ਸੂਰ ਸੋਚਦਾ ਹੈ ਕਿ ਉਹ ਪਰਮੇਸ਼ੁਰ ਵਰਗਾ ਹੈ
28
ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਬਹੁਤ ਗੁਮਾਨੀ ਹੈਂ ਤੂੰ!
ਅਤੇ ਤੂੰ ਆਖਦਾ ਹੈਂ, “ਮੈਂ ਹਾਂ ਇੱਕ ਦੇਵਤਾ!
ਬੈਠਾ ਹਾਂ ਮੈਂ ਦੇਵਤਿਆਂ ਦੇ
ਆਸਨ ਉੱਤੇ ਸਮੁੰਦਰਾਂ ਦੇ ਵਿੱਚਕਾਰ।”
“‘ਪਰ ਆਦਮੀ ਹੈ ਤੂੰ ਪਰਮੇਸ਼ੁਰ ਨਹੀਂ!
ਤੂੰ ਸਿਰਫ਼ ਸੋਚਦਾ ਹੈਂ ਕਿ ਤੂੰ ਦੇਵਤਾ ਹੈਂ।”
ਤੂੰ ਸੋਚਦਾ ਹੈਂ ਕਿ ਤੂੰ ਸਿਆਣਾ ਹੈ ਦਾਨੀਏਲ ਨਾਲੋਂ!
ਸੋਚਦਾ ਹੈਂ ਤੂੰ ਕਿ ਭੇਤ ਲੱਭ ਲਵੇਂਗਾ ਤੂੰ ਸਾਰੇ।
ਆਪਣੀ ਸਿਆਣਪ ਅਤੇ ਸਮਝ ਰਾਹੀਂ ਤੂੰ ਪ੍ਰਾਪਤ
ਕੀਤੀਆਂ ਨੇ ਤੂੰ ਦੌਲਤਾਂ ਆਪਣੇ ਲਈ।
ਅਤੇ ਪਾਏ ਨੇ ਤੂੰ ਸੋਨਾ ਚਾਂਦੀ
ਆਪਣੇ ਖਜ਼ਾਨਿਆਂ ਵਿੱਚ।
ਆਪਣੀ ਮਹਾਨ ਸਿਆਣਪ
ਅਤੇ ਕਾਰੋਬਾਰ ਨਾਲ ਤੂੰ ਵੱਧਾ ਲਈ ਹੈ ਦੌਲਤ ਆਪਣੀ।
ਅਤੇ ਹੁਣ ਤੂੰ ਗੁਮਾਨੀ ਹੈਂ
ਉਨ੍ਹਾਂ ਦੌਲਤਾਂ ਕਾਰਣ।
“‘ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
ਸੂਰ, ਸੋਚਿਆ ਸੀ ਤੂੰ ਕਿ ਤੂੰ ਹੈਂ ਇੱਕ ਦੇਵਤੇ ਵਰਗਾ।
ਮੈਂ ਅਜਨਬੀਆਂ ਨੂੰ ਤੇਰੇ ਵਿਰੁੱਧ ਲੜਨ ਲਈ ਲਿਆਵਾਂਗਾ।
ਉਹ ਕੌਮਾਂ ਅੱਤ ਭਿਆਨਕ ਨੇ!
ਉਹ ਆਪਣੀਆਂ ਤਲਵਾਰਾਂ ਨੂੰ ਧੂ ਲੈਣਗੇ
ਅਤੇ ਉਨ੍ਹਾਂ ਖੂਬਸੂਰਤ ਚੀਜ਼ਾਂ ਦੇ ਵਿਰੁੱਧ ਵਰਤਣਗੇ ਜਿਹੜੀਆਂ ਤੇਰੀ ਸਿਆਣਪ ਨੇਹਾਸਿਲ ਕੀਤੀਆਂ।
ਉਹ ਤੇਰੀ ਸ਼ਾਨ ਨੂੰ ਬਰਬਾਦ ਕਰ ਦੇਣਗੇ ।
ਉਹ ਤੈਨੂੰ ਹੇਠਾਂ ਕਬਰ ਅੰਦਰਲੈ ਜਾਣਗੀਆਂ।
ਤੂੰ ਉਸ ਜਹਾਜ਼ੀ ਵਰਗਾ ਹੋਵੇਂਗਾ ਜੋ ਸਮੁੰਦਰ ਵਿੱਚ ਡੁੱਬ ਮੋਇਆ ਸੀ।
ਮਾਰ ਦੇਵੇਗਾ ਉਹ ਬੰਦਾ ਤੈਨੂੰ।
ਕੀ ਤੂੰ ਤਾਂ ਵੀ ਆਖੇਂਗਾ, “ਮੈਂ ਹਾਂ ਦੇਵਤਾ!” ਨਹੀਂ!
ਵਸ ਵਿੱਚ ਕਰ ਲਵੇਗਾ ਉਹ ਤੈਨੂੰ ਆਪਣੀ ਤਾਕਤ ਦੇ।
ਦੇਖ ਲਵੇਂਗਾ ਤੂੰ ਕਿ ਤੂੰ ਹੈਂ ਇੱਕ ਆਦਮੀ, ਪਰਮੇਸ਼ੁਰ ਨਹੀਂ!
10 ਤੂੰ ਇੱਕ ਅਸੁੰਨਤੀਏ ਵਿਦੇਸ਼ੀ ਵਾਂਗ ਮਰ ਜਾਵੇਂਗਾ।
ਅਜਨਬੀ ਤੈਨੂੰ ਮਾਰ ਦੇਣਗੇ।
ਵਾਪਰਨਗੀਆਂ ਇਹ ਗੱਲਾਂ ਕਿਉਂ ਕਿ ਆਦੇਸ਼ ਦਿੱਤਾ ਸੀ ਮੈਂ!’”
ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ।
11 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 12 “ਆਦਮੀ ਦੇ ਪੁੱਤਰ, ਸੂਰ ਦੇ ਰਾਜੇ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਤੂੰ ਸੀ ਇੱਕ ਪ੍ਰਾਰਥਨਾ ਬੰਦਾ।
ਭਰਪੂਰ ਸੀ ਤੂੰ ਸਿਆਣਪ ਨਾਲ।
ਪੂਰਨ ਤੌਰ ਤੇ ਖੂਬਸੂਰਤ ਸੀ ਤੂੰ।
13 ਤੂੰ ਸੀ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਅੰਦਰ।
ਤੇਰੇ ਕੋਲ ਸੀ ਹਰ ਬਹੁਮੁੱਲਾ ਪੱਬ-ਲਾਲ ਅਕੀਕ-ਸ਼ੁਨਹਿਲਾ,
ਦੁਧਿਯਾ, ਬਿਲੌਰ, ਓਨੇਸ ਅਤੇ ਬੈਰੂਜ,
ਸ਼ਲੇਮਾਨੀ, ਨੀਲਮ ਅਤੇ ਜਬਰਜਦ।
ਅਤੇ ਹਰ ਇੱਕ ਪੱਥਰ ਸੀ ਸੋਨੇ ਵਿੱਚ ਲਾਇਆ ਹੋਇਆ।
ਦਿੱਤੀ ਗਈ ਸੀ ਇਹ ਸੁੰਦਰਤਾ ਤੈਨੂੰ।
ਉਸ ਦਿਨ ਜਦੋਂ ਸੀ ਤੈਨੂੰ ਸਾਜਿਆ ਗਿਆ।
ਪਰਮੇਸ਼ੁਰ ਬਣਾਇਆ ਸੀ ਤੈਨੂੰ ਤਾਕਤਵਰ।
14 ਤੂੰ ਸੀ ਚੁਣੇ ਹੋਏ ਕਰੂਬੀਆਂ ਵਿੱਚੋਂ ਪਂਖ ਤੇਰੇ,
ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ
ਅਤੇ ਰੱਖਿਆ ਸੀ ਤੈਨੂੰ ਮੈਂ ਪਰਮੇਸ਼ੁਰ ਦੇ ਪਵਿੱਤਰ ਪਰਬਤ ਉੱਤੇ।
ਤੁਰਦਾ ਸੀ ਤੂੰ ਹੀਰਿਆਂ ਵਿੱਚਕਾਰ ਚਮਕਦੇ ਸਨ ਜਿਹੜੇ ਅਗਨੀ ਵਾਂਗ।
15 ਈਮਾਨਦਾਰ ਅਤੇ ਨੇਕ ਸੀ ਤੂੰ ਜਦੋਂ ਮੈਂ ਤੈਨੂੰ ਸਾਜਿਆ ਸੀ।
ਪਰ ਫ਼ੇਰ ਤੂੰ ਬਣ ਗਿਆ ਬਦ।
16 ਵਪਾਰ ਤੇਰੇ ਨੇ ਲਿਆਂਦੀਆਂ ਬਹੁਤ ਦੌਲਤਾਂ ਤੇਰੇ ਲਈ।
ਪਰ ਰੱਖ ਦਿੱਤਾ ਸੀ ਜ਼ੁਲਮ ਵੀ ਉਨ੍ਹਾਂ ਤੇਰੇ ਅੰਦਰ। ਅਤੇ ਪਾਪ ਕੀਤਾ ਤੂੰ।
ਇਸ ਲਈ ਵਰਤਾਉ ਕੀਤਾ ਮੈਂ ਤੇਰੇ ਨਾਲ ਜਿਵੇਂ ਤੂੰ ਹੋਵੇਂ ਕੋਈ ਅਪਵਿੱਤਰ ਚੀਜ਼।
ਸੁੱਟ ਦਿੱਤਾ ਸੀ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਤੋਂ ਬਾਹਰ।
ਤੂੰ ਖਾਸ ਕਰੂਬੀ ਫ਼ਰਿਸ਼ਤਿਆਂ ਵਿੱਚ ਇੱਕ ਸੀ-ਪੰਖ ਤੇਰੇ ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ!
ਪਰ ਮਜ਼ਬੂਰ ਕਰ ਦਿੱਤਾ ਤੈਨੂੰ ਮੈਂ ਉਨ੍ਹਾਂ ਹੀਰਿਆਂ ਨੂੰ ਛੱਡ ਦੇਣ ਲਈ ਚਮਕਦੇ ਸਨ ਜੋ ਅਗਨੀ ਵਾਂਗ।
17 ਗੁਮਾਨੀ ਬਣਾਇਆ ਤੈਨੂੰ ਤੇਰੀ ਖੂਬਸੂਰਤੀ ਨੇ।
ਤੇਰੀ ਸ਼ਾਨ ਨੇ ਬਰਬਾਦ ਕਰ ਦਿੱਤਾ ਤੇਰੀ ਸਿਆਣਪ ਨੂੰ।
ਇਸ ਲਈ ਸੁੱਟ ਦਿੱਤਾ ਤੈਨੂੰ ਮੈਂ ਹੇਠਾਂ ਧਰਤ ਉੱਤੇ।
ਅਤੇ ਹੁਣ ਹੋਰ ਰਾਜੇ ਤਕਦੇ ਨੇ ਤੇਰੇ ਵੱਲ।
18 ਕੀਤੀਆਂ ਤੂੰ ਬਹੁਤ ਖਰਾਬ ਗੱਲਾਂ।
ਤੂੰ ਸੀ ਬਹੁਤ ਧੋਖੇਬਾਜ਼ ਵਪਾਰੀ।
ਇਸ ਤਰ੍ਹਾਂ ਤੂੰ ਪਵਿੱਤਰ ਥਾਵਾਂ ਨੂੰ ਕਲੰਕਤ ਕਰ ਦਿੱਤਾ।
ਇਸ ਲਈ ਅੱਗ ਲਿਆਂਦੀ ਮੈਂ ਤੇਰੇ ਅੰਦਰੋਂ।
ਇਸਨੇ ਸਾੜ ਦਿੱਤਾ ਤੈਨੂੰ!
ਸੜਕੇ ਸੁਆਹ ਹੋ ਗਿਆ ਤੂੰ ਧਰਤ ਉੱਤੇ।
ਦੇਖ ਸੱਕਦਾ ਹੈ ਹੁਣ ਹਰ ਕੋਈ ਤੇਰੀ ਸ਼ਰਮਿੰਦਗੀ ਨੂੰ।
19 “‘ਹੋਰਨਾਂ ਕੌਮਾਂ ਦੇ ਸਾਰੇ ਲੋਕ ਭੈਭੀਤ ਹੋ
ਗਏ ਸਨ ਦੇਖਕੇ ਵਾਪਰਿਆ ਸੀ ਜੋ ਤੇਰੇ ਨਾਲ।
ਜੋ ਕੁਝ ਸੀ ਵਾਪਰਿਆ ਤੇਰੇ ਨਾਲ ਬਹੁਤ ਭੈਭੀਤ ਕਰੇਗਾ ਉਹ ਲੋਕਾਂ ਨੂੰ।
ਖਤਮ ਹੋ ਗਿਆ ਹੈਂ ਤੂੰ!’”
ਸੈਦਾ ਦੇ ਵਿਰੁੱਧ ਸੰਦੇਸ਼
20 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 21 “ਆਦਮੀ ਦੇ ਪੁੱਤਰ, ਸੈਦਾ ਵੱਲ ਦੇਖ ਅਤੇ ਉਸ ਥਾਂ ਦੇ ਖਿਲਾਫ਼ ਮੇਰੇ ਲਈ ਬੋਲ। 22 ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਮੈਂ ਹਾਂ ਤੇਰੇ ਵਿਰੁੱਧ, ਸੈਦਾ!
ਤੇਰੇ ਲੋਕ ਸਿੱਖ ਲੈਣਗੇ ਮੇਰਾ ਆਦਰ ਕਰਨਾ!
ਸਜ਼ਾ ਦੇਵਾਂਗਾ ਮੈਂ ਸੈਦਾ ਨੂੰ।
ਫ਼ੇਰ ਪਤਾ ਲੱਗੇਗਾ ਲੋਕਾਂ ਨੂੰ ਕਿ ਮੈਂ ਹਾਂ ਯਹੋਵਾਹ।
ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਪਵਿੱਤਰ ਹਾਂ,
ਅਤੇ ਵਿਹਾਰ ਕਰਨਗੇ ਉਹ ਮੇਰੇ ਨਾਲ ਓਹੋ ਜਿਹਾ।
23 ਭੇਜਾਂਗਾ ਮੈਂ ਬੀਮਾਰੀ ਅਤੇ ਮੌਤ ਸੈਦਾ ਵੱਲ
ਅਤੇ ਬਹੁਤ ਲੋਕ ਸ਼ਹਿਰ ਅੰਦਰ ਮਰ ਜਾਣਗੇ।
ਤਲਵਾਰ (ਦੁਸ਼ਮਣ ਸਿਪਾਹੀ) ਸ਼ਹਿਰੋ ਅੰਦਰ ਮਾਰ ਦੇਵੇਗੀ ਬਹੁਤ ਲੋਕਾਂ ਨੂੰ।
ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਹਾਂ ਯਹੋਵਾਹ।’”
ਕੌਮਾਂ ਇਸਰਾਏਲ ਉੱਤੇ ਹੱਸਣੋ ਹਟ ਜਾਣਗੀਆਂ
24 “‘ਇਸਰਾਏਲ ਦੇ ਆਲੇ-ਦੁਆਲੇ ਦੇ ਦੇਸ ਉਸ ਨੂੰ ਨਫ਼ਰਤ ਕਰਦੇ ਸਨ। ਪਰ ਉਨ੍ਹਾਂ ਦੇਸਾਂ ਨਾਲ ਮਾੜੀਆਂ ਘਟਨਾਵਾਂ ਵਾਪਰਨਗੀਆਂ। ਫ਼ੇਰ ਓਥੇ ਇਸਰਾਏਲ ਦੇ ਪਰਿਵਾਰ ਨੂੰ ਦੁੱਖ ਦੇਣ ਵਾਲੇ ਨਸ਼ਤਰ ਜਾਂ ਕੰਡਿਆਲੀਆਂ ਝਾੜੀਆਂ ਨਹੀਂ ਹੋਣਗੀਆਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪ੍ਰਭੂ ਯਹੋਵਾਹ ਹਾਂ।’”
25 ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਮੈਂ ਇਸਰਾਏਲ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਦਰਮਿਆਨ ਖਿੰਡਾ ਦਿੱਤਾ ਸੀ। ਪਰ ਮੈਂ ਇਸਰਾਏਲ ਦੇ ਪਰਿਵਾਰ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ। ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗੇਗਾ ਕਿ ਮੈਂ ਪਵਿੱਤਰ ਹਾਂ ਅਤੇ ਉਹ ਮੇਰੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਨਗੀਆਂ। ਓਸ ਸਮੇਂ, ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿਣਗੇ ਮੈਂ ਉਹ ਧਰਤੀ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ। 26 ਉਹ ਉਸ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਉਹ ਮਕਾਨ ਉਸਾਰਨਗੇ ਅਤੇ ਅੰਗੂਰਾਂ ਦੇ ਬਗੀਚੇ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਸੀ। ਫ਼ੇਰ ਇਸਰਾਏਲ ਦੇ ਲੋਕ ਸੁਰੱਖਿਅਤ ਰਹਿਣਗੇ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ, ਹਾਂ।”