ਖੁਦਗਰਜ਼ ਅਮੀਰ ਲੋਕਾਂ ਨੂੰ ਸਜ਼ਾ ਮਿਲੇਗੀ
5
ਅਮੀਰ ਲੋਕੋ ਤੁਸੀਂ ਸੁਣੋ। ਚੀਕੋ ਅਤੇ ਦਰਦ ਵਿੱਚ ਕੁਰਲਾਓ ਕਿਉਂਕਿ ਵੱਡੀਆਂ ਮੁਸ਼ਕਿਲਾਂ ਤੁਹਾਡੇ ਤੇ ਆ ਰਹੀਆਂ ਹਨ। ਤੁਹਾਡੀ ਦੌਲਤ ਗਲ ਜਾਵੇਗੀ ਅਤੇ ਬੇਕਾਰ ਹੋ ਜਾਵੇਗੀ। ਤੁਹਾਡੇ ਕੱਪੜੇ ਕੀੜਿਆਂ ਦੁਆਰਾ ਖਾਧੇ ਜਾਣਗੇ। ਤੁਹਾਡੇ ਸੋਨੇ ਚਾਂਦੀ ਨੂੰ ਜੰਗ ਲੱਗ ਜਾਵੇਗਾ, ਅਤੇ ਉਹ ਜੰਗ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੁਸੀਂ ਗਲਤ ਸੀ। ਉਹ ਜੰਗ ਤੁਹਾਡੇ ਸਰੀਰਾਂ ਨੂੰ ਅੱਗ ਵਾਂਗ ਖਾ ਜਾਵੇਗਾ। ਆਖਰੀ ਦਿਨਾਂ ਲਈ ਤੁਸੀਂ ਆਪਣਾ ਖਜ਼ਾਨਾ ਬਚਾਕੇ ਰੱਖਿਆ। ਲੋਕਾਂ ਨੇ ਤੁਹਾਡੇ ਖੇਤਾਂ ਵਿੱਚ ਕੰਮ ਕੀਤਾ, ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਮਜ਼ਦੂਰੀ ਨਹੀਂ ਦਿੱਤੀ। ਉਹ ਲੋਕ ਦੁਹਾਈ ਦੇ ਰਹੇ ਸਨ। ਉਨ੍ਹਾਂ ਨੇ ਤੁਹਾਡੀ ਫ਼ਸਲ ਵੱਢ ਲਈ। ਹੁਣ ਸਵਰਗੀ ਫ਼ੌਜਾਂ ਦੇ ਪ੍ਰਭੂ ਨੇ ਉਨ੍ਹਾਂ ਦੀ ਦੁਹਾਈ ਸੁਣ ਲਈ ਹੈ।
ਤੁਹਾਡਾ ਧਰਤੀ ਉੱਪਰਲਾ ਜੀਵਨ ਭਰਪੂਰ ਅਮੀਰੀ ਵਾਲਾ ਸੀ। ਤੁਸੀਂ ਇੱਕ ਬੇਕਾਰ ਜ਼ਿੰਦਗੀ ਜਿਉਂਏ। ਤੁਸੀਂ ਆਪਣੇ ਆਪ ਨੂੰ ਮੋਟਾ ਤਾਜਾ ਕਰ ਲਿਆ, ਉਸ ਜਾਨਵਰ ਵਾਂਗ, ਜਿਹੜਾ ਬਲੀ ਲਈ ਤਿਆਰ ਹੁੰਦਾ ਹੈ। ਤੁਸੀਂ ਚੰਗੇ ਲੋਕਾਂ ਉੱਪਰ ਕੋਈ ਮਿਹਰ ਨਹੀਂ ਦਿਖਾਈ। ਉਹ ਤੁਹਾਡਾ ਵਿਰੋਧ ਨਹੀਂ ਕਰ ਰਹੇ ਸਨ, ਫ਼ੇਰ ਵੀ ਤੁਸੀਂ ਉਨ੍ਹਾਂ ਨੂੰ ਮਾਰ ਦਿੱਤਾ।
ਸਬਰ ਵਾਲੇ ਬਣੋ
ਭਰਾਵੋ ਅਤੇ ਭੈਣੋ ਸਬਰ ਵਾਲੇ ਬਣੋ; ਪ੍ਰਭੂ ਆਵੇਗਾ। ਇਸ ਲਈ ਉਸ ਸਮੇਂ ਤੱਕ ਸਬਰ ਕਰੋ। ਕਿਸਾਨ ਸਬਰ ਵਾਲੇ ਹਨ। ਕਿਸਾਨ ਆਪਣੀ ਮੁੱਲਵਾਨ ਫ਼ਸਲ ਦਾ ਭੋਂ ਵਿੱਚੋਂ ਉੱਗਣ ਦਾ ਇੰਤਜ਼ਾਰ ਕਰਦਾ ਹੈ। ਕਿਸਾਨ ਸਬਰ ਨਾਲ ਆਪਣੀ ਫ਼ਸਲ ਉੱਤੇ ਪਹਿਲਾ ਅਤੇ ਆਖਰੀ ਮੀਂਹ ਪੈਣ ਦੀ ਉਡੀਕ ਕਰਦਾ ਹੈ। ਤੁਹਾਨੂੰ ਵੀ ਜ਼ਰੂਰ ਸਬਰ ਕਰਨਾ ਚਾਹੀਦਾ ਹੈ। ਉਮੀਦ ਨਾ ਛੱਡੋ। ਪ੍ਰਭੂ ਛੇਤੀ ਹੀ ਆ ਰਿਹਾ ਹੈ। ਭਰਾਵੋ ਅਤੇ ਭੈਣੋ ਇੱਕ ਦੂਸਰੇ ਦੇ ਖਿਲਾਫ਼ ਸ਼ਿਕਾਇਤਾਂ ਨਾ ਕਰੋ। ਜੇ ਤੁਸੀਂ ਸ਼ਿਕਵੇ ਸ਼ਿਕਾਇਤਾਂ ਨਹੀਂ ਛੱਡੋਂਗੇ ਤਾਂ ਤੁਹਾਨੂੰ ਦੋਸ਼ੀ ਠਹਿਰਾਇਆ ਜਾਵੇਗਾ। ਅਤੇ ਮੁਨਸਫ਼ ਛੇਤੀ ਹੀ ਆਉਣ ਵਾਲਾ ਹੈ।
10 ਭਰਾਵੋ ਅਤੇ ਭੈਣੋ, ਉਨ੍ਹਾਂ ਨਬੀਆਂ ਦੇ ਰਾਹ ਤੇ ਚੱਲੋ ਜਿਹੜੇ ਪ੍ਰਭੂ ਦੇ ਨਾਮ ਵਿੱਚ ਬੋਲੇ ਹਨ। ਉਨ੍ਹਾਂ ਨੇ ਬਹੁਤ ਦੁੱਖ ਝੱਲੇ ਪਰ ਉਹ ਬਹੁਤ ਸਬਰ ਵਾਲੇ ਸਨ। 11 ਅਸੀਂ ਆਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਨੂੰ ਸਬਰ ਨਾਲ ਬਰਦਾਸ਼ਤ ਕੀਤਾ ਹੁਣ ਬਹੁਤ ਪ੍ਰਸੰਨ ਹਨ। ਤੁਸੀਂ ਅਯੂਬ ਦੇ ਸਬਰ ਦੇ ਬਾਰੇ ਸੁਣਿਆ ਹੋਵੇਗਾ। ਤੁਸੀਂ ਜਾਣਦੇ ਹੋ ਕਿ ਅਯੂਬ ਦੀਆਂ ਸਾਰੀਆਂ ਮੁਸ਼ਕਿਲਾਂ ਤੋਂ ਬਾਦ ਪਰਮੇਸ਼ੁਰ ਨੇ ਉਸਦੀ ਸਹਾਇਤਾ ਕੀਤੀ। ਇਸਤੋਂ ਪਤਾ ਚਲਦਾ ਹੈ ਕਿ ਪ੍ਰਭੂ ਦਯਾ ਨਾਲ ਭਰਪੂਰ ਹੈ ਅਤੇ ਮਿਹਰਬਾਨ ਹੈ।
ਆਪਣੇ ਕਥਨ ਬਾਰੇ ਸਾਵੱਧਾਨ ਰਹੋ
12 ਮੇਰੇ ਭਰਾਵੋ ਅਤੇ ਭੈਣੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੋਈ ਵਾਅਦਾ ਕਰੋ ਤਾਂ ਸੌਂਹ ਨਾ ਖਾਓ। ਸਵਰਗ, ਧਰਤੀ ਜਾਂ ਕਿਸੇ ਹੋਰ ਚੀਜ਼ ਦਾ ਨਾਮ ਆਪਣੇ ਬੋਲਾਂ ਨੂੰ ਤਸਦੀਕ ਕਰਨ ਲਈ ਨਾ ਵਰਤੋ। ਜਦੋਂ ਤੁਹਾਡਾ ਭਾਵ “ਹਾਂ” ਹੋਵੇ ਤੁਹਾਨੂੰ ਸਿਰਫ਼ “ਹਾਂ” ਆਖਣੀ ਚਾਹੀਦੀ ਹੈ। ਜਦੋਂ ਤੁਹਾਡਾ ਭਾਵ “ਨਾਹ” ਹੋਵੇ ਤਾਂ ਤੁਸੀਂ ਸਿਰਫ਼ “ਨਾਹ” ਆਖੋ। ਅਜਿਹਾ ਹੀ ਕਰੋ ਤਾਂ ਜੋ ਤੁਹਾਨੂੰ ਦੋਸ਼ੀ ਨਾ ਠਹਿਰਾਇਆ ਜਾਵੇ।
ਪ੍ਰਾਰਥਨਾ ਦੀ ਸ਼ਕਤੀ
13 ਜੇ ਤੁਹਾਡੇ ਵਿੱਚੋਂ ਕੋਈ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਤੁਹਾਡੇ ਵਿੱਚੋਂ ਕੋਈ ਖੁਸ਼ ਹੈ ਤਾਂ ਉਸ ਨੂੰ ਗਾਉਣਾ ਚਾਹੀਦਾ ਹੈ। 14 ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ ਤਾਂ ਉਸ ਨੂੰ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਉਣਾ ਚਾਹੀਦਾ ਹੈ। ਅਤੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਭੂ ਦੇ ਨਾਮ ਤੇ ਉਸ ਉੱਪਰ ਤੇਲ ਮਲਣ ਅਤੇ ਉਸ ਲਈ ਪ੍ਰਾਰਥਨਾ ਕਰਨ। 15 ਅਤੇ ਜੇਕਰ ਉਹ ਪ੍ਰਾਰਥਨਾ ਵਿਸ਼ਵਾਸ ਵਿੱਚ ਆਖੀ ਗਈ ਹੈ, ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਚੰਗਾ ਕਰੇਗਾ। ਅਤੇ ਜੇ ਉਸ ਵਿਅਕਤੀ ਨੇ ਪਾਪ ਕੀਤਾ ਹੈ ਤਾਂ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦੇਵੇਗਾ।
16 ਹਮੇਸ਼ਾ ਇੱਕ ਦੂਸਰੇ ਨੂੰ ਉਨ੍ਹਾਂ ਗਲਤ ਗੱਲਾਂ ਬਾਰੇ ਦੱਸੋ ਜਿਹੜੀਆਂ ਤੁਹਾਡੇ ਪਾਸੋਂ ਹੋਈਆਂ ਹਨ। ਫ਼ੇਰ ਇੱਕ ਦੂਸਰੇ ਲਈ ਪ੍ਰਾਰਥਨਾ ਕਰੋ ਅਜਿਹਾ ਹੀ ਕਰੋ ਤਾਂ ਜੋ ਪਰਮੇਸ਼ੁਰ ਤੁਹਾਨੂੰ ਰਾਜੀ ਕਰ ਸੱਕੇ। ਜਦੋਂ ਕੋਈ ਨੇਕ ਆਦਮੀ ਨਿਹਚਾ ਨਾਲ ਪ੍ਰਾਰਥਨਾ ਕਰਦਾ ਹੈ ਤਾਂ ਮਹਾਨ ਗੱਲਾਂ ਵਾਪਰਦੀਆਂ ਹਨ। 17 ਏਲੀਯਾਹ ਸਾਡੇ ਵਰਗਾ ਹੀ ਇੱਕ ਵਿਅਕਤੀ ਸੀ। ਉਸ ਨੇ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਾਵੇ। ਅਤੇ ਸਾਢੇ ਤਿੰਨ ਵਰ੍ਹਿਆਂ ਤੱਕ ਉਸ ਧਰਤੀ ਤੇ ਮੀਂਹ ਨਹੀਂ ਪਿਆ। 18 ਫ਼ੇਰ ਏਲੀਯਾਹ ਨੇ ਪ੍ਰਾਰਥਨਾ ਕੀਤੀ ਕਿ ਮੀਂਹ ਪਵੇ। ਅਤੇ ਅਕਾਸ਼ ਤੋਂ ਵਰੱਖਾ ਹੋਣ ਲੱਗੀ ਅਤੇ ਧਰਤੀ ਤੇ ਫ਼ਸਲਾਂ ਫ਼ੇਰ ਉੱਗ ਪਈਆਂ।
ਪਾਪੀਆਂ ਨੂੰ ਪਾਪ ਤੋਂ ਵਾਪਸ ਲਿਆਓ
19 ਮੇਰੇ ਭਰਾਵੋ ਅਤੇ ਭੈਣੋ, ਤੁਹਾਡੇ ਵਿੱਚੋਂ ਕੋਈ ਸ਼ਾਇਦ ਸੱਚ ਦੇ ਰਾਹ ਤੋਂ ਭਟਕ ਜਾਵੇ। ਅਤੇ ਦੂਸਰਾ ਵਿਅਕਤੀ ਸ਼ਾਇਦ ਉਸ ਨੂੰ ਸੱਚ ਵੱਲ ਵਾਪਸ ਲਿਆਉਣ ਵਿੱਚ ਮਦਦ ਕਰੇ। 20 ਇਸ ਨੂੰ ਯਾਦ ਰੱਖਿਓ। ਕੋਈ ਵੀ ਵਿਅਕਤੀ ਜਿਹੜਾ ਕਿਸੇ ਪਾਪੀ ਨੂੰ ਗਲਤ ਰਾਹ ਤੋਂ ਮੋੜਦਾ ਹੈ, ਉਹ ਉਸ ਪਾਪੀ ਨੂੰ ਮੌਤ ਤੋਂ ਬਚਾਉਂਦਾ ਹੈ। ਅਜਿਹਾ ਕਰਕੇ, ਉਹ ਵਿਅਕਤੀ ਆਪਣੇ ਬਹੁਤ ਸਾਰੇ ਪਾਪਾਂ ਦੀ ਮੁਆਫ਼ੀ ਦਾ ਕਾਰਣ ਬਣੇਗਾ।