19
ਤੱਦ ਫਿਰ ਪਿਲਾਤੁਸ ਨੇ ਯਿਸੂ ਨੂੰ ਫ਼ੜ ਕੇ ਕੋੜੇ ਮਾਰਨ ਦਾ ਹੁਕਮ ਦਿੱਤਾ। ਸੈਨਕਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਤੇ ਪਾਇਆ ਅਤੇ ਉਸ ਨੂੰ ਬੈਂਗਨੀ ਚੋਲਾ ਪਹਿਨਾਇਆ। ਬਾਰ-ਬਾਰ ਸੈਨਕ ਆਉਣ ਅਤੇ ਉਸ ਨੂੰ ਆਕੇ ਠੱਠਾ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਨਮਸੱਕਾਰ।” ਇਸਦੇ ਨਾਲ ਹੀ ਉਸ ਦੇ ਮੂੰਹ ਤੇ ਚਪੇੜਾਂ ਵੀ ਮਾਰਦੇ ਰਹੇ।
ਪਿਲਾਤੁਸ ਨੇ ਫਿਰ ਬਾਹਰ ਆਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਉਸ ਤੇ ਦੋਸ਼ ਲਾਉਣ ਵਾਸਤੇ ਕੁਝ ਵੀ ਨਹੀਂ ਲੱਭਿਆ।” ਫਿਰ ਯਿਸੂ ਬਾਹਰ ਆਇਆ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਅਤੇ ਸਰੀਰ ਦੁਆਲੇ ਬੈਂਗਨੀ ਚੋਗਾ ਪਾਇਆ ਹੋਇਆ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ ਇਹ ਹੈ।”
ਜਦੋਂ ਪਰਧਾਨ ਜਾਜਕਾਂ ਅਤੇ ਯਹੂਦੀ ਪਹਿਰੇਦਾਰਾਂ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਰੌਲਾ ਪਾਇਆ, “ਇਸ ਨੂੰ ਸਲੀਬ ਦਿਓ! ਸਲੀਬ ਦਿਓ!”
ਪਰ ਪਿਲਾਤੁਸ ਨੇ ਕਿਹਾ, “ਤੁਸੀਂ ਆਪੇ ਇਸ ਨੂੰ ਲੈ ਜਾਵੋ ਅਤੇ ਸਲੀਬ ਦੇ ਦਿਓ, ਪਰ ਮੈਨੂੰ ਇਸਤੇ ਦੋਸ਼ ਲਾਉਣ ਲਈ ਕੁਝ ਵੀ ਨਹੀਂ ਲੱਭਿਆ।”
ਯਹੂਦੀਆਂ ਨੇ ਆਖਿਆ, “ਸਾਡੇ ਕੋਲ ਸ਼ਰ੍ਹਾ ਹੈ ਅਤੇ ਇਸਦੇ ਅਨੁਸਾਰ ਇਹ ਮਰਨ ਯੋਗ ਹੈ ਕਿਉਂਕਿ ਇਸਨੇ ਇਹ ਆਖਿਆ ਹੈ ਕਿ ਇਹ ਪਰਮੇਸ਼ੁਰ ਦਾ ਪੁੱਤਰ ਹੈ।”
ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤੱਦ ਉਹ ਹੋਰ ਵੀ ਡਰ ਗਿਆ। ਉਹ ਮੁੜ ਮਹਿਲ ਨੂੰ ਗਿਆ ਅਤੇ ਯਿਸੂ ਨੂੰ ਆਖਿਆ, “ਤੂੰ ਕਿੱਥੋਂ ਆਇਆ ਹੈਂ?” ਪਰ ਯਿਸੂ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। 10 ਪਿਲਾਤੁਸ ਨੇ ਕਿਹਾ, “ਕੀ ਤੂੰ ਮੇਰੇ ਨਾਲ ਬੋਲਣ ਤੋਂ ਇਨਕਾਰੀ ਹੈਂ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਅਧਿਕਾਰ ਹੈ ਕਿ ਮੈਂ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਸਲੀਬ ਤੇ ਮਾਰ ਦੇਵਾਂ?”
11 ਯਿਸੂ ਨੇ ਆਖਿਆ, “ਇਹ ਸ਼ਕਤੀ, ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ੁਰ ਦੁਆਰਾ ਦਿੱਤੀ ਹੋਈ ਹੈ। ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥੀ ਫ਼ੜਵਾਇਆ ਹੈ ਉਹ ਵੱਧ ਪਾਪ ਦਾ ਦੋਸ਼ੀ ਹੈ।”
12 ਇਸਤੋਂ ਬਾਦ ਪਿਲਾਤੁਸ ਨੇ ਯਿਸੂ ਨੂੰ ਆਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਯਹੂਦੀ ਰੌਲਾ ਪਾ ਰਹੇ ਸਨ, “ਜੋ ਕੋਈ ਵੀ ਇਸ ਨੂੰ ਬਾਦਸ਼ਾਹ ਠਹਿਰਾਵੇਗਾ ਉਹ ਕੈਸਰ ਦੇ ਖਿਲਾਫ਼ ਹੈ। ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਤਾਂ ਇਸਦਾ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਹੈ।”
13 ਪਿਲਾਤੁਸ ਇਹ ਗੱਲਾਂ ਸੁਣਕੇ ਯਿਸੂ ਨੂੰ ਬਾਹਰ “ਪੱਥਰ ਦੇ ਚਬੂਤਰੇ” ਨਾਂ ਦੇ ਥਾਂ ਕੋਲ ਲਿਆਇਆ। (ਜਿਸ ਨੂੰ ਇਬਰਾਨੀ ਭਾਸ਼ਾ* ਗੱਬਥਾ ਆਖਿਆ ਜਾਂਦਾ ਹੈ) ਅਤੇ ਨਿਆਂਕਾਰ ਦੀ ਕੁਰਸੀ ਤੇ ਬੈਠ ਗਿਆ। 14 ਇਹ ਤਕਰੀਬਨ ਦੁਪਿਹਰ ਸੀ ਅਤੇ ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ ਇੱਥੇ ਹੈ।”
15 ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ।”
ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?”
ਪ੍ਰਧਾਨ ਜਾਜਕ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ।”
16 ਤਾਂ ਪਿਲਾਤੁਸ ਨੇ ਯਿਸੂ ਨੂੰ ਸਲੀਬ ਦੇਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ।
ਯਿਸੂ ਨੂੰ ਸਲੀਬ ਤੇ ਚੜ੍ਹਾਇਆ ਗਿਆ
(ਮੱਤੀ 27:32-44; ਮਰਕੁਸ 15:21-32; ਲੂਕਾ 23:26-43)
ਸਿਪਾਹੀ ਯਿਸੂ ਨੂੰ ਲੈ ਗਏ। 17 ਉਸ ਨੇ ਆਪਣੀ ਸਲੀਬ ਆਪ ਚੁੱਕੀ ਅਤੇ “ਖੋਪਰੀ” ਨਾਮੇਂ ਥਾਂ ਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗੱਥਾ” ਕਹਿੰਦੇ ਹਨ। 18 ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ। ਉੱਥੇ ਦੋ ਮਨੁੱਖ ਹੋਰ ਸਨ ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਇੱਕ ਇੱਕ ਮਨੁੱਖ ਉਸ ਦੇ ਦੋਹੀਂ ਪਾਸੀ ਅਤੇ ਯਿਸੂ ਵਿੱਚਾਲੇ।
19 ਪਿਲਾਤੁਸ ਨੇ ਇੱਕ ਚਿੰਨ੍ਹ ਪੱਟੀ ਲਿਖਵਾ ਕੇ ਸਲੀਬ ਉੱਪਰ ਟੰਗਵਾਈ ਜਿਸਤੇ ਇਹ ਲਿਖਿਆ ਹੋਇਆ ਸੀ, “ਯਿਸੂ ਨਾਸਰੀ ਯਹੂਦੀਆਂ ਦਾ ਰਾਜਾ।” 20 ਇਹ ਚਿੰਨ੍ਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖੀ ਹੋਈ ਸੀ। ਬਹੁਤ ਸਾਰੇ ਯਹੂਦੀਆਂ ਨੇ ਇਹ ਸੰਕੇਤ ਪੜ੍ਹਿਆ, ਕਿਉਂ ਕਿ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤੀ ਗਈ ਸੀ, ਸ਼ਹਿਰ ਦੇ ਨੇੜੇ ਹੀ ਸੀ।
21 ਪਰਧਾਨ ਯਹੂਦੀ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ ਕਿ, “ਇਹ ਨਾ ਲਿਖ, ‘ਉਹ ਯਹੂਦੀਆ ਦਾ ਰਾਜਾ ਹੈ।’ ਸਗੋਂ ਇਹ ਲਿਖ ਕਿ, ‘ਉਸ ਨੇ ਆਖਿਆ, ਕਿ ਮੈਂ ਯਹੂਦੀਆਂ ਦਾ ਰਾਜਾ ਹਾਂ।’”
22 ਪਿਲਾਤੁਸ ਨੇ ਆਖਿਆ, “ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਹੁਣ ਨਹੀਂ ਬਦਲ ਸੱਕਦਾ।”
23 ਜਦੋਂ ਸੈਨਕਾਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਵਸਤਰ ਲਏ ਅਤੇ ਉਨ੍ਹਾਂ ਨੂੰ ਚਾਰ ਹਿਸਿਆਂ ਵਿੱਚ ਵੰਡਿਆ। ਹਰੇਕ ਸਿਪਾਹੀ ਦਾ ਇੱਕ ਹਿੱਸਾ। ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ। ਇਹ ਇੱਕ ਸਿਰੇ ਤੋਂ ਥੱਲੇ ਤੱਕ ਇੱਕੋ ਹੀ ਟੁਕੜੇ ਦਾ ਬਣਿਆ ਹੋਇਆ ਸੀ। 24 ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾਕੇ ਵੇਖ ਲੈਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪੋਥੀ ਦਾ ਕਥਨ ਪੂਰਾ ਹੋ ਸੱਕੇ।
“ਉਨ੍ਹਾਂ ਮੇਰੇ ਵਸਤਰ ਵੀ ਆਪਸ ਚ ਵੰਡ ਲਏ
ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ।” ਜ਼ਬੂਰ 22:18
ਤਾਂ ਸਿਪਾਹੀ ਨੇ ਇਉਂ ਕੀਤਾ।
25 ਯਿਸੂ ਦੀ ਮਾਤਾ ਉਸਦੀ ਸਲੀਬ ਦੇ ਕੋਲ ਖੜ੍ਹੀ ਸੀ। ਉਸਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਖਲੋਤੀਆਂ ਸਨ। 26 ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ। ਅਤੇ ਜਿਸ ਚੇਲੇ ਨੂੰ ਬੜਾ ਪਿਆਰ ਕੀਤਾ ਸੀ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, “ਪਿਆਰੀ ਔਰਤ! ਇਹ ਰਿਹਾ ਤੇਰਾ ਪੁੱਤਰ।” 27 ਤੱਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਤੇਰੀ ਮਾਤਾ ਇੱਥੇ ਹੈ।” ਤਾਂ ਇਸਤੋਂ ਬਾਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਕੋਲ ਲੈ ਗਿਆ।
ਯਿਸੂ ਦੀ ਮੌਤ
(ਮੱਤੀ 27:45-56; ਮਰਕੁਸ 15:33-41; ਲੂਕਾ 23:44-49)
28 ਯਿਸੂ ਜਾਣਦਾ ਸੀ ਕਿ ਸਭ ਕੁਝ ਸੰਪੂਰਨ ਹੋ ਚੁੱਕਿਆ ਸੀ। ਇਸ ਲਈ ਪੋਥੀ ਵਿੱਚ ਜੋ ਲਿਖਿਆ ਹੈ ਉਸ ਨੂੰ ਪੂਰਾ ਕਰਨ ਲਈ ਉਸ ਨੇ ਆਖਿਆ, “ਮੈਂ ਪਿਆਸਾ ਹਾਂ।” 29 ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਸਪੰਜ ਨੂੰ ਉਸ ਵਿੱਚ ਭਿਗੋਇਆ ਅਤੇ ਉਸ ਸਪੰਜ ਨੂੰ ਜ਼ੂਫ਼ੇ ਨਾਂ ਦੇ ਪੌਧੇ ਦੀ ਟਹਿਣੀ ਨਾਲ ਬੰਨ੍ਹਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਉੱਪਰ ਉੱਠਾਇਆ। 30 ਜਦ ਯਿਸੂ ਨੇ ਸਿਰਕੇ ਦਾ ਸਵਾਦ ਵੇਖਿਆ, ਉਸ ਨੇ ਆਖਿਆ, “ਇਹ ਪੂਰਾ ਹੋ ਗਿਆ ਹੈ।” ਤੱਦ ਯਿਸੂ ਨੇ ਆਪਣਾ ਸਿਰ ਨਿਵਾਇਆ ਅਤੇ ਜਾਨ ਦੇ ਦਿੱਤੀ।
31 ਇਹ ਦਿਨ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਸਬਤ ਦਾ ਦਿਨ ਸੀ। ਯਹੂਦੀ ਇਹ ਨਹੀਂ ਚਾਹੁੰਦੇ ਸਨ ਕਿ ਲੋਥਾਂ ਸਲੀਬ ਤੇ ਟੰਗੀਆਂ ਰਹਿਣ। ਕਿਉਂਕਿ ਸਬਤ ਦਾ ਦਿਨ ਉਨ੍ਹਾਂ ਲਈ ਬਹੁਤ ਖਾਸ ਸੀ। ਉਨ੍ਹਾਂ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀਆਂ ਲੱਤਾਂ ਤੋੜਨ ਦੀ ਆਗਿਆ ਦੇਵੇ, ਤਾਂ ਜੋ ਉਹ ਜਲਦੀ ਮਰ ਜਾਣ ਅਤੇ ਸਲੀਬਾਂ ਤੋਂ ਜਲਦੀ ਹੀ ਲੋਥਾਂ ਨੂੰ ਉਤਾਰਿਆ ਜਾ ਸੱਕੇ। 32 ਤਾਂ ਸਿਪਾਹੀ ਆਏ ਅਤੇ ਉਨ੍ਹਾਂ ਨੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਫ਼ੇਰ ਉਨ੍ਹਾਂ ਨੇ ਦੂਜੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ। 33 ਪਰ ਜਦੋਂ ਸਿਪਾਹੀ ਯਿਸੂ ਕੋਲ ਪਹੁੰਚੇ ਤਾਂ ਕੀ ਵੇਖਿਆ ਕਿ ਯਿਸੂ ਤਾਂ ਪਹਿਲਾਂ ਹੀ ਮਰ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਉਸਦੀਆਂ ਲੱਤਾਂ ਨਾ ਤੋੜੀਆਂ।
34 ਪਰ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਨੇ ਤਲਵਾਰ ਕੱਢੀ ਅਤੇ ਯਿਸੂ ਦੀ ਵੱਖੀ ਵਿੰਨ੍ਹ ਦਿੱਤੀ। ਉਸ ਦੇ ਸਰੀਰ ਵਿੱਚੋਂ ਲਹੂ ਅਤੇ ਪਾਣੀ ਆਇਆ। 35 (ਜਿਸ ਨੇ ਇਹ ਸਭ ਵੇਖਿਆ ਗਵਾਹੀ ਦਿੱਤੀ ਅਤੇ ਉਸਦੀ ਗਵਾਹੀ ਸੱਚੀ ਹੈ, ਉਹ ਜਾਣਦਾ ਹੈ ਜੋ ਉਹ ਕਹਿ ਰਿਹਾ, ਸੱਚ ਹੈ। ਉਸ ਨੇ ਗਵਾਹੀ ਦਿੱਤੀ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰ ਸੱਕੋਂ।) 36 ਇਹ ਪੋਥੀ ਦੀ ਕਹਿਣੀ ਨੂੰ ਪੂਰਾ ਕਰਨ ਲਈ ਵਾਪਰਿਆ: “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।” 37 ਅਤੇ ਦੂਜੀ ਪੋਥੀ ਆਖਦੀ ਹੈ, “ਲੋਕ ਉਸ ਵਿਅਕਤੀ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਤਲਵਾਰ ਨਾਲ ਵਿੰਨ੍ਹਿਆ ਸੀ।”
ਯਿਸੂ ਨੂੰ ਦਫ਼ਨਾਉਣਾ
(ਮੱਤੀ 27:57-61; ਮਰਕੁਸ 15:42-47; ਲੂਕਾ 23:50-56)
38 ਇਸ ਤੋਂ ਬਾਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ। ਕਿਉਂ ਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ। ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲੋਥ ਨੂੰ ਉੱਥੋਂ ਲੈ ਗਿਆ।
39 ਨਿਕੁਦੇਮੁਸ ਯੂਸੁਫ਼ ਦੇ ਨਾਲ ਗਿਆ। ਨਿਕੁਦੇਮੁਸ ਉਹੀ ਸੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਕੋਲ ਗਿਆ ਸੀ। ਉਹ ਆਪਣੇ ਨਾਲ ਚੌਂਤੀ ਲੀਟਰ ਦੇ ਕਰੀਬ ਗੰਧਰਸ ਨਾਲ ਮਿਸ਼੍ਰਿਤ ਊਦ ਲਿਆਇਆ। 40 ਇਨ੍ਹਾਂ ਦੋਹਾਂ ਆਦਮੀਆਂ ਨੇ ਯਿਸੂ ਦੀ ਲੋਥ ਚੁੱਕੀ ਅਤੇ ਯਹੂਦੀਆਂ ਦੇ ਦਫ਼ਨਾਉਣ ਦੇ ਰਿਵਾਜ਼ ਮੁਤਾਬਕ ਸਮਗਰੀ ਪਾਕੇ ਇੱਕ ਪਤਲੇ ਲਿਨਨ ਦੇ ਕੱਪੜੇ ਨਾਲ ਉਸ ਦੇ ਸਰੀਰ ਨੂੰ ਲਪੇਟਿਆ। 41 ਜਿਸ ਜਗ੍ਹਾ ਯਿਸੂ ਨੂੰ ਸਲੀਬ ਦਿੱਤੀ ਗਈ ਸੀ ਉੱਥੇ ਇੱਕ ਬਾਗ ਸੀ। ਉੱਥੇ ਇੱਕ ਨਵੀਂ ਕਬਰ ਸੀ ਜਿਸ ਵਿੱਚ ਕਦੇ ਵੀ ਕਿਸੇ ਨੂੰ ਦਫ਼ਨਾਇਆ ਨਹੀਂ ਗਿਆ ਸੀ। 42 ਆਦਮੀਆਂ ਨੇ ਯਿਸੂ ਨੂੰ ਉਸ ਕਬਰ ਵਿੱਚ ਪਾ ਦਿੱਤਾ ਕਿਉਂ ਕਿ ਇਹ ਨੇੜੇ ਸੀ ਅਤੇ ਸਬਤ ਦੇ ਦਿਨ ਲਈ ਤਿਆਰੀ ਦਾ ਦਿਨ ਵੀ ਸੀ।
* 19:13 ਇਬਰਾਨੀ ਭਾਸ਼ਾ ਇਬਰਾਨੀ ਜਾਂ ਅਰਾਮੀ, ਇਬਰਾਨੀ ਭਾਸ਼ਾ ਵਰਗੀ ਇੱਕ ਭਾਸ਼ਾ ਜਿਹੜੀ ਪਹਿਲੀ ਸਦੀ ਈਸਵੀ ਵਿੱਚ ਬਹੁਤ ਸਾਰੇ ਯਹੂਦੀ ਬੋਲਦੇ ਸਨ। 19:28 “ਮੈਂ ਪਿਆਸਾ ਹਾਂ” ਦੇਖੋ ਜ਼ਬੂਰ 22:15; 69:21 19:36 ਹਵਾਲਾ: ਜ਼ਬੂਰ 34:20 ਇਹ ਵਿੱਚਾਰ ਕੂਚ 12:46; ਗਿਣਤੀ 9:12 19:37 ਹਵਾਲਾ: ਜ਼ਕਰਯਾਹ 12:10