ਅਬਰਾਹਾਮ ਦਾ ਪਰਿਵਾਰ
25
ਅਬਰਾਹਾਮ ਨੇ ਇੱਕ ਵਾਰੀ ਫ਼ੇਰ ਵਿਆਹ ਕੀਤਾ। ਉਸਦੀ ਨਵੀਂ ਪਤਨੀ ਦਾ ਨਾਮ ਕਟੂਰਾਹ ਸੀ। ਕਟੂਰਾਹ ਨੇ ਜ਼ਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸਬਾਕ ਅਤੇ ਸੂਅਹ ਨੂੰ ਜਨਮ ਦਿੱਤਾ। ਯਾਕਸਾਨ ਸਬਾ ਅਤੇ ਦਦਾਨ ਦਾ ਪਿਤਾ ਸੀ। ਅੱਸੂਰਿਮ, ਲਟੂਸਿਮ ਅਤੇ ਲਉੱਮਿਮ ਦੇ ਲੋਕ ਦਦਾਨ ਦੇ ਉੱਤਰਾਧਿਕਾਰੀ ਸਨ। ਮਿਦਯਾਨ ਦੇ ਪੁੱਤਰ ਸਨ ਏਫ਼ਾਹ, ਏਫ਼ਰ, ਹਨੋਕ, ਅਬੀਦਾ ਅਤੇ ਅਲਦਾਆ। ਇਹ ਸਾਰੇ ਪੁੱਤਰ ਅਬਰਾਹਾਮ ਅਤੇ ਕਟੂਰਾਹ ਦੇ ਵਿਆਹ ਵਿੱਚੋਂ ਪੈਦਾ ਹੋਏ ਸਨ। 5-6 ਅਬਰਾਹਾਮ ਦੇ ਮਰਨ ਤੋਂ ਪਹਿਲਾਂ ਉਸ ਨੇ ਕੁਝ ਸੁਗਾਤਾਂ ਆਪਣੀਆਂ ਦਾਸੀਆਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੂੰ ਪੂਰਬ ਵੱਲ ਭੇਜ ਦਿੱਤਾ। ਉਸ ਨੇ ਉਨ੍ਹਾਂ ਨੂੰ ਇਸਹਾਕ ਤੋਂ ਦੂਰ ਭੇਜ ਦਿੱਤਾ ਫ਼ੇਰ ਅਬਰਾਹਾਮ ਨੇ ਆਪਣੀ ਸਾਰੀ ਜ਼ਾਇਦਾਦ ਇਸਹਾਕ ਨੂੰ ਦੇ ਦਿੱਤੀ।
ਅਬਰਾਹਾਮ 175 ਵਰ੍ਹਿਆਂ ਤੱਕ ਜੀਵਿਆ। ਫ਼ੇਰ ਅਬਰਾਹਾਮ ਕਮਜ਼ੋਰ ਹੋ ਗਿਆ ਅਤੇ ਮਰ ਗਿਆ। ਉਸ ਨੇ ਲੰਬੀ ਅਤੇ ਸੰਤੁਸ਼ਟ ਜ਼ਿੰਦਗੀ ਭੋਗੀ ਸੀ। ਉਸਦਾ ਦੇਹਾਂਤ ਹੋ ਗਿਆ ਅਤੇ ਉਸ ਨੂੰ ਆਪਣੇ ਲੋਕਾਂ ਕੋਲ ਲਿਆਂਦਾ ਗਿਆ। ਉਸ ਦੇ ਪੁੱਤਰਾਂ, ਇਸਹਾਕ ਅਤੇ ਇਸਮਾਏਲ, ਨੇ ਉਸ ਨੂੰ ਮਕਫ਼ੇਲਾਹ ਦੀ ਗੁਫ਼ਾ ਵਿੱਚ ਦਫ਼ਨਾਇਆ। ਇਹ ਗੁਫ਼ਾ ਸ਼ੋਹਰ ਦੇ ਪੁੱਤਰ ਅਫ਼ਰੋਨ ਹਿੱਤੀ ਦੇ ਖੇਤ ਅੰਦਰ ਹੈ। ਇਹ ਮਮਰੇ ਦੇ ਨੇੜੇ ਹੈ। 10 ਇਹ ਉਹੀ ਖੇਤ ਹੈ ਜਿਸ ਨੂੰ ਅਬਰਾਹਾਮ ਨੇ ਹਿੱਤੀ ਲੋਕਾਂ ਪਾਸੋਂ ਖਰੀਦਿਆ ਸੀ। ਅਬਰਾਹਾਮ ਨੂੰ ਉੱਥੇ ਹੀ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ ਸੀ। 11 ਜਦੋਂ ਅਬਰਾਹਾਮ ਮਰਿਆ, ਤਾਂ ਅਪਰਮੇਸ਼ੁਰ ਨੇ ਇਸਹਾਕ ਨੂੰ ਅਸੀਸ ਦਿੱਤੀ ਅਤੇ ਇਸਹਾਕ ਬਏਰ ਲਹੀ ਰੋਈ ਵਿਖੇ ਰਹਿੰਦਾ ਰਿਹਾ।
12 ਇਸਮਾਏਲ ਦੇ ਪਰਿਵਾਰ ਦੀ ਸੁਚੀ ਇਹ ਹੈ। ਇਸਮਾਏਲ ਅਬਰਾਹਾਮ ਅਤੇ ਹਾਜਰਾ ਦਾ ਪੁੱਤਰ ਸੀ। ਹਾਜਰਾ ਸਾਰਾਹ ਦੀ ਮਿਸਰੀ ਦਾਸੀ ਸੀ। 13 ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਸਨ: ਪਹਿਲਾ ਪੁੱਤਰ ਨਬਾਯੋਤ ਸੀ, ਫ਼ੇਰ ਕੇਦਾਰ, ਅਦਬਏਲ, ਮਿਬਸਾਮ, 14 ਮਿਸਮਾ, ਦੂਮਾਹ, ਮਸ਼ਾ 15 ਹਦਦ, ਤੇਮਾ, ਯਟੂਰ, ਨਾਫ਼ੀਸ ਅਤੇ ਕੇਦਮਾਹ ਜਨਮੇ। 16 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਮ ਸਨ। ਹਰ ਪੁੱਤਰ ਦਾ ਆਪਣਾ ਡੇਰਾ ਸੀ ਜਿਹੜਾ ਕਿ ਛੋਟਾ ਕਸਬਾ ਬਣ ਗਿਆ। 12 ਪੁੱਤਰ 12 ਸ਼ਹਿਜ਼ਾਦਿਆਂ ਵਾਂਗ ਸਨ ਜਿਨ੍ਹਾਂ ਦੇ ਆਪੋ-ਆਪਣੇ ਲੋਕ ਸਨ। 17 ਇਸਮਾਏਲ 137 ਵਰ੍ਹੇ ਜੀਵਿਆ। ਫ਼ੇਰ ਉਸਦਾ ਦੇਹਾਂਤ ਹੋ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਰਲਿਆ। 18 ਇਸਮਾਏਲ ਦੇ ਉੱਤਰਾਧਿਕਾਰੀ ਹਵੀਲਾਹ ਤੋਂ ਸ਼ੂਰ ਤਾਈਂ ਫ਼ੈਲ ਗਏ, ਜੋ ਕਿ ਮਿਸਰ ਦੇ ਪੱਛਮ ਵੱਲ, ਅਸ਼ੂਰ ਨੂੰ ਜਾਂਦੇ ਰਾਹ ਤੇ ਹੈ। ਇਸਮਾਏਲ ਦੇ ਉੱਤਰਾਧਿਕਾਰੀ ਇੱਕ ਦੂਸਰੇ ਦੇ ਕੋਲ ਵਸ ਗਏ।
ਇਸਹਾਕ ਦਾ ਪਰਿਵਾਰ
19 ਇਹ ਇਸਹਾਕ ਦੀ ਕਹਾਣੀ ਹੈ। ਅਬਰਾਹਾਮ ਦਾ ਇਸਹਾਕ ਨਾਮ ਦਾ ਇੱਕ ਪੁੱਤਰ ਸੀ। 20 ਜਦੋਂ ਇਸਹਾਕ 40 ਵਰ੍ਹਿਆਂ ਦਾ ਹੋਇਆ ਤਾਂ ਉਸ ਨੇ ਰਿਬਕਾਹ ਨਾਲ ਵਿਆਹ ਕਰਵਾਇਆ। ਰਿਬਕਾਹ ਪਦਨ ਅਰਾਮ ਤੋਂ ਸੀ। ਉਹ ਬਥੂਏਲ ਦੀ ਧੀ ਸੀ ਅਤੇ ਲਾਬਾਨ ਅਰਾਮੀ ਦੀ ਭੈਣ ਸੀ। 21 ਇਸਹਾਕ ਦੀ ਪਤਨੀ ਬਾਂਝ ਸੀ। ਇਸ ਲਈ ਇਸਹਾਕ ਨੇ ਆਪਣੀ ਪਤਨੀ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਇਸਹਾਕ ਦੀ ਪ੍ਰਾਰਥਨਾ ਸੁਣ ਲਈ। ਅਤੇ ਯਹੋਵਾਹ ਦੀ ਰਜ਼ਾ ਨਾਲ ਰਿਬਕਾਹ ਗਰਭਵਤੀ ਹੋ ਗਈ।
22 ਜਦੋਂ ਰਿਬਕਾਹ ਗਰਭਵਤੀ ਸੀ, ਉਸਦੀ ਕੁੱਖ ਅੰਦਰਲੇ ਬੱਚਿਆਂ ਨੇ ਇੱਕ ਦੂਜੇ ਨਾਲ ਘੋਲ ਕੀਤਾ। ਰਿਬਕਾਹ ਯਹੋਵਾਹ ਨੂੰ ਪੁੱਛਣ ਲਈ ਗਈ, “ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ?” 23 ਯਹੋਵਾਹ ਨੇ ਉਸ ਨੂੰ ਆਖਿਆ,
“ਤੇਰੇ ਸ਼ਰੀਰ ਅੰਦਰ ਦੋ ਕੌਮਾਂ ਹਨ।
ਦੋ ਪਰਿਵਾਰਾਂ ਦੇ ਹਾਕਮ ਤੇਰੇ ਵਿੱਚੋਂ ਪੈਦਾ ਹੋਣਗੇ
ਅਤੇ ਉਹ ਵੱਖ ਕੀਤੇ ਜਾਣਗੇ।
ਇੱਕ ਪੁੱਤਰ ਦੂਜੇ ਨਾਲੋਂ ਤਕੜਾ ਹੋਵੇਗਾ।
ਵੱਡਾ ਪੁੱਤਰ ਛੋਟੇ ਦੀ ਖਿਦਮਤ ਕਰੇਗਾ।”
24 ਅਤੇ ਸਹੀ ਸਮੇਂ ਸਿਰ ਇਬਕਾਹ ਨੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ। 25 ਪਹਿਲਾ ਬੱਚਾ ਲਾਲ ਸੀ ਉਸਦੀ ਚਮੜੀ ਬੁਰਦਾਰ ਕੰਬਲੀ ਵਰਗੀ ਸੀ। ਇਸ ਲਈ ਉਸਦਾ ਨਾਮ ਏਸਾਓ ਰੱਖਿਆ ਗਿਆ। 26 ਜਦੋਂ ਦੂਸਰਾ ਬੱਚਾ ਜੰਮਿਆ ਤਾਂ ਉਸ ਨੇ ਏਸਾਓ ਦੀ ਅੱਡੀ ਨੂੰ ਘੁੱਟਕੇ ਫ਼ੜਿਆ ਹੋਇਆ ਸੀ। ਇਸ ਲਈ ਉਸ ਬੱਚੇ ਦਾ ਨਾਮ ਯਾਕੂਬ ਰੱਖਿਆ ਗਿਆ। ਉਦੋਂ ਇਸਹਾਕ 60 ਵਰ੍ਹਿਆ ਦਾ ਸੀ ਜਦੋਂ ਯਾਕੂਬ ਅਤੇ ਏਸਾਓ ਜੰਮੇ।
27 ਮੁਂਡੇ ਵੱਡੇ ਹੋਏ। ਏਸਾਓ ਨਿਪੁੰਨ ਸ਼ਿਕਾਰੀ ਬਣ ਗਿਆ। ਉਹ ਖੇਤਾਂ ਅੰਦਰ ਘੁੰਮਣਾ ਪਸੰਦ ਕਰਦਾ ਸੀ। ਪਰ ਯਾਕੂਬ ਇੱਕ ਚੁੱਪ-ਚਪੀਤਾ ਆਦਮੀ ਸੀ ਅਤੇ ਉਹ ਡੇਰੇ ਦੀ ਦੇਖਭਾਲ ਕਰਦਾ ਹੁੰਦਾ ਸੀ। 28 ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ। ਉਹ ਏਸਾਓ ਦੇ ਸ਼ਿਕਾਰ ਕੀਤੇ ਜਾਨਵਰਾਂ ਨੂੰ ਖਾਣਾ ਪਸੰਦ ਕਰਦਾ ਸੀ। ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ।
29 ਇੱਕ ਦਿਨ, ਏਸਾਓ ਸ਼ਿਕਾਰ ਤੋਂ ਵਾਪਸ ਆਇਆ। ਉਹ ਥੱਕਿਆ ਹੋਇਆ ਅਤੇ ਭੁੱਖਾ ਸੀ। ਯਾਕੂਬ ਫ਼ਲੀਆਂ ਰਿੰਨ੍ਹ ਰਿਹਾ ਸੀ। 30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ, “ਮੈਂ ਬਹੁਤ ਭੁੱਖਾ ਹਾਂ। ਮੈਨੂੰ ਉਨ੍ਹਾਂ ਲਾਲ ਫ਼ਲੀਆਂ ਵਿੱਚੋਂ ਥੋੜੀਆਂ ਜਿਹੀਆਂ ਦੇ।” (ਇਹੀ ਕਾਰਣ ਹੈ ਕਿ ਲੋਕ ਉਸ ਨੂੰ ਅਦੋਮ ਸੱਦਦੇ ਹਨ।)
31 ਪਰ ਯਾਕੂਬ ਨੇ ਆਖਿਆ, “ਤੈਨੂੰ ਅੱਜ ਪਲੋਠੇ ਹੋਣ ਦੇ ਸਾਰੇ ਹੱਕ ਮੈਨੂੰ ਦੇਣੇ ਪੈਣਗੇ।”
32 ਏਸਾਓ ਨੇ ਆਖਿਆ, “ਮੈਂ ਤਾਂ ਭੁੱਖ ਨਾਲ ਮਰ ਰਿਹਾ ਹਾਂ। ਜੇ ਮੈਂ ਮਰ ਗਿਆ, ਤਾਂ ਮੇਰੇ ਪਲੋਠੇ ਪੁੱਤਰ ਹੋਣ ਦਾ ਹੱਕ ਮੇਰੇ ਕਿਸ ਕੰਮ ਦਾ ਹੋਵੇਗਾ।”
33 ਪਰ ਯਾਕੂਬ ਨੇ ਆਖਿਆ, “ਪਹਿਲਾਂ ਇਕਰਾਰ ਕਰ ਕਿ ਤੂੰ ਇਹ ਮੈਨੂੰ ਦੇ ਦੇਵੇਂਗਾ।” ਇਸ ਲਈ ਏਸਾਓ ਨੇ ਯਾਕੂਬ ਨੂੰ ਵਚਨ ਦੇ ਦਿੱਤਾ। ਏਸਾਓ ਨੇ ਪਿਤਾ ਦੀ ਆਪਣੇ ਹਿੱਸੇ ਦੀ ਜ਼ਾਇਦਾਦ ਯਾਕੂਬ ਨੂੰ ਵੇਚ ਦਿੱਤੀ। 34 ਫ਼ੇਰ ਯਾਕੂਬ ਨੇ ਏਸਾਓ ਨੂੰ ਰੋਟੀ ਅਤੇ ਫ਼ਲਿਆਂ ਦੇ ਦਿੱਤੀਆਂ। ਏਸਾਓ ਨੇ ਖਾਧਾ-ਪੀਤਾ ਅਤੇ ਚੱਲਾ ਗਿਆ। ਇਸ ਤਰ੍ਹਾਂ ਏਸਾਓ ਨੇ ਦਰਸਾਇਆ ਕਿ ਉਸ ਨੂੰ ਆਪਣੇ ਪਲੋਠੇ ਪੁੱਤਰ ਹੋਣ ਦੇ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਸੀ।