ਪਰਮੇਸ਼ੁਰ ਦਾ ਇਸਰਾਏਲ ਨਾਲ ਇਕਰਾਰਨਾਮਾ
19
ਇਸਰਾਏਲ ਦੇ ਲੋਕ ਮਿਸਰ ਤੋਂ ਆਪਣੀ ਯਾਤਰਾ ਦੇ ਤੀਸਰੇ ਮਹੀਨੇ ਸੀਨਈ ਮਾਰੂਥਲ ਵਿੱਚ ਪਹੁੰਚੇ। ਉਨ੍ਹਾਂ ਨੇ ਰਫ਼ੀਦੀਮ ਤੋਂ ਸੀਨਈ ਮਾਰੂਥਲ ਦਾ ਸਫ਼ਰ ਕੀਤਾ ਸੀ। ਇਸਰਾਏਲ ਦੇ ਲੋਕਾਂ ਨੇ ਹੋਰੇਬ ਪਰਬਤ ਨੇੜੇ ਡੇਰਾ ਲਾਇਆ। ਤਾਂ ਮੂਸਾ ਪਰਮੇਸ਼ੁਰ ਨੂੰ ਮਿਲਣ ਲਈ ਪਰਬਤ ਉੱਤੇ ਚੜ੍ਹ ਗਿਆ ਅਤੇ ਪਰਮੇਸ਼ੁਰ ਨੇ ਉਸ ਨਾਲ ਗੱਲ ਕੀਤੀ ਤੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਯਾਕੂਬ ਦੇ ਪਰਿਵਾਰ ਨੂੰ, ਇਹ ਗੱਲਾਂ ਆਖ; ‘ਤੁਸੀਂ ਲੋਕਾਂ ਨੇ ਦੇਖਿਆ ਹੈ ਕਿ ਮੈਂ ਆਪਣੇ ਦੁਸ਼ਮਣਾਂ ਨਾਲ ਕੀ ਕਰ ਸੱਕਦਾ ਹਾਂ। ਤੁਸੀਂ ਦੇਖਿਆ ਕਿ ਮੈਂ ਮਿਸਰ ਦੇ ਲੋਕਾਂ ਨਾਲ ਕੀ ਕੀਤਾ। ਤੁਸੀਂ ਦੇਖਿਆ ਕਿ ਮੈਂ ਤੁਹਾਨੂੰ ਮਿਸਰ ਵਿੱਚ ਬਾਜ਼ ਦੀ ਤਰ੍ਹਾਂ ਚੁੱਕ ਕੇ ਇੱਥੇ ਆਪਣੇ ਕੋਲ ਲਿਆਇਆ। ਇਸ ਲਈ ਹੁਣ ਮੈਂ ਤੁਹਾਨੂੰ ਆਪਣੇ ਹੁਕਮ ਮੰਨਣ ਲਈ ਆਖਦਾ ਹਾਂ। ਮੇਰੇ ਇਕਰਾਰਨਾਮੇ ਦੀ ਪਾਲਣ ਕਰੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਮੇਰੇ ਆਪਣੇ ਖਾਸ ਬੰਦੇ ਹੋਵੋਂਗੇ। ਸਾਰੀ ਦੁਨੀਆਂ ਮੇਰੀ ਹੈ ਪਰ ਮੈਂ ਤੁਹਾਨੂੰ ਆਪਣੇ ਖਾਸ ਬੰਦਿਆਂ ਵਜੋਂ ਚੁਣ ਰਿਹਾ ਹਾਂ। ਤੁਸੀਂ ਇੱਕ ਖਾਸ ਕੌਮ ਹੋਵੋਂਗੇ-ਜਾਜਕਾਂ ਦੀ ਰਿਆਸਤ।’ ਮੂਸਾ, ਤੈਨੂੰ ਇਸਰਾਏਲ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਕੀ ਆਖਿਆ ਹੈ।”
ਤਾਂ ਮੂਸਾ ਪਰਬਤ ਤੋਂ ਹੇਠਾਂ ਉਤਰ ਆਇਆ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ। ਮੂਸਾ ਨੇ ਬਜ਼ੁਰਗਾਂ ਨੂੰ ਹਰ ਉਹ ਗੱਲ ਦੱਸੀ ਜਿਹੜੀ ਯਹੋਵਾਹ ਨੇ ਉਸ ਨੂੰ ਉਨ੍ਹਾਂ ਨੂੰ ਦੱਸਣ ਦਾ ਹੁਕਮ ਦਿੱਤਾ ਸੀ। ਸਾਰੇ ਲੋਕ ਇੱਕੋ ਵੇਲੇ ਬੋਲੇ ਅਤੇ ਆਖਿਆ, “ਅਸੀਂ ਹਰ ਉਹ ਗੱਲ ਮੰਨਾਂਗੇ ਜੋ ਯਹੋਵਾਹ ਆਖਦਾ ਹੈ।”
ਤਾਂ ਮੂਸਾ ਪਰਬਤ ਉੱਤੇ ਪਰਮੇਸ਼ੁਰ ਕੋਲ ਵਾਪਸ ਗਿਆ। ਮੂਸਾ ਨੇ ਪਰਮੇਸ਼ੁਰ ਨੂੰ ਦੱਸਿਆ ਕਿ ਲੋਕ ਉਸਦਾ ਹੁਕਮ ਮੰਨਣਗੇ। ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਸੰਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ। ਮੈਂ ਤੇਰੇ ਨਾਲ ਗੱਲ ਕਰਾਂਗਾ। ਸਾਰੇ ਲੋਕ ਮੈਨੂੰ ਤੇਰੇ ਨਾਲ ਗੱਲ ਕਰਿਦਆਂ ਸੁਣਨਗੇ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਲੋਕ ਹਮੇਸ਼ਾ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਨ ਜੋ ਤੂੰ ਉਨ੍ਹਾਂ ਨੂੰ ਆਖੇਂ।”
ਤਾਂ ਮੂਸਾ ਨੇ ਪਰਮੇਸ਼ੁਰ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਲੋਕਾਂ ਨੇ ਆਖੀਆਂ ਸਨ।
10 ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਜ ਅਤੇ ਕਲ ਨੂੰ ਤੈਨੂੰ ਮੇਰੇ ਨਾਲ ਖਾਸ ਸਭਾ ਵਾਸਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਲੋਕ ਆਪਣੇ ਕੱਪੜੇ ਧੋ ਲੈਣ। 11 ਅਤੇ ਤੀਸਰੇ ਦਿਨ ਮੇਰੇ ਲਈ ਤਿਆਰ ਰਹਿਣ। ਤੀਸਰੇ ਦਿਨ ਮੈਂ, ਯਹੋਵਾਹ ਸੀਨਈ ਪਰਬਤ ਉੱਤੇ ਆਵਾਂਗਾ। ਅਤੇ ਸਾਰੇ ਲੋਕ ਮੈਨੂੰ ਦੇਖਣਗੇ। 12-13 ਪਰਬਤ ਦੇ ਦੁਆਲੇ ਇੱਕ ਲਕੀਰ ਖਿੱਚ ਦੇਵੀਂ ਅਤੇ ਲੋਕਾਂ ਨੂੰ ਉਹ ਲਕੀਰ ਨਾ ਟੱਪਣ ਦੇਵੀਂ। ਕੋਈ ਵੀ ਬੰਦਾ ਜਿਹੜਾ ਪਰਬਤ ਨੂੰ ਛੂਹੇ, ਅਵੱਸ਼ ਹੀ ਮਾਰਿਆ ਜਾਵੇ। ਉਸ ਨੂੰ ਪੱਥਰਾਂ ਜਾਂ ਤੀਰਾਂ ਨਾਲ ਮਾਰ ਦਿੱਤਾ ਜਾਵੇ, ਕਿਸੇ ਵੀ ਹੱਥ ਨੂੰ ਉਸ ਨੂੰ ਨਹੀਂ ਛੂਹਣਾ ਚਾਹੀਦਾ। ਭਾਵੇਂ ਆਦਮੀ ਹੋਵੇ ਜਾਂ ਜਾਨਵਰ, ਉਸ ਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਲੋਕਾਂ ਨੂੰ ਤੁਰ੍ਹੀ ਤੋਂ ਇੱਕ ਵੱਡੀ ਅਵਾਜ਼ ਦਾ ਇੰਤਜ਼ਾਰ ਕਰਨਾ ਚਾਹੀਦਾ। ਸਿਰਫ਼ ਉਦੋਂ ਹੀ, ਉਹ ਪਰਬਤ ਉੱਤੇ ਜਾ ਸੱਕਦੇ ਹਨ।”
14 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਉਤਰਿਆ ਅਤੇ ਲੋਕਾਂ ਕੋਲ ਗਿਆ। ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਖਾਸ ਸਭਾ ਵਾਸਤੇ ਤਿਆਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋ ਲਏ।
15 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਤਿੰਨਾਂ ਦਿਨਾਂ ਅੰਦਰ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾਵੋ। ਉਸ ਸਮੇਂ ਤੱਕ ਆਦਮੀਆਂ ਨੂੰ ਔਰਤਾਂ ਨੂੰ ਨਹੀਂ ਛੂਹਣਾ ਚਾਹੀਦਾ।”
16 ਤੀਸਰੇ ਦਿਨ ਹੀ ਸਵੇਰ ਨੂੰ ਪਰਬਤ੍ਰ ਉੱਤੋਂ ਇੱਕ ਸੰਘਣਾ ਬੱਦਲ ਹੇਠਾਂ ਆਇਆ। ਓਥੇ ਗਰਜ ਅਤੇ ਚਮਕ ਹੋਈ ਅਤੇ ਭੇਡੂ ਦੇ ਸਿੰਗ ਦੀ ਤੁਰ੍ਹੀ ਦੀ ਬਹੁਤ ਉੱਚੀ ਅਵਾਜ਼ ਸੁਣਾਈ ਦਿੱਤੀ। ਡੇਰੇ ਦੇ ਸਾਰੇ ਲੋਕ ਡਰ ਗਏ। 17 ਤਾਂ ਮੂਸਾ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਬਤ ਦੇ ਨੇੜੇ ਪਰਮੇਸ਼ੁਰ ਨਾਲ ਮੁਲਾਕਾਤ ਲਈ ਲੈ ਆਇਆ। 18 ਸੀਨਈ ਪਰਬਤ ਧੂੰਏਂ ਨਾਲ ਭਰਿਆ ਹੋਇਆ ਸੀ। ਪਰਬਤ ਤੋਂ ਧੂੰਆਂ ਇਸ ਤਰ੍ਹਾਂ ਉੱਠ ਰਿਹਾ ਸੀ ਜਿਵੇਂ ਕਿਸੇ ਭਠੀ ਵਿੱਚੋਂ ਉੱਠਦਾ ਹੈ। ਅਜਿਹਾ ਇਸ ਲਈ ਹੋਇਆ ਕਿ ਯਹੋਵਾਹ ਪਰਬਤ ਉੱਤੇ ਅਗਨੀ ਵਿੱਚ ਆਇਆ। ਅਤੇ ਸਾਰਾ ਪਰਬਤ ਕੰਬਣ ਲੱਗਾ। 19 ਤੁਰ੍ਹੀ ਦੀ ਆਵਾਜ਼ ਹਰ ਵਾਰ ਉੱਚੀ ਤੋਂ ਉੱਚੀ ਹੁੰਦੀ ਗਈ। ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਗਰਜਦੀ ਆਵਾਜ਼ ਵਿੱਚ ਉਸ ਨੂੰ ਜਵਾਬ ਦਿੱਤਾ।
20 ਇਸ ਤਰ੍ਹਾਂ ਯਹੋਵਾਹ ਸੀਨਈ ਪਰਬਤ ਵੱਲ ਹੇਠਾਂ ਆਇਆ। ਯਹੋਵਾਹ ਅਕਾਸ਼ ਤੋਂ ਪਰਬਤ ਦੀ ਚੋਟੀ ਉੱਤੇ ਆਇਆ। ਫ਼ੇਰ ਯਹੋਵਾਹ ਨੇ ਮੂਸਾ ਨੂੰ ਆਪਣੇ ਕੋਲ ਪਰਬਤ ਦੀ ਚੋਟੀ ਤੇ ਬੁਲਾਇਆ। ਇਸ ਲਈ ਮੂਸਾ ਪਰਬਤ ਤੇ ਚੜ੍ਹ ਗਿਆ।
21 ਯਹੋਵਾਹ ਨੇ ਮੂਸਾ ਨੂੰ ਆਖਿਆ, “ਹੇਠਾ ਜਾ ਅਤੇ ਲੋਕਾਂ ਨੂੰ ਚਿਤਾਵਨੀ ਦੇ ਕਿ ਮੇਰੇ ਨੇੜੇ ਨਾ ਆਉਣ ਤੇ ਮੇਰੇ ਵੱਲ ਨਾ ਦੇਖਣ। ਜੇ ਉਹ ਅਜਿਹਾ ਕਰਨਗੇ ਤਾਂ ਬਹੁਤ ਸਾਰੇ ਲੋਕ ਮਰ ਜਾਣਗੇ। 22 ਜਾਜਕਾਂ ਨੂੰ ਵੀ ਦੱਸ ਕਿ ਉਹ ਆਪਣੇ-ਆਪ ਨੂੰ ਇਸ ਖਾਸ ਮੁਲਾਕਾਤ ਲਈ ਤਿਆਰ ਕਰਨ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।”
23 ਮੂਸਾ ਨੇ ਯਹੋਵਾਹ ਨੂੰ ਆਖਿਆ, “ਪਰ ਲੋਕ ਪਰਬਤ ਉੱਤੇ ਨਹੀਂ ਆ ਸੱਕਦੇ ਤੂੰ ਮੈਨੂੰ ਖੁਦ ਆਖਿਆ ਸੀ ਕਿ ਇੱਕ ਲਕੀਰ ਖਿੱਚ ਦਿਆਂ ਅਤੇ ਲੋਕਾਂ ਨੂੰ ਲਕੀਰ ਟੱਪਕੇ ਪਵਿੱਤਰ ਧਰਤੀ ਤੇ ਨਾ ਆਉਣ ਦਿਆਂ।”
24 ਯਹੋਵਾਹ ਨੇ ਉਸ ਨੂੰ ਆਖਿਆ, “ਹੇਠਾਂ ਲੋਕਾਂ ਕੋਲ ਜਾ ਹਾਰੂਨ ਨੂੰ ਲੈ ਤੇ ਆਪਣੇ ਨਾਲ ਲੈ ਕੇ ਮੇਰੇ ਕੋਲ ਵਾਪਸ ਆ। ਪਰ ਜਾਜਕਾਂ ਜਾਂ ਲੋਕਾਂ ਨੂੰ ਮੇਰੇ ਨੇੜੇ ਨਾ ਆਉਣ ਦੇਵੀਂ। ਜੇ ਉਹ ਮੇਰੇ ਬਹੁਤਾ ਨੇੜੇ ਆਉਣਗੇ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।”
25 ਇਸ ਲਈ ਮੂਸਾ ਹੇਠਾਂ ਲੋਕਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਇਹ ਗੱਲਾਂ ਦੱਸੀਆਂ।