10
 1 “ਮੈਂ ਜੀਵਨ ਤੋਂ ਅੱਕ ਚੁੱਕਿਆ ਹਾਂ, 
ਮੈਂ ਆਪਣੀ ਸ਼ਿਕਾਇਤ ਨੂੰ ਖੋਲ੍ਹ ਕੇ ਦੱਸਾਂਗਾ, 
ਮੈਂ ਆਪਣੀ ਕੁੜੱਤਣ ਦੇ ਕਾਰਨ ਬੋਲਾਂਗਾ! 
 2 ਮੈਂ ਪਰਮੇਸ਼ੁਰ ਨੂੰ ਆਖਾਂਗਾ, ਮੈਨੂੰ ਦੋਸ਼ੀ ਨਾ ਠਹਿਰਾ! 
ਤੂੰ ਮੈਨੂੰ ਦਸ ਕਿ ਤੂੰ ਕਿਉਂ ਮੇਰੇ ਨਾਲ ਮੁਕੱਦਮਾ ਲੜਦਾ ਹੈਂ? 
 3 ਕੀ ਤੈਨੂੰ ਇਹ ਚੰਗਾ ਲੱਗਦਾ ਹੈ ਕਿ ਤੂੰ ਧੱਕੇਸ਼ਾਹੀ ਕਰੇਂ 
ਅਤੇ ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਜਾਣੇ, 
ਜਦ ਕਿ ਤੂੰ ਦੁਸ਼ਟਾਂ ਦੀ ਸਲਾਹ ਉੱਤੇ ਹੱਸਦਾ ਹੈਂ? 
 4 ਭਲਾ, ਤੇਰੀਆਂ ਅੱਖਾਂ ਦੇਹ ਧਾਰੀਆਂ ਵਰਗੀਆਂ ਹਨ, 
ਕੀ ਤੂੰ ਉਸ ਤਰ੍ਹਾਂ ਵੇਖਦਾ ਹੈ ਜਿਵੇਂ ਮਨੁੱਖ ਵੇਖਦਾ ਹੈ? 
 5 ਕੀ ਤੇਰੇ ਦਿਨ ਮਨੁੱਖਾਂ ਦੇ ਦਿਨਾਂ ਵਰਗੇ 
ਜਾਂ ਤੇਰੇ ਸਾਲ ਬਲਵੰਤ ਪੁਰਖ ਦੇ ਸਮੇਂ ਵਰਗੇ ਹਨ, 
 6 ਕਿ ਤੂੰ ਮੇਰੀ ਬਦੀ ਨੂੰ ਭਾਲਦਾ ਹੈਂ 
ਅਤੇ ਮੇਰੇ ਪਾਪ ਦੀ ਪੜਤਾਲ ਕਰਦਾ ਹੈਂ? 
 7 ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ, 
ਅਤੇ ਤੇਰੇ ਹੱਥਾਂ ਤੋਂ ਮੈਨੂੰ ਕੋਈ ਛੁਡਾਉਣ ਵਾਲਾ ਨਹੀਂ। 
 8 “ਤੇਰੇ ਹੱਥਾਂ ਨੇ ਮੈਨੂੰ ਸਿਰਜਿਆ ਅਤੇ ਬਣਾਇਆ ਹੈ, 
ਕੀ ਹੁਣ ਤੂੰ ਹੀ ਚਾਰੇ ਪਾਸਿਆਂ ਤੋਂ ਮੈਨੂੰ ਨਾਸ ਕਰੇਂਗਾ! 
 9 ਯਾਦ ਕਰ ਕਿ ਤੂੰ ਮੈਨੂੰ ਗੁੰਨ੍ਹੀ ਹੋਈ ਮਿੱਟੀ ਵਾਂਗੂੰ ਬਣਾਇਆ, 
ਕੀ ਹੁਣ ਤੂੰ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਂਗਾ? 
 10 ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆ 
ਅਤੇ ਦਹੀਂ ਵਾਂਗੂੰ ਨਹੀਂ ਜਮਾਇਆ? 
 11 ਤੂੰ ਖਲ ਅਤੇ ਮਾਸ ਮੇਰੇ ਉੱਤੇ ਚੜ੍ਹਾਇਆ 
ਅਤੇ ਹੱਡੀਆਂ ਤੇ ਨਸਾਂ ਨਾਲ ਮੈਨੂੰ ਜੋੜਿਆ। 
 12 ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੇਰੇ ਉੱਤੇ ਦਯਾ ਕੀਤੀ, 
ਅਤੇ ਤੇਰੀ ਨਿਗਾਹਬਾਨੀ ਵਿੱਚ ਮੇਰੇ ਆਤਮਾ ਦੀ ਪਾਲਣਾ ਹੋਈ। 
 13 “ਤੂੰ ਇਸ ਨੂੰ ਆਪਣੇ ਦਿਲ ਵਿੱਚ ਲੁਕਾ ਕੇ ਰੱਖਿਆ, 
ਪਰ ਮੈਂ ਜਾਣ ਗਿਆ ਕਿ ਤੂੰ ਅਜਿਹਾ ਹੀ ਕਰਨਾ ਠਾਣਿਆ ਸੀ। 
 14 ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰਾ ਲੇਖਾ ਲਵੇਂਗਾ, 
ਅਤੇ ਤੂੰ ਮੇਰੀ ਬਦੀ ਤੋਂ ਮੈਨੂੰ ਬਰੀ ਨਾ ਕਰੇਂਗਾ। 
 15 ਜੇ ਮੈਂ ਦੋਸ਼ੀ ਹੋਵਾਂ, ਤਾਂ ਮੇਰੇ ਉੱਤੇ ਹਾਏ! 
ਅਤੇ ਜੇਕਰ ਮੈਂ ਧਰਮੀ ਹੋਵਾਂ ਤਾਂ ਵੀ ਆਪਣਾ ਸਿਰ ਨਾ ਚੁੱਕ ਸਕਾਂਗਾ, 
ਕਿਉਂ ਜੋ ਮੈਂ ਅਪਮਾਨ ਤੋਂ ਭਰਿਆ ਹੋਇਆ ਹਾਂ 
ਅਤੇ ਆਪਣੇ ਦੁੱਖ ਵਿੱਚ ਡੁੱਬਿਆ ਹੋਇਆ ਹਾਂ। 
 16 ਜੇਕਰ ਮੈਂ ਆਪਣਾ ਸਿਰ ਚੁੱਕਾਂ ਵੀ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਸ਼ਿਕਾਰ ਕਰਦਾ ਹੈਂ 
ਅਤੇ ਮੇਰੇ ਵਿਰੁੱਧ ਆਪਣੀ ਅਦਭੁੱਤ ਸਮਰੱਥਾ ਪਰਗਟ ਕਰਦਾ ਹੈਂ! 
 17 ਤੂੰ ਆਪਣੇ ਨਵੇਂ-ਨਵੇਂ ਗਵਾਹ ਮੇਰੇ ਵਿਰੁੱਧ ਲਿਆਉਂਦਾ ਹੈਂ, 
ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈਂ, 
ਅਤੇ ਸੈਨਾਂ ਦੇ ਉੱਤੇ ਸੈਨਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ! 
 18 “ਤੂੰ ਮੈਨੂੰ ਕੁੱਖ ਤੋਂ ਬਾਹਰ ਕਿਉਂ ਲਿਆਂਦਾ? ਮੈਂ ਉੱਥੇ ਹੀ ਪ੍ਰਾਣ ਛੱਡ ਦਿੰਦਾ 
ਅਤੇ ਕੋਈ ਅੱਖ ਮੈਨੂੰ ਨਾ ਵੇਖਦੀ। 
 19 ਮੈਂ ਅਜਿਹਾ ਹੁੰਦਾ ਜਿਵੇਂ ਮੈਂ ਹੋਇਆ ਹੀ ਨਹੀਂ, 
ਮੈਂ ਪੇਟ ਤੋਂ ਹੀ ਕਬਰ ਨੂੰ ਲੈ ਜਾਇਆ ਜਾਂਦਾ! 
 20 ਕੀ ਮੇਰੇ ਦਿਨ ਥੋੜ੍ਹੇ ਬਾਕੀ ਨਹੀਂ? ਹੁਣ ਤਾਂ ਮੇਰੇ ਕੋਲੋਂ ਮੁੜ ਜਾ 
ਅਤੇ ਮੈਨੂੰ ਛੱਡ ਦੇ ਤਾਂ ਜੋ ਮੈਂ ਥੋੜ੍ਹੀ ਜਿਹੀ ਸ਼ਾਂਤੀ ਪਾਵਾਂ, 
 21 ਇਸ ਤੋਂ ਪਹਿਲਾਂ ਕਿ ਮੈਂ ਉੱਥੇ ਜਾਂਵਾਂ ਜਿੱਥੋਂ ਫੇਰ ਨਾ ਮੁੜਾਂਗਾ, 
ਅਰਥਾਤ ਹਨੇਰੇ ਅਤੇ ਮੌਤ ਦੇ ਸਾਯੇ ਦੇ ਦੇਸ ਨੂੰ, 
 22 ਉਸ ਦੇਸ ਨੂੰ ਜਿੱਥੇ ਅੱਧੀ ਰਾਤ ਜਿਹਾ ਹਨ੍ਹੇਰਾ ਹੈ, 
ਜਿੱਥੇ ਮੌਤ ਦਾ ਸਾਯਾ ਹੈ ਅਤੇ ਕੋਈ ਤਰਤੀਬ ਨਹੀਂ, 
ਅਤੇ ਜਿੱਥੇ ਰੋਸ਼ਨੀ ਵੀ ਅੱਧੀ ਰਾਤ ਦੇ ਹਨੇਰੇ ਵਾਂਗੂੰ ਹੈ!”