ਯਿਫ਼ਤਾਹ ਅਤੇ ਇਫ਼ਰਾਈਮ
12
ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਆਪਨੇ ਸਾਰੇ ਸਿਪਾਹੀਆਂ ਨੂੰ ਇਕੱਠਿਆਂ ਕੀਤਾ। ਫ਼ੇਰ ਉਹ ਨਦੀ ਪਾਰ ਕਰਕੇ ਸਾਪੋਨ ਸ਼ਹਿਰ ਵੱਲ ਗਏ। ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, “ਤੂੰ ਅੰਮੋਨੀ ਲੋਕਾਂ ਨਾਲ ਲੜਨ ਲਈ ਸਾਨੂੰ ਕਿਉਂ ਨਹੀਂ ਸੱਦਿਆ? ਅਸੀਂ ਤੇਰੇ ਘਰ ਨੂੰ ਤੇਰੇ ਸਣੇ ਅੱਗ ਲਾ ਦਿਆਂਗੇ?”
ਯਿਫ਼ਤਾਹ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਗੰਭੀਰ ਮਤਭੇਦ ਸੀ। ਇਸ ਲਈ ਅਸੀਂ ਉਨ੍ਹਾਂ ਦੇ ਵਿਰੁੱਧ ਲੜਾਈ ਕੀਤੀ। ਮੈਂ ਤੁਹਾਨੂੰ ਬੁਲਾਇਆ ਸੀ ਪਰ ਤੁਸੀਂ ਸਾਡੀ ਸਹਾਇਤਾ ਕਰਨ ਲਈ ਨਹੀਂ ਆਏ। ਮੈਂ ਦੇਖ ਲਿਆ ਕਿ ਤੁਸੀਂ ਸਾਡੀ ਸਹਾਇਤਾ ਨਹੀਂ ਕਰੋਂਗੇ। ਇਸ ਲਈ ਮੈਂ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ। ਮੈਂ ਨਦੀ ਪਾਰ ਕਰਕੇ ਅੰਮੋਨੀ ਲੋਕਾਂ ਨਾਲ ਲੜਨ ਲਈ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕੀਤੀ। ਹੁਣ ਤੁਸੀਂ ਅੱਜ ਮੇਰੇ ਖਿਲਾਫ਼ ਲੜਨ ਲਈ ਕਿਉਂ ਆਏ ਹੋ?”
ਫ਼ੇਰ ਯਿਫ਼ਾਤਾਹ ਨੇ ਗਿਲਆਦ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ। ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਨਾਲ ਲੜੇ ਕਿਉਂਕਿ ਉਨ੍ਹਾਂ ਨੇ ਗਿਲਆਦ ਦੇ ਬੰਦਿਆਂ ਦੀ ਬੇਇੱਜ਼ਤੀ ਕੀਤੀ ਸੀ। ਅਤੇ ਆਖਿਆ ਸੀ, “ਤੁਸੀਂ ਗਿਲਆਦ, ਇਫ਼ਰਾਈਮ ਅਤੇ ਮਨੱਸ਼ਹ ਦੇ ਵਿੱਚਕਾਰ ਦੀ ਧਰਤੀ ਉੱਤੇ ਇਫ਼ਰਾਈਮ ਦੇ ਭਗੌੜੇ ਹੋ।” ਗਿਲਆਦ ਦੇ ਲੋਕਾਂ ਨੇ ਇਫ਼ਰਾਈਮ ਦੇ ਲੋਕਾਂ ਨੂੰ ਹਰਾ ਦਿੱਤਾ।
ਗਿਲਆਦ ਦੇ ਬੰਦਿਆਂ ਨੇ ਉਨ੍ਹਾਂ ਥਾਵਾਂ ਉੱਤੇ ਕਬਜ਼ਾ ਕਰ ਲਿਆ ਜਿੱਥੇ ਲੋਕ ਯਰਦਨ ਨਦੀ ਪਾਰ ਕਰਦੇ ਸਨ। ਉਹ ਥਾਵਾਂ ਇਫ਼ਰਾਈਮ ਦੇ ਦੇਸ਼ ਵੱਲ ਪੈਂਦੀਆਂ ਸਨ। ਜਦੋਂ ਵੀ ਕਦੇ ਇਫ਼ਰਾਈਮ ਦਾ, ਬਚ ਕੇ ਨਿਕਲਿਆ ਬੰਦਾ ਨਦੀ ਕੋਲ ਆਉਂਦਾ ਅਤੇ ਆਖਦਾ, “ਮੈਨੂੰ ਪਾਰ ਜਾਣ ਦਿਉ”, ਗਿਲਆਦ ਦੇ ਬੰਦੇ ਉਸ ਨੂੰ ਪੁੱਛਦੇ, “ਕੀ ਤੂੰ ਇਫ਼ਰਾਈਮ ਤੋਂ ਹੈ?” ਜੇ ਉਹ ਆਖਦਾ, “ਨਹੀਂ,” ਫ਼ੇਰ ਉਹ ਆਖਦੇ, “‘ਸ਼ਿੱਬੋਲਥ’ ਸ਼ਬਦ ਬੋਲ।” ਇਫ਼ਰਾਈਮ ਦੇ ਲੋਕ ਉਸ ਸ਼ਬਦ ਨੂੰ ਸਹੀ ਢੰਗ ਨਾਲ ਨਹੀਂ ਉੱਚਾਰ ਸੱਕਦੇ ਸਨ। ਉਹ “ਸਿੱਬੋਲਥ” ਬੋਲਦੇ ਸਨ। ਇਸ ਲਈ ਜੇ ਕੋਈ ਬੰਦਾ ਆਖਦਾ, “ਸਿੱਬੋਲਥ” ਤਾਂ ਗਿਲਆਦ ਦੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਇਫ਼ਰਾਈਮ ਤੋਂ ਸੀ। ਤਾਂ ਉਹ ਉਸ ਨੂੰ ਯਰਦਨ ਨਦੀ ਦੇ ਪਾਰ ਲੰਘਣ ਵਾਲੇ ਸਥਾਨ ਤੇ ਲੈ ਜਾਂਦੇ ਅਤੇ ਮਾਰ ਦਿੰਦੇ। ਉਨ੍ਹਾਂ ਨੇ ਇਫ਼ਰਾਈਮ ਦੇ 42,000 ਲੋਕ ਮਾਰ ਦਿੱਤੇ।
ਯਿਫ਼ਤਾਹ ਇਸਰਾਏਲ ਦੇ ਲੋਕਾਂ ਲਈ ਛੇ ਸਾਲ ਤੱਕ ਨਿਆਂਕਾਰ ਰਿਹਾ। ਫ਼ੇਰ ਗਿਲਆਦ ਦੇ ਯਿਫ਼ਤਾਹ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਉਸ ਨੂੰ ਉਸ ਦੇ ਆਪਣੇ ਕਸਬੇ ਗਿਲਆਦ ਵਿੱਚ ਹੀ ਦਫ਼ਨਾ ਦਿੱਤਾ।
ਨਿਆਂਕਾਰ ਇਬਸਾਨ
ਯਿਫ਼ਤਾਨ ਤੋਂ ਮਗਰੋਂ ਇਬਸਾਨ ਨਾਮ ਦਾ ਬੰਦਾ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਸੀ। ਇਬਸਾਨ ਬੈਤਲਹਮ ਸ਼ਹਿਰ ਦਾ ਸੀ। ਇਬਸਾਨ ਦੇ 30 ਪੁੱਤਰ ਅਤੇ 30 ਧੀਆਂ ਸਨ। ਉਸ ਨੇ ਆਪਣੀਆਂ 30 ਧੀਆਂ ਨੂੰ ਉਨ੍ਹਾਂ ਆਦਮੀਆਂ ਨਾਲ ਸ਼ਾਦੀ ਕਰਨ ਲਈ ਆਖਿਆ ਜੋ ਉਸ ਦੇ ਰਿਸ਼ਤੇਦਾਰ ਨਹੀਂ ਸਨ। ਅਤੇ ਉਸ ਨੇ 30 ਕੁੜੀਆਂ ਲੱਭੀਆਂ ਜਿਹੜੀਆਂ ਉਸਦੀਆਂ ਇਰਸ਼ਤੇਦਾਰ ਨਹੀਂ ਸਨ, ਅਤੇ ਆਪਣੇ 30 ਪੁੱਤਰਾਂ ਦੀ ਸ਼ਾਦੀ ਉਨ੍ਹਾਂ ਨਾਲ ਕਰ ਦਿੱਤੀ। ਇਬਸਾਨ ਇਸਰਾਏਲ ਦੇ ਲੋਕਾਂ ਦਾ ਸੱਤ ਸਾਲ ਨਿਆਂਕਾਰ ਰਿਹਾ। 10 ਫ਼ੇਰ ਇਬਸਾਨ ਦਾ ਦੇਹਾਂਤ ਹੋ ਗਿਆ। ਉਸ ਨੂੰ ਬੈਤਲਹਮ ਸ਼ਹਿਰ ਵਿੱਚ ਦਫ਼ਨਾਇਆ ਗਿਆ।
ਨਿਆਂਕਾਰ ਏਲੋਨ
11 ਇਬਸਾਨ ਤੋਂ ਮਗਰੋਂ ਏਲੋਨ ਨਾਮ ਦਾ ਆਦਮੀ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ। ਏਲੋਨ ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਇਸਰਾਏਲ ਦੇ ਲੋਕਾਂ ਦਾ ਦਸ ਸਾਲ ਤੱਕ ਨਿਆਂਕਾਰ ਰਿਹਾ। 12 ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦਾ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਅੱਯਾਲੋਨ ਸ਼ਹਿਰ ਵਿੱਚ ਦਫ਼ਨਾਇਆ ਗਿਆ।
ਨਿਆਂਕਾਰ ਅਬਦੋਨ
13 ਜਦੋਂ ਏਲੋਨ ਮਰਿਆ ਤਾਂ ਅਬਦੋਨ ਨਾਮ ਦਾ ਬੰਦਾ ਜਿਹੜਾ ਹਿੱਲੇਲ ਦਾ ਪੁੱਤਰ ਸੀ, ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ। ਅਬਦੋਨ ਫ਼ਿਰਾਤੋਂਨ ਸ਼ਹਿਰ ਦਾ ਸੀ। 14 ਅਬਦੋਨ ਦੇ 40 ਪੁੱਤਰ ਅਤੇ 30 ਪੋਤਰੇ ਸਨ। ਉਹ 70 ਖੋਤਿਆਂ ਦੀ ਸਵਾਰੀ ਕਰਦੇ ਸਨ। ਅਬਦੋਨ ਇਸਰਾਏਲ ਦੇ ਲੋਕਾਂ ਦਾ ਅੱਠ ਸਾਲ ਨਿਆਂਕਾਰ ਰਿਹਾ। 15 ਫ਼ੇਰ ਹਿੱਲੇਲ ਦਾ ਪੁੱਤਰ ਅਬਦੋਨ ਮਰ ਗਿਆ। ਉਸ ਨੂੰ ਫ਼ਿਰਾਤੋਂਨ ਸ਼ਹਿਰ ਵਿੱਚ ਦਫ਼ਨਾਇਆ ਗਿਆ। ਫ਼ਿਰਾਤੋਂਨ ਇਫ਼ਰਾਈਮ ਦੀ ਧਰਤੀ ਉੱਤੇ ਹੈ। ਇਹ ਉਸ ਪਹਾੜੀ ਪ੍ਰਦੇਸ਼ ਵਿੱਚ ਹੈ ਜਿੱਥੇ ਅਮਾਲੇਕੀ ਲੋਕ ਰਹਿੰਦੇ ਸਨ।