ਸਮਸੂਨ ਦਾ ਵਿਆਹ
14
ਸਮਸੂਨ ਤਿਮਨਾਯ ਸ਼ਹਿਰ ਵਿੱਚ ਗਿਆ। ਉੱਥੇ ਉਸ ਨੂੰ ਇੱਕ ਨੌਜਵਾਨ ਫ਼ਲਿਸਤੀ ਔਰਤ ਮਿਲੀ। ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਆਖਿਆ, “ਮੈਂ ਤਿਮਨਾਯ ਵਿਖੇ ਇੱਕ ਫ਼ਲਿਸਤੀ ਔਰਤ ਵੇਖੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਨੂੰ ਮੇਰੇ ਲਈ ਲੈ ਆਓ। ਮੈਂ ਉਸ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ।”
ਉਸ ਦੇ ਮਾਤਾ ਪਿਤਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕਾਂ ਵਿੱਚ ਵੀ ਤਾਂ ਕੋਈ ਅਜਿਹੀ ਕੁੜੀ ਜ਼ਰੂਰ ਹੈ ਜਿਸ ਨਾਲ ਤੂੰ ਵਿਆਹ ਕਰ ਸੱਕਦਾ ਹੈਂ। ਕੀ ਤੇਰੇ ਲਈ ਫ਼ਲਿਸਤੀ ਕੁੜੀ ਨਾਲ ਸ਼ਾਦੀ ਕਰਨੀ ਜ਼ਰੂਰੀ ਹੈ? ਉਨ੍ਹਾਂ ਲੋਕਾਂ ਦੀ ਸੁੰਨਤ ਵੀ ਨਹੀਂ ਹੋਈ ਹੁੰਦੀ।”
ਪਰ ਸਮਸੂਨ ਨੇ ਆਖਿਆ, “ਉਸ ਕੁੜੀ ਨੂੰ ਮੇਰੇ ਲਈ ਲਿਆਓ! ਉਹ ਮੈਨੂੰ ਪ੍ਰਸੰਨ ਕਰਦੀ ਹੈ!” (ਸਮਸੂਨ ਦੇ ਮਾਪੇ ਇਹ ਨਹੀਂ ਜਾਣਦੇ ਸਨ ਕਿ ਯਹੋਵਾਹ ਚਾਹੁੰਦਾ ਸੀ ਕਿ ਅਜਿਹਾ ਵਾਪਰੇ। ਯਹੋਵਾਹ ਫ਼ਲਿਸਤੀ ਲੋਕਾਂ ਦੇ ਵਿਰੁੱਧ ਕੁਝ ਕਰਨ ਦੀ ਤਲਾਸ਼ ਵਿੱਚ ਸੀ। ਫ਼ਲਿਸਤੀ ਲੋਕ ਉਸ ਵੇਲੇ ਇਸਰਾਏਲ ਦੇ ਲੋਕਾਂ ਉੱਤੇ ਹਕੂਮਤ ਕਰ ਰਹੇ ਸਨ।)
ਸਮਸੂਨ ਆਪਣੇ ਮਾਤਾ ਪਿਤਾ ਨਾਲ ਤਿਮਨਾਯ ਸ਼ਹਿਰ ਨੂੰ ਗਿਆ। ਉਹ ਉੱਥੋਂ ਤੀਕ ਗਏ ਜਿੱਥੇ ਸ਼ਹਿਰ ਦੇ ਨੇੜੇ ਅੰਗੂਰਾਂ ਦੇ ਖੇਤ ਸਨ। ਉਸੇ ਥਾਂ ਉੱਤੇ ਇੱਕ ਜਵਾਨ ਸ਼ੇਰ ਅਚਾਨਕ ਦਹਾੜਿਆ ਅਤੇ ਸਮਸੂਨ ਉੱਤੇ ਕੁੱਦ ਪਿਆ! ਯਹੋਵਾਹ ਦਾ ਆਤਮਾ ਵੱਡੀ ਤਾਕਤ ਨਾਲ ਸਮਸੂਨ ਵਿੱਚ ਆ ਗਈ। ਉਸ ਨੇ ਆਪਣੇ ਨੰਗੇ ਹੱਥਾਂ ਨਾਲ ਸ਼ੇਰ ਨੂੰ ਚੀਰ ਸੁੱਟਿਆ। ਇਹ ਉਸ ਨੂੰ ਬਹੁਤ ਆਸਾਨ ਲੱਗਿਆ। ਇਹ ਇੰਨਾ ਹੀ ਆਸਾਨ ਸੀ ਜਿੰਨਾ ਕਿਸੇ ਬੱਕਰੇ ਨੂੰ ਚੀਰ ਸੁੱਟਣਾ। ਪਰ ਸਮਸੂਨ ਨੇ ਆਪਣੇ ਮਾਤਾ ਪਿਤਾ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਕੀ ਕੀਤਾ ਸੀ।
ਇਸ ਲਈ ਸਮਸੂਨ ਸ਼ਹਿਰ ਵਿੱਚ ਗਿਆ ਅਤੇ ਫ਼ਲਿਸਤੀ ਕੁੜੀ ਨਾਲ ਗੱਲ ਕੀਤੀ ਅਤੇ ਉਹ ਉਸ ਨਾਲ ਪ੍ਰਸੰਨ ਸੀ। ਕਈ ਦਿਨਾਂ ਮਗਰੋਂ ਸਮਸੂਨ ਫ਼ਲਿਸਤੀ ਔਰਤ ਨਾਲ ਸ਼ਾਦੀ ਕਰਨ ਲਈ ਵਾਪਸ ਆ ਗਿਆ। ਆਉਂਦਿਆਂ ਹੋਇਆਂ ਰਸਤੇ ਵਿੱਚ ਉਹ ਮਰੇ ਹੋਏ ਸ਼ੇਰ ਨੂੰ ਵੇਖਣ ਲਈ ਗਿਆ। ਉਸ ਨੇ ਸ਼ੇਰ ਦੀ ਲਾਸ਼ ਵਿੱਚ ਮਧੂ ਮੱਖੀਆਂ ਦਾ ਝੁੰਡ ਦੇਖਿਆ। ਉਨ੍ਹਾਂ ਨੇ ਕੁਝ ਸ਼ਹਿਦ ਬਣਾ ਲਿਆ ਸੀ। ਸਮਸੂਨ ਨੇ ਕੁਝ ਸ਼ਹਿਦ ਹੱਥਾਂ ਨਾਲ ਕੱਢ ਲਿਆ। ਉਹ ਸ਼ਹਿਦ ਖਾਂਦੇ ਹੋਏ ਤੁਰਨ ਲੱਗਾ। ਜਦੋਂ ਉਹ ਆਪਣੇ ਮਾਪਿਆਂ ਕੋਲ ਆਇਆ ਤਾਂ ਉਨ੍ਹਾਂ ਨੂੰ ਕੁਝ ਸ਼ਹਿਦ ਦਿੱਤਾ। ਉਨ੍ਹਾਂ ਨੇ ਵੀ ਉਹ ਖਾ ਲਿਆ। ਪਰ ਸਮਸੂਨ ਨੇ ਆਪਣੇ ਮਾਪਿਆਂ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਸ਼ਹਿਦ ਮੁਰਦਾ ਸ਼ੇਰ ਦੀ ਲਾਸ਼ ਤੋਂ ਲਿਆਂਦਾ ਸੀ।
10 ਸਮਸੂਨ ਦਾ ਪਿਤਾ ਫ਼ਲਿਸਤੀ ਕੁੜੀ ਨੂੰ ਦੇਖਣ ਲਈ ਗਿਆ। ਰਿਵਾਜ਼ ਇਹ ਸੀ ਕਿ ਦੂਲ੍ਹਾ ਦਾਵਤ ਦੇਵੇ। ਇਸ ਲਈ ਸਮਸੂਨ ਨੇ ਦਾਵਤ ਦਿੱਤੀ। 11 ਜਦੋਂ ਫ਼ਲਿਸਤੀ ਲੋਕਾਂ ਨੇ ਦੇਖਿਆ ਕਿ ਉਹ ਦਾਵਤ ਦੇ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਵਿੱਚ ਸ਼ਾਮਿਲ ਹੋਣ ਲਈ 30 ਆਦਮੀ ਭੇਜੇ।
12 ਸਮਸੂਨ ਨੇ 30 ਆਦਮੀਆਂ ਨੂੰ ਆਖਿਆ, “ਮੈਂ ਤੁਹਾਨੂੰ ਇੱਕ ਕਹਾਣੀ ਸੁਨਾਉਣਾ ਚਾਹੁੰਦਾ ਹਾਂ। ਇਹ ਦਾਵਤ ਸੱਤ ਦਿਨ ਚੱਲੇਗੀ। ਉਸ ਸਮੇਂ ਦੌਰਾਨ ਜਵਾਬ ਲੱਭਣ ਦੀ ਕੋਸ਼ਿਸ਼ ਕਰਨਾ। ਜੇ ਤੁਸੀਂ ਉਸ ਸਮੇਂ ਦੇ ਅੰਦਰ ਬੁਝਾਰਤ ਬੁੱਝ ਲਈ ਤਾਂ ਮੈਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਦੇਵਾਂਗਾ। 13 ਪਰ ਜੇ ਤੁਸੀਂ ਬੁਝਾਰਤ ਨਾ ਬੁਝ ਸੱਕੇ ਤਾਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਮੈਨੂੰ ਦੇਣੇ ਪੈਣਗੇ।” ਇਸ ਲਈ 30 ਆਦਮੀਆਂ ਨੇ ਆਖਿਆ, “ਆਪਣੀ ਬੁਝਾਰਤ ਦੱਸੋ ਅਸੀਂ ਸੁਣਨਾ ਚਾਹੁੰਦੇ ਹਾਂ।”
14 ਸਮਸੂਨ ਨੇ ਉਨ੍ਹਾਂ ਨੂੰ ਇਹ ਬੁਝਾਰਤ ਪਾਈ:
“ਖਾਣ ਵਾਲੇ ਵਿੱਚੋਂ ਕੁਝ ਚੀਜ਼ ਖਾਣ ਵਾਲੀ ਆਈ।
ਤਾਕਤਵਰ ਵਿੱਚ ਆਈ ਮਿੱਠੀ ਜਿਹੀ ਚੀਜ਼।”
30 ਆਦਮੀਆਂ ਨੇ ਤਿੰਨ ਦਿਨ ਤੱਕ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭ ਨਹੀਂ ਸੱਕੇ।
15 ਚੌਥੇ ਦਿਨ, ਆਦਮੀ ਸਮਸੂਨ ਦੀ ਪਤਨੀ ਕੋਲ ਆਏ। ਉਨ੍ਹਾਂ ਆਖਿਆ, “ਕੀ ਤੂੰ ਸਾਨੂੰ ਇੱਥੇ ਸਿਰਫ਼ ਗਰੀਬ ਬਨਾਉਣਾ ਲਈ ਸੱਦਾ ਭੇਜਿਆ ਸੀ? ਤੈਨੂੰ ਇਸ ਬੁਝਾਰਤ ਦਾ ਜਵਾਬ ਹਾਸਿਲ ਕਰਨ ਲਈ ਆਪਨੇ ਪਤੀ ਨਾਲ ਛਲ ਕਰਨਾ ਚਾਹੀਦਾ। ਜੇ ਤੂੰ ਸਾਡੇ ਲਈ ਇਸ ਬੁਝਾਰਤ ਦਾ ਜਵਾਬ ਨਹੀਂ ਕੱਢਾਵੇਂਗੀ ਤਾਂ ਅਸੀਂ ਤੈਨੂੰ ਅਤੇ ਤੇਰੇ ਸਾਰੇ ਪਰਿਵਾਰ ਨੂੰ ਸਾੜਕੇ ਮਾਰ ਦਿਆਂਗੇ।”
16 ਇਸ ਲਈ ਸਮਸੂਨ ਦੀ ਪਤਨੀ ਉਸ ਕੋਲ ਗਈ ਅਤੇ ਰੋਣ ਲੱਗ ਪਈ। ਉਸ ਨੇ ਆਖਿਆ, “ਤੂੰ ਮੈਨੂੰ ਨਫ਼ਰਤ ਕਰਦਾ ਹੈਂ, ਤੂੰ ਸੱਚਮੁੱਚ ਮੈਨੂੰ ਪਿਆਰ ਨਹੀਂ ਕਰਦਾ! ਤੂੰ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਪਾਈ ਹੈ ਅਤੇ ਤੂੰ ਮੈਨੂੰ ਇਸਦਾ ਜਵਾਬ ਵੀ ਨਹੀਂ ਦੱਸਦਾ।”
ਉਸ ਨੇ ਉਸ ਨੂੰ ਜਵਾਬ ਦਿੱਤਾ, “ਵੇਖ, ਮੈਂ ਆਪਣੇ ਪਿਉ ਅਤੇ ਮਾਂ ਨੂੰ ਵੀ ਨਹੀਂ ਦੱਸਿਆ ਫ਼ੇਰ ਮੈਂ ਤੈਨੂੰ ਕਿਉਂ ਦੱਸਾਂ?”
17 ਸਮਸੂਨ ਦੀ ਪਤਨੀ ਦਾਵਤ ਦੇ ਰਹਿੰਦੇ ਸੱਤ ਦਿਨਾਂ ਤੱਕ ਰੋਂਦੀ ਰਹੀ। ਇਸ ਲਈ ਆਖਰਕਾਰ ਉਸ ਨੇ ਸੱਤਵੇਂ ਦਿਨ ਬੁਝਾਰਤ ਦਾ ਉੱਤਰ ਦੇ ਦਿੱਤਾ। ਉਸ ਨੇ ਉਸ ਨੂੰ ਇਸ ਲਈ ਦੱਸ ਦਿੱਤਾ ਕਿਉਂਕਿ ਉਹ ਉਸ ਨੂੰ ਪਰੇਸ਼ਾਨ ਕਰਦੀ ਰਹੀ ਸੀ। ਫ਼ੇਰ ਉਹ ਆਪਣੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੂੰ ਬੁਝਾਰਤ ਦਾ ਜਵਾਬ ਦੱਸ ਦਿੱਤਾ।
18 ਇਸ ਲਈ ਸੱਤਵੇਂ ਦਿਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫ਼ਲਿਸਤੀ ਆਦਮੀਆਂ ਕੋਲ ਉੱਤਰ ਸੀ। ਉਹ ਸਮਸੂਨ ਕੋਲ ਆਏ ਅਤੇ ਆਖਿਆ,
“ਸ਼ਹਿਦ ਨਾਲੋਂ ਮਿਠਾ ਕੀ ਹੈ?
ਸ਼ੇਰ ਨਾਲੋ ਤਕੜਾ ਕੌਣ ਹੈ?”
ਤਾਂ ਸਮਸੂਨ ਨੇ ਉਨ੍ਹਾਂ ਨੂੰ ਆਖਿਆ,
“ਜੇ ਤੁਸੀਂ ਮੇਰੀ ਗਾਂ ਨਾਲ ਹੱਲ ਨਾ ਵਾਹਿਆ
ਹੁੰਦਾ ਤੁਸੀਂ ਮੇਰੀ ਬੁਝਾਰਤ ਨਹੀਂ ਸੀ ਬੁੱਝ ਸੱਕਦੇ!”
19 ਫ਼ੇਰ ਯਹੋਵਾਹ ਆਤਮਾ ਸਮਸੂਨ ਵਿੱਚ ਬੜੀ ਤਾਕਤ ਨਾਲ ਆਇਆ ਅਤੇ ਉਹ ਅਸ਼ਕਲੋਨ ਨਗਰ ਵਿੱਚ ਚੱਲਾ ਗਿਆ ਅਤੇ ਜਾਕੇ 30 ਫ਼ਲਿਸਤੀਆਂ ਨੂੰ ਮਾਰ ਦਿੱਤਾ। ਫ਼ੇਰ ਉਸ ਨੇ ਲਾਸ਼ਾਂ ਤੋਂ ਕੱਪੜੇ ਅਤੇ ਹੋਰ ਸਾਮਾਨ ਉਤਾਰ ਲਿਆ। ਅਤੇ ਇਨ੍ਹਾਂ ਨੂੰ ਵਾਪਸ ਲਿਆਕੇ ਉਨ੍ਹਾਂ ਲੋਕਾਂ ਨੂੰ ਦੇ ਦਿੱਤੇ ਜਿਨ੍ਹਾਂ ਨੇ ਬੁਝਾਰਤ ਬੁੱਝੀ ਸੀ। ਉਹ ਬਹੁਤ ਨਾਰਾਜ਼ ਸੀ ਇਸ ਲਈ ਉਹ ਆਪਨੇ ਪਿਤਾ ਦੇ ਘਰ ਗਿਆ। 20 ਤਾਂ ਸਮਸੂਨ ਦੀ ਪਤਨੀ ਉਸ ਦੇ ਦੋਸਤ ਦੀ ਪਤਨੀ ਬਣ ਗਈ, ਜੋ ਉਸਦਾ ਸਭ ਤੋਂ ਚੰਗਾ ਆਦਮੀ ਸੀ।