13
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ 
ਮਰਕੁਸ 4:1-9; ਲੂਕਾ 8:4-8 
 1 ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ।  2 ਅਤੇ ਬਹੁਤ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋ ਗਈ, ਸੋ ਉਹ ਬੇੜੀ ਤੇ ਚੜ੍ਹ ਕੇ ਬੈਠ ਗਿਆ ਅਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ।  3 ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਆਖੀਆਂ ਕਿ ਵੇਖੋ ਇੱਕ ਬੀਜ ਬੀਜਣ ਵਾਲਾ, ਬੀਜਣ ਨੂੰ ਨਿੱਕਲਿਆ।  4  ਅਤੇ ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀ ਆ ਕੇ ਉਸ ਨੂੰ ਚੁਗ ਲੈ ਗਏ  5  ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਾਰਨ ਉਹ ਛੇਤੀ ਉੱਗ ਪਿਆ।  6  ਪਰ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।  7  ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਹ ਨੂੰ ਦਬਾ ਲਿਆ।  8  ਅਤੇ ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਫਲ ਲਿਆਇਆ, ਕੁਝ ਸੌ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ।  9  ਜਿਸ ਦੇ ਕੰਨ ਹੋਣ ਉਹ ਸੁਣੇ। 
ਦ੍ਰਿਸ਼ਟਾਂਤਾਂ ਦਾ ਮਕਸਦ 
ਮਰਕੁਸ 4:10-12; ਲੂਕਾ 8:9, 10 
 10 ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?  11 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।  12  ਕਿਉਂਕਿ ਜਿਸ ਦੇ ਕੋਲ ਹੈ, ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ; ਪਰ ਜਿਸ ਦੇ ਕੋਲ ਨਹੀਂ ਹੈ, ਉਸ ਤੋਂ ਜੋ ਕੁਝ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।  13  ਇਸ ਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ, 
ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ 
ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ, ਅਤੇ ਨਾ ਸਮਝਦੇ ਹਨ। 
 14  ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ, 
ਤੁਸੀਂ ਸੁਣੋਗੇ ਪਰ ਸਮਝੋਗੇ ਨਹੀਂ, 
ਅਤੇ ਤੁਸੀਂ ਵੇਖੋਗੇ ਪਰ ਬੁਝੋਗੇ ਨਹੀਂ, 
 15  ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, 
ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, 
ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, 
ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਅੱਖਾਂ ਨਾਲ ਵੇਖਣ 
ਅਤੇ ਕੰਨਾਂ ਨਾਲ ਸੁਣਨ, 
ਅਤੇ ਮਨ ਨਾਲ ਸਮਝਣ 
ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। 
 16  ਪਰ ਧੰਨ ਹਨ ਤੁਹਾਡੀਆਂ ਅੱਖਾਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ।  17  ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਧਰਮੀ ਚਾਹੁੰਦੇ ਸਨ ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ। 
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦੀ ਵਿਆਖਿਆ 
ਮਰਕੁਸ 4:13-20; ਲੂਕਾ 8:11-15 
 18  ਹੁਣ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ।  19  ਹਰ ਕੋਈ ਜਿਹੜਾ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ, ਦੁਸ਼ਟ ਆ ਕੇ ਜੋ ਕੁਝ ਉਸ ਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ। ਇਹ ਉਹ ਹੈ ਜਿਹੜਾ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਸੀ।  20  ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ।  21  ਪਰ ਆਪਣੇ ਵਿੱਚ ਡੂੰਘੀ ਜੜ੍ਹ ਨਹੀਂ ਰੱਖਦਾ, ਪਰ ਥੋੜ੍ਹਾ ਸਮਾਂ ਰਹਿੰਦਾ ਹੈ ਪਰ ਜਦੋਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ।  22  ਅਤੇ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ, ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫਲ ਨਹੀਂ ਦਿੰਦਾ।  23  ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲ ਦਿੰਦਾ ਹੈ। 
ਜੰਗਲੀ ਬੂਟੀ ਦਾ ਦ੍ਰਿਸ਼ਟਾਂਤ 
 24 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ।  25  ਪਰ ਜਦੋਂ ਲੋਕ ਸੌਂ ਰਹੇ ਸਨ ਤਦ ਵੈਰੀ ਆਇਆ ਅਤੇ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ।  26  ਅਤੇ ਜਦੋਂ ਬੂਰ ਪਿਆ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿੱਖ ਪਈ। 
 27  ਤਾਂ ਨੌਕਰਾਂ ਨੇ ਆ ਕੇ ਮਾਲਕ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ? ਫੇਰ ਜੰਗਲੀ ਬੂਟੀ ਕਿੱਥੋਂ ਆਈ? 
 28  ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। 
ਤਾਂ ਨੌਕਰਾਂ ਨੇ ਉਹ ਨੂੰ ਆਖਿਆ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਸ ਨੂੰ ਪੁੱਟ ਦੇਈਏ? 
 29  ਪਰ ਉਹ ਨੇ ਕਿਹਾ, ਨਾ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟ ਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ।  30  ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ ਅਤੇ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨ ਲਵੋ, ਪਰ ਕਣਕ ਨੂੰ ਮੇਰੇ ਗੋਦਾਮ ਵਿੱਚ ਜਮਾਂ ਕਰੋ। 
ਸਰੋਂ ਦੇ ਬੀਜ ਦਾ ਦ੍ਰਿਸ਼ਟਾਂਤ 
ਮਰਕੁਸ 4:30-32; ਲੂਕਾ 13:18, 19 
 31 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਰਾਈ ਦੇ ਇੱਕ ਬੀਜ ਵਰਗਾ ਹੈ ਜਿਸ ਨੂੰ ਕਿਸੇ ਮਨੁੱਖ ਨੇ ਆਪਣੇ ਖੇਤ ਵਿੱਚ ਬੀਜਿਆ।  32  ਉਹ ਤਾਂ ਸਭ ਬੀਜਾਂ ਨਾਲੋਂ ਛੋਟਾ ਹੈ ਪਰ ਜਦੋਂ ਉੱਗਦਾ ਹੈ ਤਾਂ ਪੋਦਿਆਂ ਨਾਲੋਂ ਵੱਡਾ ਹੁੰਦਾ ਹੈ ਅਤੇ ਰੁੱਖ ਵਰਗਾ ਹੋ ਜਾਂਦਾ ਹੈ, ਕਿ ਅਕਾਸ਼ ਦੇ ਪੰਛੀ ਆ ਕੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ। 
ਖ਼ਮੀਰ ਦਾ ਦ੍ਰਿਸ਼ਟਾਂਤ 
ਲੂਕਾ 13:20; 21 
 33 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਤਿੰਨ ਕਿੱਲੋ ਆਟੇ ਵਿੱਚ ਮਿਲਾਇਆ ਅਤੇ ਸਾਰਾ ਆਟਾ ਖ਼ਮੀਰਾ ਹੋ ਗਿਆ। 
ਦ੍ਰਿਸ਼ਟਾਂਤ ਦਾ ਇਸਤੇਮਾਲ 
ਮਰਕੁਸ 4:33, 34 
 34 ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ, ਅਤੇ ਬਿਨ੍ਹਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਕੁਝ ਵੀ ਨਹੀਂ ਬੋਲਦਾ ਸੀ।  35 ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਬੋਲਾਂਗਾ ਜਿਹੜੀਆਂ ਜਗਤ ਦੇ ਮੁੱਢੋਂ ਗੁਪਤ ਰਹੀਆਂ ਹਨ। 
ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦੀ ਵਿਆਖਿਆ 
 36 ਫਿਰ ਉਹ ਭੀੜ ਨੂੰ ਭੇਜ ਕੇ, ਘਰ ਵਿੱਚ ਆਇਆ ਅਤੇ ਉਹ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾ ਦਿਓ।  37 ਉਸ ਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ।  38  ਖੇਤ ਸੰਸਾਰ ਹੈ, ਚੰਗਾ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ।  39  ਅਤੇ ਉਹ ਜਿਸ ਵੈਰੀ ਨੇ ਉਸ ਨੂੰ ਬੀਜਿਆ, ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗ ਦੂਤ ਹਨ। 
 40  ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ ਉਸੇ ਤਰ੍ਹਾਂ ਇਹ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ।  41  ਮਨੁੱਖ ਦਾ ਪੁੱਤਰ ਆਪਣੇ ਸਵਰਗ ਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਅਤੇ ਕੁਧਰਮੀਆਂ ਨੂੰ ਇਕੱਠਿਆਂ ਕਰਨਗੇ।  42  ਅਤੇ ਉਨ੍ਹਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।  43  ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ। 
ਲੁਕੇ ਹੋਏ ਧਨ ਦਾ ਦ੍ਰਿਸ਼ਟਾਂਤ 
 44  ਸਵਰਗ ਰਾਜ ਖੇਤ ਵਿੱਚ ਲੁਕੇ ਹੋਏ ਧਨ ਵਰਗਾ ਹੈ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ। 
ਚੰਗੇ ਮੋਤੀਆਂ ਦਾ ਦ੍ਰਿਸ਼ਟਾਂਤ 
 45  ਫੇਰ ਸਵਰਗ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ।  46 ਜਦੋਂ ਉਸ ਨੂੰ ਇੱਕ ਮੋਤੀ ਬਹੁਤ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲਿਆ। 
ਜਾਲ਼ ਦਾ ਦ੍ਰਿਸ਼ਟਾਂਤ 
 47  ਫੇਰ ਸਵਰਗ ਰਾਜ ਇੱਕ ਜਾਲ਼ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ।  48  ਜਦੋਂ ਉਹ ਭਰ ਗਿਆ ਤਾਂ ਲੋਕ ਉਸ ਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਜਮਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ।  49  ਸੋ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ। ਦੂਤ ਆ ਕੇ, ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ।  50  ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ। 
ਪੁਰਾਣੀ ਅਤੇ ਨਵੀਂ ਸਿੱਖਿਆ ਦਾ ਮਹੱਤਵ 
 51  ਕੀ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਚੁੱਕੇ ਹੋ? ਉਨ੍ਹਾਂ ਉਸ ਨੂੰ ਆਖਿਆ, ਹਾਂ ਜੀ।  52 ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਸ ਲਈ ਹਰੇਕ ਉਪਦੇਸ਼ਕ ਜੋ ਸਵਰਗ ਰਾਜ ਦਾ ਚੇਲਾ ਬਣ ਗਿਆ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ। 
ਨਾਸਰਤ ਵਿੱਚ ਯਿਸੂ ਦਾ ਨਿਰਾਦਰ 
ਮਰਕੁਸ 6:1-6; ਲੂਕਾ 4:16-30 
 53 ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਨੇ ਇਹਨਾਂ ਦ੍ਰਿਸ਼ਟਾਂਤਾਂ ਨੂੰ ਪੂਰਾ ਕੀਤਾ, ਤਾਂ ਉੱਥੋਂ ਤੁਰ ਪਿਆ।  54 ਅਤੇ ਆਪਣੇ ਦੇਸ ਵਿੱਚ ਆ ਕੇ ਉਨ੍ਹਾਂ ਦੇ ਪ੍ਰਾਰਥਨਾ ਘਰ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਕਿ ਉਹ ਹੈਰਾਨ ਹੋ ਕੇ ਕਹਿਣ ਲੱਗੇ, ਕਿ ਇਸ ਮਨੁੱਖ ਨੂੰ ਇਹ ਗਿਆਨ ਅਤੇ ਇਹ ਅਚਰਜ਼ ਸ਼ਕਤੀ ਕਿੱਥੋਂ ਪ੍ਰਾਪਤ ਹੋਈ?  55 ਕੀ, ਇਹ ਤਰਖਾਣ ਦਾ ਪੁੱਤਰ ਨਹੀਂ ਅਤੇ ਇਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ?  56 ਅਤੇ ਉਹ ਦੀਆਂ ਸਾਰੀਆਂ ਭੈਣਾਂ ਸਾਡੇ ਕੋਲ ਨਹੀਂ ਹਨ? ਫੇਰ ਉਹ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ?  57 ਇਸ ਤਰ੍ਹਾਂ ਉਨ੍ਹਾਂ ਉਸ ਤੋਂ ਠੋਕਰ ਖਾਧੀ। ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।  58 ਅਤੇ ਉਸ ਨੇ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਉੱਥੇ ਬਹੁਤ ਅਚਰਜ਼ ਕੰਮ ਨਹੀਂ ਕੀਤੇ।