ਯਹੋਵਾਹ ਇਸਰਾਏਲ ਦੇ ਵਿਰੁੱਧ
12
ਅਫ਼ਰਾਈਮ ਆਪਣਾ ਵਕਤ ਜਾਇਆ ਕਰ ਰਿਹਾ ਹੈ ਅਤੇ ਇਸਰਾਏਲ ਸਾਰਾ ਦਿਨ “ਹਵਾ ਦੇ ਪਿੱਛੇ ਦੌੜਦਾ ਹੈ।” ਲੋਕੀ ਬਹੁਤ ਸਾਰੇ ਅਪਰਾਧ ਕਰਦੇ ਹਨ ਅਤੇ ਅਨੇਕਾਂ ਝੂਠ ਬੋਲਦੇ ਹਨ। ਉਨ੍ਹਾਂ ਨੇ ਅਸ਼ੂਰ ਨਾਲ ਇਕਰਾਰਨਾਮੇ ਕੀਤੇ ਹੋਏ ਹਨ ਅਤੇ ਉਹ ਆਪਣੇ ਜੈਤੂਨ ਦੇ ਤੇਲ ਨੂੰ ਮਿਸਰ ਵੱਲ ਲੈ ਜਾ ਰਹੇ ਹਨ।
“ਯਹੋਵਾਹ ਦੀ ਦਲੀਲ ਇਸਰਾਏਲ ਦੇ ਖਿਲਾਫ਼ ਹੈ। ਯਾਕੂਬ ਆਪਣੀਆਂ ਕਰਨੀਆਂ ਕਾਰਣ ਸਜ਼ਾ ਪਾਵੇਗਾ। ਉਸ ਨੂੰ ਉਸ ਦੀਆਂ ਦੁਸ਼ਟ ਕਰਨੀਆਂ ਅਨੁਸਾਰ ਮੁੱਲ ਜ਼ਰੂਰ ਦਿੱਤਾ ਜਾਣਾ ਚਾਹੀਦਾ। ਯਾਕੂਬ ਨੇ ਆਪਣੀ ਮਾਂ ਦੇ ਗਰਭ ਵਿੱਚੋਂ ਹੀ ਆਪਣੇ ਭਰਾ ਨਾਲ ਚਾਲਾਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਯਾਕੂਬ ਇੱਕ ਬਹਾਦਰ ਨੌਜੁਆਨ ਸੀ ਅਤੇ ਉਸ ਵਕਤ ਉਹ ਪਰਮੇਸ਼ੁਰ ਨਾਲ ਲੜਿਆ। ਯਾਕੂਬ ਪਰਮੇਸ਼ੁਰ ਦੇ ਦੂਤ ਨਾਲ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਉਸ ਨੇ ਰੋ ਕੇ ਇੱਕ ਉਪਕਾਰ ਲਈ ਮੰਗ ਕੀਤੀ। ਇਹ ਬੈਤਅਲ ਵਿਖੇ ਵਾਪਰਿਆ, ਅਤੇ ਉੱਥੇ ਉਸ ਨੇ ਸਾਡੇ ਨਾਲ ਗੱਲ ਕੀਤੀ। ਹਾਂ! ਯਾਹਵੇਹ ਫ਼ੌਜਾਂ ਦਾ ਪਰਮੇਸ਼ੁਰ ਹੈ। ਉਸ ਦਾ ਨਾਉਂ ਯਾਹਵੇਹ ਹੈ। ਤਾਂ ਆ ਆਪਣੇ ਪਰਮੇਸ਼ੁਰ ਵੱਲ ਪਰਤ ਨਿਆਂ ਅਤੇ ਦਯਾ ਨੂੰ ਬਣਾਈ ਰੱਖ ਅਤੇ ਹਮੇਸ਼ਾ ਆਪਣੇ ਪਰਮੇਸ਼ੁਰ ਤੇ ਨਿਰਭਰ ਕਰ।
“ਯਾਕੂਬ ਅਸਲੀ ਵਪਾਰੀ ਹੈ। ਉਹ ਆਪਣੇ ਮਿੱਤਰ ਨੂੰ ਵੀ ਧੋਖਾ ਦੇ ਦਿੰਦਾ। ਉਹ ਗ਼ਲਤ ਤੋਂਲ ਇਸਤੇਮਾਲ ਕਰਦਾ ਹੈ। ਅਫ਼ਰਾਈਮ ਨੇ ਕਿਹਾ, ‘ਮੈਂ ਅਮੀਰ ਹਾਂ। ਮੈਂ ਅਸਲੀ ਅਮੀਰੀ ਪਾਈ ਹੈ। ਕੋਈ ਵੀ ਵਿਅਕਤੀ ਮੇਰੀਆਂ ਕੀਤੀਆਂ ਸਾਰੀਆਂ ਗੱਲਾਂ ਵਿੱਚ ਕੁਝ ਵੀ ਅਜਿਹਾ ਨਹੀਂ ਲੱਭ ਸੱਕੇਗਾ ਜਿਸ ਨੂੰ ਪਾਪ ਕਿਹਾ ਜਾ ਸੱਕੇ।’
“ਪਰ ਮੈਂ, ਤੁਹਾਡੇ ਮਿਸਰ ਦੇਸ਼ ਵਿੱਚ ਰਹਿਣ ਦੇ ਸਮੇਂ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ, ਮੈਂ ਫ਼ਿਰ ਤੋਂ ਤੁਹਾਨੂੰ ਤੰਬੂਆਂ ਵਿੱਚ ਵਸਾਵਾਂਗਾ ਜਿਵੇਂ ਤੁਸੀਂ ਮੰਡਲੀ ਦੇ ਤੰਬੂ ਦੇ ਸਮੇਂ ਦੌਰਾਨ ਤੰਬੂਆਂ ਵਿੱਚ ਰਹਿੰਦੇ ਸੀ। 10 ਮੈਂ ਨਬੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਅਨੇਕਾਂ ਦਰਸ਼ਨ ਦਿੱਤੇ ਹਨ। ਕਿੰਨੀ ਵਾਰੀ ਮੈਂ ਨਬੀਆਂ ਦੇ ਰਾਹੀਂ ਤੁਹਾਨੂੰ ਮੇਰੇ ਸਬਕ ਦਿੱਤੇ ਹਨ। 11 ਪਰ ਗਿਲਆਦ ਵਿੱਚ ਲੋਕ ਪਾਪ ਕਰਦੇ ਰਹੇ। ਉੱਥੇ ਉਨ੍ਹਾਂ ਨੇ ਇੰਨੇ ਬੁੱਤ ਸਬਾਪਿਤ ਕੀਤੇ। ਲੋਕਾਂ ਨੇ ਗਿਲਆਦ ਵਿੱਚ ਬਲਦਾਂ ਨੂੰ ਬਲੀਆਂ ਦਿੱਤੀਆਂ। ਉਨ੍ਹਾਂ ਕੋਲ ਕਿੰਨੀਆਂ ਜਗਵੇਦੀਆਂ ਹਨ। ਓਥੇ ਵਾਹੇ ਹੋਏ ਖੇਤਾਂ ਦੀ ਕਤਾਰਾਂ ਵਿੱਚ ਪਈ ਗੰਦਗੀ ਦੀ ਤਰ੍ਹਾਂ, ਜਗਵੇਦੀਆਂ ਦੀਆਂ ਅਨੇਕਾਂ ਕਤਾਰਾਂ ਹਨ।
12 “ਯਾਕੂਬ ਅਰਾਮ ਦੀ ਧਰਤੀ ਨੂੰ ਭੱਜ ਗਿਆ। ਉਸ ਬਾਵੇਂ, ਇਸਰਾਏਲ ਨੇ ਪਤਨੀ ਲਈ ਕੰਮ ਕੀਤਾ ਅਤੇ ਇੱਕ ਹੋਰ ਪਤਨੀ ਪਾਉਣ ਲਈ ਭੇਡਾਂ ਦੀ ਰਾਖੀ ਕੀਤੀ। 13 ਪਰ ਯਹੋਵਾਹ ਇੱਕ ਨਬੀ ਦੀ ਸਹਾਇਤਾ ਨਾਲ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਉਸ ਨਬੀ ਰਾਹੀਂ ਯਹੋਵਾਹ ਨੇ ਇਸਰਾਏਲ ਨੂੰ ਸੁਰੱਖਿਅਤ ਰੱਖਿਆ। 14 ਪਰ ਅਫ਼ਰਾਈਮ ਨੇ ਯਹੋਵਾਹ ਨੂੰ ਗੁੱਸੇ ਕਰ ਦਿੱਤਾ। ਕਿਉਂ ਕਿ ਉਸ ਨੇ ਅਨੇਕਾਂ ਲੋਕਾਂ ਦੀ ਹਤਿਆ ਕੀਤੀ। ਇਸ ਲਈ ਉਸ ਨੂੰ ਉਸ ਦੇ ਜੁਰਮ ਦੀ ਸਜ਼ਾ ਮਿਲੇਗੀ, ਅਤੇ ਉਸ ਦਾ ਮਾਲਕ (ਯਹੋਵਾਹ) ਉਸ ਨੂੰ ਉਸ ਦੀ ਸ਼ਰਮ ਸਹਾਰਨ ਦੇਵੇਗਾ।”