ਮੰਦੇ ਪਾਤਸ਼ਾਹਾਂ ਵਿਰੁੱਧ ਨਿਆਂ
22
ਯਹੋਵਾਹ ਨੇ ਆਖਿਆ, “ਯਿਰਮਿਯਾਹ, ਰਾਜੇ ਦੇ ਮਹੱਲ ਵਿੱਚ ਜਾਹ। ਯਹੂਦਾਹ ਦੇ ਰਾਜੇ ਕੋਲ ਜਾਹ ਅਤੇ ਇਸ ਸੰਦੇਸ਼ ਦਾ ਓਥੇ ਪ੍ਰਚਾਰ ਕਰ: ‘ਯਹੂਦਾਹ ਦੇ ਰਾਜੇ, ਯਹੋਵਾਹ ਦੇ ਸੰਦੇਸ਼ ਨੂੰ ਸੁਣ। ਤੂੰ ਦਾਊਦ ਦੇ ਤਖਤ ਤੋਂ ਰਾਜ ਕਰਦਾ ਹੈਂ, ਇਸ ਲਈ ਸੁਣ। ਹੇ ਰਾਜੇ, ਤੈਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਤੁਸੀਂ ਸਾਰੇ ਲੋਕ ਜਿਹੜੇ ਯਰੂਸ਼ਲਮ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਚਾਹੀਦਾ ਹੈ। ਯਹੋਵਾਹ ਆਖਦਾ ਹੈ: ਓਹੀ ਗੱਲਾਂ ਕਰੋ ਜਿਹੜੀਆਂ ਨਿਰਪੱਖ ਅਤੇ ਸਹੀ ਹਨ। ਉਸ ਬੰਦੇ ਨੂੰ ਲੁਟੇਰੇ ਕੋਲੋਂ ਬਚਾਓ ਜਿਹੜਾ ਲੁਟੇਰੇ ਪਾਸੋਂ ਲੁੱਟਿਆ ਗਿਆ ਹੈ। ਯਤੀਮਾਂ ਅਤੇ ਵਿਧਵਾਵਾਂ ਨੂੰ ਦੁੱਖ ਨਾ ਦਿਓ ਅਤੇ ਨਾ ਕੋਈ ਗ਼ਲਤ ਗੱਲ ਕਰੋ ਉਨ੍ਹਾਂ ਨਾਲ। ਮਾਸੂਮ ਲੋਕਾਂ ਦਾ ਕਤਲ ਨਾ ਕਰੋ। ਜੇ ਤੁਸੀਂ ਇਨ੍ਹਾਂ ਆਦੇਸ਼ਾਂ ਦਾ ਪਾਲਣ ਕਰੋਗੇ ਤਾਂ ਅਜਿਹਾ ਵਾਪਰੇਗਾ: ਦਾਊਦ ਦੇ ਉਤਰਾਧਿਕਾਰੀ ਜਿਹੜੇ ਉਸ ਦੇ ਤਖਤ ਉੱਤੇ ਬੈਠੇ ਹਨ, ਇਹ ਮਹਿਲ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਰਹਿਣਗੇ। ਉਹ ਰਾਜੇ ਆਪਣੇ ਅਧਿਕਾਰੀ ਸੰਗ ਦਰਵਾਜ਼ਿਆਂ ਵਿੱਚੋਂ ਆਉਣਗੇ। ਉਹ ਰਾਜੇ, ਉਨ੍ਹਾਂ ਦੇ ਅਧਿਕਾਰੀ, ਅਤੇ ਉਨ੍ਹਾਂ ਦੇ ਬੰਦੇ ਰਬਾਂ ਅਤੇ ਘੋੜਿਆਂ ਤੇ ਸਵਾਰ ਹੋਕੇ ਲੰਘਣਗੇ। ਪਰ ਜੇ ਤੁਸੀਂ ਇਨ੍ਹਾਂ ਆਦੇਸ਼ਾਂ ਨੂੰ ਨਹੀਂ ਮੰਨੋਗੇ, ਤਾਂ ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ, ਯਹੋਵਾਹ ਇਕਰਾਰ ਕਰਦਾ ਹਾਂ ਕਿ ਰਾਜੇ ਦਾ ਇਹ ਮਹਿਲ ਤਬਾਹ ਹੋ ਜਾਵੇਗਾ-ਇਹ ਮਲਵੇ ਦਾ ਢੇਰ ਬਣ ਜਾਵੇਗਾ।’”
ਇਹੀ ਹੈ ਜੋ ਯਹੋਵਾਹ ਉਸ ਮਹੱਲ ਬਾਰੇ ਆਖਦਾ ਹੈ ਜਿੱਥੇ ਯਹੂਦਾਹ ਦਾ ਰਾਜਾ ਰਹਿੰਦਾ ਹੈ:
“ਇਹ ਮਹਿਲ ਮੇਰੇ ਵਾਸਤੇ ਗਿਲਆਦ ਦੇ ਜੰਗਲਾਂ
ਅਤੇ ਲਬਾਨੋਨ ਦੇ ਪਰਬਤਾਂ ਵਾਂਗ ਇੱਕ ਖੂਬਸੂਰਤ ਖਜ਼ਾਨਾ ਹੈ।
ਪਰ ਮੈਂ ਇਸ ਨੂੰ ਮਾਰੂਬਲ ਵਰਗਾ ਬਣਾ ਦਿਆਂਗਾ।
ਇਹ ਮਹਿਲ ਉਸ ਸ਼ਹਿਰ ਵਾਂਗ ਸੱਖਣਾ ਹੋਵੇਗਾ, ਜਿੱਥੇ ਕੋਈ ਨਹੀਂ ਰਹਿੰਦਾ।
ਮੈਂ ਮਹਿਲ ਨੂੰ ਤਬਾਹ ਕਰਨ ਲਈ ਬੰਦੇ ਭੇਜਾਂਗਾ।
ਹਰ ਬੰਦੇ ਲੋਕ ਹਬਿਆਰ ਹੋਣਗੇ ਜਿਨ੍ਹਾਂ ਦਾ ਇਸਤੇਮਾਲ ਉਹ ਉਸ ਘਰ ਨੂੰ ਢਾਹੁਣ ਲਈ ਕਰੇਗਾ।
ਉਹ ਲੋਕ ਤੁਹਾਡੇ ਮਜ਼ਬੂਤ ਅਤੇ ਸੁੰਦਰ ਦਿਓਦਾਰ ਦੇ ਸ਼ਤੀਰਾਂ ਨੂੰ ਕੱਟ ਦੇਣਗੇ।
ਉਹ ਲੋਕ ਉਨ੍ਹਾਂ ਸ਼ਤੀਰਾਂ ਨੂੰ ਅੱਗ ਅੰਦਰ ਸੁੱਟ ਦੇਣਗੇ।
“ਬਹੁਤ ਸਾਰੀਆਂ ਕੌਮਾਂ ਦੇ ਲੋਕ ਉਸ ਸ਼ਹਿਰ ਕੋਲੋਂ ਲੰਘਣਗੇ। ਉਹ ਇੱਕ ਦੂਜੇ ਨੂੰ ਪੁੱਛਣਗੇ, ‘ਯਹੋਵਾਹ ਨੇ ਯਰੂਸ਼ਲਮ ਨਾਲ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਯਰੂਸ਼ਲਮ ਕਿੰਨਾ ਮਹਾਨ ਸ਼ਹਿਰ ਸੀ।’ ਉਸ ਪ੍ਰਸ਼ਨ ਦਾ ਉੱਤਰ ਇਹ ਹੋਵੇਗਾ: ‘ਪਰਮੇਸ਼ੁਰ ਨੇ ਯਰੂਸ਼ਲਮ ਨੂੰ ਇਸ ਲਈ ਤਬਾਹ ਕੀਤਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਇਕਰਾਰਨਾਮੇ ਉੱਪਰ ਅਮਲ ਕਰਨਾ ਛੱਡ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਅਤੇ ਸੇਵਾ ਕੀਤੀ।’”
ਪਾਤਸ਼ਾਹ ਯੇਹੋਆਹਾਜ਼ ਦੇ ਵਿਰੁੱਧ ਨਿਆਂ
10 ਮਰੇ ਹੋਏ ਰਾਜੇ ਲਈ ਨਾ ਰੋਵੋ ਉਸ ਲਈ ਸੋਗ ਨਾ ਮਨਾਵੋ।
ਪਰ ਉਸ ਰਾਜੇ ਲਈ ਰੱਜ ਕੇ ਰੋਵੋ ਜਿਸ ਨੂੰ ਇਹ ਥਾਂ ਛੱਡਣੀ ਪੈਣੀ ਹੈ।
ਉਸ ਲਈ ਰੋਵੋ ਕਿਉਂ ਕਿ ਉਹ ਕਦੇ ਪਰਤ ਕੇ ਨਹੀਂ ਆਵੇਗਾ।
ਫ਼ੇਰ ਕਦੇ ਵੀ ਉਹ ਆਪਣੀ ਮਾਤਭੂਮੀ ਨਹੀਂ ਦੇਖੇਗਾ।
11 ਇਹੀ ਹੈ ਜੋ ਯਹੋਵਾਹ ਯੋਸ਼ੀਯਾਹ ਦੇ ਪੁੱਤਰ ਸ਼ੱਲੁਮ (ਯੇਹੋਆਹਾਜ਼) ਬਾਰੇ ਆਖਦਾ ਹੈ। (ਸ਼ੱਲੁਮ ਆਪਣੇ ਪਿਤਾ ਯੋਸ਼ੀਯਾਹ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ।) “ਯੋਸ਼ੀਯਾਹ ਯਰੂਸ਼ਲਮ ਤੋਂ ਦੂਰ ਚੱਲਿਆ ਗਿਆ ਹੈ। ਉਹ ਫ਼ੇਰ ਕਦੇ ਵੀ ਯਰੂਸ਼ਲਮ ਵਿੱਚ ਨਹੀਂ ਆਵੇਗਾ। 12 ਯੇਹੋਆਹਾਜ਼ ਉਸੇ ਥਾਂ ਜਾਕੇ ਮਰੇਗਾ ਜਿੱਥੇ ਮਿਸਰ ਦੇ ਲੋਕ ਉਸ ਨੂੰ ਲੈ ਕੇ ਗਏ ਹਨ। ਉਹ ਇਸ ਧਰਤੀ ਨੂੰ ਫ਼ੇਰ ਕਦੇ ਨਹੀਂ ਦੇਖੇਗਾ।”
ਪਾਤਸ਼ਾਹ ਯਹੋਯਾਕੀਮ ਦੇ ਵਿਰੁੱਧ ਨਿਆਂ
13 “ਉਸ ਰਾਜੇ ਤੇ ਲਾਹਨਤ ਜਿਹੜਾ ਅਨਿਆਂ ਨਾਲ
ਆਪਣੇ ਮਹਿਲ ਉਸਾਰਦਾ ਹੈ।
ਉਹ ਉਪਰਲੀ ਮੰਜਿਲ ਤੇ, ਜੋ ਧਰਮੀ ਨਹੀਂ ਹੈ ਕਰਕੇ ਕਮਰੇ ਬਣਾ ਰਿਹਾ ਹੈ।
ਉਹ ਆਪਣੇ ਲੋਕਾਂ ਤੋਂ, ਉਨ੍ਹਾਂ ਨੂੰ ਬਿਨਾ ਅਦਾਇਗੀ ਕੀਤਿਆਂ ਕੰਮ ਕਰਵਾ ਰਿਹਾ ਹੈ।
14 “ਯਹੋਯਾਕੀਮ ਆਖਦਾ ਹੈ,
‘ਮੈਂ ਆਪਣੇ ਲਈ ਇੱਕ ਵੱਡਾ ਮਹਿਲ ਉਸਾਰਾਂਗਾ, ਇਸ ਵਿੱਚ ਵੱਡੇ ਚੁਬਾਰੇ ਵੀ ਹੋਣਗੇ।’
ਇਸ ਲਈ ਉਸ ਨੇ ਇੱਕ ਵੱਡੀਆਂ ਬਾਰੀਆਂ ਵਾਲਾ ਮਕਾਨ ਉਸਾਰਿਆ।
ਉਸ ਨੇ ਤਖਤਿਆਂ ਲਈ ਦਿਆਰ ਦੀ ਲੱਕੜ ਇਸਤੇਮਾਲ ਕੀਤੀ ਅਤੇ ਉਸ ਉੱਤੇ ਲਾਲ ਰੰਗ ਕੀਤਾ।
15 “ਯਹੋਯਾਕੀਮ, ਆਪਣੇ ਘਰ ਵਿੱਚ ਵੱਡੀ ਮਾਤਰਾ ਵਿੱਚ
ਦਿਆਰ ਰੱਖਣ ਨਾਲ ਤੂੰ ਮਹਾਨ ਰਾਜਾ ਨਹੀਂ ਬਣਦਾ।
ਤੇਰਾ ਪਿਤਾ ਭੋਜਨ ਅਤੇ ਪਾਣੀ ਨਾਲ ਹੀ ਸੰਤੁਸ਼ਟ ਸੀ।
ਉਸ ਨੇ ਉਹੀ ਕੀਤਾ ਜੋ ਜਾਇਜ਼ ਅਤੇ ਧਰਮੀ ਸੀ।
ਇਸ ਲਈ ਉਸ ਨਾਲ ਸਭ ਕੁਝ ਠੀਕ-ਠਾਕ ਹੋਇਆ।
16 ਯੋਸ਼ੀਯਾਹ ਨੇ ਗਰੀਬਾਂ ਅਤੇ ਲੋੜਵਂਦਾਂ ਦੇ ਮੁਕੱਦਮਿਆਂ ਦਾ ਨਿਆਂ ਕੀਤਾ।
ਇਸ ਲਈ ਉਸ ਨਾਲ ਸਭ ਕੁਝ ਠੀਕ-ਠਾਕ ਹੋਇਆ।
ਇਹੀ ਹੈ ਜੋ ਲੋਕ ਕਰਦੇ ਹਨ,
ਜੇਕਰ ਉਹ ਮੈਨੂੰ ਜਾਣਦੇ ਹਨ।
17 “ਯਹੋਯਾਕੀਮ, ਤੇਰੀਆਂ ਅੱਖਾਂ ਸਿਰਫ ਓਸੇ ਚੀਜ਼ ਵੱਲ ਦੇਖਦੀਆਂ ਨੇ, ਜਿਸਤੋਂ ਤੈਨੂੰ ਲਾਭ ਹੁੰਦਾ ਹੈ।
ਤੂੰ ਹਰ ਵੇਲੇ ਆਪਣੇ ਲਈ ਹੋਰ ਵੱਧੇਰੇ ਪ੍ਰਾਪਤ ਕਰਨ ਲਈ ਸੋਚਦਾ ਹੈਂ।
ਤੂੰ ਮਸੂਮਾਂ ਨੂੰ ਕਤਲ ਕਰਨ ਲਈ ਤਿਆਰ ਹੈਂ।
ਤੂੰ ਹੋਰਨਾਂ ਲੋਕਾਂ ਦੀਆਂ ਚੀਜ਼ਾਂ ਚੋਰੀ ਕਰਨ ਲਈ ਤਿਆਰ ਹੈਂ।”
18 ਇਸ ਲਈ ਇਹੀ ਹੈ ਜੋ ਯਹੋਵਾਹ ਯੋਸ਼ੀਯਾਹ ਦੇ ਪੁੱਤਰ ਰਾਜੇ ਯਹੋਯਾਕੀਮ ਨੂੰ ਆਖਦਾ ਹੈ:
“ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ।
ਉਹ ਇੱਕ-ਦੂਜੇ ਨੂੰ ਨਹੀਂ ਆਖਣਗੇ, ‘ਹਾਏ ਮੇਰਿਆ ਭਰਾਵਾ, ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ,
ਹਾਏ ਮੇਰੀਏ ਭੈਣੇ ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ!’
ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ।
ਉਹ ਉਸ ਬਾਰੇ ਨਹੀਂ ਆਖਣਗੇ, ‘ਹਾਏ ਮਾਲਕ ਮੈਨੂੰ ਬਹੁਤ ਅਫ਼ਸੋਸ ਹੈ,
ਹਾਏ ਪਾਤਸ਼ਾਹ ਮੈਨੂੰ ਬਹੁਤ ਅਫ਼ਸੋਸ ਹੈ!’
19 ਯਰੂਸ਼ਲਮ ਦੇ ਲੋਕ ਯਹੋਯਾਕੀਮ ਨੂੰ ਦਫ਼ਨ ਕਰ ਦੇਣਗੇ, ਜਿਵੇਂ ਉਹ ਕਿਸੇ ਖੋਤੇ ਨੂੰ ਦਫ਼ਨ ਕਰਦੇ ਨੇ।
ਉਹ ਉਸਦੀ ਲਾਸ਼ ਨੂੰ ਧੂਹ ਕੇ ਲੈ ਜਾਣਗੇ।
ਅਤੇ ਉਹ ਉਸਦੀ ਲਾਸ਼ ਨੂੰ ਯਰੂਸ਼ਲਮ ਦੇ ਦਰਾਂ ਤੋਂ ਬਾਹਰ ਸੁੱਟ ਦੇਣਗੇ।
20 “ਯਹੂਦਾਹ, ਲਬਾਨੋਨ ਦੇ ਪਰਬਤਾਂ ਤੇ ਜਾਹ, ਅਤੇ ਰੋ।
ਆਪਣੀ ਅਵਾਜ਼ ਨੂੰ ਬਾਸ਼ਾਨ ਦੇ ਪਰਬਤਾਂ ਅੰਦਰ ਸੁਣਨ ਦੇ।
ਅਬਾਰੀਮ ਦੇ ਪਰਬਤਾਂ ਵਿੱਚ ਜਾਕੇ ਰੋ।
ਕਿਉਂ ਕਿ ‘ਪ੍ਰੇਮੀ’ ਤੇਰੇ ਸਾਰੇ ਤਬਾਹ ਹੋ ਜਾਣਗੇ।
21 “ਯਹੂਦਾਹ, ਤੂੰ ਖੁਦ ਨੂੰ ਸੁਰੱਖਿਅਤ ਮਹਿਸੂਸ ਕੀਤਾ।
ਪਰ ਮੈਂ ਤੈਨੂੰ ਚਿਤਾਵਨੀ ਦਿੱਤੀ ਸੀ!
ਮੈਂ ਤੈਨੂੰ ਚਿਤਾਵਨ ਦਿੱਤੀ ਸੀ,
ਪਰ ਤੂੰ ਸੁਣਨ ਤੋਂ ਇਨਕਾਰ ਕੀਤਾ ਸੀ।
ਆਪਣੀ ਜਵਾਨੀ ਦੇ ਦਿਨਾਂ ਤੋਂ ਹੀ ਤੂੰ ਇਸ ਤਰ੍ਹਾਂ ਰਹੀ ਹੈਂ।
ਅਤੇ ਆਪਣੀ ਜਵਾਨੀ ਵੇਲੇ ਤੋਂ ਹੀ ਤੂੰ,
ਯਹੂਦਾਹ ਮੇਰਾ ਹੁਕਮ ਨਹੀਂ ਮੰਨਿਆ।
22 ਯਹੂਦਾਹ, ਜੋ ਸਜ਼ਾ ਮੈਂ ਤੈਨੂੰ ਦਿਆਂਗਾ, ਤੂਫ਼ਾਨੀ ਹਵਾ ਵਾਂਗ ਆਵੇਗੀ।
ਅਤੇ ਇਹ ਤੇਰੇ ਸਾਰੇ ਅਯਾਲੀਆਂ ਨੂੰ ਉਡਾ ਕੇ ਲੈ ਜਾਵੇਗੀ।
ਅਤੇ ਤੇਰੇ ਪ੍ਰੇਮੀ ਅਧੀਨ ਹੋ ਜਾਣਗੇ।
ਫ਼ੇਰ ਤੂੰ ਆਪਣੀਆਂ ਕਰਨੀਆਂ ਕਾਰਣ ਸੱਚਮੁੱਚ ਅਪਮਾਨਿਤ ਅਤੇ ਸ਼ਰਮਸਾਰ ਹੋਵੇਂਗੀ।
23 “ਰਾਜੇ, ਤੂੰ ਉੱਚੇ ਪਰਬਤਾਂ ਉੱਤੇ ਦਿਆਰ ਨਾਲ ਬਣੇ ਆਪਣੇ ਘਰਾਂ ਅੰਦਰ ਰਹਿੰਦਾ ਹੈਂ।
ਇਹ ਲਗਦਾ ਹੈ ਜਿਵੇਂ ਤੂੰ ਲੱਗਭਗ ਲਬਾਨੋਨ ਵਿੱਚ ਰਹਿੰਦਾ ਹੋਵੇਂ, ਜਿੱਥੇ ਉਹ ਲੱਕੜ ਆਈ ਸੀ।
ਤੂੰ ਸੋਚਦਾ ਹੈਂ ਕਿ ਤੂੰ ਉੱਚੇ ਪਰਬਤਾਂ ਉੱਤੇ ਆਪਣੇ ਮਕਾਨ ਅੰਦਰ ਸੁਰੱਖਿਅਤ ਹੈਂ, ਪਰ ਤੂੰ ਸੱਚਮੁੱਚ ਕੁਰਲਾਵੇਂਗਾ ਜਦੋਂ ਤੈਨੂੰ ਸਜ਼ਾ ਮਿਲੇਗੀ।
ਤੂੰ ਉਸ ਔਰਤ ਵਾਂਗ ਦੁੱਖੀ ਹੋਵੇਂਗਾ ਜਿਹੜੀ ਬਾਲਕ ਨੂੰ ਜੰਮ ਰਹੀ ਹੁੰਦੀ ਹੈ।”
ਪਾਤਸ਼ਾਹ ਯੇਹੋਇਆਚਿਨ ਦੇ ਵਿਰੁੱਧ ਨਿਆਂ
24 “ਜਿਵੇਂ ਕਿ ਸਾਖੀ ਹਾਂ ਮੈਂ”, ਯਹੋਵਾਹ ਵੱਲੋਂ ਇਹ ਸੰਦੇਸ਼ ਹੈ, “ਯੇਹੋਇਆਚਿਨ,* ਯਹੂਦਾਹ ਦੇ ਰਾਜੇ ਯੇਹੋਇਆਚਿਨ ਦੇ ਪੁੱਤਰ ਮੈਂ ਤੇਰੇ ਨਾਲ ਇਹ ਕਰਾਂਗਾ: ਭਾਵੇਂ ਤੂੰ ਹੁੰਦਾ ਸ਼ਾਹੀ ਨਿਸ਼ਾਨ ਵਾਲੀ ਅੰਗੂਠੀ ਮੇਰੇ ਸੱਜੇ ਹੱਥ ਦੀ, ਫ਼ੇਰ ਵੀ ਮੈਂ ਤੈਨੂੰ ਸੁੱਟ ਦਿੰਦਾ। 25 ਯਹੋਯਾਕੀਮ, ਸੌਂਪ ਦੇਵਾਂਗਾ ਮੈਂ ਤੈਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਅਤੇ ਬਾਬਲ ਦੇ ਲੋਕਾਂ ਨੂੰ। ਉਹੀ ਲੋਕ ਨੇ ਜਿਨ੍ਹਾਂ ਤੋਂ ਡਰਦਾ ਹੈਂ ਤੂੰ। ਉਹ ਲੋਕ ਤੈਨੂੰ ਮਾਰਨਾ ਚਾਹੁੰਦੇ ਹਨ। 26 ਮੈਂ ਤੈਨੂੰ ਅਤੇ ਤੇਰੀ ਮਾਂ ਨੂੰ ਕਿਸੇ ਅਜਿਹੇ ਦੇਸ਼ ਅੰਦਰ ਸੁੱਟ ਦਿਆਂਗਾ ਜਿੱਥੇ ਤੁਹਾਡੇ ਦੋਹਾਂ ਵਿੱਚੋਂ ਕੋਈ ਵੀ ਜੰਮਿਆ ਨਹੀਂ ਸੀ। ਤੂੰ ਅਤੇ ਤੇਰੀ ਮਾਂ ਉਸੇ ਦੇਸ਼ ਵਿੱਚ ਮਰੋਗੇ। 27 ਯੇਹੋਇਆਚਿਨ, ਤੂੰ ਆਪਣੇ ਦੇਸ਼ ਵਿੱਚ ਆਉਣਾ ਚਾਹੁੰਦਾ ਹੈ-ਪਰ ਤੈਨੂੰ ਵਾਪਸ ਆਉਣ ਦੀ ਕਦੇ ਵੀ ਇਜਾਜ਼ਤ ਨਹੀਂ ਮਿਲੇਗੀ।”
28 ਕਨਾਯਾਹ (ਯੇਹੋਇਆਚਿਨ) ਉਸ ਟੁੱਟੇ ਹੋਏ ਭਾਂਡੇ ਵਰਗਾ ਹੈ ਜਿਸ ਨੂੰ ਕਿਸੇ ਨੇ ਬਾਹਰ ਸੁੱਟ ਦਿੱਤਾ ਹੈ।
ਉਹ ਉਸ ਭਾਂਡੇ ਵਰਗਾ ਹੈ ਜਿਸ ਨੂੰ ਕੋਈ ਨਹੀਂ ਲੋੜਦਾ,
ਯੇਹੋਇਆਚਿਨ ਅਤੇ ਉਸ ਦੇ ਬੱਚਿਆਂ ਨੂੰ ਬਾਹਰ ਕਿਉਂ ਸੁੱਟਿਆ ਜਾਵੇਗਾ?
ਉਨ੍ਹਾਂ ਨੂੰ ਪਰਦੇਸਾਂ ਅੰਦਰ ਕਿਉਂ ਸੁੱਟਿਆ ਜਾਵੇਗਾ।
29 ਯਹੂਦਾਹ ਦੀਏ ਧਰਤੀਏ, ਧਰਤੀਏ, ਧਰਤੀਏ!
ਯਹੋਵਾਹ ਦੇ ਸੰਦੇਸ਼ ਨੂੰ ਸੁਣ!
30 ਯਹੋਵਾਹ ਆਖਦਾ ਹੈ, “ਯੇਹੋਇਆਚਿਨ ਬਾਰੇ ਇਸ ਨੂੰ ਲਿਖ ਲਵੋ:
‘ਉਹ ਅਜਿਹਾ ਬੰਦਾ ਹੈ, ਜਿਸਦੇ ਹੁਣ ਬੱਚੇ ਨਹੀਂ ਹਨ!
ਯੇਹੋਇਆਚਿਨ ਆਪਣੇ ਜੀਵਨ ਕਾਲ ਵਿੱਚ ਸਫ਼ਲ ਨਹੀਂ ਹੋਵੇਗਾ।
ਅਤੇ ਉਸ ਦੇ ਬੱਚਿਆਂ ਵਿੱਚੋਂ ਕੋਈ ਵੀ ਦਾਊਦ ਦੇ ਸਿੰਘਾਸਣ ਉੱਤੇ ਨਹੀਂ ਬੈਠੇਗਾ।
ਉਸ ਦੇ ਬੱਚਿਆਂ ਵਿੱਚੋਂ ਕੋਈ ਵੀ ਯਹੂਦਾਹ ਅੰਦਰ ਰਾਜ ਨਹੀਂ ਕਰੇਗਾ।’”
* 22:24 ਯੇਹੋਇਆਚਿਨ ਯੇਹੋਇਆਚਿਨ ਯਕਾਨਯਾਹ ਵੀ ਕਹਾਉਂਦਾ ਸੀ।