ਬਾਰ੍ਹਾਂ ਰਸੂਲ
(ਮਰਕੁਸ 3:13-19; 6:7-13; ਲੂਕਾ 6:12-16; 9:1-6)
10
ਯਿਸੂ ਨੇ ਆਪਣੇ ਬਾਰ੍ਹਾਂ ਚੇਲਿਆਂ ਨੂੰ ਸੱਦਿਆ। ਉਸ ਨੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਕੱਢਣ ਦੀ ਸ਼ਕਤੀ ਦਿੱਤੀ। ਉਸ ਨੇ ਉਨ੍ਹਾਂ ਨੂੰ ਹਰ-ਤਰ੍ਹਾਂ ਦੇ ਰੋਗ ਅਤੇ ਬਿਮਾਰੀ ਨੂੰ ਚੰਗਿਆਂ ਕਰਨ ਦੀ ਸ਼ਕਤੀ ਦਿੱਤੀ। ਬਾਰ੍ਹਾਂ ਰਸੂਲਾਂ ਦੇ ਨਾਮ ਇਉਂ ਹਨ:
ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ,
ਅਤੇ ਉਸਦਾ ਭਰਾ ਅੰਦ੍ਰਿਯਾਸ;
ਜ਼ਬਦੀ ਦਾ ਪੁੱਤਰ ਯਾਕੂਬ
ਅਤੇ ਉਸਦਾ ਭਰਾ ਯੂਹੰਨਾ;
ਫ਼ਿਲਿਪੁਸ
ਅਤੇ ਬਰਤੁਲਮਈ;
ਥੋਮਾ
ਅਤੇ ਮੱਤੀ ਮਸੂਲੀਆ,
ਹਲਫਈ ਦਾ ਪੁੱਤਰ ਯਾਕੂਬ
ਅਤੇ ਥੱਦਈ;
ਸ਼ਮਊਨ ਕਨਾਨੀ*
ਅਤੇ ਯਹੂਦਾ ਇਸੱਕਰਿਯੋਤੀ ਜਿਸਨੇ ਉਸ ਨੂੰ ਫੜਵਾ ਵੀ ਦਿੱਤਾ।
ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭੇਜ ਦਿੱਤਾ। ਉਸ ਨੇ ਆਖਿਆ, “ਗੈਰ-ਯਹੂਦੀਆਂ ਦੇ ਇਲਾਕੇ ਨੂੰ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਵੀ ਨਗਰ ਵਿੱਚ ਪ੍ਰਵੇਸ਼ ਨਾ ਕਰਨਾ। ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। ਜਾਓ ਅਤੇ ਪ੍ਰਚਾਰ ਕਰੋ ‘ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।’ ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦਿਆਂ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਮੈਂ ਇਹ ਅਧਿਕਾਰ ਤੁਹਾਨੂੰ ਮੁਫ਼ਤ ਦਿੱਤਾ ਹੈ, ਇਸ ਲਈ ਤੁਸੀਂ ਵੀ ਹੋਰਾਂ ਲੋਕਾਂ ਦੀ ਮੁਫ਼ਤ ਮਦਦ ਕਰੋ। ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ। 10 ਨਾ ਹੀ ਆਪਣੇ ਨਾਲ ਕੋਈ ਝੋਲਾ ਚੁੱਕੋ। ਆਪਣੇ ਸਫ਼ਰ ਵਿੱਚ ਸਿਰਫ਼ ਉਹੀ ਕੱਪੜੇ ਅਤੇ ਉਹੀ ਜੁੱਤੀ ਲਿਓ ਜਿਹੜੀ ਤੁਸੀਂ ਪਾਈ ਹੋਈ ਹੈ। ਨਾ ਹੀ ਤੁਸੀਂ ਆਪਣੇ ਨਾਲ ਲਾਠੀ ਲੈਣੀ ਹੈ। ਇੱਕ ਕਾਮੇ ਨੂੰ ਹੱਕ ਹੈ ਕਿ ਜੋ ਉਸ ਨੂੰ ਚਾਹੀਦਾ ਲੈ ਸੱਕਦਾ ਹੈ।
11 “ਜਦ ਤੁਸੀਂ ਕਿਸੇ ਨਗਰ ਜਾਂ ਸ਼ਹਿਰ ਵਿੱਚ ਵੜੋ ਤਾਂ ਇਹ ਪੁੱਛੋ ਕਿ ਇੱਥੇ ਲਾਇੱਕ ਮਨੁੱਖ ਕੌਣ ਹੈ। ਅਤੇ ਜਿੰਨਾ ਚਿਰ ਕਿਤੇ ਹੋਰ ਨਾ ਜਾਵੋ ਉੱਥੇ ਹੀ ਠਹਿਰੇ ਰਹੋ। 12 ਅਤੇ ਉਸ ਘਰ ਵਿੱਚ ਵੜਦਿਆਂ ਹੀ ਉਸਦੀ ਸੁੱਖ ਮੰਗੋ। 13 ਜੇਕਰ ਉਸ ਘਰ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਹਨ। ਜੋ ਸ਼ਾਂਤੀ ਤੁਸੀਂ ਉਨ੍ਹਾਂ ਲਈ ਚਾਹੀ ਉਹ ਉਨ੍ਹਾਂ ਦੀ ਹੋਵੇ। ਪਰ ਜੇਕਰ ਉਹ ਤੁਹਾਡਾ ਸੁਆਗਤ ਨਹੀਂ ਕਰਦੇ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਨਹੀਂ ਹਨ। ਤਾਂ ਜੋ ਸ਼ਾਂਤੀ ਤੁਸੀਂ ਉਨ੍ਹਾਂ ਨੂੰ ਬਖਸ਼ੀ ਉਹ ਵਾਪਸ ਲੈ ਲਵੋ। 14 ਜੇਕਰ ਕੋਈ ਘਰ ਜਾਂ ਸ਼ਹਿਰ ਤੁਹਾਡਾ ਸੁਆਗਤ ਨਾ ਕਰੇ, ਅਤੇ ਤੁਹਾਡੇ ਸ਼ਬਦਾਂ ਵੱਲ ਧਿਆਨ ਨਾ ਦੇਵੇ, ਤਾਂ ਜਦੋਂ ਤੁਸੀਂ ਉਹ ਜਗ੍ਹਾ ਛੱਡੋਂ ਤਾਂ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਦਾ ਹਾਲ ਸਦੂਮ ਅਤੇ ਅਮੂਰਾਹ ਦੇ ਦੇਸ਼ ਨਾਲੋਂ ਵੀ ਭਿਆਨਕ ਹੋਵੇਗਾ।
ਯਿਸੂ ਦਾ ਮੁਸ਼ਕਲਾਂ ਬਾਰੇ ਖਬਰਦਾਰ ਕਰਨਾ
(ਮਰਕੁਸ 13:9-13; ਲੂਕਾ 21:12-17)
16 “ਸੁਣੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ। ਸੋ ਤੁਸੀਂ ਸਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। 17 ਲੋਕਾਂ ਤੋਂ ਹੋਸ਼ਿਆਰ ਰਹੋ, ਕਿਉਂਕਿ ਉਹ ਤੁਹਾਨੂੰ ਕੈਦ ਕਰਕੇ ਤੁਹਾਡਾ ਨਿਰਨਾ ਕਰਨਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ। 18 ਤੁਸੀਂ ਮੇਰੇ ਕਾਰਣ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਵੋਗੇ। ਤੁਸੀਂ ਮੇਰੇ ਬਾਰੇ ਉਨ੍ਹਾਂ ਰਾਜਿਆਂ, ਰਾਜਪਾਲਾਂ ਅਤੇ ਲੋਕਾਂ ਨੂੰ ਦੱਸੋਂਗੇ ਜਿਹੜੇ ਗੈਰ-ਯਹੂਦੀ ਹਨ। 19 ਪਰ ਜਦੋਂ ਲੋਕ ਤੁਹਾਨੂੰ ਗਿਰਫ਼ਤਾਰ ਕਰਨ, ਤਾਂ ਇਹ ਚਿੰਤਾ ਨਾ ਕਰੋ ਕਿ ਇਸ ਬਾਰੇ ਕੀ ਆਖੀਏ ਅਤੇ ਉਨ੍ਹਾਂ ਨੂੰ ਕਿਵੇਂ ਦੱਸੀਏ। ਕਿਉਂਕਿ ਜਿਹੜੇ ਤੁਹਾਨੂੰ ਸ਼ਬਦ ਆਖਣੇ ਚਾਹੀਦੇ ਹਨ ਉਹ ਉਸੇ ਘੜੀ ਤੁਹਾਨੂੰ ਦਿੱਤੇ ਜਾਣਗੇ। 20 ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋਵੋਂਗੇ, ਸਗੋਂ ਤੁਹਾਡੇ ਪਿਤਾ ਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ।
21 “ਭਰਾ ਆਪਣੇ ਭਰਾਵਾਂ ਦੇ ਵੈਰੀ ਬਣ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣ ਵਾਸਤੇ ਗਿਰਫ਼ਤਾਰ ਕਰਾਉਣਗੇ। ਪਿਤਾ ਅਪਣੇ ਬੱਚਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਬੱਚੇ ਆਪਣੇ ਮਾਪਿਆਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ ਅਤੇ ਉਹ ਉਨ੍ਹਾਂ ਨੂੰ ਮਾਰਨ ਵਾਸਤੇ ਸੌਂਪ ਦੇਣਗੇ। 22 ਮੇਰੇ ਨਾਮ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਜਿਹੜਾ ਅੰਤ ਤੀਕ ਸਹੇਗਾ ਸੋ ਹੀ ਬਚਾਇਆ ਜਾਵੇਗਾ। 23 ਜੇਕਰ ਇੱਕ ਨਗਰ ਵਿੱਚ ਲੋਕ ਤੁਹਾਨੂੰ ਕਸ਼ਟ ਦੇਣ ਤਾਂ, ਦੂਸਰੇ ਨਗਰ ਵਿੱਚ ਚੱਲੇ ਜਾਓ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਨਹੀਂ ਜਾਵੋਂਗੇ।
24 “ਕੋਈ ਵੀ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਅਤੇ ਕੋਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ 25 ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇ ‘ਮਾਲਕ ਨੂੰ ਬਆਲ-ਜ਼ਬੂਲ’ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸੱਦਿਆ ਜਾਵੇਗਾ।
ਪਰਮੇਸ਼ੁਰ ਤੋਂ ਡਰੋ ਲੋਕਾਂ ਤੋਂ ਨਹੀਂ
(ਲੂਕਾ 12:2-7)
26 “ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹੜੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ। 27 ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖ ਰਿਹਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋਂ ਉਸਦਾ ਖੁੱਲੇਆਮ ਪ੍ਰਚਾਰ ਕਰੋ।
28 “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ। 29 ਇੱਕ ਪੈਸੇ ਨੂੰ ਦੀਆਂ ਦੋ ਚਿੜੀਆਂ ਵਿਕਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਖਤਮ ਨਹੀਂ ਹੋ ਸੱਕਦੀ। 30 ਅਤੇ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਜਾਂਦੇ ਹਨ। 31 ਸੋ ਤੁਸੀਂ ਨਾ ਡਰੋ! ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵੱਧ ਉੱਤਮ ਹੋ।
ਲੋਕਾਂ ਨੂੰ ਤੁਹਾਡੇ ਵਿਸ਼ਵਾਸ ਬਾਰੇ ਦੱਸਣਾ
(ਲੂਕਾ 12:8-9)
32 “ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ ਦੱਸਾਂਗਾ ਕਿ ਉਹ ਵਿਅਕਤੀ ਮੇਰੇ ਨਾਲ ਸੰਬੰਧਿਤ ਹੈ। 33 ਪਰ ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਕਰਾਰ ਨਹੀਂ ਕਰਾਂਗਾ।
ਮੈਂ ਤੁਹਾਨੂੰ ਤਲਵਾਰ ਦੇਣ ਆਇਆ ਹਾਂ
(ਲੂਕਾ 12:51-53; 14:26-27)
34 “ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਤੁਹਾਨੂੰ ਸ਼ਾਂਤੀ ਦੇਣ ਆਇਆ ਹਾਂ। ਮੈਂ ਸ਼ਾਂਤੀ ਦੇਣ ਨਹੀਂ, ਸਗੋਂ ਤਲਵਾਰ ਦੇਣ ਲਈ ਆਇਆ ਹਾਂ। 35-36 ਕਿਉਂਕਿ ਮੈਂ ਇਹ ਪੂਰਨ ਕਰਨ ਵਾਸਤੇ ਆਇਆ ਹਾਂ:
‘ਮਨੁੱਖ ਦੇ ਵੈਰੀ ਉਸ ਦੇ ਆਪਣੇ ਘਰ ਦੇ ਜੀਅ ਹੋਣਗੇ।
ਪੁੱਤਰ ਆਪਣੇ ਪਿਓ ਦੇ ਵਿਰੁੱਧ ਹੋਵੇਗਾ
ਅਤੇ ਧੀ ਆਪਣੀ ਮਾਂ ਦੇ ਵਿਰੁੱਧ ਹੋਵੇਗੀ।
ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਹੋਵੇਗੀ।’ ਮੀਕਾਹ 7:6
37 “ਜੋ ਵਿਅਕਤੀ ਪਿਉ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਮਗਰ ਚੱਲਣ ਦੇ ਲਾਇੱਕ ਨਹੀਂ ਹੈ। 38 ਜੇਕਰ ਕੋਈ ਵਿਅਕਤੀ ਆਪਣੀ ਸਲੀਬ ਨੂੰ ਕਬੂਲ ਨਹੀਂ ਕਰੇਗਾ ਉਹ ਉਸ ਨੂੰ ਤੱਦ ਦਿੱਤੀ ਜਾਵੇਗੀ ਜਦ ਉਹ ਮੇਰੇ ਮਗਰ ਤੁਰੇਗਾ। 39 ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਸੱਚਾ ਜੀਵਨ ਗੁਆ ਲਵੇਗਾ। ਜੋ ਕੋਈ ਵੀ ਮੇਰੇ ਲਈ ਆਪਣੀ ਜਾਨ ਦੇਵੇਗਾ ਸੱਚਾ ਜੀਵਨ ਲੱਭ ਲਵੇਗਾ।
ਤੁਹਾਨੂੰ ਕਬੂਲਣ ਵਾਸਤੇ ਪਰਮੇਸ਼ੁਰ ਲੋਕਾਂ ਨੂੰ ਅਸੀਸਾਂ ਦੇਵੇਗਾ
(ਮਰਕੁਸ 9:41)
40 “ਜੋ ਕੋਈ ਤੁਹਾਨੂੰ ਕਬੂਲਦਾ ਹੈ ਉਹ ਮੈਨੂੰ ਕਬੂਲਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 41 ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ। 42 ਇਹ ਛੋਟੇ ਬੱਚੇ ਮੇਰੇ ਚੇਲੇ ਹਨ। ਜੇਕਰ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੋਚਕੇ ਇੱਕ ਠੰਡੇ ਪਾਣੀ ਦਾ ਪਿਆਲਾ ਦਿੰਦਾ ਹੈ ਕਿਉਂ ਜੋ ਉਹ ਮੇਰੇ ਚੇਲੇ ਹਨ, ਤਾਂ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ, ਉਹ ਆਪਣਾ ਫ਼ਲ ਪ੍ਰਾਪਤ ਕਰੇਗਾ।”
* 10:4 ਕਨਾਨੀ ਯਹੂਦੀਆਂ ਦਾ ਇੱਕ ਰਾਜਸੀ ਹਿੱਸਾ। 10:15 ਸਦੂਮ ਅਤੇ ਅਮੂਰਾਹ ਉਹ ਸ਼ਹਿਰ ਜਿਨ੍ਹਾਂ ਨੂੰ ਪ੍ਰਭੂ ਨੇ ਪਾਪ ਦੀ ਸਜ਼ਾ ਦੇਣ ਲਈ ਤਬਾਹ ਕਰ ਦਿੱਤਾ।