ਰੱਖਦਾ ਹੈ। ਇਸ ਲਈ ਉਸ ਨੂੰ ਖੁਦ ਦੇ ਪਾਪਾਂ ਲਈ ਵੀ ਬਲੀਆਂ ਭੇਂਟ ਕਰਨੀਆਂ ਚਾਹੀਦੀਆਂ ਹਨ।
ਸਰਦਾਰ ਜਾਜਕ ਦੀ ਤਰ੍ਹਾਂ ਨਿਯੁਕਤ ਹੋਣਾ ਇੱਕ ਸਤਿਕਾਰ ਹੈ। ਪਰ ਕੋਈ ਵੀ ਵਿਅਕਤੀ ਇਸ ਕਾਰਜ ਲਈ ਖੁਦ ਆਪਣੇ ਆਪ ਦੀ ਚੋਣ ਨਹੀਂ ਕਰਦਾ। ਉਸ ਵਿਅਕਤੀ ਨੂੰ ਪਰਮੇਸ਼ੁਰ ਵੱਲੋਂ, ਹਾਰੂਨ ਵਾਂਗ, ਬੁਲਾਇਆ ਜਾਣਾ ਚਾਹੀਦਾ। ਮਸੀਹ ਨਾਲ ਵੀ ਇਵੇਂ ਹੀ ਹੈ। ਉਸ ਨੇ ਸਰਦਾਰ ਜਾਜਕ ਬਣਨ ਦਾ ਗੌਰਵ ਹਾਸਿਲ ਕਰਨ ਦੀ ਚੋਣ ਖੁਦ ਨਹੀਂ ਕੀਤੀ। ਸਗੋਂ ਪਰਮੇਸ਼ੁਰ ਨੇ ਉਸ ਨੂੰ ਚੁਣਿਆ। ਪਰਮੇਸ਼ੁਰ ਨੇ ਮਸੀਹ ਨੂੰ ਆਖਿਆ,
“ਤੂੰ ਮੇਰਾ ਪੁੱਤਰ ਹੈਂ;
ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” ਜ਼ਬੂਰ 2:7
ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ ਤੇ ਪਰਮੇਸ਼ੁਰ ਆਖਦਾ ਹੈ,
“ਤੂੰ ਸਦਾ ਲਈ ਮਲਕਿਸਿਦਕ*
ਵਰਗਾ ਜਾਜਕ ਹੋਵੇਂਗਾ।” ਜ਼ਬੂਰ 110:4
ਜਦੋਂ ਮਸੀਹ ਧਰਤੀ ਉੱਤੇ ਰਹਿੰਦਾ ਸੀ ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਸਹਾਇਤਾ ਦੀ ਮੰਗ ਕੀਤੀ। ਪਰਮੇਸ਼ੁਰ ਹੀ ਹੈ ਜਿਹੜਾ ਉਸ ਨੂੰ ਮੌਤ ਤੋਂ ਬਚਾ ਸੱਕਦਾ ਸੀ ਅਤੇ ਯਿਸੂ ਨੇ ਪਰਮੇਸ਼ੁਰ ਅੱਗੇ ਉੱਚੀਆਂ ਚੀਕਾਂ ਅਤੇ ਹੰਝੂਆਂ ਰਾਹੀਂ ਪ੍ਰਾਰਥਨਾ ਕੀਤੀ। ਅਤੇ ਪਰਮੇਸ਼ੁਰ ਨੇ ਯਿਸੂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ ਕਿਉਂਕਿ ਯਿਸੂ ਨਿਮ੍ਰ ਸੀ ਅਤੇ ਉਸ ਨੇ ਹਰ ਉਹ ਗੱਲ ਕੀਤੀ ਜਿਸ ਵਿੱਚ ਪਰਮੇਸ਼ੁਰ ਦੀ ਰਜ਼ਾ ਸੀ। ਯਿਸੂ ਪਰਮੇਸ਼ੁਰ ਦਾ ਪੁੱਤਰ ਸੀ। ਪਰ ਯਿਸੂ ਨੇ ਦੁੱਖ ਝੱਲੇ ਅਤੇ ਜਿਨ੍ਹਾਂ ਦੁੱਖਾਂ ਰਾਹੀਂ ਉਹ ਗੁਜ਼ਰਿਆ, ਉਸ ਨੇ ਤਾਬੇਦਾਰੀ ਸਿੱਖੀ। ਫ਼ੇਰ ਯਿਸੂ ਸੰਪੰਨ ਸੀ। ਉਹ ਉਨ੍ਹਾਂ ਸਾਰੇ ਲੋਕਾਂ ਲਈ ਕਾਰਣ ਬਣਿਆ, ਜਿਹੜੇ ਸਦੀਵੀ ਮੁਕਤੀ ਪ੍ਰਾਪਤ ਕਰਨ ਲਈ ਉਸ ਨੂੰ ਮੰਨਦੇ ਹਨ। 10 ਅਤੇ ਪਰਮੇਸ਼ੁਰ ਨੇ ਯਿਸੂ ਨੂੰ ਉਵੇਂ ਹੀ ਸਰਦਾਰ ਜਾਜਕ ਬਣਾਇਆ ਜਿਵੇਂ ਕਿ ਮਲਕਿਸਿਦਕ ਸੀ।
ਗਿਰਾਵਟ ਦੇ ਖਿਲਾਫ਼ ਚਿਤਾਵਨੀ
11 ਅਸੀਂ ਤੁਹਾਨੂੰ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦੇ ਹਾਂ। ਪਰ ਇਹ ਤੁਹਾਨੂੰ ਸਪੱਸ਼ਟ ਕਰਨਾ ਬਹੁਤ ਔਖਾ ਹੈ ਕਿਉਂਕਿ ਤੁਸੀਂ ਸਮਝਣ ਦੇ ਇਛੁੱਕ ਨਹੀਂ ਹੋ। 12 ਤੁਹਾਨੂੰ ਇੰਨਾ ਸਮਾਂ ਮਿਲ ਚੁੱਕਿਆ ਹੈ ਕਿ ਹੁਣ ਤੱਕ ਤਾਂ ਤੁਹਾਨੂੰ ਗੁਰੂ ਬਣ ਜਾਣਾ ਚਾਹੀਦਾ ਸੀ। ਪਰ ਤੁਹਾਨੂੰ, ਇੱਕ ਵਾਰੀ ਫ਼ੇਰ, ਪਰਮੇਸ਼ੁਰ ਦੇ ਉਪਦੇਸ਼ ਦੇ ਮੁੱਢਲੇ ਪਾਠ ਪੜ੍ਹਾਉਣ ਵਾਲੇ, ਕਿਸੇ ਵਿਅਕਤੀ ਦੀ ਲੋੜ ਹੈ। ਤੁਹਾਨੂੰ ਹਾਲੇ ਵੀ ਉਪਦੇਸ਼ ਦੀ ਦੁੱਧ ਵਾਂਗ ਲੋੜ ਹੈ। ਤੁਸੀਂ ਹਾਲੇ ਠੋਸ ਆਹਾਰ ਲਈ ਤਿਆਰ ਨਹੀਂ ਹੋ। 13 ਕੋਈ ਵੀ ਜਿਹੜਾ ਦੁੱਧ ਦੇ ਆਸਰੇ ਜਿਉਂਦਾ, ਇੱਕ ਸ਼ਿਸ਼ੂ ਹੈ। ਅਜਿਹਾ ਵਿਅਕਤੀ ਸਹੀ ਉਪਦੇਸ਼ ਬਾਰੇ ਕੁਝ ਨਹੀਂ ਜਾਣਦਾ। 14 ਪਰ ਠੋਸ ਆਹਾਰ ਉਨ੍ਹਾਂ ਲੋਕਾਂ ਲਈ ਨਹੀਂ ਹੈ ਜਿਹੜੇ ਸ਼ਿਸ਼ੂਆਂ ਵਰਗੇ ਹਨ। ਉਹ ਉਨ੍ਹਾਂ ਲਈ ਹੈ ਜਿਹੜੇ ਆਤਮਕ ਤੌਰ ਤੇ ਪ੍ਰੌਢ ਹਨ। ਉਨ੍ਹਾਂ ਦੇ ਰੋਜ਼ਾਨਾ ਅਭਿਆਸ ਦੁਆਰਾ, ਉਨ੍ਹਾਂ ਨੇ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਵਿੱਚ ਫ਼ਰਕ ਕਰਨ ਲਈ ਪੱਕਾ ਕਰ ਲਿਆ ਹੈ।
* 5:6 ਮਲਕਿਸਿਦਕ ਇੱਕ ਜਾਜਕ ਅਤੇ ਰਾਜਾ ਜਿਹੜਾ ਅਬਰਾਹਾਮ ਦੇ ਸਮੇਂ ਰਹਿੰਦਾ ਸੀ। ਦੇਖੋ ਉਤਪਤ 14:17-24