ਯੂਹੰਨਾ ਦੇ ਪ੍ਰਚਾਰ
(ਮੱਤੀ 3:1-12; ਮਰਕੁਸ 1:1-8; ਯੂਹੰਨਾ 1:19-28)
3
ਤਿਬਿਰਿਯੁਸ ਕੈਸਰ ਦੇ ਪੰਦਰ੍ਹਵੇਂ ਵਰ੍ਹੇ ਵਿੱਚ, ਇਹ ਆਦਮੀ ਕੈਸਰ ਦੇ ਅਧੀਨ ਸਨ:
ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ,
ਹੇਰੋਦੇਸ ਯਹੂਦਿਯਾ ਦਾ ਹਾਕਮ,
ਹੇਰੋਦੇਸ ਦਾ ਭਰਾ ਫ਼ਿਲਿਪੁੱਸ ਇਤੂਰਿਯਾ ਅਤੇ ਤ੍ਰੱਖੋਨੀਤਿਸ,
ਲੁਸਨਿਯੁਸ ਅਬਿਲੇਨੇ ਦਾ ਹਾਕਮ।
ਅਨਾਸ ਅਤੇ ਕਯਾਫ਼ਾ ਸਰਦਾਰ ਜਾਜਕ ਸਨ। ਉਸ ਸਮੇਂ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ, ਉਜਾੜ ਵਿੱਚ ਪਰਮੇਸ਼ੁਰ ਦਾ ਸੰਦੇਸ਼ ਪਹੁੰਚਿਆ। ਤਾਂ ਉਹ ਯਰਦਨ ਨਦੀ ਦੇ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਗਿਆ ਅਤੇ ਲੋਕਾਂ ਨੂੰ ਪ੍ਰਚਾਰ ਕੀਤਾ ਕਿ ਉਹ ਆਪਣੇ ਦਿਲਾਂ ਅਤੇ ਜੀਵਨ ਨੂੰ ਬਦਲਣ ਅਤੇ ਆਪਣੇ ਪਾਪਾਂ ਦੀ ਮੁਆਫ਼ੀ ਲਈ ਬਪਤਿਸਮਾ ਲੈਣ। ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:
“ਉਜਾੜ ਵਿੱਚ ਇੱਕ ਅਵਾਜ਼ ਹੋਕਾ ਦੇ ਰਹੀ ਹੈ:
‘ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ
ਉਸ ਦੇ ਮਾਰਗ ਨੂੰ ਸਿੱਧਾ ਕਰੋ।
ਹਰ ਘਾਟੀ ਭਰੀ ਜਾਵੇਗੀ, ਹਰ ਪਹਾੜ
ਅਤੇ ਟਿੱਬਾ ਪੱਧਰਾ ਕੀਤਾ ਜਾਵੇਗਾ।
ਟੇਢੇ ਰਾਹਾਂ ਨੂੰ ਸਿੱਧਿਆਂ ਕੀਤਾ ਜਾਵੇਗਾ
ਅਤੇ ਉੱਚੇ ਨੀਵੇਂ ਰਾਹਾਂ ਨੂੰ ਸਮਤਲ ਕੀਤਾ ਜਾਵੇਗਾ।
ਅਤੇ ਹਰ ਇੱਕ ਮਨੁੱਖ ਪਰਮੇਸ਼ੁਰ ਦੀ
ਮੁਕਤੀ ਬਾਰੇ ਜਾਣ ਜਾਵੇਗਾ।’” ਯਸਾਯਾਹ 40:3-5
ਯੂਹੰਨਾ ਨੇ ਉਸ ਭੀੜ ਨੂੰ ਆਖਿਆ, ਜੋ ਉਸ ਕੋਲ ਬਪਤਿਸਮਾ ਲੈਣ ਆਈ ਸੀ, “ਤੁਸੀਂ ਜ਼ਹਿਰੀਲੇ ਨਾਗਾਂ ਵਰਗੇ ਹੋ! ਤੁਹਾਨੂੰ ਆਉਣ ਵਾਲੀ ਕਰੋਪੀ ਤੋਂ ਭੱਜਣਾ ਕਿਸਨੇ ਦੱਸਿਆ? ਤੁੱਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਇਹ ਪ੍ਰਮਾਣਿਤ ਕਰਨ ਕਿ ਤੁਸੀਂ ਸੱਚਮੁੱਚ ਆਪਣੇ ਹਿਰਦੇ ਬਦਲੇ ਹਨ। ਤੁਸੀਂ ਆਪਣੇ ਆਪ ਵਿੱਚ ਇਹ ਨਾ ਆਖੋ ‘ਅਬਰਾਹਾਮ ਸਾਡਾ ਪਿਤਾ ਹੈ।’ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਤਾਂ ਇਨ੍ਹਾਂ ਪੱਥਰਾਂ ਵਿੱਚੋਂ ਵੀ ਬਾਲਕ ਪੈਦਾ ਕਰ ਸੱਕਦਾ ਹੈ। ਕੁਲਹਾੜਾ ਹੁਣ ਬਿਰਛਾਂ ਨੂੰ ਵੱਢਣ ਲਈ ਤਿਆਰ ਹੈ। ਜਿਹੜਾ ਵੀ ਬਿਰਛ ਚੰਗੇ ਫ਼ਲ ਨਹੀਂ ਦੇਵੇਗਾ, ਉਸ ਨੂੰ ਵੱਢੱਕੇ ਅੱਗ ਵਿੱਚ ਸੁੱਟਿਆ ਜਾਵੇਗਾ।”
10 ਤਾਂ ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਸਾਨੂੰ ਕੀ ਕਰਨਾ ਚਾਹੀਦਾ ਹੈ?”
11 ਉਸ ਨੇ ਉੱਤਰ ਦਿੱਤਾ, “ਜੇਕਰ ਕਿਸੇ ਕੋਲ ਦੋ ਕਮੀਜ਼ਾਂ ਹਨ, ਤਾਂ ਉਸ ਨੂੰ ਉਨ੍ਹਾਂ ਨਾਲ ਸਾਂਝਿਆਂ ਕਰਨ ਦਿਉ ਜਿਸ ਕੋਲ ਇੱਕ ਵੀ ਨਹੀਂ ਹੈ। ਅਤੇ ਜੇਕਰ ਕਿਸੇ ਕੋਲ ਭੋਜਨ ਹੈ ਤਾਂ ਉਸ ਨੂੰ ਉਨ੍ਹਾਂ ਲੋਕਾਂ ਨਾਲ ਸਾਂਝਾ ਕਰਨ ਦਿਉ ਜਿਨ੍ਹਾਂ ਕੋਲ ਨਹੀਂ ਹੈ।”
12 ਮਸੂਲੀਏ ਵੀ ਬਪਤਿਸਮਾ ਲੈਣ ਲਈ ਆਏ। ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?”
13 ਉਸ ਲਈ ਉਸ ਨੇ ਜਵਾਬ ਦਿੱਤਾ, “ਜਿੰਨੇ ਦਾ ਤੁਹਾਨੂੰ ਆਦੇਸ਼ ਹੈ ਉਸਤੋਂ ਵੱਧ ਇੱਕਤਰ ਨਾ ਕਰੋ।”
14 ਸਿਪਾਹੀਆਂ ਨੇ ਯੂਹੰਨਾ ਨੂੰ ਆਖਿਆ, “ਸਾਨੂੰ ਦੱਸ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ?”
ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜਬਰਦਸਤੀ ਕਿਸੇ ਤੋਂ ਪੈਸਾ ਇਕੱਠਾ ਨਾ ਕਰੋ। ਕਿਸੇ ਤੇ ਕੋਈ ਇਲਜ਼ਾਮ ਲਾਕੇ ਕੁਝ ਨਾ ਲਵੋ, ਸਿਰਫ਼ ਆਪਣੀ ਤਨਖਾਹ ਉੱਤੇ ਹੀ ਖੁਸ਼ ਰਹੋ।”
15 ਸਭ ਲੋਕ ਮਸੀਹ ਨੂੰ ਉਡੀਕ ਰਹੇ ਸਨ ਅਤੇ ਸਭ ਆਪਣੇ ਮਨਾਂ ਵਿੱਚ ਯੂਹੰਨਾ ਬਾਰੇ ਇਹ ਵਿੱਚਾਰ ਕਰ ਰਹੇ ਸਨ ਕਿ “ਹੋ ਸੱਕਦਾ ਉਹ ਖੁਦ ਮਸੀਹ ਹੋਵੇ।”
16 ਫ਼ਿਰ ਯੂਹੰਨਾ ਨੇ ਸਾਰਿਆਂ ਨੂੰ ਜਵਾਬ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਵਿੱਚ ਬਪਤਿਸਮਾ ਦਿੰਦਾ ਹਾਂ, ਪਰ ਮੇਰੇ ਤੋਂ ਬਾਦ ਜਿਹੜਾ ਮਨੁੱਖ ਆ ਰਿਹਾ ਹੈ ਉਹ ਮੇਰੇ ਤੋਂ ਕਿਤੇ ਵਡੇਰੇ ਤੇ ਉੱਚੇ ਕੰਮ ਕਰੇਗਾ। ਮੈਂ ਤਾਂ ਉਸਦੀ ਜੁੱਤੀ ਦਾ ਤਸਮਾ ਖੋਲਣ ਦੇ ਜੋਗ ਵੀ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17 ਉਸ ਦੇ ਹੱਥ ਵਿੱਚ ਇੱਕ ਤੰਗਲੀ ਹੈ ਜਿਸ ਨਾਲ ਉਹ ਗਾਹੇ ਹੋਏ ਦਾਣਿਆਂ ਨੂੰ ਸਾਫ਼ ਕਰੇਗਾ। ਉਹ ਕਣਕ ਨੂੰ ਇਕੱਠਾ ਕਰਕੇ ਆਪਣੇ ਗੁਦਾਮ ਵਿੱਚ ਪਾਵੇਗਾ ਅਤੇ ਤੂੜੀ ਨੂੰ ਅਲੱਗ ਕਰਕੇ, ਉਸ ਅੱਗ ਵਿੱਚ ਸੁੱਟ ਦੇਵੇਗਾ ਜਿਹੜੀ ਕਿ ਕਦੇ ਬੁੱਝਣ ਵਾਲੀ ਨਹੀਂ ਹੈ।” 18 ਇਸ ਤਰ੍ਹਾਂ, ਉਹ ਉਨ੍ਹਾਂ ਨੂੰ ਹੋਰ ਬਹੁਤ ਸਾਰੇ ਬਚਨ ਦੱਸਦਾ ਅਤੇ ਉਨ੍ਹਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਦਾ।
ਯੂਹੰਨਾ ਦੇ ਕਾਰਜ ਕਿਵੇਂ ਖਤਮ ਹੋਏ
19 ਯੂਹੰਨਾ ਨੇ ਹਾਕਮ ਹੇਰੋਦੇਸ ਨੂੰ ਉਸ ਦੇ ਆਪਣੇ ਭਰਾ ਦੀ ਪਤਨੀ ਹੇਰੋਦਿਆਸ ਨਾਲ ਨਾਜਾਇਜ਼ ਸੰਬੰਧ ਹੋਣ ਲਈ ਝਿੜਕਿਆ। 20 ਇਸ ਤਰ੍ਹਾਂ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਕਰ ਦਿੱਤਾ ਅਤੇ ਇੱਕ ਹੋਰ ਦੁਸ਼ਟ ਕਰਨੀ ਆਪਣੀਆਂ ਦੁਸ਼ਟ ਕਰਨੀਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਈ।
ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ
(ਮੱਤੀ 3:13-17; ਮਰਕੁਸ 1:9-11)
21 ਜਦੋਂ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ ਜਾ ਰਿਹਾ ਸੀ, ਤੱਦ ਯਿਸੂ ਨੂੰ ਵੀ ਬਪਤਿਸਮਾ ਦਿੱਤਾ ਗਿਆ ਅਤੇ ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਕਾਸ਼ ਖੁਲ੍ਹ ਗਿਆ, 22 ਪਵਿੱਤਰ ਆਤਮਾ ਘੁੱਗੀ ਦੇ ਰੂਪ ਵਿੱਚ ਉਸ ਉੱਪਰ ਆਇਆ ਅਤੇ ਫ਼ੇਰ ਸੁਰਗਾਂ ਤੋਂ ਇੱਕ ਬਾਣੀ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈ! ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਤੇ ਬਹੁਤ ਖੁਸ਼ ਹਾਂ।”
ਯੂਸੁਫ਼ ਦਾ ਪਾਰਿਵਾਰਿਕ ਇਤਿਹਾਸ
(ਮੱਤੀ 1:1-17)
23 ਜਦੋਂ ਯਿਸੂ ਨੇ ਉਪਦੇਸ਼ ਦੇਣੇ ਸ਼ੁਰੂ ਕੀਤੇ, ਉਸ ਵਕਤ ਉਹ ਤਕਰੀਬਨ ਤੀਹ ਕੁ ਸਾਲਾਂ ਦਾ ਸੀ। ਉਹ ਯੂਸੁਫ਼ ਦਾ ਪੁੱਤਰ ਮੰਨਿਆ ਜਾਂਦਾ ਸੀ।
ਜੋ ਕਿ ਹੇਲੀ ਦਾ ਪੁੱਤਰ ਸੀ।
24 ਹੇਲੀ ਮੱਥਾਤ ਦਾ ਪੁੱਤਰ ਸੀ
ਅਤੇ ਮੱਥਾਤ ਲੇਵੀ ਦਾ।
ਲੇਵੀ ਮਲਕੀ ਦਾ ਪੁੱਤਰ ਸੀ
ਅਤੇ ਮਲਕੀ ਯੰਨਾਈ ਦਾ
ਅਤੇ ਯੰਨਾਈ ਯੂਸੁਫ਼ ਦਾ ਪੁੱਤਰ ਸੀ।
25 ਯੂਸੁਫ਼ ਮਤਿੱਥਯਾਹ ਦਾ ਪੁੱਤਰ ਸੀ
ਅਤੇ ਮਤਿੱਥਯਾਹ ਅਮੋਸ਼ ਦਾ।
ਅਮੋਸ਼ ਨਹੂਮ ਦਾ ਪੁੱਤਰ ਸੀ
ਅਤੇ ਨਹੂਮ ਹਸਲੀ ਦਾ।
ਹਸਲੀ ਨਗਈ ਦਾ ਪੁੱਤਰ ਸੀ।
26 ਨਗਈ ਮਾਹੱਥ ਦਾ ਪੁੱਤਰ ਸੀ
ਅਤੇ ਮਾਹੱਥ ਮਤਿਥਯਾਹ ਦਾ ਪੁੱਤਰ ਸੀ
ਤੇ ਮਤਿਥਯਾਹ ਸ਼ਿਮਈ ਦਾ।
ਸ਼ਿਮਈ ਯੋਸੇਕ ਦਾ ਪੁੱਤਰ ਸੀ
ਤੇ ਯੋਸੇਕ ਯਹੂਦਾਹ ਦਾ ਪੁੱਤਰ ਸੀ।
27 ਯਹੂਦਾਹ ਯੋਹਾਨਾਨ ਦਾ ਪੁੱਤਰ ਸੀ
ਤੇ ਯੋਹਾਨਾਨ ਰੇਸਹ ਦਾ
ਅਤੇ ਰੇਸਹ ਜ਼ਰੁੱਬਾਬਲ ਦਾ ਪੁੱਤਰ ਸੀ
ਅਤੇ ਜ਼ਰੁੱਬਾਬਲ ਸ਼ਅਲਤੀਏਲ ਦਾ।
ਸ਼ਾਲਤੀਏਲ ਨੇਰੀ ਦਾ ਪੁੱਤਰ ਸੀ
28 ਨੇਰੀ ਮਲਕੀ ਦਾ, ਮਲਕੀ ਅੱਦੀ ਦਾ ਪੁੱਤਰ ਸੀ
ਅਤੇ ਅੱਦੀ ਕੋਸਾਮ ਦਾ।
ਕੋਸਾਮ ਅਲਮੋਦਾਮ ਦਾ ਪੁੱਤਰ ਸੀ
ਅਤੇ ਅਲਮੋਦਾਮ ਏਰ ਦਾ।
29 ਏਰ ਯੋਸ਼ੇ ਦਾ ਪੁੱਤਰ ਸੀ
ਅਤੇ ਯੋਸ਼ੇ ਅਲੀਅਜ਼ਰ ਦਾ।
ਅਲੀਅਜ਼ਰ ਯੋਰਾਮ ਦਾ ਪੁੱਤਰ ਸੀ,
ਅਤੇ ਯੋਰਾਮ ਮੱਤਾਥ ਦਾ
ਅਤੇ ਮੱਤਾਥ ਲੇਵੀ ਦਾ ਪੁੱਤਰ ਸੀ।
30 ਲੇਵੀ ਸਿਮਓਨ ਦਾ ਪੁੱਤਰ ਸੀ
ਤੇ ਸਿਮਓਨ ਯਹੂਦਾਹ ਦਾ।
ਯਹੂਦਾਹ ਯੂਸੁਫ਼ ਦਾ ਪੁੱਤਰ
ਅਤੇ ਯੂਸੁਫ਼ ਯੋਨਾਨ ਦਾ
ਅਤੇ ਯੋਨਾਨ ਅਲਯਾਕੀਮ ਦਾ ਪੁੱਤਰ ਸੀ।
31 ਅਲਯਾਕੀਮ ਮੱਲਯੇ ਦਾ ਪੁੱਤਰ ਸੀ,
ਮੱਲਯੇ ਮੈਨਾਨ ਅਤੇ ਮੈਨਾਨ ਮਤਥੇ ਦਾ ਪੁੱਤਰ ਸੀ
ਤੇ ਮਤਥੇ ਨਾਥਾਨ ਦਾ
ਅਤੇ ਨਾਥਾਨ ਦਾਊਦ ਦਾ ਪੁੱਤਰ ਸੀ।
32 ਦਾਊਦ ਯੱਸੀ ਦਾ ਪੁੱਤਰ ਸੀ,
ਯੱਸੀ ਓਬੇਦ ਦਾ
ਅਤੇ ਓਬੇਦ ਬੋਅਜ਼ ਦਾ
ਅਤੇ ਬੋਅਜ਼ ਸਲਮੋਨ ਦਾ ਪੁੱਤਰ ਸੀ
ਅਤੇ ਸਲਮੋਨ ਨਹਸ਼ੋਨ ਦਾ ਪੁੱਤਰ ਸੀ।
33 ਨਹਸ਼ੋਨ ਅੰਮੀਨਾਦਾਬ ਦਾ ਪੁੱਤਰ ਸੀ
ਅਤੇ ਉਹ ਅਰਨੀ ਦਾ।
ਅਰਨੀ ਹਸਰੋਨ ਦਾ
ਅਤੇ ਹਸਰੋਨ ਪਰਸ ਦਾ ਪੁੱਤਰ ਸੀ
ਅਤੇ ਪਰਸ ਯਹੂਦਾਹ ਦਾ।
34 ਯਹੂਦਾਹ ਯਾਕੂਬ ਦਾ ਪੁੱਤਰ ਸੀ,
ਯਾਕੂਬ ਇਸਹਾਕ ਦਾ,
ਇਸਹਾਕ ਅਬਰਾਹਾਮ ਦਾ ਪੁੱਤਰ ਸੀ
ਅਤੇ ਅਬਰਾਹਾਮ ਤਾਰਹ ਦਾ ਪੁੱਤਰ ਸੀ
ਅਤੇ ਤਾਰਹ ਨਹੋਰ ਦਾ ਪੁੱਤਰ ਸੀ।
35 ਨਹੋਰ ਸਰੂਗ ਦਾ ਪੁੱਤਰ ਸੀ,
ਸਰੂਗ ਰਊ ਦਾ
ਅਤੇ ਰਊ ਪਲਗ ਦਾ,
ਪਲਗ ਏਬਰ ਦਾ
ਅਤੇ ਏਬਰ ਸ਼ਲਹ ਦਾ ਪੁੱਤਰ ਸੀ।
36 ਸ਼ਲਹ ਕੇਨਾਨ ਦਾ ਪੁੱਤਰ ਸੀ,
ਕੇਨਾਨ ਅਰਪਕਸ਼ਾਦ ਦਾ
ਅਤੇ ਉਹ ਸ਼ੇਮ ਦਾ ਪੁੱਤਰ ਸੀ,
ਸ਼ੇਮ ਨੂੰਹ ਦਾ ਪੁੱਤਰ ਸੀ
ਅਤੇ ਨੂੰਹ ਲਾਮਕ ਦਾ ਪੁੱਤਰ ਸੀ।
37 ਲਾਮਕ ਮਥੂਸਲਹ ਦਾ ਪੁੱਤਰ ਸੀ,
ਮਥੂਸਲਹ ਹਨੋਕ ਦਾ,
ਹਨੋਕ ਯਰਦ ਦਾ ਪੁੱਤਰ ਸੀ
ਅਤੇ ਯਰਦ ਮਹਲਲੇਲ ਦਾ ਪੁੱਤਰ ਸੀ,
ਮਹਲਲੇਲ ਕੇਨਾਨ ਦਾ ਪੁੱਤਰ ਸੀ।
38 ਕੇਨਾਨ ਅਨੋਸ਼ ਦਾ ਪੁੱਤਰ ਸੀ,
ਅਨੋਸ਼ ਸੇਥ ਦਾ ਪੁੱਤਰ ਸੀ,
ਸੇਥ ਆਦਮ ਦਾ ਪੁੱਤਰ ਸੀ
ਅਤੇ ਆਦਮ ਪਰਮੇਸ਼ੁਰ ਦਾ ਪੁੱਤਰ ਸੀ।