ਯਿਰਮਿਯਾਹ ਨੂੰ ਕੁਂਡ ਵਿੱਚ ਸੁੱਟਿਆ ਗਿਆ
38
ਕੁਝ ਸ਼ਾਹੀ ਅਧਿਕਾਰੀਆਂ ਸੁਣ ਲਿਆ ਕਿ ਯਿਰਮਿਯਾਹ ਕੀ ਪ੍ਰਚਾਰ ਕਰ ਰਿਹਾ ਸੀ। ਉਹ ਸਨ: ਮੱਤਾਨ ਦਾ ਪੁੱਤਰ ਸ਼ਫਟਯਾਹ, ਪਸ਼ਹੂਰ ਦਾ ਪੁੱਤਰ ਗਦਲਯਾਹ, ਸ਼ਲਮਯਾਹ ਦਾ ਪੁੱਤਰ ਯੂਕਲ ਅਤੇ ਮਲਕੀਯਾਹ ਦਾ ਪੁੱਤਰ ਪਸ਼ਹੂਰ। ਯਿਰਮਿਯਾਹ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇ ਰਿਹਾ ਸੀ: “ਯਹੋਵਾਹ ਇਹ ਆਖਦਾ ਹੈ: ‘ਜਿਹੜਾ ਵੀ ਯਰੂਸ਼ਲਮ ਵਿੱਚ ਠਹਿਰੇਗਾ ਉਹ ਤਲਵਾਰ ਨਾਲ ਭੁੱਖ ਨਾਲ ਜਾਂ ਭਿਆਨਕ ਬਿਮਾਰੀ ਨਾਲ ਮਰੇਗਾ। ਪਰ ਹਰ ਉਹ ਬੰਦਾ ਜਿਹੜਾ ਬਾਬਲ ਦੀ ਫ਼ੌਜ ਅੱਗੇ ਆਤਮ-ਸਮਰਪਣ ਕਰੇਗਾ ਉਹ ਜੀਵੇਗਾ। ਉਹ ਬੰਦੇ ਆਪਣੀਆਂ ਜਾਨਾਂ ਬਚਾਕੇ ਨਿਕਲ ਜਾਣਗੇ।’ ਅਤੇ ਇਹ ਹੈ ਜੋ ਯਹੋਵਾਹ ਆਖਦਾ ਹੈ: ‘ਯਰੂਸ਼ਲਮ ਦਾ ਇਹ ਸ਼ਹਿਰ ਅਵੱਸ਼ ਹੀ ਬਾਬਲ ਦੇ ਰਾਜੇ ਦੀ ਫ਼ੌਜ ਦੇ ਹਵਾਲੇ ਕੀਤਾ ਜਾਵੇਗਾ। ਉਹ ਇਸ ਸ਼ਹਿਰ ਉੱਤੇ ਕਬਜ਼ਾ ਕਰੇਗਾ।’”
ਫ਼ੇਰ ਉਹ ਸ਼ਾਹੀ ਅਧਿਕਾਰੀ ਜਿਨ੍ਹਾਂ ਨੇ ਉਹ ਗੱਲਾਂ ਸੁਣੀਆਂ ਜਿਹੜੀਆਂ ਯਿਰਮਿਯਾਹ ਲੋਕਾਂ ਨੂੰ ਆਖ ਰਿਹਾ ਸੀ, ਰਾਜੇ ਸਿਦਕੀਯਾਹ ਕੋਲ ਗਏ। ਉਨ੍ਹਾਂ ਨੇ ਰਾਜੇ ਨੂੰ ਆਖਿਆ, “ਯਿਰਮਿਯਾਹ ਨੂੰ ਅਵੱਸ਼ ਹੀ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਹ ਉਨ੍ਹਾਂ ਫ਼ੌਜੀਆਂ ਦਾ ਹੌਸਲਾ ਢਾਹ ਰਿਹਾ ਹੈ ਜਿਹੜੇ ਹਾਲੇ ਤੱਕ ਸ਼ਹਿਰ ਵਿੱਚ ਹਨ। ਯਿਰਮਿਯਾਹ ਹਰ ਬੰਦੇ ਦਾ, ਆਪਣੀਆਂ ਗੱਲਾਂ ਰਾਹੀਂ ਹੌਸਲਾ ਢਾਹ ਰਿਹਾ ਹੈ। ਯਿਰਮਿਯਾਹ ਨਹੀਂ ਚਾਹੁੰਦਾ ਕਿ ਸਾਡੇ ਨਾਲ ਚੰਗਾ ਵਾਪਰੇ। ਉਹ ਯਰੂਸ਼ਲਮ ਦੇ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦਾ ਹੈ।”
ਇਸ ਲਈ ਰਾਜੇ ਨੇ ਉਨ੍ਹਾਂ ਅਧਿਕਾਰੀਆਂ ਨੂੰ ਆਖਿਆ, “ਯਿਰਮਿਯਾਹ ਤੁਹਾਡੇ ਅਧਿਕਾਰ ਹੇਠਾਂ ਹੈ। ਮੈਂ ਤੁਹਾਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸੱਕਦਾ।”
ਇਸ ਲਈ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਫ਼ੜ ਕੇ ਮਲਕੀਯਾਹ ਦੇ ਟੋਏ ਵਿੱਚ ਸੁੱਟ ਦਿੱਤਾ। ਮਲਕੀਯਾਹ ਰਾਜੇ ਦਾ ਪੁੱਤਰ ਸੀ। ਟੋਆ ਮੰਦਰ ਦੇ ਉਸ ਵਰਾਂਡੇ ਵਿੱਚ ਸੀ ਜਿੱਥੇ ਰਾਜੇ ਦੀ ਸੁਰੱਖਿਆ ਗਾਰਦ ਤੈਨਾਤ ਸੀ। ਉਨ੍ਹਾਂ ਅਧਿਕਾਰੀਆਂ ਨੇ ਰਸੀਆਂ ਦੀ ਵਰਤੋਂ ਕਰਕੇ ਯਿਰਮਿਯਾਹ ਨੂੰ ਟੋਏ ਵਿੱਚ ਸੁੱਟ ਦਿੱਤਾ। ਟੋਏ ਵਿੱਚ ਪਾਣੀ ਨਹੀਂ ਸੀ ਸਗੋਂ ਸਿਰਫ਼ ਗਾਰਾ ਸੀ। ਅਤੇ ਯਿਰਮਿਯਾਹ ਗਾਰੇ ਅੰਦਰ ਖੁਭ ਗਿਆ।
ਪਰ ਅਬਦ-ਮਲਕ ਨਾਂ ਦੇ ਇੱਕ ਬੰਦੇ ਨੇ ਸੁਣਿਆ ਕਿ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਟੋਏ ਵਿੱਚ ਸੁੱਟ ਦਿੱਤਾ ਹੈ। ਅਬਦ-ਮਲਕ ਇਬੋਪੀਆ ਦਾ ਵਸਨੀਕ ਸੀ ਅਤੇ ਰਾਜ ਮਹਿਲ ਦਾ ਇੱਕ ਹੀਜੜਾ ਸੀ। ਰਾਜਾ ਸਿਦਕੀਯਾਹ ਬਿਨਯਾਮੀਨ ਦਰਵਾਜ਼ੇ ਤੇ ਬੈਠਾ ਹੋਇਆ ਸੀ। ਇਸ ਲਈ ਅਬਦ-ਮਲਕ ਰਾਜ ਮਹਿਲ ਵਿੱਚੋਂ ਨਿਕਲ ਕੇ ਰਾਜੇ ਨਾਲ ਗੱਲ ਕਰਨ ਲਈ ਉਸ ਦਰਵਾਜ਼ੇ ਉੱਤੇ ਆਇਆ। 8-9 ਅਬਦ-ਮਲਕ ਨੇ ਆਖਿਆ, “ਮੇਰੇ ਮਾਲਕ ਅਤੇ ਪਾਤਸ਼ਾਹ ਜੀ, ਉਨ੍ਹਾਂ ਅਧਿਕਾਰੀਆਂ ਨੇ ਮੰਦਾ ਕੰਮ ਕੀਤਾ ਹੈ। ਉਨ੍ਹਾਂ ਨੇ ਨਬੀ ਯਿਰਮਿਯਾਹ ਨਾਲ ਬੁਰਾ ਸਲੂਕ ਕੀਤਾ ਹੈ। ਉਨ੍ਹਾਂ ਨੇ ਉਸ ਨੂੰ ਟੋਏ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਨੇ ਉਸ ਨੂੰ ਓਥੇ ਮਾਰਨ ਲਈ ਛੱਡ ਦਿੱਤਾ ਹੈ।”
10 ਫ਼ੇਰ ਰਾਜੇ ਸਿਦਕੀਯਾਹ ਨੇ ਇਬੋਪੀਆ ਵਾਸੀ ਅਬਦ-ਮਲਕ ਨੂੰ ਇੱਕ ਆਦੇਸ਼ ਦਿੱਤਾ। ਆਦੇਸ਼ ਇਹ ਸੀ: “ਅਬਦ-ਮਲਕ, ਰਾਜ ਮਹਿਲ ਵਿੱਚੋਂ ਤਿੰਨ ਆਦਮੀ ਆਪਣੇ ਨਾਲ ਲੈ ਲੈ। ਜਾ ਜਾਕੇ ਯਿਰਮਿਯਾਹ ਨੂੰ ਉਸ ਦੇ ਮਰਨ ਤੋਂ ਪਹਿਲਾਂ ਟੋਏ ਵਿੱਚੋਂ ਕੱਢ ਲੈ।”
11 ਇਸ ਲਈ ਅਬਦ-ਮਲਕ ਨੇ ਆਪਣੇ ਨਾਲ ਆਦਮੀ ਲੈ ਲੇ। ਪਰ ਪਹਿਲਾਂ ਉਹ ਰਾਜ ਮਹਿਲ ਦੇ ਗੁਦਾਮ ਦੇ ਹੇਠਲੇ ਕਮਰੇ ਵਿੱਚ ਗਿਆ। ਉਸ ਨੇ ਉਸ ਕਮਰੇ ਵਿੱਚੋਂ ਕੁਝ ਫ਼ਟੇ ਪੁਰਾਣੇ ਕਪੜੇ ਲੇ। ਫ਼ੇਰ ਉਸ ਨੇ ਉਨ੍ਹਾਂ ਫ਼ਟੇ ਪੁਰਾਣਿਆਂ ਕਪੜਿਆਂ ਨੂੰ ਰੱਸਿਆਂ ਨਾਲ ਟੋਏ ਅੰਦਰ ਯਿਰਮਿਯਾਹ ਦੇ ਕੋਲ ਲਮਕਾਇਆ। 12 ਇਬੋਪੀਆ ਦੇ ਅਬਦ-ਮਲਕ ਨੇ ਯਿਰਮਿਯਾਹ ਨੂੰ ਆਖਿਆ, “ਇਨ੍ਹਾਂ ਫ਼ਟੇ ਪੁਰਾਣੇ ਕਪੜਿਆਂ ਨੂੰ ਆਪਣੀਆਂ ਕੱਛਾਂ ਵਿੱਚ ਰੱਖ ਲੈ। ਜਦੋਂ ਅਸੀਂ ਤੈਨੂੰ ਬਾਹਰ ਖਿੱਚਾਂਗੇ ਤਾਂ ਇਹ ਚਿਬੜੇ ਤੇਰੀਆਂ ਕੱਛਾਂ ਲਈ ਪੈਡ ਦਾ ਕੰਮ ਕਰਨਗੇ। ਫ਼ੇਰ ਰੱਸਿਆਂ ਨਾਲ ਤੈਨੂੰ ਤਕਲੀਫ਼ ਨਹੀਂ ਹੋਵੇਗੀ।” ਇਸ ਤਰ੍ਹਾਂ ਯਿਰਮਿਯਾਹ ਨੇ ਓਵੇਂ ਹੀ ਕੀਤਾ ਜਿਵੇਂ ਅਬਦ-ਮਲਕ ਨੇ ਆਖਿਆ ਸੀ। 13 ਉਨ੍ਹਾਂ ਆਦਮੀਆਂ ਨੇ ਯਿਰਮਿਯਾਹ ਨੂੰ ਰੱਸਿਆਂ ਨਾਲ ਉੱਪਰ ਖਿਚਿਆ ਅਤੇ ਟੋਏ ਵਿੱਚੋਂ ਬਾਹਰ ਕੱਢਿਆ। ਅਤੇ ਯਿਰਮਿਯਾਹ ਮੰਦਰ ਦੀ ਗਾਰਦ ਦੀ ਨਿਗਰਾਨੀ ਵਿੱਚ ਰਿਹਾ।
ਸਿਦਕੀਯਾਹ ਦੇ ਯਿਰਮਿਯਾਹ ਨੂੰ ਹੋਰ ਸਵਾਲ ਪੁੱਛਣੇ
14 ਫ਼ੇਰ ਰਾਜੇ ਸਿਦਕੀਯਾਹ ਨੇ ਕਿਸੇ ਨੂੰ ਨਬੀ ਯਿਰਮਿਯਾਹ ਨੂੰ ਬੁਲਾਉਣ ਲਈ ਘਲਿਆ। ਉਸ ਨੇ ਯਿਰਮਿਯਾਹ ਨੂੰ ਯਹੋਵਾਹ ਦੇ ਮੰਦਰ ਦੇ ਤੀਸਰੇ ਪ੍ਰਵੇਸ਼ ਦੁਆਰ ਕੋਲ ਬੁਲਾਇਆ। ਫ਼ੇਰ ਰਾਜੇ ਨੇ ਆਖਿਆ, “ਯਿਰਮਿਯਾਹ ਮੈਂ ਤੈਨੂੰ ਇੱਕ ਸਵਾਲ ਪੁੱਛ ਰਿਹਾ ਹਾਂ। ਮੇਰੇ ਕੋਲੋਂ ਕੁਝ ਵੀ ਨਾ ਛੁਪਾਈਁ ਸਗੋਂ ਹਰ ਗੱਲ ਈਮਾਨਦਾਰੀ ਨਾਲ ਦੱਸੀਁ।”
15 ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, “ਜੇ ਮੈਂ ਤੈਨੂੰ ਜਵਾਬ ਦੇਵਾਂਗਾ ਤਾਂ ਸ਼ਾਇਦ ਤੂੰ ਮੈਨੂੰ ਮਾਰ ਦੇਵੇਂ। ਅਤੇ ਜੇ ਮੈਂ ਤੈਨੂੰ ਕੋਈ ਸਲਾਹ ਵੀ ਦੇਵਾਂਗਾ ਤਾਂ ਸ਼ਾਇਦ ਤੂੰ ਸੁਣੇਗਾ ਨਹੀਂ।”
16 ਪਰ ਰਾਜੇ ਸਿਦਕੀਯਾਹ ਨੇ ਗੁਪਤ ਰੂਪ ਵਿੱਚ ਸੌਂਹ ਚੁਕੱਦਿਆਂ ਯਿਰਮਿਯਾਹ ਨੂੰ ਆਖਿਆ ਸਿਦਕੀਯਾਹ ਨੇ ਆਖਿਆ, “ਯਹੋਵਾਹ ਸਾਨੂੰ ਜੀਵਨ ਅਤੇ ਸੁਆਸ ਦਿੰਦਾ ਹੈ। ਜਿਵੇਂ ਕਿ ਯਹੋਵਾਹ ਸਾਖੀ ਹੈ, ਮੈਂ ਤੈਨੂੰ ਨਹੀਂ ਮਾਰਾਂਗਾ, ਯਿਰਮਿਯਾਹ। ਅਤੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਉਨ੍ਹਾਂ ਅਧਿਕਾਰੀਆਂ ਦੇ ਹਵਾਲੇ ਨਹੀਂ ਕਰਾਂਗਾ ਜਿਹੜੇ ਤੈਨੂੰ ਮਾਰ ਮੁਕਾਉਣਾ ਚਾਹੁੰਦੇ ਹਨ।”
17 ਫ਼ੇਰ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਹੈ। ਯਹੋਵਾਹ ਆਖਦਾ ਹੈ, ‘ਜੇ ਤੂੰ ਬਾਬਲ ਦੇ ਰਾਜੇ ਦੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰੇਂਗਾ, ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਅਤੇ ਯਰੂਸ਼ਲਮ ਨੂੰ ਸਾੜਿਆ ਨਹੀਂ ਜਾਵੇਗਾ। ਅਤੇ ਤੂੰ ਅਤੇ ਤੇਰਾ ਪਰਿਵਾਰ ਜਿਉਂਦਾ ਰਹੇਗਾ। 18 ਪਰ ਜੇ ਤੂੰ ਆਤਮ ਸਮਰਪਣ ਕਰਨ ਤੋਂ ਇਨਕਾਰ ਕਰੇਂਗਾ ਤਾਂ ਯਰੂਸ਼ਲਮ ਬਾਬਲ ਦੀ ਫ਼ੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਹ ਯਰੂਸ਼ਲਮ ਨੂੰ ਸਾੜ ਦੇਣਗੇ ਅਤੇ ਤੂੰ ਵੀ ਉਨ੍ਹਾਂ ਕੋਲੋਂ ਬਚ ਨਹੀਂ ਸੱਕੇਂਗਾ।’”
19 ਪਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, “ਪਰ ਮੈਂ ਤਾਂ ਯਹੂਦਾਹ ਦੇ ਉਨ੍ਹਾਂ ਬੰਦਿਆਂ ਕੋਲੋਂ ਭੈਭੀਤ ਹਾਂ ਜਿਹੜੇ ਪਹਿਲਾਂ ਹੀ ਬਾਬਲ ਦੀ ਫ਼ੌਜ ਵੱਲ ਹੋ ਚੁੱਕੇ ਨੇ। ਮੈਨੂੰ ਡਰ ਹੈ ਕਿ ਫ਼ੌਜੀ ਮੈਨੂੰ ਯਹੂਦਾਹ ਦੇ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਦੇਣਗੇ ਅਤੇ ਉਹ ਮੇਰੇ ਨਾਲ ਭੈੜਾ ਸਲੂਕ ਕਰਨਗੇ ਅਤੇ ਮੈਨੂੰ ਦੁੱਖ ਪਹੁੰਚਾਣਗੇ।”
20 ਪਰ ਯਿਰਮਿਯਾਹ ਨੇ ਜਵਾਬ ਦਿੱਤਾ, “ਫ਼ੌਜੀ ਤੈਨੂੰ ਯਹੂਦਾਹ ਦੇ ਉਨ੍ਹਾਂ ਬੰਦਿਆਂ ਦੇ ਹਵਾਲੇ ਨਹੀਂ ਕਰਨਗੇ। ਰਾਜੇ ਸਿਦਕੀਯਾਹ ਉਹ ਗੱਲਾਂ ਕਰਕੇ ਜੋ ਮੈਂ ਤੈਨੂੰ ਆਖ ਰਿਹਾ ਹਾਂ, ਯਹੋਵਾਹ ਦਾ ਹੁਕਮ ਮੰਨ। ਫ਼ੇਰ ਤੇਰੇ ਲਈ ਸਭ ਠੀਕ ਹੋਵੇਗਾ ਅਤੇ ਤੇਰਾ ਜੀਵਨ ਬਚ ਜਾਵੇਗਾ। 21 ਪਰ ਜੇ ਤੂੰ ਬਾਬਲ ਦੀ ਫ਼ੌਜ ਅੱਗੇ ਆਤਮ-ਸਮਰਪਣ ਕਰਨ ਤੋਂ ਇਨਕਾਰ ਕਰੇਂਗਾ ਤਾਂ ਯਹੋਵਾਹ ਨੇ ਤੈਨੂੰ ਦਰਸਾ ਦਿੱਤਾ ਹੈ ਕਿ ਕੀ ਵਾਪਰੇਗਾ। ਇਹੀ ਹੈ ਜੋ ਯਹੋਵਾਹ ਨੇ ਮੈਨੂੰ ਆਖਿਆ ਹੈ। 22 ਉਨ੍ਹਾਂ ਸਾਰੀਆਂ ਔਰਤਾਂ ਨੂੰ ਜਿਹੜੀਆਂ ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਰਹਿ ਜਾਣਗੀਆਂ, ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਬਾਬਲ ਦੇ ਰਾਜੇ ਦੇ ਮਹੱਤਵਪੂਰਣ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਤੁਹਾਡੀਆਂ ਔਰਤਾਂ ਇੱਕ ਗੀਤ ਰਾਹੀਂ ਤੁਹਾਡਾ ਮਜ਼ਾਕ ਉਡਾਉਣਗੀਆਂ। ਇਹੀ ਹੈ ਜੋ ਉਹ ਔਰਤਾਂ ਆਖਣਗੀਆਂ:
‘ਤੁਹਾਡੇ ਸਂਗੀਆਂ ਚੰਗੇ ਮਿੱਤਰਾਂ ਨੇ ਚਲਾਕੀ ਕੀਤੀ ਤੁਹਾਡੇ ਨਾਲ
ਅਤੇ ਯਕੀਨ ਦਵਾਇਆ ਤੁਹਾਨੂੰ ਮੰਦਾ ਕਰਨ ਦਾ।
ਫ਼ਸ ਗਏ ਪੈਰ ਤੁਹਾਡੇ ਗਾਰੇ ਅੰਦਰ
ਅਤੇ ਛੱਡ ਗਏ ਉਹ ਫ਼ੇਰ ਤੁਹਾਨੂੰ ਇੱਕਲਿਆਂ।’
23 “ਤੁਹਾਡੇ ਬੱਚਿਆਂ ਅਤੇ ਪਤਨੀਆਂ ਸਾਰਿਆਂ ਨੂੰ ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਬਾਬਲ ਦੀ ਫ਼ੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ। ਤੁਸੀਂ ਖੁਦ ਵੀ ਬਾਬਲ ਦੀ ਫ਼ੌਜ ਕੋਲੋਂ ਬਚ ਨਹੀਂ ਸੱਕੋਗੇ। ਤੁਹਾਨੂੰ ਬਾਬਲ ਦਾ ਰਾਜਾ ਫ਼ੜ ਲਵੇਗਾ ਅਤੇ ਯਰੂਸ਼ਲਮ ਨੂੰ ਸਾੜ ਦਿੱਤਾ ਜਾਵੇਗਾ।”
24 ਫ਼ੇਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ ਕਿਸੇ ਬੰਦੇ ਨੂੰ ਇਹ ਨਾ ਦੱਸਣਾ ਕਿ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ। ਜੇ ਤੁਸੀਂ ਦੱਸੋਗੇ ਤਾਂ ਸ਼ਾਇਦ ਮਾਰੇ ਜਾਓਗੇ। 25 ਉਹ ਅਧਿਕਾਰੀ ਸ਼ਾਇਦ ਇਹ ਸੂਹ ਕੱਢ ਲੈਣ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਤਾਂ ਉਹ ਤੁਹਾਡੇ ਕੋਲ ਆਉਣਗੇ ਅਤੇ ਆਖਣਗੇ, ‘ਯਿਰਮਿਯਾਹ ਦੱਸ ਸਾਨੂੰ ਕੀ ਤੂੰ ਰਾਜੇ ਸਿਦਕੀਯਾਹ ਨੂੰ ਕੀ ਆਖਿਆ। ਅਤੇ ਸਾਨੂੰ ਇਹ ਵੀ ਦੱਸ ਕਿ ਰਾਜੇ ਸਿਦਕੀਯਾਹ ਨੇ ਤੈਨੂੰ ਕੀ ਆਖਿਆ। ਸਾਡੇ ਨਾਲ ਇਮਾਨਦਾਰੀ ਨਾਲ ਹਰ ਗੱਲ ਕਰੀਂ ਨਹੀਂ ਤਾਂ ਅਸੀਂ ਤੈਨੂੰ ਮਾਰ ਦਿਆਂਗੇ।’ 26 ਜੇ ਉਹ ਤੈਨੂੰ ਇਹ ਆਖਣ ਤਾਂ ਤੂੰ ਉਨ੍ਹਾਂ ਨੂੰ ਆਖੀਂ, ‘ਮੈਂ ਰਾਜੇ ਨੂੰ ਬੇਨਤੀ ਕਰ ਰਿਹਾ ਸੀ ਕਿ ਮੈਨੂੰ ਯਹੋਨਾਥਾਨ ਦੇ ਘਰ ਦੀ ਉਸ ਕਾਲ ਕੋਠੜੀ ਵਿੱਚ ਵਾਪਸ ਨਾ ਭੇਜਣਾ। ਜੇ ਮੈਨੂੰ ਓਥੇ ਜਾਣਾ ਪਿਆ ਤਾਂ ਮੈਂ ਮਰ ਜਾਵਾਂਗਾ।’”
27 ਵਾਪਰਿਆ ਇਹ ਕਿ ਰਾਜੇ ਦੇ ਉਹ ਸ਼ਾਹੀ ਅਧਿਕਾਰੀ ਯਿਰਮਿਯਾਹ ਨੂੰ ਸਵਾਲ ਪੁੱਛਣ ਜ਼ਰੂਰ ਆਏ। ਇਸ ਲਈ ਯਿਰਮਿਯਾਹ ਨੇ ਉਨ੍ਹਾਂ ਨੂੰ ਹਰ ਉਹ ਗੱਲ ਦੱਸ ਦਿੱਤੀ ਜਿਸਦਾ ਰਾਜੇ ਨੇ ਆਦੇਸ਼ ਦਿੱਤਾ ਸੀ। ਤਾਂ ਫ਼ੇਰ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਇੱਕਲਿਆਂ ਛੱਡ ਦਿੱਤਾ। ਕਿਸੇ ਬੰਦੇ ਨੇ ਵੀ ਨਹੀਂ ਸੀ ਸੁਣਿਆ ਕਿ ਯਿਰਮਿਯਾਹ ਅਤੇ ਰਾਜੇ ਦੀ ਕੀ ਗੱਲ ਬਾਤ ਹੋਈ ਸੀ।
28 ਇਸ ਯਿਰਮਿਯਾਹ ਮੰਦਰ ਵਿੱਚ ਉਦੋਂ ਤੀਕ ਨਜ਼ਰਬੰਦ ਰਿਹਾ ਜਿੰਨਾ ਚਿਰ ਤੀਕ ਕਿ ਯਰੂਸ਼ਲਮ ਉੱਤੇ ਕਬਜ਼ਾ ਨਹੀਂ ਹੋ ਗਿਆ।