ਖਾਸ ਕੰਮ ਲਈ ਸੱਤ ਮਨੁੱਖਾਂ ਦਾ ਚੁਣੇ ਜਾਣਾ
6
ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ। ਤਾਂ ਬਾਰ੍ਹਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਸ਼ਬਦ ਦੀ ਸੇਵਾ ਦੀ ਥਾਂ ਤੇ ਭੋਜਨ ਵਰਤਾਉਣ ਵਿੱਚ ਆਪਣਾ ਸਮਾਂ ਬਰਬਾਦ ਕਰੀਏ। ਇਸੇ ਲਈ, ਹੇ ਭਰਾਵੋ, ਤੁਸੀਂ ਆਪਣੇ ਵਿੱਚੋਂ ਉਨ੍ਹਾਂ ਸੱਤ ਆਦਮੀਆਂ ਨੂੰ ਚੁਣੋ, ਜਿਨ੍ਹਾਂ ਦੀ ਪ੍ਰਤਿਸ਼ਠਾ ਚੰਗੀ ਹੋਵੇ। ਉਹ ਸਿਆਣਪ ਅਤੇ ਆਤਮਾ ਨਾਲ ਭਰਪੂਰ ਹੋਣੇ ਚਾਹੀਦੇ ਹਨ। ਅਸੀਂ ਉਨ੍ਹਾਂ ਨੂੰ ਇਹ ਕਾਰਜ ਸੌਂਪ ਦੇਵਾਂਗੇ। ਫ਼ੇਰ ਅਸੀਂ ਆਪਣਾ ਸਾਰਾ ਸਮਾਂ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨਾਂ ਦਾ ਉਪਦੇਸ਼ ਕਰਨ ਵਿੱਚ ਬਿਤਾ ਸੱਕਾਂਗੇ।”
ਸਭ ਲੋਕਾਂ ਨੂੰ ਇਹ ਮਸ਼ਵਰਾ ਪਸੰਦ ਆਇਆ। ਫ਼ੇਰ ਉਨ੍ਹਾਂ ਨੇ ਇਸਤੀਫ਼ਾਨ ਨੂੰ ਜਿਹੜਾ ਵੱਡੀ ਨਿਹਚਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ, ਫ਼ਿਲਿਪੁੱਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਊਸ, ਜੋ ਕਿ ਅੰਤਾਕਿਯਾ ਤੋਂ ਸੀ ਅਤੇ ਜੋ ਕਿ ਯਹੂਦੀ ਬਣਿਆ ਸੀ ਨੂੰ ਚੁਣਿਆ। ਫ਼ੇਰ ਉਹ ਇਨ੍ਹਾਂ ਸੱਤਾਂ ਆਦਮੀਆਂ ਨੂੰ ਰਸੂਲਾਂ ਸਾਹਮਣੇ ਲਿਆਏ। ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ।
ਪਰਮੇਸ਼ੁਰ ਦਾ ਬਚਨ ਵੱਧ ਤੋਂ ਵੱਧ ਫ਼ੈਲ ਰਿਹਾ ਸੀ, ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵੱਧਦੀ ਗਈ। ਨਾਲ ਹੀ ਬਹੁਤ ਸਾਰੇ ਯਹੂਦੀ ਜਾਜਕ ਵੀ ਇਸ ਮੱਤ ਦੇ ਮੰਨਣ ਵਾਲੇ ਹੋ ਗਏ।
ਯਹੂਦੀ ਇਸਤੀਫ਼ਾਨ ਦੇ ਖਿਲਾਫ਼
ਇਸਤੀਫ਼ਾਨ ਨੇ, ਜੋ ਕਿ ਪਰਮੇਸ਼ੁਰ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਵੱਡੇ ਅਚੰਭੇ ਕੀਤੇ ਅਤੇ ਲੋਕਾਂ ਨੂੰ ਚਮਤਕਾਰੀ ਨਿਸ਼ਾਨੀਆਂ ਦਿਖਾਈਆਂ। ਪਰ ਕੁਝ ਯਹੂਦੀ, ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। ਇਹ ਯਹੂਦੀ, ਯਹੂਦੀਆਂ ਦੇ ਇੱਕ ਪ੍ਰਾਰਥਨਾ ਅਸਥਾਨ ਤੋਂ ਸਨ, ਜੋ ਲਿਬਰਤੀਨੀਆਂ ਦਾ ਪ੍ਰਾਰਥਨਾ ਸਥਾਨ ਜਾਣਿਆ ਜਾਂਦਾ ਸੀ। ਇਹ ਪ੍ਰਾਰਥਨਾ ਸਥਾਨ ਕੁਰੇਨੀਆਂ ਅਤੇ ਸਿਕੰਦਰੀਆਂ ਦੇ ਯਹੂਦੀਆਂ ਨਾਲ ਵੀ ਸੰਬੰਧਿਤ ਸੀ। ਕਿਲਿਕਿਯਾ ਅਤੇ ਅਸਿਯਾ ਤੋਂ ਵੀ ਯਹੂਦੀ ਉਨ੍ਹਾਂ ਦੇ ਨਾਲ ਆਏ ਸਨ। 10 ਪਰ ਪਵਿੱਤਰ ਆਤਮਾ ਇਸਤੀਫ਼ਾਨ ਨੂੰ ਸਿਆਣਪ ਨਾਲ ਬੋਲਣ ਵਿੱਚ ਮਦਦ ਕਰ ਰਿਹਾ ਸੀ। ਉਸਦੀ ਗੱਲ ਇੰਨੀ ਸਿਆਣੀ ਤੇ ਜ਼ੋਰਦਾਰ ਸੀ ਕਿ ਕੋਈ ਵੀ ਯਹੂਦੀ ਉਸ ਅੱਗੇ ਠਹਿਰ ਨਾ ਸੱਕਿਆ।
11 ਇਸ ਲਈ ਯਹੂਦੀਆਂ ਨੇ ਇਹ ਆਖਣ ਲਈ ਕੁਝ ਬੰਦੇ ਭਾੜੇ ਤੇ ਲੈ ਲਏ, “ਅਸੀਂ ਇਸਤੀਫ਼ਾਨ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਬੋਲਦੇ ਸੁਣਿਆ ਹੈ।” 12 ਇਸ ਤਰ੍ਹਾਂ, ਯਹੂਦੀਆਂ ਨੇ ਲੋਕਾਂ ਨੂੰ, ਬਜ਼ੁਰਗ ਯਹੂਦੀ ਆਗੂਆਂ ਨੂੰ, ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪਰੇਸ਼ਾਨ ਕਰ ਦਿੱਤਾ। ਇਸ ਲਈ ਉਹ ਗੁੱਸੇ ਵਿੱਚ ਆਏ ਅਤੇ ਉਨ੍ਹਾਂ ਨੇ ਇਸਤੀਫ਼ਾਨ ਨੂੰ ਜ਼ਬਰਦਸਤੀ ਫ਼ੜ ਲਿਆ। ਉਹ ਉਸ ਨੂੰ ਯਹੂਦੀ ਆਗੂਆਂ ਦੀ ਸਭਾ ਵਿੱਚ ਲੈ ਗਏ।
13 ਉਹ ਕੁਝ ਹੋਰ ਲੋਕਾਂ ਨੂੰ ਇਸਤੀਫ਼ਾਨ ਦੇ ਖਿਲਾਫ਼ ਬੋਲਣ ਲਈ ਲੈ ਆਏ। ਉਨ੍ਹਾਂ ਨੇ ਆਖਿਆ, “ਇਹ ਆਦਮੀ ਹਮੇਸ਼ਾ ਇਸ ਪਵਿੱਤਰ ਅਸਥਾਨ ਅਤੇ ਮੂਸਾ ਦੀ ਸ਼ਰ੍ਹਾ ਦੇ ਵਿਰੁੱਧ ਬੋਲਦਾ ਹੈ। 14 ਅਸੀਂ ਇਸ ਨੂੰ ਇਹ ਵੀ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਅਸਥਾਨ ਨੂੰ ਵੀ ਨਸ਼ਟ ਕਰ ਦੇਵੇਗਾ। ਅਸੀਂ ਇਸ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਉਨ੍ਹਾਂ ਰੀਤਾਂ ਨੂੰ ਬਦਲ ਦੇਵੇਗਾ ਜਿਹੜੀਆਂ ਮੂਸਾ ਨੇ ਸਾਨੂੰ ਦਿੱਤੀਆਂ।” 15 ਉਨ੍ਹਾਂ ਸਾਰੇ ਲੋਕਾਂ ਨੇ, ਜਿਹੜੇ ਉਸ ਸਭਾ ਵਿੱਚ ਬੈਠੇ ਸਨ, ਇਸਤੀਫ਼ਾਨ ਨੂੰ ਧਿਆਨ ਨਾਲ ਵੇਖਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਉਸਦਾ ਚਿਹਰਾ ਇੱਕ ਦੂਤ ਜਿਹਾ ਸੀ।