ਪਰਮੇਸ਼ੁਰ ਆਪਣੀ ਦੁਨੀਆਂ ਉੱਤੇ ਹਕੂਮਤ ਕਰਦਾ ਹੈ
48
ਯਹੋਵਾਹ ਆਖਦਾ ਹੈ, “ਯਾਕੂਬ ਦੇ ਪਰਿਵਾਰ ਵਾਲਿਓ, ਮੇਰੀ ਗੱਲ ਸੁਣੋ!
ਤੁਸੀਂ ਲੋਕ ਆਪਣੇ-ਆਪ ਨੂੰ ‘ਇਸਰਾਏਲ’ ਅਖਵਾਉਂਦੇ ਹੋ।
ਤੁਸੀਂ ਯਹੂਦਾਹ ਦੇ ਪਰਿਵਾਰ ਵਿੱਚ ਜਨਮ ਲਿਆ ਹੈ।
ਤੁਸੀਂ ਇਕਰਾਰ ਕਰਨ ਲਈ ਯਹੋਵਾਹ ਦਾ ਨਾਮ ਵਰਤਦੇ ਹੋ।
ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕਰਦੇ ਹੋ।
ਪਰ ਇਮਾਨਦਾਰ ਤੇ ਸੁਹਿਰਦ ਨਹੀਂ ਹੁੰਦੇ ਤੁਸੀਂ, ਜਦੋਂ ਤੁਸੀਂ ਇਹ ਗੱਲਾਂ ਕਰਦੇ ਹੋ।”
“ਹਾਂ, ਉਹ ਪਵਿੱਤਰ ਸ਼ਹਿਰ ਦੇ ਨਾਗਰਿਕ ਹਨ।
ਉਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਨੇ।
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
“ਮੈਂ ਉਨ੍ਹਾਂ ਗੱਲਾਂ ਬਾਰੇ ਤੁਹਾਨੂੰ ਬਹੁਤ ਪਹਿਲਾਂ ਦੱਸਿਆ ਸੀ ਜਿਹੜੀਆਂ ਵਾਪਰਨਗੀਆਂ।
ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ।
ਤੇ ਫ਼ੇਰ ਅਚਾਨਕ, ਮੈਂ ਉਨ੍ਹਾਂ ਨੂੰ ਵਾਪਰਨ ਦਿੱਤਾ।
ਮੈਂ ਇਹ ਇਸ ਲਈ ਕੀਤਾ ਕਿਉਂਕਿ ਮੈਂ ਜਾਣਦਾ ਸਾਂ ਕਿ ਤੁਸੀਂ ਬਹੁਤ ਜ਼ਿੱਦੀ ਹੋ।
ਲੋਹੇ ਵਾਂਗਰਾਂ, ਜਿਹੜਾ ਮੁੜ ਨਹੀਂ ਸੱਕਦਾ ਅਤੇ ਤਾਂਬੇ ਵਾਂਗਰਾਂ ਸਖਤ ਸੀ।
ਇਸ ਲਈ, ਬਹੁਤ ਸਮਾਂ ਪਹਿਲਾਂ ਦੱਸਿਆ ਸੀ ਮੈਂ ਤੁਹਾਨੂੰ ਕਿ ਵਾਪਰੇਗਾ ਕੀ।
ਮੈਂ ਤੁਹਾਨੂੰ ਉਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਹੁਤ ਪਹਿਲਾਂ ਹੀ ਉਨ੍ਹਾਂ ਬਾਰੇ ਦੱਸ ਦਿੱਤਾ ਸੀ ਤਾਂ
ਜੋ ਤੁਸੀਂ ਇਹ ਨਾ ਆਖ ਸੱਕੋਁ,
‘ਸਾਡੇ ਦੇਵਤਿਆਂ ਨੇ ਅਜਿਹਾ ਕੀਤਾ?
ਸਡੀਆਂ ਮੂਰਤੀਆਂ ਅਤੇ ਸਾਡੇ ਬੁੱਤਾਂ ਨੇ ਇਹ ਸਭ ਗੱਲਾਂ ਕੀਤੀਆਂ ਹਨ।’”
ਪਰਮੇਸ਼ੁਰ ਇਸਰਾਏਲ ਨੂੰ ਸ਼ੁੱਧ ਕਰਨ ਲਈ ਉਸ ਨੂੰ ਸਜ਼ਾ ਦਿੰਦਾ ਹੈ
“ਤੁਸੀਂ ਦੇਖਿਆ ਤੇ ਸੁਣਿਆ ਜੋ ਵੀ ਵਾਪਰਿਆ।
ਇਸ ਲਈ ਤੁਹਾਨੂੰ ਇਹ ਖਬਰ ਹੋਰਨਾਂ ਨੂੰ ਦੱਸਣੀ ਚਾਹੀਦੀ ਹੈ।
ਹੁਣ ਮੈਂ ਤੁਹਾਨੂੰ ਨਵੀਆਂ ਗੱਲਾਂ ਬਾਰੇ ਦੱਸਾਂਗਾ
ਉਹ ਗੱਲਾਂ, ਜਿਹੜੀਆਂ ਤੁਸੀਂ ਹਾਲੇ ਤੱਕ ਨਹੀਂ ਜਾਣਦੇ।
ਇਹ ਉਹ ਗੱਲਾਂ ਨਹੀਂ ਹਨ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਇਹ ਉਹ ਗੱਲਾਂ ਹਨ ਜਿਹੜੀਆਂ ਹੁਣ ਵਾਪਰ ਰਹੀਆਂ ਹਨ।
ਅੱਜ ਤੋਂ ਪਹਿਲਾਂ ਤੁਸੀਂ ਇਨ੍ਹਾਂ ਗੱਲਾਂ ਬਾਰੇ ਨਹੀਂ ਸੁਣਿਆ।
ਇਸ ਲਈ ਤੁਸੀਂ ਨਹੀਂ ਆਖ ਸੱਕਦੇ, ‘ਅਸੀਂ ਪਹਿਲਾਂ ਹੀ ਜਾਣਦੇ ਸਾਂ।’
ਪਰ ਫ਼ੇਰ ਵੀ ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ!
ਤੁਸੀਂ ਕੋਈ ਵੀ ਗੱਲ ਨਹੀਂ ਸਿੱਖੀ!
ਤੁਸੀਂ ਉਸ ਨੂੰ ਸੁਣਨ ਤੋਂ ਇਨਕਾਰ ਕੀਤਾ ਜੋ ਵੀ ਮੈਂ ਆਖਿਆ।
ਮੈਂ ਆਦਿ ਤੋਂ ਹੀ ਜਾਣਦਾ ਹਾਂ ਕਿ ਤੁਸੀਂ ਮੇਰੇ ਖਿਲਾਫ਼ ਹੋ ਜਾਵੋਂਗੇ।
ਤੁਸੀਂ ਆਪਣੇ ਜੰਮਣ ਸਮੇਂ ਤੋਂ ਹੀ ਮੇਰੇ ਖਿਲਾਫ਼ ਵਿਦਰੋਹ ਕੀਤਾ ਹੈ।
“ਪਰ ਮੈਂ ਧੀਰਜ ਰੱਖਾਂਗਾ ਅਜਿਹਾ
ਮੈਂ ਆਪਣੇ ਵਾਸਤੇ ਕਰਾਂਗਾ।
ਲੋਕ ਮੇਰੀ ਕਹਿਰਵਾਨ ਨਾ ਹੋਣ ਅਤੇ ਤੁਹਾਨੂੰ ਤਬਾਹ ਨਾ ਕਰਨ ਲਈ ਮੇਰੀ ਉਸਤਤ ਕਰਨਗੇ।
ਇੰਤਜ਼ਾਰ ਕਰਨ ਲਈ ਤੁਸੀਂ ਮੇਰੀ ਉਸਤਤ ਕਰੋਂਗੇ।
10 “ਦੇਖੋ, ਮੈਂ ਤੁਹਾਨੂੰ ਸ਼ੁੱਧ ਕਰ ਦਿਆਂਗਾ।
ਲੋਕ ਚਾਂਦੀ ਨੂੰ ਸ਼ੁਧ ਕਰਨ ਲਈ ਅੱਗ ਦੀ ਲਾਟ ਦਾ ਇਸਤੇਮਾਲ ਕਰਦੇ ਨੇ।
ਪਰ ਮੈਂ ਤੁਹਾਨੂੰ ਮੁਸੀਬਤਾਂ ਦੇਕੇ ਤੁਹਾਨੂੰ ਸ਼ੁਧ ਕਰਾਂਗਾ।
11 ਅਜਿਹਾ ਮੈਂ ਆਪਣੇ ਵਾਸਤੇ ਕਰਾਂਗਾ-ਆਪਣੇ ਲਈ!
ਤੁਸੀਂ ਮੇਰੇ ਨਾਲ ਇੰਝ ਸਲੂਕ ਨਹੀਂ ਕਰੋਂਗੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ!
ਮੈਂ ਆਪਣਾ ਪਰਤਾਪ ਅਤੇ ਉਸਤਤ ਕਿਸੇ ਝੂਠੇ ਦੇਵਤੇ ਨੂੰ ਨਹੀਂ ਲੈਣ ਦੇਵਾਂਗਾ।
12 “ਯਾਕੂਬ, ਮੇਰੀ ਗੱਲ ਸੁਣ!
ਇਸਰਾਏਲ, ਮੈਂ ਤੈਨੂੰ ਆਪਣੇ ਬੰਦਿਆਂ ਦੇ ਤੌਰ ਤੇ ਬੁਲਾਇਆ ਸੀ।
ਇਸ ਲਈ ਸੁਣੋ ਮੇਰੀ ਗੱਲ।
ਮੈਂ ਹਾਂ ਆਦਿ!
ਅਤੇ ਮੈਂ ਹੀ ਅੰਤ ਹਾਂ!
13 ਮੈਂ ਆਪਣੇ ਹੱਥੀਂ ਧਰਤੀ ਸਾਜੀ ਸੀ।
ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਸਾਜਿਆ ਸੀ।
ਤੇ ਜੇ ਮੈਂ ਉਨ੍ਹਾਂ ਨੂੰ ਬੁਲਾਵਾਂਗਾ,
ਉਹ ਇਕੱਠੇ ਹੋਕੇ ਮੇਰੇ ਸਾਹਮਣੇ ਆ ਜਾਣਗੇ।
14 “ਤੁਸੀਂ ਸਾਰੇ ਹੀ, ਇੱਥੇ ਆਵੋ ਤੇ ਮੇਰੀ ਗੱਲ ਨੂੰ ਸੁਣੋ!
ਕੀ ਕਿਸੇ ਇੱਕ ਵੀ ਝੂਠੇ ਦੇਵਤੇ ਨੇ ਆਖਿਆ ਸੀ ਕਿ ਇਹ ਗੱਲਾਂ ਵਾਪਰਨਗੀਆਂ? ਨਹੀਂ!”
ਉਹ ਬੰਦਾ ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹੀ ਕੁਝ ਕਰੇਗਾ,
ਜੋ ਉਹ ਬਾਬਲ ਅਤੇ ਕਸਦੀਆਂ ਨਾਲ ਕਰਨਾ ਚਾਹੁੰਦਾ ਹੈ।”
15 ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਬੁਲਾਵਾਂਗਾ।
ਅਤੇ ਮੈਂ ਉਸ ਨੂੰ ਲਿਆਵਾਂਗਾ।
ਮੈਂ ਉਸ ਨੂੰ ਸਫ਼ਲ ਬਣਾਵਾਂਗਾ!
16 ਇੱਥੇ ਆ ਤੇ ਮੇਰੀ ਗੱਲ ਸੁਣ!
ਮੈਂ ਓਥੇ ਹੀ ਸਾਂ ਜਦੋਂ ਬਾਬਲ ਦਾ ਜਨਮ ਇੱਕ ਕੌਮ ਵਜੋਂ ਹੋਇਆ।
ਤੇ ਆਦਿ ਤੋਂ ਹੀ, ਮੈਂ ਸਾਫ਼ ਤੌਰ ਤੇ ਆਖਿਆ ਸੀ ਤਾਂ
ਜੋ ਲੋਕ ਜਾਣ ਸੱਕਣ ਕਿ ਮੈਂ ਕੀ ਆਖਿਆ ਸੀ।”
ਫ਼ੇਰ ਯਸਾਯਾਹ ਨੇ ਆਖਿਆ, “ਹੁਣ, ਮੇਰਾ ਪ੍ਰਭੂ ਯਹੋਵਾਹ, ਮੈਨੂੰ ਅਤੇ ਉਸ ਦੇ ਆਤਮੇ ਨੂੰ, ਤੁਹਾਨੂੰ ਇਹ ਗੱਲਾਂ ਦੱਸਣ ਲਈ ਭੇਜਦਾ ਹੈ। 17 ਯਹੋਵਾਹ, ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ,
“ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ।
ਮੈਂ ਤੁਹਾਨੂੰ ਉਹ ਗੱਲਾਂ ਸਿੱਖਾਉਂਦਾ ਹਾਂ, ਜਿਹੜੀਆਂ ਸਹਾਇਕ ਹਨ।
ਮੈਂ ਓਸ ਰਾਹ ਉੱਤੇ ਤੁਹਾਡੀ ਅਗਵਾਈ ਕਰਦਾ ਹਾਂ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ।
18 ਜੇ ਤੁਸੀਂ ਮੇਰੀ ਗੱਲ ਮੰਨੀ ਹੁੰਦੀ,
ਤਾਂ ਅਮਨ ਤੁਹਾਡੇ ਵੱਲ ਆ ਜਾਂਦਾ ਜਿਵੇਂ ਭਰੀ ਹੋਈ ਨਦੀ ਵਗਦੀ ਹੈ।
ਸ਼ੁਭ ਗੱਲਾਂ ਤੁਹਾਡੇ ਵੱਲ ਬਾਰ-ਬਾਰ ਆਉਂਦੀਆਂ
ਜਿਵੇਂ ਸਮੁੰਦਰ ਦੀਆਂ ਲਹਿਰਾਂ।
19 ਜੇ ਤੁਸੀਂ ਮੇਰੀ ਗਲ ਮੰਨੀ ਹੁੰਦੀ,
ਤਾਂ ਤੁਹਾਡੇ ਬਹੁਤ ਬੱਚੇ ਹੁੰਦੇ।
ਉਹ ਰੇਤ ਦੇ ਅਨੇਕਾਂ ਕਣਾਂ ਜਿੰਨੇ ਹੁੰਦੇ।
ਜੇ ਤੁਸੀਂ ਮੇਰੀ ਗੱਲ ਮੰਨੀ ਹੁੰਦੀ ਤਾਂ ਤੁਸੀਂ ਤਬਾਹ ਨਹੀਂ ਹੁੰਦੇ।
ਤੁਸੀਂ ਮੇਰੇ ਸੰਗ ਜਿਉਂਦੇ ਰਹਿੰਦੇ।”
20 ਮੇਰੇ ਬੰਦਿਓ, ਬਾਬਲ ਨੂੰ ਛੱਡ ਦਿਓ!
ਮੇਰੇ ਲੋਕੋ, ਕਸਦ ਤੋਂ ਨੱਸ ਜਾਵੋ!
ਇਹ ਖਬਰ ਦੂਰ-ਦੂਰ ਤਾਈਂ ਧਰਤੀ ਉੱਤੇ ਫ਼ੈਲਾ ਦੇਵੋ।
ਲੋਕਾਂ ਨੂੰ ਦੱਸ ਦਿਓ, “ਯਹੋਵਾਹ ਨੇ ਆਪਣੇ ਸੇਵਕ, ਯਾਕੁੂਬ ਨੂੰ ਬਚਾ ਲਿਆ!
21 ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਬਲ ਅੰਦਰ ਕੀਤੀ ਅਤੇ ਉਨ੍ਹਾਂ ਨੂੰ ਕਦੇ ਪਿਆਸ ਨਹੀਂ ਲਗੀ।
ਕਿਉਂ ਕਿ ਉਸ ਨੇ ਆਪਣੇ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਪੈਦਾ ਕੀਤਾ!
ਉਸ ਨੇ ਚੱਟਾਨ ਤੋੜ ਦਿੱਤੀ,
ਤੇ ਪਾਣੀ ਬਾਹਰ ਵੱਲ ਵਗ ਪਿਆ!”
22 ਪਰ ਯਹੋਵਾਹ ਨੇ ਇਹ ਵੀ ਆਖਿਆ,
“ਬਦ ਲੋਕਾਂ ਲਈਁ ਸ਼ਾਂਤੀ ਨਹੀਂ ਹਂਦੀ।”