36
ਅਲੀਹੂ ਨੇ ਗੱਲ ਜਾਰੀ ਰੱਖੀ। ਉਸ ਨੇ ਆਖਿਆ:
“ਮੇਰੇ ਬਾਰੇ ਥੋੜਾ ਸਮਾਂ ਹੋਰ ਧੀਰਜ ਰੱਖੋ।
ਪਰਮੇਸ਼ੁਰ ਕੋਲ ਅਜੇ ਕੁਝ ਹੋਰ ਸ਼ਬਦ ਹਨ ਜੋ ਉਹ ਮੇਰੇ ਕੋਲੋਂ ਅਖਵਾਉਣਾ ਚਾਹੁੰਦਾ ਹੈ।
ਮੈਂ ਦੂਰ-ਦੁਰਾਡਿਓ ਆਪਣੇ ਗਿਆਨ ਨੂੰ ਲਿਆਵਾਂਗਾ।
ਪਰਮੇਸ਼ੁਰ ਨੇ ਮੈਨੂੰ ਸਾਜਿਆ ਤੇ ਮੈਂ ਸਾਬਤ ਕਰਾਂਗਾ ਕਿ ਪਰਮੇਸ਼ੁਰ ਨਿਆਂਈ ਹੈ।
ਅੱਯੂਬ ਮੈਂ ਸੱਚ ਆਖ ਰਿਹਾ ਹਾਂ।
ਮੈਂ ਜਾਣਦਾ ਹਾਂ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ।
“ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ ਪਰ ਉਹ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ।
ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਬਹੁਤ ਸਿਆਣਾ ਵੀ ਹੈ।
ਪਰਮੇਸ਼ੁਰ ਬਦ ਲੋਕਾਂ ਨੂੰ ਜਿਉਣ ਨਹੀਂ ਦਿੰਦਾ।
ਪਰਮੇਸ਼ੁਰ ਗਰੀਬ ਲੋਕਾਂ ਲਈ ਨਿਆਂਈ ਰਹਿੰਦਾ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਨਿਗਰਾਨੀ ਕਰਦਾ ਹੈ ਜੋ ਸਹੀ ਢੰਗ ਨਾਲ ਜਿਉਂਦੇ ਨੇ।
ਉਹ ਨੇਕ ਬੰਦਿਆਂ ਨੂੰ ਹਾਕਮ ਬਣਨ ਦਿੰਦਾ ਹੈ ਅਤੇ ਉਨ੍ਹਾਂ ਲਈ ਹਮੇਸ਼ਾ ਆਦਰ ਦਿੰਦਾ ਹੈ।
ਇਸ ਲਈ ਜੇ ਲੋਕਾਂ ਨੂੰ ਦੰਡ ਮਿਲਦਾ ਹੈ,
ਜੇ ਉਨ੍ਹਾਂ ਨੂੰ ਸੰਗਲੀਆਂ ਅਤੇ ਰੱਸਿਆਂ ਨਾਲ ਬੰਨ੍ਹਿਆ ਜਾਂਦਾ ਹੈ ਤਾਂ ਉਨ੍ਹਾਂ ਨੇ ਕੁਝ ਗ਼ਲਤ ਕੀਤਾ ਹੋਵੇਗਾ।
ਅਤੇ ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੇ ਕੀ ਕੀਤਾ ਸੀ।
ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੇ ਪਾਪ ਕੀਤਾ ਸੀ।
ਪਰਮੇਸ਼ੁਰ ਉਨ੍ਹਾਂ ਨੂੰ ਦੱਸੇਗਾ ਕਿ ਉਹ ਗੁਮਾਨੀ ਸਨ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਉਸ ਦੀ ਚਿਤਾਵਨੀ ਸੁਣਨ ਲਈ ਮਜ਼ਬੂਰ ਕਰੇਗਾ।
ਉਹ ਉਨ੍ਹਾਂ ਨੂੰ ਪਾਪ ਤੋਂ ਦੂਰ ਰਹਿਣ ਦਾ ਹੁਕਮ ਦੇਵੇਗਾ।
11 ਜੇਕਰ ਲੋਕ ਪਰਮੇਸ਼ੁਰ ਨੂੰ ਸੁਣਨ ਤੇ ਉਸ ਦੀ ਸੇਵਾ ਕਰਨ,
ਪਰਮੇਸ਼ੁਰ ਉਨ੍ਹਾਂ ਨੂੰ ਫ਼ਿਰ ਤੋਂ ਸਫਲ ਕਰੇਗਾ ਅਤੇ ਉਹ ਇੱਕ ਖੁਸ਼ਹਾਲ ਜੀਵਨ ਬਿਤਾਉਣਗੇ।
12 ਪਰ ਜੇ ਉਨ੍ਹਾਂ ਲੋਕਾਂ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕੀਤਾ, ਤਾਂ ਉਨ੍ਹਾਂ ਦਾ ਨਾਸ਼ ਹੋਵੇਗਾ।
ਉਹ ਮੂਰੱਖਾਂ ਵਾਂਗ ਮਰ ਜਾਣਗੇ।
13 “ਉਹ ਲੋਕ ਜਿਹੜੇ ਪਰਮੇਸ਼ੁਰ ਬਾਰੇ ਪਰਵਾਹ ਨਹੀਂ ਕਰਦੇ, ਸਦਾ ਕੌੜੇ ਹੁੰਦੇ ਨੇ।
ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ, ਉਹ ਪਰਮੇਸ਼ੁਰ ਅੱਗੇ ਸਹਾਇਤਾ ਲਈ ਪ੍ਰਾਰਥਨਾ ਕਰਨ ਤੋਂ ਵੀ ਇਨਕਾਰ ਕਰਦੇ ਨੇ।
14 ਉਹ ਲੋਕ ਮਰ ਜਾਣਗੇ ਜਦੋਂ ਹਾਲੇ ਉਹ ਮਰਦ
ਵੇਸਵਾਵਾਂ ਵਾਂਗ ਜਵਾਨ ਹੀ ਹੋਣਗੇ।
15 ਪਰ ਪਰਮੇਸ਼ੁਰ ਇੱਕ ਨਿਮਾਣੇ ਬੰਦੇ ਨੂੰ ਬਚਾ ਸੱਕਦਾ ਹੈ ਜੋ ਆਪਣੇ ਕਸ਼ਟਾਂ ਤੋਂ ਸਿੱਖਦਾ ਹੈ।
ਪਰਮੇਸ਼ੁਰ ਉਨ੍ਹਾਂ ਕਸ਼ਟਾਂ ਨੂੰ, ਉਸ ਬੰਦੇ ਨੂੰ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਲਈ ਇਸਤੇਮਾਲ ਕਰੇਗਾ।
16 “ਅੱਯੂਬ ਪਰਮੇਸ਼ੁਰ ਤੇਰੀ ਸਹਾਇਤਾ ਕਰਨਾ ਚਾਹੁੰਦਾ ਹੈ।
ਪਰਮੇਸ਼ੁਰ ਤੈਨੂੰ ਮੁਸੀਬਤ ਵਿੱਚੋਂ ਕੱਢਣਾ ਚਾਹੁੰਦਾ ਹੈ।
ਪਰਮੇਸ਼ੁਰ ਤੇਰੇ ਲਈ ਜੀਵਨ ਅਸਾਨ ਬਨਾਉਣਾ ਚਾਹੁੰਦਾ ਹੈ।
ਪਰਮੇਸ਼ੁਰ ਤੇਰੇ ਦਸਤਰ ਖਾਨ ਉੱਤੇ ਚੋਖਾ ਭੋਜਨ ਰੱਖਣਾ ਚਾਹੁੰਦਾ ਹੈ।
17 ਪਰ ਹੁਣ, ਅੱਯੂਬ ਤੂੰ ਆਪਣੇ ਆਪ ਨੂੰ ਦੁਸ਼ਟ ਆਦਮੀ ਦੇ ਮੁਕੱਦਮੇ ਨਾਲ ਭਰਪੂਰ ਕਰ ਲਿਆ ਹੈ।
ਤੇਰਾ ਨਿਆਂ ਦਾ ਅਨੁਸਰਣ ਕਰਨਾ ਅਤੇ ਮੁਕੱਦਮੇ ਹੀ ਹਨ ਜੋ ਤੈਨੂੰ ਚਲਾਉਣਾ ਜਾਰੀ ਰੱਖਦੇ ਹਨ।
18 ਅੱਯੂਬ ਆਪਣੀ ਅਮੀਰੀ ਕਾਰਣ ਮੂਰਖ ਨਾ ਬਣ।
ਦੌਲਤ ਨੂੰ ਆਪਣਾ ਮਨ ਨਾ ਬਦਲਣ ਦੇ।
19 ਤੇਰੀ ਦੌਲਤ ਹੁਣ ਤੇਰੀ ਕੋਈ ਸਹਾਇਤਾ ਨਹੀਂ ਕਰ ਸੱਕਦੀ।
ਅਤੇ ਸ਼ਕਤੀਸ਼ਾਲੀ ਬੰਦੇ ਵੀ ਤੇਰੀ ਕੋਈ ਮਦਦ ਨਹੀਂ ਕਰ ਸੱਕਦੇ।
20 ਰਾਤ ਪੈਣ ਦੀ ਤਮੰਨਾ ਨਾ ਕਰ।
ਲੋਕੀ ਰਾਤ ਦੇ ਹਨੇਰੇ ਵਿੱਚ ਗੁੰਮ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹ ਸੋਚਦੇ ਨੇ ਕਿ ਉਹ ਪਰਮੇਸ਼ੁਰ ਤੋਂ ਲੁਕ ਸੱਕਦੇ ਨੇ।
21 ਅੱਯੂਬ, ਤੂੰ ਬਹੁਤ ਦੁੱਖ ਝਲਿਆ ਹੈ, ਪਰ ਬਦੀ ਨੂੰ ਨਾ ਚੁਣ।
ਹੁਸ਼ਿਆਰ ਰਹਿ, ਕੁਝ ਗ਼ਲਤ ਨਾ ਕਰੀਂ।
22 “ਦੇਖ, ਪਰਮੇਸ਼ੁਰ ਦੀ ਸ਼ਕਤੀ ਉਸ ਨੂੰ ਮਹਾਨ ਬਣਾਉਂਦੀ ਹੈ।
ਪਰਮੇਸ਼ੁਰ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਗੁਰੂ ਹੈ।
23 ਕੋਈ ਵੀ ਬੰਦਾ ਪਰਮੇਸ਼ੁਰ ਨੂੰ ਨਹੀਂ ਆਖ ਸੱਕਦਾ ਕਿ ਉਹ ਕੀ ਕਰੇ।
ਕੋਈ ਵੀ ਬੰਦਾ ਪਰਮੇਸ਼ੁਰ ਨੂੰ ਨਹੀਂ ਆਖ ਸੱਕਦਾ, ‘ਹੇ ਪਰਮੇਸ਼ੁਰ, ਜੋ ਤੂੰ ਕੀਤਾ ਗ਼ਲਤ ਹੈ।’
24 ਉਨ੍ਹਾਂ ਗੱਲਾਂ ਲਈ ਪਰਮੇਸ਼ੁਰ ਦੀ ਉਸਤਤ ਕਰਨੀ ਚੇਤੇ ਰੱਖੋ ਜੋ ਉਸ ਨੇ ਕੀਤੀਆਂ ਹਨ।
ਲੋਕਾਂ ਨੇ ਪਰਮੇਸ਼ੁਰ ਦੀ ਉਸਤਤ ਵਿੱਚ ਬਹੁਤ ਗੀਤ ਲਿਖੇ ਨੇ।
25 ਹਰ ਬੰਦਾ ਦੇਖ ਸੱਕਦਾ ਹੈ ਕਿ ਪਰਮੇਸ਼ੁਰ ਨੇ ਕੀ ਕੀਤਾ।
ਦੂਰ-ਦੁਰਾਡੇ ਦੇ ਲੋਕ ਉਨ੍ਹਾਂ ਚੀਜ਼ਾਂ ਨੂੰ ਦੇਖ ਸੱਕਦੇ ਨੇ।
26 ਹਾਂ, ਪਰਮੇਸ਼ੁਰ ਮਹਾਨ ਹੈ।
ਪਰ ਅਸੀਂ ਉਸ ਦੀ ਮਹਾਨਤਾ ਨੂੰ ਨਹੀਂ ਸਮਝ ਸੱਕਦੇ।
ਅਸੀਂ ਨਹੀਂ ਜਾਣਦੇ ਹਾਂ ਕਿ ਪਰਮੇਸ਼ੁਰ ਕਿੰਨਾ ਲੰਮਾ ਚਿਰ ਜੀਵਿਆ ਹੈ।
27 “ਪਰਮੇਸ਼ੁਰ ਧਰਤੀ ਤੋਂ ਪਾਣੀ ਲੈਂਦਾ ਹੈ
ਤੇ ਇਸ ਨੂੰ ਬਾਰਿਸ਼ ਅਤੇ ਧੁੰਦ ਵਿੱਚ ਬਦਲ ਦਿੰਦਾ ਹੈ।
28 ਇਸ ਲਈ ਬੱਦਲ ਪਾਣੀ ਨੂੰ ਵਰ੍ਹਾਉਂਦੇ ਨੇ
ਤੇ ਬਹੁਤ ਸਾਰੇ ਲੋਕਾਂ ਉੱਤੇ ਬਾਰਿਸ਼ ਡਿੱਗਦੀ ਹੈ।
29 ਕੋਈ ਵੀ ਬੰਦਾ ਨਹੀਂ ਸਮਝ ਸੱਕਦਾ ਕਿਵੇਂ ਪਰਮੇਸ਼ੁਰ ਬੱਦਲਾਂ ਨੂੰ ਬਾਹਰ ਫੈਲਾਉਂਦਾ ਹੈ
ਜਾਂ ਕਿਵੇਂ ਬਿਜਲੀ ਅਕਾਸ਼ ਵਿੱਚ ਗਰਜਦੀ ਹੈ।
30 ਦੇਖੋ, ਪਰਮੇਸ਼ੁਰ ਨੇ ਧਰਤੀ ਉੱਤੇ ਰੌਸ਼ਨੀ ਫ਼ੈਲਾਈ,
ਅਤੇ ਸਮੁੰਦਰ ਦਾ ਸਭ ਤੋਂ ਡੂੰਘਾ ਭਾਗ ਢੱਕ ਦਿੱਤਾ।
31 ਪਰਮੇਸ਼ੁਰ ਕੌਮਾਂ ਉੱਤੇ ਕਾਬੂ ਕਰਨ ਲਈ
ਅਤੇ ਉਨ੍ਹਾਂ ਨੂੰ ਚੋਖਾ ਭੋਜਨ ਦੇਣ ਲਈ ਉਨ੍ਹਾਂ ਦੀ ਵਰਤੋਂ ਕਰਦਾ ਹੈ।
32 ਪਰਮੇਸ਼ੁਰ ਬਿਜਲੀ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਂਦਾ ਹੈ
ਤੇ ਉਸ ਨੂੰ ਆਪਣੀ ਮਨਚਾਹੀ ਥਾਂ ਤੇ ਡਿੱਗਣ ਦਾ ਆਦੇਸ਼ ਦਿੰਦਾ ਹੈ।
33 ਬਿਜਲੀ ਚਿਤਾਵਨੀ ਦਿੰਦੀ ਹੈ ਕਿ ਤੂਫਾਨ ਆ ਰਿਹਾ ਹੈ।
ਇਸ ਤਰ੍ਹਾਂ, ਪਸ਼ੂ ਵੀ ਜਾਣ ਜਾਂਦੇ ਨੇ ਕਿ ਇਹ ਆ ਰਿਹਾ ਹੈ।