ਪਾਪ ਦੀ ਸ਼ੁਰੂਆਤ
3
ਸੱਪ ਉਨ੍ਹਾਂ ਸਾਰਿਆਂ ਜੰਗਲੀ ਜਾਨਵਰਾਂ ਵਿੱਚੋਂ ਸਭ ਤੋਂ ਚਾਲਾਕ ਸੀ ਜੋ ਯਹੋਵਾਹ ਪਰਮੇਸ਼ੁਰ ਦੁਆਰਾ ਸਾਜੇ ਗਏ ਸਨ। ਸੱਪ ਨੇ ਔਰਤ ਨਾਲ ਗੱਲ ਕੀਤੀ ਤੇ ਆਖਿਆ, “ਹੇ ਔਰਤ, ਕੀ ਪਰਮੇਸ਼ੁਰ ਨੇ ਸੱਚਮੁੱਚ ਤੈਨੂੰ ਆਖਿਆ ਸੀ ਕਿ ਤੈਨੂੰ ਬਾਗ਼ ਵਿੱਚਲੇ ਕਿਸੇ ਵੀ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ?”
ਔਰਤ ਨੇ ਸੱਪ ਨੂੰ ਜਵਾਬ ਦਿੱਤਾ, “ਅਸੀਂ ਬਾਗ ਦੇ ਰੁੱਖਾਂ ਦੇ ਫ਼ਲ ਖਾ ਸੱਕਦੇ ਹਾਂ। ਪਰ ਇੱਕ ਰੁੱਖ ਹੈ ਜਿਸਦੇ ਫ਼ਲ ਸਾਨੂੰ ਨਹੀਂ ਖ਼ਾਣੇ ਚਾਹੀਦੇ। ਪਰਮੇਸ਼ੁਰ ਨੇ ਸਾਨੂੰ ਆਖਿਆ ਸੀ, ‘ਤੁਹਾਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਬਾਗ ਦੇ ਵਿੱਚਕਾਰ ਹੈ। ਤੁਹਾਨੂੰ ਉਸ ਰੁੱਖ ਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਮਾਰੇ ਜਾਓਂਗੇ।’”
ਪਰ ਸੱਪ ਨੇ ਔਰਤ ਨੂੰ ਆਖਿਆ, “ਤੁਸੀਂ ਮਰੋਂਗੇ ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਜੇ ਤੁਸੀਂ ਉਸ ਰੁੱਖ ਦਾ ਫ਼ਲ ਖਾ ਲਿਆ ਤੁਸੀਂ ਪਰਮੇਸ਼ੁਰ ਵਰਗੇ ਹੋ ਜਾਵੋਂਗੇ, ਕਿਉਂਕਿ ਤੁਸੀਂ ਜਾਣ ਜਾਵੋਂਗੇ ਕਿ ਕੀ ਚੰਗਾ ਹੈ ਤੇ ਕੀ ਬੁਰਾ।”
ਔਰਤ ਨੇ ਦੇਖਿਆ ਕਿ ਰੁੱਖ ਬੜਾ ਸੋਹਣਾ ਸੀ। ਉਸ ਨੇ ਦੇਖਿਆ ਕਿ ਫ਼ਲ ਖਾਣ ਲਈ ਚੰਗਾ ਸੀ ਅਤੇ ਇਹ ਕਿ ਰੁੱਖ ਉਸ ਨੂੰ ਸਿਆਣੀ ਬਣਾ ਸੱਕਦਾ ਸੀ। ਇਸ ਲਈ ਔਰਤ ਨੇ ਰੁੱਖ ਤੋਂ ਫ਼ਲ ਤੋੜਿਆ ਅਤੇ ਖਾ ਲਿਆ। ਉਸਦਾ ਪਤੀ ਵੀ ਉਸ ਦੇ ਨਾਲ ਸੀ, ਇਸ ਲਈ ਉਸ ਨੇ ਫ਼ਲ ਵਿੱਚੋਂ ਕੁਝ ਹਿੱਸਾ ਉਸ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ।
ਫ਼ੇਰ ਦੋਵੇਂ ਆਦਮੀ ਅਤੇ ਔਰਤ ਚੀਜ਼ਾਂ ਨੂੰ ਹੋਰ ਤਰ੍ਹਾਂ ਵੇਖ ਸੱਕਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਨੰਗੇ ਸਨ। ਇਸ ਲਈ ਉਨ੍ਹਾਂ ਨੇ ਅੰਜੀਰ ਦੇ ਕੁਝ ਪੱਤੇ ਲੈ ਕੇ ਉਨ੍ਹਾਂ ਨੂੰ ਸਿਉਂ ਲਿਆ ਅਤੇ ਉਨ੍ਹਾਂ ਨੂੰ ਕੱਪੜਿਆਂ ਵਾਂਗੂ ਪਹਿਨ ਲਿਆ।
ਦਿਨ ਦੇ ਸੁਹਾਵਨੇ ਸਮੇਂ, ਯਹੋਵਾਹ ਪਰਮੇਸ਼ੁਰ ਬਾਗ ਵਿੱਚ ਸੈਰ ਕਰ ਰਿਹਾ ਸੀ। ਆਦਮ ਅਤੇ ਔਰਤ ਨੇ ਉਸਦੀ ਆਹਟ ਸੁਣੀ, ਅਤੇ ਬਾਗ ਦੇ ਰੁੱਖਾਂ ਵਿੱਚ ਛੁੱਪ ਗਏ। ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਆਵਾਜ਼ ਦਿੱਤੀ, “ਕਿੱਥੇ ਹੈਂ ਤੂੰ?”
10 ਆਦਮ ਨੇ ਆਖਿਆ, “ਮੈਂ ਤੁਹਾਡੀ ਬਾਗ਼ ਵਿੱਚ ਤੁਰਨ ਫ਼ਿਰਨ ਦੀ ਆਹਟ ਸੁਣਕੇ ਮੈਂ ਡਰ ਗਿਆ ਸੀ। ਮੈਂ ਨੰਗਾ ਸੀ ਇਸ ਲਈ ਮੈਂ ਛੁਪ ਗਿਆ।”
11 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੂੰ ਉਸ ਖਾਸ ਰੁੱਖ ਦਾ ਫ਼ਲ ਖਾਧਾ? ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਤੂੰ ਉਸ ਰੁੱਖ ਦਾ ਫ਼ਲ ਨਾ ਖਾਵੀਂ!”
12 ਆਦਮੀ ਨੇ ਆਖਿਆ, “ਜਿਹੜੀ ਔਰਤ ਤੂੰ ਮੇਰੇ ਲਈ ਸਾਜੀ ਸੀ ਉਸ ਨੇ ਮੈਨੂੰ ਉਸ ਰੁੱਖ ਦਾ ਫ਼ਲ ਦਿੱਤਾ ਸੀ। ਇਸ ਲਈ ਮੈਂ ਖਾ ਲਿਆ।”
13 ਤਾਂ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ, “ਤੂੰ ਕੀ ਕਰ ਬੈਠੀ ਹੈਂ?”
ਔਰਤ ਨੇ ਆਖਿਆ, “ਸੱਪ ਨੇ ਮੈਨੂੰ ਗੁਮਰਾਹ ਕਰ ਦਿੱਤਾ ਸੀ, ਇਸ ਲਈ ਮੈਂ ਫ਼ਲ ਖਾ ਲਿਆ।”
14 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ,
“ਤੂੰ ਇਹ ਬਹੁਤ ਮੰਦੀ ਗੱਲ ਕੀਤੀ,
ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ।
ਤੇਰੇ ਨਾਲ ਹੋਰ ਕਿਸੇ ਵੀ
ਜਾਨਵਰ ਨਾਲੋਂ ਮੰਦਾ ਹੋਵੇਗਾ।
ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾ
ਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ।
15 ਮੈਂ ਤੈਨੂੰ ਅਤੇ ਔਰਤ ਨੂੰ ਇੱਕ
ਦੂਜੇ ਦੇ ਦੁਸ਼ਮਣ ਬਣਾ ਦਿਆਂਗਾ।
ਤੇਰੇ ਬੱਚੇ ਅਤੇ ਉਸ ਦੇ ਬੱਚੇ ਇੱਕ
ਦੂਜੇ ਦੇ ਦੁਸ਼ਮਣ ਹੋਣਗੇ।
ਉਸਦਾ ਪੁੱਤਰ ਤੇਰਾ ਸਿਰ ਕੁਚਲੇਗਾ,
ਅਤੇ ਤੂੰ ਉਸ ਦੇ ਪੈਰ ਨੂੰ ਡਸੇਂਗਾ।”
16 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਆਖਿਆ,
“ਮੈਂ ਤੈਨੂੰ ਬਹੁਤ ਦੁੱਖ ਦੇਵਾਂਗਾ
ਜਦੋਂ ਤੂੰ ਗਰਭਵਤੀ ਹੋਵੇਂਗੀ,
ਅਤੇ ਜਦੋਂ ਤੂੰ ਬੱਚੇ ਜਣੇਂਗੀ,
ਤੈਨੂੰ ਬਹੁਤ ਦਰਦ ਹੋਵੇਗਾ।
ਤੂੰ ਆਪਣੇ ਪਤੀ ਨੂੰ ਬਹੁਤ ਚਾਹੇਂਗੀ
ਪਰ ਉਹ ਤੇਰੇ ਉੱਤੇ ਰਾਜ ਕਰੇਗਾ।”
17 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ,
“ਮੈਂ ਤੈਨੂੰ ਆਦੇਸ਼ ਦਿੱਤਾ ਸੀ, ਕਿ ਓਸ ਰੁੱਖ ਦਾ ਫ਼ਲ ਨਾ ਖਾਵੀਂ।
ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣਕੇ ਓਸ ਰੁੱਖ ਦਾ ਫ਼ਲ ਖਾ ਲਿਆ।
ਇਸ ਲਈ ਤੇਰੀ ਖਾਤਰ ਮੈਂ ਧਰਤੀ ਨੂੰ ਸਰਾਪ ਦੇਵਾਂਗਾ।
ਤੈਂਨੂੰ ਧਰਤੀ ਤੋਂ ਭੋਜਨ ਲੈਣ ਲਈ ਜੀਵਨ ਭਰ ਸਖ਼ਤ ਮਿਹਨਤ ਕਰਨੀ ਪਵੇਗੀ।
18 ਧਰਤੀ ਤੇਰੇ ਲਈ ਖਰ ਪਤਵਾਰ ਤੇ ਕੰਡੇ ਉਗਾਵੇਗੀ।
ਅਤੇ ਤੈਨੂੰ ਜੰਗਲੀ ਪੌਦੇ ਖਾਣੇ ਪੈਣਗੇ ਜਿਹੜੇ ਖੇਤਾਂ ਅੰਦਰ ਉੱਗਦੇ ਹਨ।*
19 ਤੈਨੂੰ ਆਪਣੇ ਭੋਜਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ
ਜਦੋਂ ਤੀਕ ਕਿ ਤੇਰਾ ਚਿਹਰਾ ਮੁੜਕੇ ਨਾਲ ਭਿੱਜ ਨਹੀਂ ਜਾਂਦਾ।
ਤੈਨੂੰ ਮਰਨ ਤੀਕ ਸਖ਼ਤ ਮਿਹਨਤ ਕਰਨੀ ਪਵੇਗੀ।
ਫ਼ੇਰ ਤੂੰ ਖਾਕ ਹੋ ਜਾਵੇਂਗਾ।
ਮੈਂ ਤੈਨੂੰ ਖਾਕ ਨਾਲ ਸਾਜਿਆ ਸੀ
ਅਤੇ ਮਰਕੇ ਫ਼ਿਰ ਤੋਂ ਤੂੰ ਖਾਕ ਹੋ ਜਾਵੇਗਾ।”
20 ਆਦਮ ਨੇ ਆਪਣੀ ਪਤਨੀ ਨੂੰ ਹੱਵਾਹ ਦਾ ਨਾਮ ਦਿੱਤਾ। ਆਦਮ ਨੇ ਇਹ ਨਾਮ ਉਸ ਨੂੰ ਇਸ ਲਈ ਦਿੱਤਾ ਕਿਉਂ ਕਿ ਹੱਵਾਹ ਹਰ ਓਸ ਬੰਦੇ ਦੀ ਮਾਂ ਹੈ ਜਿਹੜਾ ਕਦੇ ਜੀਵਿਆ ਸੀ।
21 ਯਹੋਵਾਹ ਪਰਮੇਸ਼ੁਰ ਨੇ ਜਾਨਵਰਾਂ ਦੀਆਂ ਖੱਲਾਂ ਲਈਆਂ ਅਤੇ ਆਦਮੀ ਤੇ ਉਸਦੀ ਪਤਨੀ ਲਈ ਕੱਪੜੇ ਬਣਾਏ। ਫ਼ੇਰ ਉਹ ਕੱਪੜੇ ਉਸ ਨੇ ਉਨ੍ਹਾਂ ਉੱਪਰ ਪਾ ਦਿੱਤੇ।
22 ਯਹੋਵਾਹ ਪਰਮੇਸ਼ੁਰ ਨੇ ਆਖਿਆ, “ਦੇਖੋ, ਆਦਮੀ ਸਾਡੇ ਵਾਂਗ ਬਣ ਗਿਆ ਹੈ-ਅਤੇ ਉਹ ਜਾਣਦਾ ਹੈ ਕੀ ਚੰਗਾ ਹੈ ਅਤੇ ਕੀ ਮਾੜਾ ਅਤੇ ਹੁਣ ਸੰਭਵ ਹੈ ਕਿ ਆਦਮ ਜੀਵਨ ਬਿਰੱਖ ਦਾ ਫ਼ਲ ਖਾ ਲਵੇ। ਜੇ ਆਦਮੀ ਨੇ ਉਸ ਰੁੱਖ ਦਾ ਫ਼ਲ ਖਾ ਲਿਆ ਤਾਂ ਉਹ ਸਦਾ ਲਈ ਜਿਉਂਦਾ ਰਹੇਗਾ।”
23 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। ਆਦਮ ਨੂੰ ਉਸ ਧਰਤੀ ਨੂੰ ਵਾਹੁਣ ਲਈ ਮਜਬੂਰ ਕਰ ਦਿੱਤਾ ਗਿਆ ਜਿਸ ਵਿੱਚੋਂ ਉਹ ਸਾਜਿਆ ਗਿਆ ਸੀ। 24 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਬਾਗ਼ ਵਿੱਚੋਂ ਕੱਢ ਦਿੱਤਾ। ਫ਼ੇਰ ਯਹੋਵਾਹ ਨੇ ਬਾਗ਼ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਕਰੂਬੀ ਦੂਤਾਂ ਨੂੰ ਤੈਨਾਤ ਕਰ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਉੱਥੇ ਅਗਨੀ ਦੀ ਤਲਵਾਰ ਰੱਖ ਦਿੱਤੀ। ਇਹ ਤਲਵਾਰ ਜੀਵਨ ਬਿਰੱਖ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਹਰ ਪਾਸੇ ਲਿਸ਼ਕਦੀ ਸੀ।
* 3:18 ਧਰਤੀ … ਅੰਦਰ ਉੱਗਦੇ ਹਨ ਉਤਪਤ 1:18-29.