ਪਰਮੇਸ਼ੁਰ ਦਾ ਲਬਾਨੋਨ ਨੂੰ ਸੰਦੇਸ਼
23
ਸੂਰ ਦੇ ਬਾਰੇ ਉਦਾਸ ਸੰਦੇਸ਼:
ਤਰਸ਼ੀਸ਼ ਦੇ ਜਹਾਜ਼ੋ, ਉਦਾਸ ਹੋ ਜਾਵੋ!
ਤੁਹਾਡੀ ਬੰਦਰਗਾਹ ਤਬਾਹ ਹੋ ਚੁੱਕੀ ਹੈ।
ਇਨ੍ਹਾਂ ਜਹਾਜ਼ਾਂ ਉੱਤੇ ਸਵਾਰ ਲੋਕਾਂ ਨੂੰ ਇਹ ਸੂਚਨਾ ਉਦੋਂ ਦਿੱਤੀ ਗਈ ਜਦੋਂ
ਉਹ ਕਿਤ੍ਤਮ ਦੇ ਦੇਸ਼ ਵੱਲੋਂ ਆ ਰਹੇ ਸਨ।
ਤੁਸੀਂ ਸਮੁੰਦਰ ਦੇ ਨੇੜੇ ਰਹਿੰਦੇ ਲੋਕੋ ਚੁੱਪ ਰਹੋ।
ਸੂਰ “ਸੀਦੋਨ ਦਾ ਵਪਾਰੀ” ਸੀ।
ਸਮੁੰਦਰ ਕੰਢੇ ਵਸੇ ਉਸ ਸ਼ਹਿਰ ਨੇ ਵਪਾਰੀਆਂ ਨੂੰ ਸਮੁੰਦਰ ਪਾਰ ਭੇਜਿਆ,
ਅਤੇ ਉਨ੍ਹਾਂ ਲੋਕਾਂ ਨੇ ਤੈਨੂੰ ਦੌਲਤ ਨਾਲ ਮਾਲਾਮਾਲ ਕਰ ਦਿੱਤਾ।
ਉਹ ਲੋਕ ਸਮੁੰਦਰੀ ਯਾਤਰਾ ਕਰਦੇ ਸਨ ਅਤੇ ਲਾਭ ਤਕਦੇ ਸਨ।
ਸੂਰ ਦੇ ਉਨ੍ਹਾਂ ਲੋਕਾਂ ਨੇ ਉਹ ਅਨਾਜ ਲਿਆਂਦਾ ਜਿਹੜਾ ਨੀਲ ਨਦੀ ਦੇ ਨੇੜੇ ਉਗਦਾ ਹੈ,
ਅਤੇ ਉਨ੍ਹਾਂ ਨੇ ਹੋਰਾਂ ਕੌਮਾਂ ਨੂੰ ਅਨਾਜ ਵੇਚਿਆ।
ਸੀਦੋਨ, ਤੈਨੂੰ ਬਹੁਤ ਉਦਾਸ ਹੋ ਜਾਣਾ ਚਾਹੀਦਾ ਹੈ।
ਕਿਉਂ ਕਿ ਹੁਣ ਸਮੁੰਦਰ, ਅਤੇ ਸਮੁੰਦਰ ਦਾ ਕਿਲਾ ਆਖਦੇ ਹਨ:
ਮੇਰੇ ਕੋਈ ਬੱਚੇ ਨਹੀਂ।
ਮੈਂ ਜਨਮ ਪੀੜਾਂ ਅਨੁਭਵ ਨਹੀਂ ਕੀਤੀਆਂ।
ਮੈਂ ਬੱਚਿਆਂ ਨੂੰ ਜਨਮ ਨਹੀਂ ਦਿੱਤਾ।
ਮੈਂ ਜਵਾਨ ਮਰਦਾਂ ਅਤੇ ਔਰਤਾਂ ਦੀ ਪਰਵਰਿਸ਼ ਨਹੀਂ ਕੀਤੀ।
ਮਿਸਰ ਸੂਰ ਬਾਰੇ ਇਹ ਖਬਰ ਸੁਣੇਗਾ
ਅਤੇ ਉਦਾਸ਼ ਹੋ ਜਾਵੇਗਾ।
ਜਹਾਜ਼ੋ, ਤੁਸੀਂ ਤਰਸ਼ੀਸ਼ ਵੱਲ ਪਰਤ ਜਾਵੋ।
ਤੁਸੀਂ ਲੋਕ, ਜਿਹੜੇ ਸਮੁੰਦਰ ਦੇ ਕੰਢੇ ਰਹਿੰਦੇ ਹੋ ਤੁਹਾਨੂੰ ਉਦਾਸ ਹੋਣਾ ਚਾਹੀਦਾ ਹੈ।
ਅਤੀਤ ਵਿੱਚ, ਤੁਸੀਂ ਸੂਰ ਸ਼ਹਿਰ ਵਿੱਚ ਖੁਸ਼ੀ ਮਾਣੀ।
ਉਹ ਸ਼ਹਿਰ ਸ਼ਰੂ ਤੋਂ ਹੀ ਵੱਧਦਾ ਫ਼ੁੱਲਦਾ ਰਿਹਾ ਹੈ।
ਉਸ ਸ਼ਹਿਰ ਦੇ ਲੋਕਾਂ ਨੇ ਰਹਿਣ ਲਈ ਦੂਰ-ਦੂਰ ਦੀ ਯਾਤਰਾ ਕੀਤੀ ਹੈ,
ਸੂਰ ਦੇ ਸ਼ਹਿਰ ਨੇ ਬਹੁਤ ਆਗੂ ਪੈਦਾ ਕੀਤੇ ਨੇ।
ਵਪਾਰੀ ਓਸ ਸ਼ਹਿਰ ਦੇ ਨੇ ਸ਼ਹਿਜ਼ਾਦਿਆਂ ਵਰਗੇ।
ਉਹ ਲੋਕ ਜਿਹੜੇ ਚੀਜ਼ਾਂ ਦੀ ਖਰੀਦੋ ਫ਼ਰੋਖਤ ਕਰਦੇ ਨੇ ਹਰ ਥਾਂ ਸਤਕਾਰੇ ਜਾਂਦੇ ਨੇ।
ਕੌਣ ਅਜਿਹੇ ਸ਼ਹਿਰ ਦੇ ਖਿਲਾਫ਼ ਇਹ ਵਿਉਂਤ ਰਿਹਾ ਹੈ।?
ਇਹ ਸੀ ਸਰਬ ਸ਼ਕਤੀਮਾਨ ਯਹੋਵਾਹ।
ਨਿਆਂ ਕੀਤਾ ਓਸਨੇ ਸੀ ਉਨ੍ਹਾਂ ਨੂੰ ਗ਼ੈਰ-ਜ਼ਰੂਰੀ ਬਣਾਉਣ ਦਾ।
10 ਤਹਸ਼ੀਸ਼ ਦੇ ਜਹਾਜ਼ੋ, ਪਰਤ ਜਾਣਾ ਚਾਹੀਦਾ ਹੈ ਤੁਹਾਨੂੰ ਵਾਪਸ ਆਪਣੇ ਦੇਸ਼ ਨੂੰ।
ਪਾਰ ਕਰੋ ਸਮੁੰਦਰ ਨੂੰ, ਇਹ ਹੈ ਛੋਟੀ ਨਦੀ ਜਿਹਾ।
ਰੋਕ ਸੱਕੇਗਾ ਨਹੀਂ ਕੋਈ ਵੀ ਹੁਣ ਤੁਹਾਨੂੰ।
11 ਯਹੋਵਾਹ ਨੇ ਸਮੁੰਦਰ ਉੱਤੇ ਆਪਣਾ ਹੱਥ ਫ਼ੈਲਾ ਦਿੱਤਾ ਹੈ।
ਯਹੋਵਾਹ ਸੂਰ ਦੇ ਖਿਲਾਫ਼ ਲੜਨ ਲਈ ਰਿਆਸਤਾਂ ਇਕੱਠੀਆਂ ਕਰ ਰਿਹਾ ਹੈ।
ਆਦੇਸ਼ ਦਿੰਦਾ ਹੈ ਯਹੋਵਾਹ ਕਨਾਨ ਨੂੰ
ਤਬਾਹ ਕਰਨ ਲਈ (ਸੂਰ ਨੂੰ) ਉਸਦੀ ਸੁਰੱਖਿਅਤ ਥਾਂ ਨੂੰ।
12 ਯਹੋਵਾਹ ਆਖਦਾ ਹੈ, “ਸੀਦੋਨ ਦੀਏ ਕੁਆਰੀ ਧੀਏ, ਤਬਾਹ ਕਰ ਦਿੱਤੀ ਜਾਵੇਂਗੀ ਤੂੰ।
ਖੁਸ਼ੀ ਮਨਾਵੇਂਗੀ ਨਹੀਂ ਹੋਰ ਹੁਣ ਤੂੰ।”
ਪਰ ਸੂਰ ਦੇ ਲੋਕ ਆਖਦੇ ਹਨ, “ਕਿਤ੍ਤੀਮ ਸਾਡੀ ਸਹਾਇਤਾ ਕਰੇਗਾ!”
ਪਰ ਜੇ ਤੁਸੀਂ ਸਮੁੰਦਰ ਪਾਰ ਕਰਕੇ ਕਿੱਤੀਮ ਨੂੰ ਜਾਓਗੇ, ਤੁਹਾਨੂੰ ਆਰਾਮ ਕਰਨ ਲਈ ਕੋਈ ਟਿਕਾਣਾ ਨਹੀਂ ਮਿਲੇਗਾ।
13 ਇਸ ਲਈ ਆਖਦੇ ਨੇ ਸੂਰ ਦੇ ਲੋਕ, “ਬਾਬਲ ਦੇ ਲੋਕ ਕਰਨਗੇ ਸਾਡੀ ਸਹਾਇਤਾ!”
ਪਰ ਕਸਦੀਆਂ ਦੀ ਧਰਤੀ ਵੱਲ ਤੱਕੋ!
ਬਾਬਲ ਹੁਣ ਕੋਈ ਦੇਸ਼ ਨਹੀਂ।
ਅੱਸ਼ੂਰ ਨੇ ਬਾਬਲ ਉੱਤੇ ਹਮਲਾ ਕੀਤਾ ਹੈ ਅਤੇ ਇਸਦੇ ਆਲੇ-ਦੁਆਲੇ ਮੁਨਾਰੇ ਉਸਾਰੇ ਹਨ।
ਫ਼ੌਜੀਆਂ ਨੇ ਲੁੱਟ ਲਿਆ ਹੈ ਸਭ ਕੁਝ ਇਸਦੇ ਸੁਹਣੇ ਘਰਾਂ ਚੋਂ।
ਬਣਾ ਦਿੱਤਾ ਹੈ ਅੱਸ਼ੂਰ ਨੇ ਬਾਬਲ ਨੂੰ ਜੰਗਲੀ ਜਾਨਵਰਾਂ ਦਾ ਟਿਕਾਣਾ।
ਉਨ੍ਹਾਂ ਨੇ ਬਦਲ ਦਿੱਤਾ ਹੈ ਬਾਬਲ ਨੂੰ ਖੰਡਰਾਂ ਵਿੱਚ।
14 ਇਸ ਲਈ, ਉਦਾਸ ਹੋ ਜਾਵੋ, ਤਰਸ਼ੀਸ਼ ਦੇ ਜਹਾਜ਼ੋ।
ਤੁਹਾਡਾ ਸੁਰੱਖਿਅਤ ਟਿਕਾਣਾ (ਸੂਰ) ਹੋ ਜਾਵੇਗਾ ਤਬਾਹ।
15 ਲੋਕੀ ਤਕਰੀਬਨ 70 ਸਾਲਾਂ ਤੱਕ ਸੂਰ ਨੂੰ ਭੁੱਲ ਜਾਣਗੇ। (ਇਹ ਤਕਰੀਬਨ ਕਿਸੇ ਰਾਜੇ ਦੇ ਰਾਜ ਦਾ ਸਮਾਂ ਹੈ।) ਸੱਤਰ ਸਾਲਾਂ ਬਾਦ ਸੂਰ ਇਸ ਗੀਤ ਵਿੱਚਲੀ ਵੇਸਵਾ ਵਰਗਾ ਹੋਵੇਗਾ:
16 ਐ ਔਰਤ, ਜਿਸ ਨੂੰ ਭੁਲਾ ਦਿੱਤਾ ਹੈ ਆਦਮੀਆਂ ਨੇ,
ਫ਼ੜ ਲੈ ਆਪਣੇ ਇੱਕਤਾਰਾ ਤੇ ਗੁਜ਼ਰ ਜਾ ਸ਼ਹਿਰ ਵਿੱਚੋਂ।
ਚੰਗੀ ਤਰ੍ਹਾਂ ਵਜਾ ਆਪਣਾ ਇੱਕਤਾਰਾ।
ਗਾ ਆਪਣਾ ਗੀਤ ਬਾਰ-ਬਾਰ।
ਫ਼ੇਰ ਸ਼ਾਇਦ ਲੋਕ ਤੈਨੂੰ ਚੇਤੇ ਕਰ ਸੱਕਣ।
17 ਸੱਤਰ ਸਾਲਾਂ ਬਾਦ, ਯਹੋਵਾਹ ਸੂਰ ਬਾਰੇ ਫ਼ੇਰ ਵਿੱਚਾਰ ਕਰੇਗਾ, ਅਤੇ ਉਹ ਉਸ ਨੂੰ ਫ਼ੈਸਲਾ ਸੁਣਾਏਗਾ। ਸੂਰ ਫ਼ੇਰ ਵਪਾਰ ਕਰੇਗਾ। ਸੂਰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਵੇਸਵਾ ਵਾਂਗ ਹੋਵੇਗਾ। 18 ਪਰ ਸੂਰ ਉਸ ਦੌਲਤ ਨੂੰ ਨਹੀਂ ਰੱਖ ਸੱਕੇਗਾ ਜਿਸ ਨੂੰ ਉਹ ਕਮਾਵੇਗਾ। ਸੂਰ ਦੇ ਵਪਾਰ ਦਾ ਮੁਨਾਫ਼ਾ ਯਹੋਵਾਹ ਲਈ ਬਚਾਇਆ ਜਾਵੇਗਾ। ਸੂਰ ਉਹ ਮੁਨਾਫ਼ਾ ਉਨ੍ਹਾਂ ਨੂੰ ਦੇਵੇਗਾ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ। ਇਸ ਲਈ ਯਹੋਵਾਹ ਦੇ ਸੇਵਕ ਰੱਜ ਕੇ ਖਾਣਗੇ ਅਤੇ ਸੁੰਦਰ ਵਸਤਰ ਪਹਿਨਣਗੇ।