8
ਇਹ ਸੰਦੇਸ਼ ਯਹੋਵਾਹ ਵੱਲੋਂ ਹੈ: “ਉਸ ਸਮੇਂ, ਲੋਕ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਮਹੱਤਵਪੂਰਣ ਲੋਕਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਅਤੇ ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਸਾਰੇ ਲੋਕਾਂ ਦੀਆਂ ਹੱਡੀਆਂ ਕੱਢ ਲੈਣਗੇ। ਉਹ ਲੋਕ ਉਨ੍ਹਾਂ ਹੱਡੀਆਂ ਨੂੰ ਸੂਰਜ, ਚੰਨ ਅਤੇ ਤਾਰਿਆਂ ਦੀ ਛਾਂ ਵਿੱਚ ਧਰਤੀ ਉੱਤੇ ਫ਼ੈਲਾ ਦੇਣਗੇ। ਯਰੂਸ਼ਲਮ ਦੇ ਲੋਕਾਂ ਨੇ ਸੂਰਜ, ਚੰਨ ਅਤੇ ਤਾਰਿਆਂ ਨੂੰ ਪਿਆਰ ਕੀਤਾ ਸੀ-ਉਨ੍ਹਾਂ ਨੇ ਉਨ੍ਹਾਂ ਦੀ ਸੇਵਾ ਕੀਤੀ ਸੀ, ਅਤੇ ਉਨ੍ਹਾਂ ਦੇ ਪਿੱਛੇ ਲੱਗੇ ਸਨ ਅਤੇ ਉਨ੍ਹਾਂ ਦੀ ਸਲਾਹ ਮਂਗੀ ਸੀ ਅਤੇ ਝੁਕ ਕੇ ਉਨ੍ਹਾਂ ਦੀ ਉਪਾਸਨਾ ਕੀਤੀ ਸੀ। ਪਰ ਕੋਈ ਵੀ ਬੰਦਾ ਉਨ੍ਹਾਂ ਹੱਡੀਆਂ ਨੂੰ ਇਕੱਠਿਆਂ ਨਹੀਂ ਕਰੇਗਾ ਅਤੇ ਉਨ੍ਹਾਂ ਨੂੰ ਦੁਬਾਰਾ ਦਫ਼ਨ ਨਹੀਂ ਕਰੇਗਾ। ਇਸ ਲਈ ਉਹ ਹੱਡੀਆਂ ਜ਼ਮੀਨ ਉੱਤੇ ਖਿਲਰੇ ਗੋਹੇ ਵਰਗੀਆਂ ਹੋਣਗੀਆਂ।
“ਮੈਂ ਯਹੂਦਾਹ ਦੇ ਲੋਕਾਂ ਨੂੰ ਆਪਣੇ ਘਰ ਅਤੇ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ। ਲੋਕਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਲੈ ਜਾਇਆ ਜਾਵੇਗਾ। ਯਹੂਦਾਹ ਦੇ ਉਹ ਕੁਝ ਲੋਕ ਜਿਹੜੇ ਜੰਗ ਵਿੱਚ ਨਹੀਂ ਮਾਰੇ ਗਏ ਸਨ ਇਹ ਇੱਛਾ ਕਰਨਗੇ ਕਿ ਉਹ ਮਰ ਜਾਂਦੇ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਪਾਪ ਅਤੇ ਸਜ਼ਾ
“ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਇਹ ਆਖ: ‘ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਤੁਸੀਂ ਜਾਣਦੇ ਹੋ ਕਿ ਜੇ ਕੋਈ ਬੰਦਾ ਡਿਗ ਪੈਂਦਾ ਹੈ
ਤਾਂ ਉਹ ਫ਼ੇਰ ਉੱਠ ਖਲੋਁਦਾ ਹੈ।
ਅਤੇ ਜੇ ਕੋਈ ਬੰਦਾ ਗ਼ਲਤ ਰਾਹ ਪੈ ਜਾਂਦਾ ਹੈ,
ਤਾਂ ਉਹ ਮੁੜ ਕੇ ਵਾਪਸ ਪਰਤ ਆਉਂਦਾ ਹੈ।
ਯਹੂਦਾਹ ਦੇ ਲੋਕਾਂ ਨੇ ਜਿਉਣ ਦਾ ਗ਼ਲਤ ਢੰਗ ਅਪਣਾਇਆ ਸੀ।
ਪਰ ਯਰੂਸ਼ਲਮ ਦੇ ਉਹ ਲੋਕ ਗ਼ਲਤ ਪਾਸੇ ਕਿਉਂ ਜਾਈ ਜਾਂਦੇ ਨੇ?
ਉਹ ਆਪਣੇ ਝੂਠ ਵਿੱਚ ਵਿਸ਼ਵਾਸ ਕਰਦੇ ਨੇ।
ਉਹ ਪਰਤ ਕੇ ਮੇਰੇ ਵੱਲ ਵਾਪਸ ਆਉਣ ਤੋਂ ਇਨਕਾਰ ਕਰਦੇ ਨੇ।
ਮੈਂ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਹੈ।
ਪਰ ਉਹ, ਜੋ ਸਹੀ ਹੈ ਨਹੀਂ ਆਖਦੇ।
ਲੋਕ ਆਪਣੇ ਪਾਪਾਂ ਉੱਤੇ ਅਫ਼ੋਸਸ ਨਹੀਂ ਕਰਦੇ,
ਲੋਕ ਆਪਣੇ ਕੀਤੇ ਮੰਦੇ ਕੰਮਾਂ ਬਾਰੇ ਨਹੀਂ ਸੋਚਦੇ।
ਲੋਕ ਬਿਨਾਂ ਸੋਚਿਆਂ ਗੱਲਾਂ ਕਰਦੇ ਨੇ।
ਉਹ ਜੰਗ ਵੱਲ ਨੂੰ ਭੱਜਦੇ ਘੋੜਿਆਂ ਵਰਗੇ ਨੇ।
ਅਕਾਸ਼ ਦੇ ਪੰਛੀ ਵੀ ਗੱਲਾਂ
ਕਰਨ ਦੇ ਸਹੀ ਸਮੇਂ ਨੂੰ ਜਾਣਦੇ ਨੇ।
ਬਗਲੇ, ਘੁੱਗੀ ਤੇ ਤੇਜ਼-ਤਰਾਰ ਪੰਛੀ ਵੀ ਜਾਣਦੇ ਨੇ ਜਦੋਂ ਕਿ
ਨਵੇਂ ਘਰਾਂ ਨੂੰ ਜਾਣ ਦਾ ਸਮਾਂ ਹੁੰਦਾ ਹੈ।
ਪਰ ਮੇਰੇ ਲੋਕ ਨਹੀਂ ਜਾਣਦੇ ਕਿ,
ਉਨ੍ਹਾਂ ਦਾ ਯਹੋਵਾਹ ਉਨ੍ਹਾਂ ਕੋਲੋਂ ਕੀ ਕਰਾਉਣਾ ਚਾਹੁੰਦਾ ਹੈ।
“‘ਤੁਸੀਂ ਆਖੀ ਜਾ ਰਹੇ ਹੋ, “ਸਾਡੇ ਕੋਲ ਯਹੋਵਾਹ ਦੀਆਂ ਸਾਖੀਆਂ ਹਨ! ਇਸ ਲਈ ਅਸੀਂ ਸਿਆਣੇ ਹਾਂ!”
ਪਰ ਇਹ ਠੀਕ ਨਹੀਂ ਹੈ।
ਕਿਉਂ ਕਿ ਲਿਖਾਰੀਆਂ ਨੇ ਆਪਣੀ ਕਲਮ ਨਾਲ ਝੂਠ ਆਖਿਆ ਹੈ।
ਇਹ “ਸਿਆਣੇ ਲੋਕ” ਫ਼ਂਦੇ ਵਿੱਚ ਫ਼ਸ ਚੁੱਕੇ ਹਨ।
ਉਹ ਡਰ ਗਏ ਹਨ ਅਤੇ ਸ਼ਰਮਸਾਰ ਹੋ ਗਏ ਹਨ।
ਇਨ੍ਹਾਂ “ਸਿਆਣੇ ਲੋਕਾਂ” ਨੇ ਯਹੋਵਾਹ ਦੀ ਬਿਵਸਬਾ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ,
ਇਸ ਲਈ ਉਹ ਸੱਚੀਁ ਹੀ ਸਿਆਣੇ ਨਹੀਂ ਹਨ।
10 ਇਸ ਲਈ ਮੈਂ ਉਨ੍ਹਾਂ ਲੋਕਾਂ ਦੀਆਂ ਪਤਨੀਆਂ ਨੂੰ ਹੋਰਨਾਂ ਬੰਦਿਆਂ ਨੂੰ ਦੇ ਦੇਵਾਂਗਾ।
ਮੈਂ ਉਨ੍ਹਾਂ ਦੇ ਖੇਤਾਂ ਨੂੰ ਨਵੇਂ ਮਾਲਕਾਂ ਨੂੰ ਦੇ ਦੇਵਾਂਗਾ।
ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ।
ਸਾਰੇ ਹੀ ਲੋਕ। ਸਾਰੇ ਹੀ ਲੋਕ, ਸਭ ਤੋਂ ਘੱਟ ਮਹੱਤਵਪੂਰਣ ਤੋਂ ਲੈ ਕੇ ਸਭ ਤੋਂ ਵੱਧ ਮਹੱਤਵਪੂਰਣ ਲੋਕਾਂ ਤੀਕ, ਇਸੇ ਤਰ੍ਹਾਂ ਦੇ ਹਨ।
ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ ਝੂਠ ਬੋਲਦੇ ਨੇ।
11 ਮੇਰੇ ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮ ਮਿਲੇ ਨੇ, ਨਬੀਆਂ ਅਤੇ ਜਾਜਕਾਂ ਨੂੰ ਉਨ੍ਹਾਂ ਜ਼ਖਮਾਂ ਦੀ ਮੱਲ੍ਹਮ ਪੱਟੀ ਕਰਨੀ ਚਾਹੀਦੀ ਹੈ।
ਪਰ ਉਹ ਉਨ੍ਹਾਂ ਜ਼ਖਮਾਂ ਦਾ ਇਲਾਜ਼ ਕਰਦੇ ਨੇ ਜਿਵੇਂ ਉਹ ਮਮੂਲੀ ਝਰੀਟਾਂ ਹੀ ਹੋਣ।
ਉਹ ਆਖਦੇ ਨੇ, “ਇਹ ਠੀਕ-ਠਾਕ ਹੈ, ਹਰ ਚੀਜ਼ ਬਹੁਤ ਚੰਗੀ ਹੈ!”
ਪਰ ਅਸਲ ਵਿੱਚ ਇਹ ਠੀਕ ਨਹੀਂ ਹੈ!
12 ਉਨ੍ਹਾਂ ਨੂੰ ਉਨ੍ਹਾਂ ਮੰਦੇ ਕੰਮਾਂ ਤੋਂ ਸ਼ਰਮਸਾਰ ਹੋਣਾ ਚਾਹੀਦਾ ਹੈ ਜੋ ਉਹ ਕਰਦੇ ਨੇ।
ਪਰ ਉਹ ਬਿਲਕੁਲ ਵੀ ਸ਼ਰਮਸਾਰ ਨਹੀਂ ਹਨ।
ਉਹ ਆਪਣੇ ਪਾਪਾਂ ਦਾ ਪਰਾਸਚਿਤ ਕਰਨਾ ਨਹੀਂ ਜਾਣਦੇ।
ਇਸ ਲਈ ਉਨ੍ਹਾਂ ਨੂੰ ਹੋਰਨਾਂ ਸਾਰਿਆਂ ਨਾਲ ਸਜ਼ਾ ਮਿਲੇਗੀ।
ਉਹ ਧਰਤੀ ਉੱਤੇ ਸੁੱਟੇ ਜਾਣਗੇ ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ।’”
ਯਹੋਵਾਹ ਨੇ ਇਹ ਗੱਲਾਂ ਆਖੀਆਂ।
13 “‘ਮੈਂ ਉਨ੍ਹਾਂ ਨੂੰ ਪੂਰਨ ਤੌਰ ਤੇ ਤਬਾਹ ਕਰ ਦਿਆਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਵੇਲ ਉੱਤੇ ਕੋਈ ਅੰਗੂਰ ਨਹੀਂ ਹੋਣਗੇ।
ਅੰਜੀਰ ਦੇ ਰੁੱਖ ਉੱਤੇ ਕੋਈ ਅੰਜੀਰ ਨਹੀਂ ਹੋਵੇਗਾ।
ਉਨ੍ਹਾਂ ਦੇ ਪੱਤੇ ਵੀ ਸੁੱਕ ਕੇ ਝੜ ਜਾਣਗੇ।
ਜੋ ਮੈਂ ਉਨ੍ਹਾਂ ਨੂੰ ਦਿੰਦਾ ਹਾਂ ਲੰਘ ਜਾਵੇਗਾ।’”
14 “‘ਅਸੀਂ ਇੱਥੇ ਸਿਰਫ਼ ਕਿਉਂ ਬੈਠੇ ਹੋਏ ਹਾਂ?
ਆਓ ਮਜ਼ਬੂਤ ਸ਼ਹਿਰ ਵੱਲ ਨੱਸ ਚੱਲੀਏ।
ਜੇ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮਾਰ ਦੇਣਾ ਹੀ ਲੋਚਦਾ ਹੈ
ਤਾਂ ਆਓ ਅਸੀਂ ਓਥੇ ਹੀ ਮਰੀਏ।
ਅਸੀਂ ਯਹੋਵਾਹ ਦੇ ਵਿਰੁੱਦ ਪਾਪ ਕੀਤਾ ਹੈ,
ਇਸ ਲਈ ਯਹੋਵਾਹ ਨੇ ਸਾਨੂੰ ਪੀਣ ਲਈ ਜ਼ਹਿਰ ਪਿਆਲਾ ਦਿੱਤਾ ਹੈ।
15 ਅਸੀਂ ਸ਼ਾਂਤੀ ਦੀ ਆਸ ਕੀਤੀ ਸੀ,
ਪਰ ਅਜੇ ਤੀਕ ਕੁਝ ਵੀ ਚੰਗਾ ਨਹੀਂ ਵਾਪਰਿਆ।
ਸਾਨੂੰ ਉਮੀਦ ਸੀ ਕਿ ਉਹ ਮਾਫ਼ ਕਰ ਦੇਵੇਗਾ,
ਪਰ ਸਿਰਫ਼ ਤਬਾਹੀ ਹੀ ਆਈ।
16 ਦਾਨ ਦੇ ਪਰਿਵਾਰ-ਸਮੂਹ ਦੇ ਦੇਸ਼ ਵੱਲੋਂ
ਅਸੀਂ ਦੁਸ਼ਮਣ ਦੇ ਘੋੜਿਆਂ ਦੇ ਖੁਰ੍ਰਾਟੇ ਸੁਣ ਰਹੇ ਹਾਂ।
ਧਰਤੀ ਉਨ੍ਹਾਂ ਦੇ ਸੁਂਮਾਂ ਦੀ ਟਾਪ ਤੋਂ ਕੰਬਦੀ ਹੈ।
ਉਹ ਧਰਤੀ ਨੂੰ ਅਤੇ ਉਸਦੀ ਹਰ ਸ਼ੈਅ ਨੂੰ
ਤਬਾਹ ਕਰਨ ਲਈ ਆਏ ਨੇ।
ਉਹ ਸ਼ਹਿਰ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਲਈ ਆਏ ਨੇ,
ਜਿਹੜੇ ਓਥੇ ਰਹਿੰਦੇ ਨੇ।’”
17 “ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਜ਼ਹਿਰੀਲੇ ਸੱਪ ਭੇਜ ਰਿਹਾ ਹਾਂ।
ਉਨ੍ਹਾਂ ਸੱਪਾਂ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸੱਕਦਾ,
ਉਹ ਸੱਪ ਤੁਹਾਨੂੰ ਡਂਗ ਮਾਰਨਗੇ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
18 ਹੇ ਪਰਮੇਸ਼ੁਰ, ਮੈਂ ਉਦਾਸੀ ਨਾਲ ਦਬਿਆ ਗਿਆ ਹ੍ਹਾਂ, ਮੇਰਾ ਦਿਲ ਬਿਮਾਰ ਹੈ,
ਪਰ ਮੈਨੂੰ ਕੋਈ ਸੁੱਖ ਨਹੀਂ ਮਿਲਦਾ।
19 ਮੇਰੇ ਲੋਕਾਂ ਨੂੰ ਸੁਣੋ।
ਇਸ ਦੇਸ਼ ਅੰਦਰ ਲੋਕ ਹਰ ਥਾਂ ਸਹਾਇਤਾ ਲਈ ਪੁਕਾਰ ਕਰ ਰਹੇ ਨੇ।
ਉਹ ਆਖਦੇ ਨੇ, “ਕੀ ਹਾਲੇ ਵੀ ਯਹੋਵਾਹ ਸੀਯੋਨ ਉੱਤੇ ਹੈ?
ਕੀ ਸੀਯੋਨ ਦਾ ਰਾਜਾ ਹਾਲੇ ਵੀ ਓਥੇ ਹੈ?”
ਪਰ ਪਰਮੇਸ਼ੁਰ ਆਖਦਾ ਹੈ,
“ਯਹੂਦਾਹ ਦੇ ਲੋਕਾਂ ਨੇ ਨਿਕੰਮੇ ਵਿਦੇਸ਼ੀ ਬੁੱਤਾਂ ਦੀ ਉਪਾਸਨਾ ਕੀਤੀ ਸੀ।
ਇਸ ਨੇ ਮੈਨੂੰ ਬਹੁਤ ਕਰੋਧਵਾਨ ਕੀਤਾ ਸੀ!
ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਸੀ?”
20 ਅਤੇ ਲੋਕ ਆਖਦੇ ਨੇ,
“ਵਾਢੀ ਦਾ ਸਮਾਂ ਬੀਤ ਗਿਆ ਹੈ।
ਗਰਮੀ ਚਲੀ ਗਈ ਹੈ।
ਅਤੇ ਅਸੀਂ ਹਾਲੇ ਵੀ ਨਹੀਂ ਬਚਾਏ ਗਏ ਹਾਂ।”
21 ਮੇਰੇ ਲੋਕ ਜ਼ਖਮੀ ਨੇ, ਇਸ ਲਈ ਮੈਂ ਜ਼ਖਮੀ ਹਾਂ।
ਮੈਂ ਬੋਲਣ ਲਈ ਬਹੁਤ ਉਦਾਸ ਹਾਂ।
22 ਅਵੱਸ਼ ਹੀ ਗਿਲਆਦ ਵਿੱਚ ਕੋਈ ਦਵਾ ਅਤੇ ਚਿਕਿਤਸੱਕ ਹੈ।
ਇਸ ਲਈ ਮੇਰੇ ਲੋਕਾਂ ਦੇ ਜ਼ਖਮ ਰਾਜ਼ੀ ਕਿਉਂ ਨਹੀਂ ਹੋਏ?