7
 1 “ਕੀ ਮਨੁੱਖ ਨੂੰ ਧਰਤੀ ਉੱਤੇ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ? 
ਅਤੇ ਉਹ ਦੇ ਦਿਨ ਮਜ਼ਦੂਰ ਦੇ ਦਿਨਾਂ ਦੀ ਤਰ੍ਹਾਂ ਨਹੀਂ ਹੁੰਦੇ? 
 2 ਜਿਵੇਂ ਕੋਈ ਦਾਸ ਛਾਂ ਨੂੰ ਲੋਚਦਾ ਹੈ, 
ਅਤੇ ਮਜ਼ਦੂਰ ਆਪਣੀ ਮਜ਼ਦੂਰੀ ਨੂੰ ਉਡੀਕਦਾ ਹੈ, 
 3 ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ ਬਣਾਇਆ ਗਿਆ ਹਾਂ, 
ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ। 
 4 ਜਦ ਮੈਂ ਲੰਮਾ ਪੈਂਦਾ ਹਾਂ ਤਾਂ ਮੈਂ ਸੋਚਦਾ ਹਾਂ, 
ਮੈਂ ਕਦ ਉੱਠਾਂਗਾ? ਪਰ ਰਾਤ ਲੰਮੀ ਹੁੰਦੀ ਹੈ, 
ਅਤੇ ਮੈਂ ਸਵੇਰ ਤੱਕ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹਾਂ। 
 5 ਮੇਰਾ ਸਰੀਰ ਕੀੜਿਆਂ ਅਤੇ ਮਿੱਟੀ ਦੇ ਢੇਲਿਆਂ ਨਾਲ ਢੱਕਿਆ ਹੋਇਆ ਹੈ, 
ਮੇਰੀ ਚਮੜੀ ਆਕੜ ਜਾਂਦੀ, ਫਿਰ ਪੀਕ ਵਗ ਪੈਂਦੀ ਹੈ। 
 6 “ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ, 
ਅਤੇ ਆਸ ਤੋਂ ਬਿਨ੍ਹਾਂ ਬੀਤਦੇ ਜਾਂਦੇ ਹਨ। 
 7 ਯਾਦ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ, 
ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ! 
 8 ਜਿਹੜੀ ਅੱਖ ਮੈਨੂੰ ਹੁਣ ਵੇਖਦੀ ਹੈ, ਉਹ ਫੇਰ ਨਹੀਂ ਵੇਖੇਗੀ, 
ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ ਹੋਵਾਂਗਾ। 
 9 ਜਿਵੇਂ ਬੱਦਲ ਫੱਟ ਕੇ ਮੁੱਕ ਜਾਂਦਾ ਹੈ, 
ਤਿਵੇਂ ਉਹ ਜਿਹੜਾ ਪਤਾਲ ਵਿੱਚ ਉੱਤਰਦਾ ਹੈ, ਫਿਰ ਉੱਪਰ ਨਹੀਂ ਆਉਂਦਾ। 
 10 ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ, 
ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਪਛਾਣੇਗਾ। 
 11 “ਇਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ, 
ਮੈਂ ਆਪਣੇ ਆਤਮਿਕ ਦੁੱਖ ਵਿੱਚ ਬੋਲਦਾ ਜਾਂਵਾਂਗਾ, 
ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਸ਼ਿਕਾਇਤ ਕਰਦਾ ਰਹਾਂਗਾ। 
 12 ਕੀ ਮੈਂ ਸਮੁੰਦਰ ਹਾਂ, ਜਾਂ ਜਲ ਜੰਤੂ, 
ਜੋ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈਂ? 
 13 ਜਦ ਮੈਂ ਸੋਚਦਾ ਹਾਂ ਕਿ ਮੇਰੀ ਮੰਜੀ ਉੱਤੇ ਮੈਨੂੰ ਸ਼ਾਂਤੀ ਮਿਲੇਗੀ 
ਅਤੇ ਮੇਰੇ ਬਿਛੌਣੇ ਉੱਤੇ ਮੇਰਾ ਦੁੱਖ ਹਲਕਾ ਹੋਵੇਗਾ, 
 14 ਤਦ ਤੂੰ ਮੈਨੂੰ ਸੁਫ਼ਨਿਆਂ ਨਾਲ ਘਬਰਾ ਦਿੰਦਾ ਹੈਂ, 
ਅਤੇ ਮੈਨੂੰ ਦਰਸ਼ਣਾਂ ਨਾਲ ਡਰਾ ਦਿੰਦਾ ਹੈਂ। 
 15 ਇਸ ਲਈ ਮੇਰੀ ਜਾਨ ਫਾਂਸੀ ਨੂੰ 
ਅਤੇ ਮੇਰੀਆਂ ਹੱਡੀਆਂ ਮੌਤ ਨੂੰ ਜੀਵਨ ਤੋਂ ਵੱਧ ਚੁਣਦੀਆਂ ਹਨ! 
 16 ਮੈਂ ਤੁੱਛ ਹਾਂ, ਮੈਂ ਸਦਾ ਤੱਕ ਜੀਉਂਦਾ ਨਾ ਰਹਾਂਗਾ, 
ਮੈਨੂੰ ਛੱਡ ਦੇ ਕਿਉਂ ਜੋ ਮੇਰੇ ਦਿਨ ਸਾਹ ਦੀ ਤਰ੍ਹਾਂ ਹੀ ਹਨ! 
 17 “ਮਨੁੱਖ ਕੀ ਹੈ ਜੋ ਤੂੰ ਉਸ ਨੂੰ ਵਡਿਆਵੇਂ, 
ਅਤੇ ਆਪਣਾ ਦਿਲ ਉਸ ਉੱਤੇ ਲਾਵੇਂ? 
 18 ਅਤੇ ਹਰ ਸਵੇਰ ਉਸ ਦੀ ਖ਼ਬਰ ਲਵੇਂ, 
ਅਤੇ ਪਲ-ਪਲ ਤੇ ਉਸ ਨੂੰ ਜਾਂਚੇਂ? 
 19 ਤੂੰ ਕਦ ਤੱਕ ਮੇਰੀ ਵੱਲ ਵੇਖਣੋਂ ਨਾ ਹਟੇਂਗਾ 
ਅਤੇ ਮੈਨੂੰ ਨਾ ਛੱਡੇਂਗਾ ਜੋ ਮੈਂ ਆਪਣੀ ਥੁੱਕ ਨਿਗਲ ਲਵਾਂ? 
 20 ਹੇ ਮਨੁੱਖਾਂ ਦੇ ਰਾਖੇ, ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਵਿਗਾੜਿਆ ਹੈ? 
ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ 
ਕਿ ਮੈਂ ਆਪਣੇ ਆਪ ਲਈ ਬੋਝ ਹੋ ਗਿਆ ਹਾਂ? 
 21 ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ, 
ਅਤੇ ਮੇਰੀ ਬਦੀ ਦੂਰ ਨਹੀਂ ਕਰਦਾ? 
ਮੈਂ ਤਾਂ ਹੁਣ ਮਿੱਟੀ ਵਿੱਚ ਮਿਲ ਜਾਂਵਾਂਗਾ, 
ਤਦ ਤੂੰ ਮੈਨੂੰ ਢੂੰਡੇਂਗਾ, ਪਰ ਮੈਂ ਹੋਵਾਂਗਾ ਨਹੀਂ!”