ਸਮੂਏਲ ਦੀ ਦੂਜੀ ਪੋਥੀ
ਦਾਊਦ ਨੂੰ ਸ਼ਾਊਲ ਦੀ ਮੌਤ ਬਾਰੇ ਪਤਾ ਲੱਗਣਾ
1
ਦਾਊਦ ਅਮਾਲੇਕੀਆਂ ਨੂੰ ਹਰਾਉਣ ਤੋਂ ਬਾਅਦ ਸਿਕਲਗ ਨੂੰ ਮੁੜਿਆ। ਇਹ ਸਭ ਸ਼ਾਊਲ ਦੇ ਇੱਕਦਮ ਮਰਨ ਉਪਰੰਤ ਹੋਇਆ। ਤੱਦ ਦਾਊਦ ਉੱਥੇ ਦੋ ਦਿਨ ਰਿਹਾ। ਤੀਜੇ ਦਿਨ ਇੱਕ ਨੌਜੁਆਨ ਸਿਪਾਹੀ ਸਿਕਲਗ ਨੂੰ ਆਇਆ। ਇਹ ਆਦਮੀ ਸ਼ਾਊਲ ਦੇ ਡੇਰੇ ਤੋਂ ਸੀ, ਉਸ ਦੇ ਕੱਪੜੇ ਲੀਰੋ-ਲੀਰ ਸਨ ਅਤੇ ਉਸ ਦੇ ਸਿਰ ਉੱਤੇ ਖੇਹ* ਪਾਈ ਗਈ ਸੀ। ਉਹ ਮਨੁੱਖ ਦਾਊਦ ਕੋਲ ਆਇਆ ਤਾਂ ਧਰਤੀ ਵੱਲ ਮੂੰਹ ਕਰਕੇ ਉਸ ਅੱਗੇ ਝੁਕਗਿਆ।
ਦਾਊਦ ਨੇ ਉਸ ਆਦਮੀ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?”
ਉਸ ਮਨੁੱਖ ਨੇ ਦਾਊਦ ਨੂੰ ਕਿਹਾ, “ਮੈਂ ਹੁਣੇ-ਹੁਣੇ ਇਸਰਾਏਲ ਦੇ ਡੇਰੇ ਚੋ ਬਚ ਕੇ ਆਇਆ ਹਾਂ।”
ਦਾਊਦ ਨੇ ਉਸ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸ ਕਿ ਲੜਾਈ ਵਿੱਚ ਕੌਣ ਜਿੱਤਿਆ ਹੈ?”
ਉਸ ਮਨੁੱਖ ਨੇ ਕਿਹਾ, “ਸਾਡੇ ਲੋਕ ਲੜਾਈ ਵਿੱਚੋਂ ਭੱਜ ਗਏ। ਬਹੁਤ ਸਾਰੇ ਤਾਂ ਲੜਾਈ ਵਿੱਚ ਹੀ ਮਾਰੇ ਗਏ। ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਜੰਗ ਵਿੱਚ ਮਾਰੇ ਗਏ ਹਨ।”
ਦਾਊਦ ਨੇ ਨੌਜੁਆਨ ਸਿਪਾਹੀ ਨੂੰ ਕਿਹਾ, “ਤੈਨੂੰ ਕਿਵੇਂ ਪਤਾ ਹੈ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ ਹਨ।”
ਨੌਜਵਾਨ ਸਿਪਾਹੀ ਨੇ ਜਵਾਬ ਦਿੱਤਾ, “ਮੈਂ ਗਿਲਬੋਆ ਪਰਬਤ ਦੇ ਉੱਪਰ ਸੀ। ਉੱਥੇ ਮੈਂ ਸ਼ਾਊਲ ਨੂੰ ਆਪਣੇ ਨੇਜੇ ਉੱਪਰ ਝੁਕੇ ਹੋਏ ਨੂੰ ਵੇਖਿਆ ਹੈ। ਰੱਥ ਅਤੇ ਘੁੜਸਵਾਰ ਉਸ ਦੇ ਨਜ਼ਦੀਕ ਆਉਂਦੇ ਜਾ ਰਹੇ ਸਨ। ਉਸ ਵਕਤ ਸ਼ਾਊਲ ਨੇ ਮੁੜ ਕੇ ਮੇਰੇ ਵੱਲ ਵੇਖਿਆ ਅਤੇ ਮੈਨੂੰ ਬੁਲਾਇਆ ਤਾਂ ਮੈਂ ਉਸ ਨੂੰ ਜੁਆਬ ਦਿੱਤਾ। ਸ਼ਾਊਲ ਨੇ ਮੇਰੇ ਤੋਂ ਪੁੱਛਿਆ ਕਿ ਮੈਂ ਕੌਣ ਹਾਂ। ਮੈਂ ਉਸ ਨੂੰ ਦੱਸਿਆ ਕਿ ਮੈਂ ਅਮਾਲੇਕੀ ਹਾਂ। ਤੱਦ ਸ਼ਾਊਲ ਨੇ ਕਿਹਾ, ‘ਕਿਰਪਾ ਕਰਕੇ ਮੈਨੂੰ ਵੱਢ ਸੁੱਟ ਕਿਉਂ ਜੋ ਮੈਂ ਬੁਰੀ ਤਰ੍ਹਾਂ ਜ਼ਖਮੀ ਹਾਂ ਪਰ ਅਜੇ ਤੀਕ ਮੇਰੇ ਪ੍ਰਾਣ ਮੈਨੂੰ ਤਿਆਗ ਨਹੀਂ ਰਹੇ।’ 10 ਇਸ ਲਈ ਮੈਂ ਉੱਥੇ ਰੁਕ ਗਿਆ ਅਤੇ ਉਸ ਨੂੰ ਮਾਰ ਦਿੱਤਾ ਉਹ ਇੰਨੀ ਬੁਰੀ ਤਰ੍ਹਾਂ ਜ਼ਖਮੀ ਸੀ ਕਿ ਮੈਂ ਜਾਣਦਾ ਸੀ ਕਿ ਉਹ ਹੁਣ ਨਹੀਂ ਬਚੇਗਾ। ਮੇਰੇ ਮਹਾਰਾਜ, ਫ਼ਿਰ ਮੈਂ ਉਸ ਦੇ ਸਿਰ ਤੋਂ ਤਾਜ ਅਤੇ ਉਸਦੀ ਬਾਂਹ ਵਿੱਚੋਂ ਕੰਗਣ ਉਤਾਰਿਆ ਅਤੇ ਇਹ ਵਸਤਾਂ ਤੇਰੇ ਕੋਲ ਲੈ ਅਇਆ।”
11 ਤੱਦ ਦਾਊਦ ਨੇ ਇਹ ਦਰਸਾਉਣ ਲਈ ਕਿ ਉਹ ਵੀ ਬੜਾ ਦੁੱਖੀ ਹੋਇਆ ਹੈ ਆਪਣੇ ਕੱਪੜੇ ਫ਼ਾੜੇ ਅਤੇ ਲੀਰੋ-ਲੀਰ ਕੀਤੇ ਅਤੇ ਦਾਊਦ ਨਾਲ ਜਿੰਨੇ ਵੀ ਹੋਰ ਆਦਮੀ ਸਨ, ਉਨ੍ਹਾਂ ਨੇ ਵੀ ਇਉਂ ਹੀ ਕੀਤਾ। 12 ਉਹ ਸਭ ਬੜੇ ਉਦਾਸ ਹੋਏ, ਰੋਏ-ਪਿੱਟੇ ਅਤੇ ਸ਼ਾਮ ਤੀਕ ਕੁਝ ਨਾ ਖਾਧਾ। ਉਹ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦਾ ਸੋਗ ਮਨਾਉਂਦੇ ਰੋਦੇ-ਪਿੱਟਦੇ ਰਹੇ। ਦਾਊਦ ਅਤੇ ਉਸ ਦੇ ਆਦਮੀ ਇਸ ਲਈ ਵੀ ਰੋਦੇ ਰਹੇ ਕਿਉਂ ਜੋ ਯਹੋਵਾਹ ਦੇ ਲੋਕ ਕਿੰਨੇ ਹੀ ਜੰਗ ਵਿੱਚ ਮਾਰੇ ਗਏ ਸਨ ਅਤੇ ਉਹ ਇਸਰਾਏਲ ਦੇ ਦੁੱਖ ਵਿੱਚ ਰੋਦੇ ਰਹੇ। ਉਹ ਸ਼ਾਊਲ, ਉਸ ਦੇ ਪੁੱਤਰ, ਜੰਗ ਵਿੱਚ ਮਰੇ ਆਦਮੀਆਂ ਅਤੇ ਇਸਰਾਏਲ ਲਈ ਰੋਦੇ ਅਤੇ ਦੁੱਖੀ ਹੁੰਦੇ ਰਹੇ।
ਦਾਊਦ ਨੇ ਅਮਾਲੇਕੀ ਨੂੰ ਮਾਰ ਮੁਕਾਉਣ ਦਾ ਹੁਕਮ ਦਿੱਤਾ
13 ਉਸ ਉਪਰੰਤ ਦਾਊਦ ਨੇ ਉਸ ਨੌਜੁਆਨ ਸਿਪਾਹੀ ਜਿਹੜਾ ਸ਼ਾਊਲ ਦੀ ਮੌਤ ਦੀ ਖਬਰ ਲੈ ਕੇ ਆਇਆ ਸੀ, ਉਸ ਨੂੰ ਪੁੱਛਿਆ, “ਭਲਾ ਤੂੰ ਕਿੱਥੋਂ ਦਾ ਹੈਂ?”
ਨੌਜੁਆਨ ਸਿਪਾਹੀ ਨੇ ਕਿਹਾ, “ਮੈਂ ਪਰਦੇਸੀ ਦਾ ਪੁੱਤਰ ਅਮਾਲੇਕੀ ਹਾਂ।”
14 ਦਾਊਦ ਨੇ ਉਸ ਨੂੰ ਆਖਿਆ, “ਕੀ ਯਹੋਵਾਹ ਦੇ ਚੁਣੇ ਹੋਏ ਪਾਤਸ਼ਾਹ ਨੂੰ ਮਾਰਨ ਵਾਸਤੇ ਜਦੋਂ ਤੇਰੇ ਹੱਥ ਉੱਠੇ ਤਾਂ ਤੈਨੂੰ ਖੌਫ਼ ਨਾ ਆਇਆ?”
15-16 ਤੱਦ ਦਾਊਦ ਨੇ ਅਮਾਲੇਕੀ ਨੂੰ ਕਿਹਾ, “ਤੂੰ ਆਪਣੀ ਮੌਤ ਦਾ ਆਪ ਜ਼ਿੰਮੇਵਾਰ ਹੈਂ। ਤੂੰ ਆਖਿਆ ਕਿ ਤੂੰ ਆਪ ਯਹੋਵਾਹ ਦੇ ਚੁਣੇ ਪਾਤਸ਼ਾਹ ਨੂੰ ਜਾਨੋ ਮਾਰਿਆ, ਇਸ ਲਈ ਤੇਰੇ ਆਪਣੇ ਕਹੇ ਅਨੁਸਾਰ ਇਹ ਸਿੱਧ ਹੁੰਦਾ ਹੈ ਕਿ ਤੂੰ ਉਸਦਾ ਕਾਤਲ ਹੈਂ।” ਤੱਦ ਦਾਊਦ ਨੇ ਆਪਣੇ ਇੱਕ ਜੁਆਨ ਸੇਵਕ ਨੂੰ ਬੁਲਾ ਕੇ ਅਮਾਲੇਕੀ ਨੂੰ ਮਾਰ ਸੁੱਟਣ ਦਾ ਹੁਕਮ ਦਿੱਤਾ ਤਾਂ ਉਸ ਨੇ ਉਸ ਅਮਾਲੇਕੀ ਨੂੰ ਵੱਢ ਸੁੱਟਿਆ।
ਦਾਊਦ ਦਾ ਸ਼ਾਊਲ ਅਤੇ ਯੋਨਾਥਾਨ ਲਈ ਸ਼ੋਕ ਗੀਤ
17 ਤੱਦ ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਲਈ ਇੱਕ ਸ਼ੋਕ ਗੀਤ ਗਾਇਆ। 18 ਦਾਊਦ ਨੇ ਉਹ ਗੀਤ ਉਨ੍ਹਾਂ ਯਹੂਦੀਆਂ ਨੂੰ ਸਿੱਖਾਉਣ ਦੀ ਆਗਿਆ ਦਿੱਤੀ। ਉਸ ਸ਼ੋਕ ਗੀਤ ਨੂੰ ਕਮਾਣ ਦਾ ਗੀਤ ਆਖਿਆ ਜਾਂਦਾ ਹੈ। ਇਹ ਗੀਤ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।
19 “ਹੇ ਇਸਰਾਏਲ, ਤੇਰਾ ਸੁਹੱਪਣ ਤੇਰਿਆਂ ਪਰਬਤਾਂ ਤੇ ਨਸ਼ਟ ਹੋ ਗਿਆ।
ਹਾਏ! ਉਹ ਸੂਰਮੇ ਕਿਵੇਂ ਡਿੱਗੇ!
20 ਗਬ ਵਿੱਚ ਖਬਰ ਨਾ ਦੱਸੋ!
ਅਸ਼ਕਲੋਨ ਦੀਆਂ ਗਲੀਆਂ ਵਿੱਚ ਵੀ ਇਹ ਡੌਁਡੀ ਨਾ ਪਿੱਟੋ।
ਨਹੀਂ ਤਾਂ ਫ਼ਲਿਸਤੀ ਸ਼ਹਿਰ ਖੁਸ਼ ਹੋਣਗੇ
ਅਸੁੰਨਤੀ ਜਸ਼ਨ ਮਨਾਉਣਗੇ!
21 “ਹੇ ਗਿਲਬੋਆ ਦੇ ਪਰਬਤੋਂ ਤੁਹਾਡੇ ਤੇ ਨਾ ਤ੍ਰੇਲ ਪਵੇ ਨਾ ਬਾਰਿਸ਼।
ਨਾ ਉਨ੍ਹਾਂ ਖੇਤਾਂ ਵੱਲੋਂ ਕੋਈ ਅਨਾਜ ਦੀ ਭੇਟ ਤੁਹਾਡੇ ਤੱਕ ਆਵੇ।
ਕਿਉਂ ਜੋ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋ ਗਈ।
ਅਤੇ ਸ਼ਾਊਲ ਦੀ ਢਾਲ ਤੇਲ ਨਾਲ ਮਸਹ ਵੀ ਨਾ ਕੀਤੀ ਗਈ।
22 ਵੱਢਿਆਂ ਹੋਇਆਂ ਦੇ ਲਹੂ ਤੋਂ
ਅਤੇ ਸੂਰਮਿਆਂ ਦੀ ਚਰਬੀ ਤੋਂ ਨਾ ਹੀ
ਯੋਨਾਥਾਨ ਦੀ ਕਮਾਣ ਭੋਂਈ ਗਈ ਨਾ ਹੀ
ਸ਼ਾਊਲ ਦੀ ਤਲਵਾਰ ਸੱਖਣੀ ਮੁੜੀ।
23 “ਸ਼ਾਊਲ ਅਤੇ ਯੋਨਾਥਾਨ ਆਪਣੇ ਜੀਵਨ ਵਿੱਚ ਇੱਕ ਦੂਜੇ ਨੂੰ ਪਿਆਰਦੇ ਰਹੇ ਆਨੰਦ ਮਾਣਦੇ ਰਹੇ,
ਅਤੇ ਵੇਖੋ! ਮੌਤ ਵੀ ਉਨ੍ਹਾਂ ਨੂੰ ਜੁਦਾ ਨਾ ਕਰ ਸੱਕੀ
ਉਹ ਉਕਾਬਾਂ ਨਾਲੋਂ ਵੀ ਤੇਜ਼ ਰਫ਼ਤਾਰ
ਅਤੇ ਬੱਬਰ ਸ਼ੇਰਾਂ ਨਾਲੋਂ ਵੀ ਵੱਧੇਰੇ ਤਕੜੇ ਸਨ।
24 ਹੇ ਇਸਰਾਏਲ ਦੀ ਧੀਓ, ਸ਼ਾਊਲ ਲਈ ਰੋਵੋ
ਜਿਸਨੇ ਤੁਹਾਨੂੰ ਕਿਰਮਚੀ ਵਸਤਰ ਸੋਨੇ ਦੇ ਜੜੇ ਗਹਿਣੇ ਦਿੱਤੇ।
25 “ਹਾਏ ਉਹ ਸੂਰਮੇ ਕਿਵੇਂ ਲੜਾਈ ਵਿੱਚ ਡਿੱਗ ਪਏ?
ਹੇ ਯੋਨਾਥਾਨ! ਤੂੰ ਆਪਣੇ ਉੱਚੇ ਪਰਬਤਾਂ ਵਿੱਚ ਮਾਰਿਆ ਗਿਆ।
26 ਹੇ ਮੇਰੇ ਵੀਰ ਯੋਨਾਥਾਨ, ਮੈਂ ਤੈਥੋਂ ਬਿਨਾ ਬੜਾ ਦੁੱਖੀ ਹਾਂ
ਮੈਨੂੰ ਤੇਰਾ ਸਾਥ ਅਤਿ ਪਿਆਰਾ ਸੀ ਤੇਰਾ
ਮੇਰੇ ਲਈ ਪਿਆਰ ਕਿਸੀ ਔਰਤ ਦੇ ਪਿਆਰ
ਤੋਂ ਵੀ ਕਿਤੇ ਵੱਧੀਕ ਸੀ।
27 ਕਿਵੇਂ ਤਾਕਤਵਰ ਆਦਮੀ ਯੁੱਧ ਵਿੱਚ ਡਿੱਗ ਪਏ ਹਨ
ਅਤੇ ਉਨ੍ਹਾਂ ਦੇ ਯੁੱਧ ਦੇ ਸਾਰੇ ਸ਼ਸਤਰ ਚੱਲੇ ਗਏ ਹਨ।”
* 1:2 ਖੇਹ ਸਿਰ ਤੇ ਖੇਹ ਪਾਣ ਤੋ ਭਾਵ ਹੁੰਦਾ ਸੀ ਕਿ ਉਹ ਮਨੁੱਖ ਡਾਢਾ ਉਦਾਸ ਹੈ। 1:18 ਯਾਸ਼ਰ ਦੀ ਪੋਥੀ ਇੱਕ ਪੁਰਾਣੀ ਪੁਸਤਕ ਵਿੱਚ ਇਸਰਾਏਲ ਦੀਆਂ ਜੰਗਾਂ ਦਾ ਜ਼ਿਕਰ ਹੈ।