ਥੱਸਲੁਨੀਕੀਆਂ ਨੂੰ ਪਹਿਲੀ ਪੱਤ੍ਰੀ
1
ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਸ਼ੁਭਕਾਮਾਨਾਵਾਂ। ਉਹ ਕਲੀਸਿਯਾ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਨਮਿੱਤ ਹੈ।
ਪਰਮੇਸ਼ੁਰ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦੇਵੇ।
ਥੱਸਲੁਨੀਕੀਆਂ ਦਾ ਜੀਵਨ ਅਤੇ ਵਿਸ਼ਵਾਸ
ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਾਂ ਅਤੇ ਤੁਹਾਡੇ ਸਾਰਿਆਂ ਲਈ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ, ਜਦੋਂ ਅਸੀਂ ਪਰਮੇਸ਼ੁਰ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰਦੇ ਹਾਂ। ਅਸੀਂ ਹਮੇਸ਼ਾ ਉਨ੍ਹਾਂ ਗੱਲਾਂ ਲਈ ਜਿਹੜੀਆਂ ਤੁਸੀਂ ਆਪਣੇ ਵਿਸ਼ਵਾਸ ਰਾਹੀਂ ਕੀਤੀਆਂ ਹਨ, ਧੰਨਵਾਦ ਕਰਦੇ ਹਾਂ। ਅਤੇ ਉਸ ਕੰਮ ਲਈ ਜਿਹੜਾ ਤੁਸੀਂ ਆਪਣੇ ਪਿਆਰ ਸਦਕਾ ਕੀਤਾ ਹੈ ਧੰਨਵਾਦ ਕਰਦੇ ਹਾਂ। ਅਸੀਂ ਉਸਦਾ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਆਪਣੀ ਆਸ ਲਈ ਮਜਬੂਤ ਹੋ।
ਭਰਾਵੋ ਅਤੇ ਭੈਣੋ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਉਸ ਨੇ ਤੁਹਾਨੂੰ ਆਪਣੇ ਲੋਕ ਬਨਾਉਣ ਲਈ ਚੁਣਿਆ ਹੈ। ਅਸੀਂ ਤੁਹਾਡੇ ਲਈ ਖੁਸ਼ਖਬਰੀ ਲਿਆਂਦੀ। ਪਰ ਅਸੀਂ ਸਿਰਫ਼ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਅਸੀਂ ਉਸ ਖੁਸ਼ਖਬਰੀ ਨੂੰ ਸ਼ਕਤੀ ਨਾਲ ਲਿਆਂਦਾ ਅਸੀਂ ਇਸ ਨੂੰ ਪਵਿੱਤਰ ਆਤਮਾ ਦੇ ਨਾਲ ਲਿਆਂਦਾ ਅਤੇ ਵੱਧ ਨਿਸ਼ਚਿਤਤਾ ਨਾਲ ਕਿ ਇਹ ਸੱਚ ਸੀ। ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਅਸੀਂ ਤੁਹਾਡੇ ਨਾਲ ਸਾਂ ਅਸੀਂ ਕਿਵੇਂ ਰਹਿੰਦੇ ਸਾਂ। ਅਸੀਂ ਉਸ ਤਰ੍ਹਾਂ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਜਿਉਂ ਰਹੇ ਸਾਂ। ਇਸ ਲਈ ਤੁਸੀਂ ਸਾਡੇ ਅਤੇ ਪ੍ਰਭੂ ਵਰਗੇ ਬਣ ਗਏ। ਤੁਸੀਂ ਬਹੁਤ ਮੁਸ਼ਕਿਲਾਂ ਰਾਹੀਂ ਗੁਜਰੇ ਪਰ ਫ਼ੇਰ ਵੀ ਤੁਸੀਂ ਉਪਦੇਸ਼ ਨੂੰ ਖੁਸ਼ੀ ਨਾਲ ਪ੍ਰਵਾਨ ਕੀਤਾ ਇਹ ਖੁਸ਼ੀ ਤੁਹਾਨੂੰ ਪਵਿੱਤਰ ਆਤਮਾ ਨੇ ਦਿੱਤੀ।
ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਮੂਹ ਸ਼ਰਧਾਲੂਆਂ ਲਈ ਇੱਕ ਮਿਸਾਲ ਬਣ ਗਏ। ਤੁਹਾਡੇ ਰਾਹੀਂ ਪ੍ਰਭੂ ਦੇ ਉਪਦੇਸ਼ ਮਕਦੂਨਿਯਾ ਅਤੇ ਅਖਾਯਾ ਵਿੱਚ ਫ਼ੈਲ ਗਏ। ਅਤੇ ਤੁਹਾਡਾ ਪਰੇਸ਼ੁਰ ਵਿੱਚ ਵਿਸ਼ਵਾਸ ਵੀ ਹਰ ਥਾਂ ਮਸ਼ਹੂਰ ਹੋ ਗਿਆ। ਇਸ ਲਈ ਸਾਨੂੰ ਵਿਸ਼ਵਾਸ ਬਾਰੇ ਕੁਝ ਕਹਿਣ ਦੀ ਜ਼ਰੂਰਤ ਨਹੀਂ। ਹਰ ਥਾਂ ਲੋਕੀ ਉਸ ਚੰਗੇ ਢੰਗ ਬਾਰੇ ਗੱਲਾਂ ਕਰਦੇ ਹਨ ਜਿਸ ਨਾਲ ਤੁਸੀਂ ਸਾਡਾ ਸੁਆਗਤ ਕੀਤਾ ਸੀ ਜਦੋਂ ਅਸੀਂ ਤੁਹਾਡੇ ਕੋਲ ਆਏ ਸੀ। ਉਹ ਲੋਕ ਦੱਸਦੇ ਹਨ ਕਿ ਕਿਵੇਂ ਤੁਸੀਂ ਮੂਰਤੀਆਂ ਦੀ ਪੂਜਾ ਛੱਡ ਦਿੱਤੀ ਅਤੇ ਜਿਉਂਦੇ ਅਤੇ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਬਦਲ ਗਏ। 10 ਤੁਸੀਂ ਮੂਰਤੀਆਂ ਦੀ ਪੂਜਾ ਛੱਡ ਕੇ ਪਰਮੇਸ਼ੁਰ ਦੇ ਪੁੱਤਰ ਦੀ ਸਵਰਗ ਵਿੱਚੋਂ ਆਮਦ ਨੂੰ ਉਡੀਕਣ ਲੱਗੇ। ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਨੂੰ ਮੁਰਦੇ ਤੋਂ ਜਿਵਾਲਿਆ। ਯਿਸੂ ਹੀ ਹੈ ਜੋ ਸਾਨੂੰ ਪਰਮੇਸ਼ੁਰ ਦੇ ਗੁੱਸੇ ਤੋਂ ਬਚਾਵੇਗਾ ਜੋ ਕਿ ਆ ਰਿਹਾ ਹੈ।