ਅਸੀਂ ਪਰਮੇਸ਼ੁਰ ਦੇ ਬੱਚੇ ਹਾਂ
3
ਪਿਤਾ ਨੇ ਸਾਨੂੰ ਇੰਨਾ ਪਿਆਰ ਦਿੱਤਾ ਹੈ। ਇਸ ਲਈ ਸਾਨੂੰ ਪਰਮੇਸ਼ੁਰ ਦੇ ਬੱਚੇ ਆਖਿਆ ਜਾਂਦਾ ਹੈ। ਅਤੇ ਅਸੀਂ ਸੱਚਮੁੱਚ ਪਰਮੇਸ਼ੁਰ ਦੇ ਬੱਚੇ ਹਾਂ। ਪਰ ਦੁਨੀਆਂ ਦੇ ਲੋਕ ਨਹੀਂ ਸਮਝਦੇ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ। ਪਿਆਰੇ ਮਿੱਤਰੋ, ਅਸੀਂ ਹੁਣ ਪਰਮੇਸ਼ੁਰ ਦੇ ਬੱਚੇ ਹਾਂ। ਹਾਲੇ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਅਸੀਂ ਭੱਵਿਖ ਵਿੱਚ ਕੀ ਹੋਵਾਂਗੇ, ਪਰ ਸਾਨੂੰ ਪਤਾ ਹੈ ਜਦੋਂ ਮਸੀਹ ਵਾਪਸ ਆਵੇਗਾ, ਅਸੀਂ ਉਸ ਵਰਗੇ ਹੋਵਾਂਗੇ। ਅਸੀਂ ਉਸ ਨੂੰ ਓਸੇ ਰੂਪ ਵਿੱਚ ਦੇਖਾਂਗੇ ਜੋ ਉਹ ਅਸਲ ਵਿੱਚ ਹੈ। ਮਸੀਹ ਪਵਿੱਤਰ ਹੈ। ਹਰ ਵਿਅਕਤੀ ਜਿਸ ਨੂੰ ਮਸੀਹ ਵਿੱਚ ਇਹ ਆਸ ਹੈ ਉਹ ਆਪਣੇ ਆਪ ਨੂੰ ਮਸੀਹ ਵਾਂਗ ਸ਼ੁੱਧ ਬਣਾ ਲੈਂਦਾ ਹੈ।
ਜਦੋਂ ਕੋਈ ਵਿਅਕਤੀ ਪਾਪ ਕਰਦਾ ਹੈ। ਤਾਂ ਉਹ ਪਰਮੇਸ਼ੁਰ ਦਾ ਨੇਮ ਤੋੜਦਾ ਹੈ। ਹਾਂ, ਪਾਪ ਕਰਨਾ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪਰਮੇਸ਼ੁਰ ਦੇ ਨੇਮ ਵਿਰੁੱਧ ਜਿਉਣਾ। ਤੁਸੀਂ ਜਾਣਦੇ ਹੋ ਕਿ ਮਸੀਹ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਆਇਆ ਸੀ। ਮਸੀਹ ਵਿੱਚ ਕੋਈ ਪਾਪ ਨਹੀਂ ਸੀ। ਇਸ ਲਈ ਜਿਹੜਾ ਵਿਅਕਤੀ ਮਸੀਹ ਵਿੱਚ ਜਿਉਂਦਾ ਹੈ ਉਹ ਪਾਪ ਨਹੀਂ ਕਰਦਾ ਰਹਿੰਦਾ। ਜੇ ਕੋਈ ਵਿਅਕਤੀ ਪਾਪ ਕਰਦਾ ਰਹਿੰਦਾ ਹੈ, ਤਾਂ ਉਸ ਨੇ ਕਦੇ ਵੀ ਮਸੀਹ ਨੂੰ ਨਹੀਂ ਸਮਝਿਆ ਅਤੇ ਜਾਣਿਆ।
ਪਿਆਰੇ ਬੱਚਿਓ, ਕਿਸੇ ਵੀ ਵਿਅਕਤੀ ਨੂੰ ਇਹ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਗਲਤ ਪਾਸੇ ਪਾ ਸੱਕੇ। ਮਸੀਹ ਸੱਚਾ ਹੈ। ਉਸ ਵਾਂਗ ਸੱਚਾ ਹੋਣ ਲਈ ਵਿਅਕਤੀ ਨੂੰ ਉਹੀ ਕੁਝ ਕਰਨਾ ਪਵੇਗਾ ਜਿਹੜਾ ਸਹੀ ਹੈ। ਸ਼ੈਤਾਨ ਮੁੱਢ ਤੋਂ ਹੀ ਪਾਪ ਕਰਦਾ ਆ ਰਿਹਾ ਹੈ, ਅਤੇ ਜਿਹੜਾ ਵਿਅਕਤੀ ਪਾਪ ਕਰਦਾ ਰਹਿੰਦਾ ਹੈ ਸ਼ੈਤਾਨ ਨਾਲ ਸੰਬੰਧਿਤ ਹੈ। ਪਰਮੇਸ਼ੁਰ ਦਾ ਪੁੱਤਰ ਇਸ ਲਈ ਆਇਆ; ਸ਼ੈਤਾਨ ਦੇ ਕੰਮ ਨੂੰ ਖਤਮ ਕਰਨ ਲਈ।
ਜਦੋਂ ਪਰਮੇਸੁਰ ਕਿਸੇ ਵਿਅਕਤੀ ਨੂੰ ਆਪਣਾ ਬੱਚਾ ਬਣਾਉਂਦਾ ਹੈ ਤਾਂ ਉਹ ਵਿਅਕਤੀ ਪਾਪ ਕਰਦਾ ਨਹੀਂ ਰਹਿ ਸੱਕਦਾ। ਕਿਉਂ? ਕਿਉਂ ਕਿ ਜਿਹੜਾ ਨਵਾਂ ਜੀਵਨ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਹੈ, ਉਸ ਵਿੱਚ ਰਹਿੰਦਾ ਹੈ। ਇਸ ਲਈ ਉਹ ਵਿਅਕਤੀ ਪਾਪ ਕਰਨਾ ਜਾਰੀ ਨਹੀਂ ਰੱਖ ਸੱਕਦਾ। ਕਿਉਂ ਕਿ ਉਹ ਪਰਮੇਸ਼ੁਰ ਦਾ ਆਪਣਾ ਬੱਚਾ ਬਣ ਗਿਆ ਹੈ। 10 ਇਸ ਲਈ ਅਸੀਂ ਦੇਖ ਸੱਕਦੇ ਹਾਂ ਕਿ ਪਰਮੇਸ਼ੁਰ ਦੇ ਬੱਚੇ ਕਿਹੜੇ ਹਨ। ਅਤੇ ਸ਼ੈਤਾਨ ਦੇ ਬੱਚੇ ਕਿਹੜੇ ਹਨ। ਜਿਹੜੇ ਲੋਕ ਨੇਕ ਕੰਮ ਨਹੀਂ ਕਰਦੇ ਪਰਮੇਸ਼ੁਰ ਦੇ ਬੱਚੇ ਨਹੀਂ ਹੋ ਸੱਕਦੇ। ਅਤੇ ਜਿਹੜਾ ਵਿਅਕਤੀ ਮਸੀਹ ਵਿੱਚ ਆਪਣੇ ਭਰਾ ਜਾਂ ਭੈਣ ਨੂੰ ਪਿਆਰ ਨਹੀਂ ਕਰਦਾ ਉਹ ਵੀ ਪਰਮੇਸ਼ੁਰ ਦਾ ਬੱਚਾ ਨਹੀਂ ਹੈ।
ਇੱਕ ਦੂਸਰੇ ਨੂੰ ਪਿਆਰ ਕਰੋ
11 ਇਹੀ ਉਪਦੇਸ਼ ਹੈ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਹੈ; ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਕਇਨ ਵਰਗੇ ਨਾ ਬਣੋ। ਕਇਨ ਦੁਸ਼ਟ (ਸ਼ੈਤਾਨ) ਸੀ। ਕਇਨ ਨੇ ਆਪਣੇ ਭਰਾ ਹਾਬਲ ਨੂੰ ਮਾਰ ਦਿੱਤਾ। ਕਇਨ ਨੇ ਆਪਣੇ ਭਰਾ ਨੂੰ ਕਿਉਂ ਮਾਰ ਦਿੱਤਾ? ਕਿਉਂ ਕਿ ਜਿਹੜੀਆਂ ਗੱਲਾਂ ਕੇਨ ਨੇ ਕੀਤੀਆਂ ਮੰਦੀਆਂ ਸਨ, ਪਰ ਜਿਹੜੀਆਂ ਗੱਲਾਂ ਹਾਬਲ ਨੇ ਕੀਤੀਆਂ ਚੰਗੀਆਂ ਸਨ।
13 ਮੇਰੇ ਭਰਾਵੋ ਅਤੇ ਭੈਣੋ, ਜੇਕਰ ਦੁਨੀਆਂ ਦੇ ਲੋਕ ਤੁਹਾਨੂੰ ਨਫ਼ਰਤ ਕਰਨ ਤਾਂ ਹੈਰਾਨ ਨਾ ਹੋਵੋ। 14 ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਮੌਤ ਨੂੰ ਛੱਡ ਚੁੱਕੇ ਹਾਂ ਅਤੇ ਜੀਵਨ ਵਿੱਚ ਆ ਚੁੱਕੇ ਹਾਂ। ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰਦੇ ਹਾਂ। ਜਿਹੜੇ ਲੋਕ ਪਿਆਰ ਨਹੀਂ ਕਰਦੇ ਉਹ ਹਾਲੇ ਵੀ ਮੌਤ ਦੇ ਕਬਜ਼ੇ ਹੇਠ ਹਨ। 15 ਹਰੇਕ ਵਿਅਕਤੀ ਜਿਹੜਾ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ, ਇੱਕ ਕਾਤਲ ਹੈ। ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਕਾਤਲ ਆਪਣੇ ਅੰਦਰ ਸਦੀਪਕ ਜੀਵਨ ਨਹੀਂ ਰੱਖਦਾ।
16 ਇਵੇਂ ਹੀ ਅਸੀਂ ਜਾਣਦੇ ਹਾਂ ਕਿ ਸੱਚਾ ਪਿਆਰ ਕੀ ਹੈ; ਮਸੀਹ ਨੇ ਸਾਡੇ ਲਈ ਆਪਣੇ ਜੀਵਨ ਦਿੱਤਾ। ਇਸ ਲਈ ਸਾਨੂੰ ਵੀ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਆਪਣਾ ਜੀਵਨ ਦੇਣਾ ਚਾਹੀਦਾ ਹੈ ਜਿਹੜੇ ਮਸੀਹ ਵਿੱਚ ਹਨ। 17 ਫ਼ਰਜ਼ ਕਰੋ ਕਿ ਇੱਕ ਨਿਹਚਾਵਾਨ ਹੈ ਜੋ ਕਿ ਬਹੁਤ ਅਮੀਰ ਹੈ ਅਤੇ ਉਸ ਕੋਲ ਉਹ ਸਭ ਕੁਝ ਹੈ, ਜੋ ਉਸ ਨੂੰ ਚਾਹੀਦਾ। ਪਰ ਜੇਕਰ ਉਹ ਨਿਹਚਾਵਾਨ ਉਦੋਂ ਹਮਦਰਦੀ ਨਹੀਂ ਵਿਖਾਉਂਦਾ ਜਦੋਂ ਉਹ ਆਪਣੇ ਭਰਾ ਨੂੰ ਵੇਖਦਾ ਹੈ ਜਿਹੜਾ ਗਰੀਬ ਹੈ ਅਤੇ ਆਪਣੀ ਰੋਜ਼ੀ ਦਾ ਲੋੜਵੰਦ ਹੈ, ਉਸ ਨਿਹਚਾਵਾਨ ਦੇ ਦਿਲ ਵਿੱਚ ਪਰਮੇਸ਼ੁਰ ਦਾ ਪਿਆਰ ਹੋਣਾ ਕਿਵੇਂ ਸੰਭਵ ਹੈ। 18 ਮੇਰੇ ਬੱਚਿਓ, ਸਾਡਾ ਪਿਆਰ ਗੱਲਾਂ ਅਤੇ ਸ਼ਬਦਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਸਾਨੂੰ ਸੱਚਾ ਪਿਆਰ ਹੋਣਾ ਚਾਹੀਦਾ ਅਤੇ ਸਾਨੂੰ ਇਹ ਅਮਲਾਂ ਰਾਹੀਂ ਦਰਸ਼ਾਉਣਾ ਚਾਹੀਦਾ ਹੈ।
19-20 ਇਸੇ ਢੰਗ ਨਾਲ ਅਸੀਂ ਜਾਣ ਸੱਕਦੇ ਹਾਂ ਕਿ ਕੀ ਅਸੀਂ ਸੱਚ ਦੇ ਰਾਹ ਨਾਲ ਸੰਬੰਧਿਤ ਹਾਂ ਜਾਂ ਨਹੀਂ। ਅਤੇ ਜਦੋਂ ਸਾਡਾ ਦਿਲ ਸਾਨੂੰ ਕਸੂਰਵਾਰ ਮਹਿਸੂਸ ਕਰਾਉਂਦਾ ਹੈ, ਤਾਂ ਅਸੀਂ ਹਾਲੇ ਵੀ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸ਼ਾਂਤੀ ਪਾ ਸੱਕਦੇ ਹਾਂ। ਕਿਉਂਕਿ ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵਡੇਰਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ।
21 ਮੇਰੇ ਪਿਆਰੇ ਮਿੱਤਰੋ, ਜੇਕਰ ਅਸੀਂ ਇਹ ਮਹਿਸੂਸ ਕਰਾਂਗੇ ਕਿ ਅਸੀਂ ਕੁਝ ਗਲਤ ਨਹੀਂ ਕਰ ਰਹੇ, ਤਾਂ ਅਸੀਂ ਜਦੋਂ ਵੀ ਪਰਮੇਸ਼ੁਰ ਕੋਲ ਆਵਾਂਗੇ, ਨਿਡਰ ਹੋਵਾਂਗੇ। 22 ਅਤੇ ਪਰਮੇਸ਼ੁਰ ਸਾਨੂੰ ਉਹ ਚੀਜ਼ਾਂ ਦੇਵੇਗਾ ਜੋ ਅਸੀਂ ਮੰਗਾਂਗੇ। ਸਾਨੂੰ ਇਸ ਲਈ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਅਸੀਂ ਪਰਮੇਸ਼ੁਰ ਦਾ ਹੁਕਮ ਮੰਨਦੇ ਹਾਂ ਅਤੇ ਅਸੀਂ ਉਹ ਗੱਲਾਂ ਕਰਦੇ ਹਾਂ ਜਿਨ੍ਹਾਂ ਨਾਲ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ। 23 ਇਹੀ ਹੈ ਜਿਸਦਾ ਪਰਮੇਸ਼ੁਰ ਆਦੇਸ਼ ਦਿੰਦਾ ਹੈ। ਸਾਨੂੰ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਸਾਨੂੰ ਹੁਕਮ ਦਿੱਤਾ ਸੀ। 24 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਆਦੇਸ਼ ਨੂੰ ਮੰਨਦਾ ਹੈ ਉਹ ਪਰਮੇਸ਼ੁਰ ਦੇ ਨਮਿੱਤ ਜਿਉਂਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਦੇ ਅੰਦਰ ਵੱਸਦਾ ਹੈ। ਇਹ ਗੱਲ ਅਸੀਂ ਕਿਵੇਂ ਜਾਣਦੇ ਹਾਂ ਕਿ ਸਾਡੇ ਅੰਦਰ ਪਰਮੇਸ਼ੁਰ ਵੱਸਦਾ ਹੈ? ਇਹ ਗੱਲ ਅਸੀਂ ਉਸ ਆਤਮਾ ਰਾਹੀਂ ਜਾਣਦੇ ਹਾਂ ਜੋ ਸਾਨੂੰ ਪਰਮੇਸ਼ੁਰ ਨੇ ਦਿੱਤਾ ਹੈ।