੧ ਮੈਂ ਸ਼ਾਰੋਨ ਦਾ ਗੁਲਾਬ
ਅਤੇ ਵਾਦੀਆਂ ਦਾ ਸੋਸਨ ਹਾਂ ।
ਵਰ
੨ ਜਿਵੇਂ ਸੋਸਨ ਝਾੜੀਆਂ ਦੇ ਵਿੱਚ
ਉਸੇ ਤਰ੍ਹਾਂ ਹੀ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ ।
ਵਧੂ
੩ ਜਿਵੇਂ ਸੇਬ ਦਾ ਰੁੱਖ ਬਣ ਦੇ ਰੁੱਖਾਂ ਦੇ ਵਿਚਕਾਰ ਹੈ,
ਉਸੇ ਤਰ੍ਹਾਂ ਹੀ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ ।
ਮੈਂ ਵੱਡੀ ਚਾਅ ਨਾਲ ਉਸ ਦੀ ਛਾਂ ਵਿੱਚ ਬੈਠੀ ਸੀ,
ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ ।
੪ ਉਹ ਮੈਨੂੰ ਦਾਵਤ-ਖਾਨੇ ਵਿੱਚ ਲੈ ਆਇਆ,
ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ ।
੫ ਮੈਨੂੰ ਸੌਗੀ ਨਾਲ ਸਹਾਰਾ ਦਿਓ,
ਸੇਬਾਂ ਨਾਲ ਮੈਨੂੰ ਤਰੋਤਾਜ਼ਾ ਕਰੋ,
ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ ।
੬ ਕਾਸ਼ ਉਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ
ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈਂਦਾ !
੭ ਹੇ ਯਰੂਸ਼ਲਮ ਦੀਓ ਧੀਓ,
ਮੈਂ ਤੁਹਾਨੂੰ ਚਕਾਰਿਆਂ,
ਅਤੇ ਖੇਤ ਦੀਆਂ ਹਰਨੀਆਂ ਦੀ ਸਹੁੰ ਚੁਕਾਉਂਦੀ ਹਾਂ,
ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ,
ਜਦ ਤੱਕ ਉਸ ਨੂੰ ਆਪ ਨਾ ਭਾਵੇ !
ਦੂਸਰਾ ਗੀਤ
ਵਧੂ
੮ ਮੇਰੇ ਪ੍ਰੇਮੀ ਦੀ ਅਵਾਜ਼ ਸੁਣਾਈ ਦਿੰਦੀ ਹੈ !
ਵੇਖੋ, ਉਹ ਆ ਰਿਹਾ ਹੈ,
ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਾ
ਅਤੇ ਟਿੱਲਿਆਂ ਦੇ ਉੱਪਰੋਂ ਕੁੱਦਦਾ ਹੋਇਆ !
੯ ਮੇਰਾ ਪ੍ਰੇਮੀ ਚਕਾਰੇ ਜਾਂ ਜੁਆਨ ਹਿਰਨ ਵਾਂਗੂੰ ਹੈ !
ਵੇਖੋ, ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ,
ਉਹ ਤਾਕੀਆਂ ਵਿੱਚੋਂ ਦੀ ਝਾਕਦਾ
ਅਤੇ ਝਰੋਖਿਆਂ ਵਿੱਚੋਂ ਤੱਕਦਾ ਹੈ !
੧੦ ਮੇਰੇ ਪ੍ਰੇਮੀ ਨੇ ਮੈਨੂੰ ਉੱਤਰ ਦੇ ਕੇ ਆਖਿਆ,
ਵਰ
ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ,
੧੧ ਕਿਉਂ ਜੋ ਵੇਖ, ਸਰਦੀਆਂ ਲੰਘ ਗਈਆਂ ਹਨ,
ਮੀਂਹ ਵੀ ਪੈ ਕੇ ਚਲਾ ਗਿਆ ਹੈ,
੧੨ ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ,
ਗਾਉਣ ਦਾ ਸਮਾਂ ਆ ਗਿਆ ਹੈ
ਅਤੇ ਸਾਡੀ ਧਰਤੀ ਵਿੱਚ ਘੁੱਗੀ ਦੀ ਅਵਾਜ਼ ਸੁਣਾਈ ਦਿੰਦੀ ਹੈ ।
੧੩ ਹੰਜ਼ੀਰ ਆਪਣੇ ਫਲ ਪਕਾਉਂਦੀ ਹੈ,
ਅੰਗੂਰ ਫਲ ਰਹੇ ਹਨ,
ਉਹ ਆਪਣੀ ਸੁਗੰਧ ਦਿੰਦੇ ਹਨ,
ਹੇ ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ,
ਉੱਠ ਤੇ ਚੱਲੀ ਆ !
੧੪ ਹੇ ਮੇਰੀਏ ਕਬੂਤਰੀਏ, ਜਿਹੜੀ ਚੱਟਾਨ ਦੀਆਂ ਦਰਾਰਾਂ ਵਿੱਚ,
ਢਲਾਣ ਦੇ ਓਹਲੇ ਵਿੱਚ ਹੈ,
ਮੈਨੂੰ ਆਪਣਾ ਚਿਹਰਾ ਵਿਖਾ,
ਮੈਨੂੰ ਆਪਣੀ ਅਵਾਜ਼ ਸੁਣਾ
ਕਿਉਂ ਜੋ ਤੇਰੀ ਅਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ ।
੧੫ ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ,
ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ,
ਸਾਡੇ ਅੰਗੂਰੀ ਬਾਗ਼ ਤਾਂ ਖਿੜ ਰਹੇ ਹਨ ।
ਵਧੂ
੧੬ ਮੇਰਾ ਬਾਲਮ ਮੇਰਾ ਹੈ ਅਤੇ ਮੈਂ ਉਸ ਦੀ ਹਾਂ,
ਉਹ ਸੋਸਨਾਂ ਵਿੱਚ ਚਰਾਉਂਦਾ ਹੈ ।
੧੭ ਜਦ ਤੱਕ ਦਿਨ ਢਲ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ,
ਤਦ ਤੱਕ ਹੇ ਮੇਰੇ ਬਾਲਮ,
ਮੁੜ ਤੇ ਚਕਾਰੇ ਵਾਂਗੂੰ ਜਾਂ ਜੁਆਨ ਹਿਰਨ ਵਾਂਗਰ ਬਣ
ਜਿਹੜਾ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ ।