ਲੋਕਾਂ ਨੂੰ ਚੇਤੇ ਕਰਾਉਣ ਵਾਲੀਆਂ ਚੱਟਾਨਾ
4
ਜਦੋਂ ਸਾਰੇ ਲੋਕ ਨਦੀ ਪਾਰ ਕਰ ਗਏ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਬਾਰ੍ਹਾਂ ਆਦਮੀ ਚੁਣੋ। ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। ਉਨ੍ਹਾਂ ਨੂੰ ਆਖੋ ਕਿ ਨਦੀ ਵਿੱਚ ਉਸ ਥਾਂ ਦੇਖਣ ਜਿੱਥੇ ਜਾਜਕ ਖਲੋਤੇ ਹੋਏ ਸਨ। ਉਨ੍ਹਾਂ ਨੂੰ ਆਖੋ ਕਿ ਉਸ ਥਾਂ ਉੱਤੇ ਬਾਰ੍ਹਾਂ ਪੱਥਰ ਤਲਾਸ਼ ਕਰਨ। ਉਨ੍ਹਾਂ ਬਾਰ੍ਹਾਂ ਪੱਥਰਾਂ ਨੂੰ ਆਪਣੇ ਨਾਲ ਲੈ ਜਾਣਾ। ਬਾਰ੍ਹਾਂ ਪਥਰਾ ਨੂੰ ਉੱਥੇ ਰੱਖ ਦੇਣਾ ਜਿੱਥੇ ਤੁਸੀਂ ਰਾਤ ਕੱਟੋ।”
ਇਸ ਲਈ, ਯਹੋਸ਼ੁਆ ਨੇ ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਬੰਦਾ ਚੁਣਿਆ। ਫ਼ੇਰ ਉਸ ਨੇ ਬਾਰ੍ਹਾਂ ਆਦਮੀਆਂ ਨੂੰ ਇਕੱਠੇ ਹੋਣ ਲਈ ਆਖਿਆ। ਯਹੋਸ਼ੁਆ ਨੇ ਆਦਮੀਆਂ ਨੂੰ ਆਖਿਆ, “ਨਦੀ ਵਿੱਚ ਉੱਥੇ ਜਾਵੋ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਹੈ। ਤੁਹਾਡੇ ਵਿੱਚੋਂ ਹਰੇਕ ਨੂੰ ਇੱਕ-ਇੱਕ ਪੱਥਰ ਤਲਾਸ਼ ਕਰਨਾ ਚਾਹੀਦਾ ਹੈ। ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਪਾਸ ਇੱਕ-ਇੱਕ ਪੱਥਰ ਹੋਵੇਗਾ। ਉਸ ਪੱਥਰ ਨੂੰ ਆਪਣੇ ਮੋਢਿਆ ਉੱਤੇ ਚੁੱਕੋ। ਇਹ ਪੱਥਰ ਤੁਹਾਡੇ ਲਈ ਨਿਸ਼ਾਨ ਹੋਣਗੇ। ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ, ‘ਇਨ੍ਹਾਂ ਪਥਰਾ ਦਾ ਕੀ ਅਰਥ ਹੈ?’ ਤੁਸੀਂ ਬੱਚਿਆਂ ਨੂੰ ਦੱਸੋਂਗੇ ਕਿ ਯਹੋਵਾਹ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣ ਤੋਂ ਰੋਕ ਦਿੱਤਾ ਸੀ। ਜਦੋਂ ਯਹੋਵਾਹ ਨੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਨਦੀ ਪਾਰ ਕਰ ਰਿਹਾ ਸੀ, ਪਾਣੀ ਵਗਣੋ ਹਟ ਗਿਆ ਸੀ। ਉਹ ਪੱਥਰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣ ਵਿੱਚ ਸਹਾਇਤਾ ਕਰਨਗੇ।”
ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਦੀ ਗੱਲ ਮੰਨ ਲਈ। ਉਹ ਯਰਦਨ ਨਦੀ ਦੇ ਅੱਧ ਵਿੱਚਕਾਰੋਂ ਬਾਰ੍ਹਾਂ ਪੱਥਰ ਚੁੱਕ ਲਿਆਏ। ਇਸਰਾਏਲ ਦੇ ਹਰ ਬਾਰ੍ਹਾਂ ਪਰਿਵਾਰ-ਸਮੂਹਾਂ ਲਈ ਇੱਕ-ਇੱਕ ਪੱਥਰ ਸੀ। ਉਨ੍ਹਾਂ ਨੇ ਅਜਿਹਾ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਆਦੇਸ਼ ਦਿੱਤਾ ਸੀ। ਲੋਕਾਂ ਨੇ ਪੱਥਰ ਆਪਣੇ ਨਾਲ ਲੈ ਲਏ। ਫ਼ੇਰ ਉਨ੍ਹਾਂ ਨੇ ਉਹ ਪੱਥਰ ਉੱਥੇ ਰੱਖ ਦਿੱਤੇ ਜਿੱਥੇ ਉਨ੍ਹਾਂ ਨੇ ਆਪਣਾ ਡੇਰਾ ਲਾਇਆ। (ਯਹੋਸ਼ੁਆ ਨੇ ਯਰਦਨ ਨਦੀ ਦੇ ਅੱਧ ਵਿੱਚਕਾਰ ਵੀ ਬਾਰ੍ਹਾਂ ਪੱਥਰ ਰੱਖ ਦਿੱਤੇ। ਉਸ ਨੇ ਇਨ੍ਹਾਂ ਨੂੰ ਉਸ ਥਾਂ ਰੱਖ ਦਿੱਤਾ ਜਿੱਥੇ ਜਾਜਕ ਉਦੋਂ ਖਲੋਤੇ ਸਨ ਜਦੋਂ ਉਨ੍ਹਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਿਆ ਹੋਇਆ ਸੀ। ਇਹ ਪੱਥਰ ਅੱਜ ਵੀ ਉਸੇ ਥਾਂ ਹਨ।)
10 ਯਹੋਵਾਹ ਨੇ ਯਹੋਸ਼ੁਆ ਨੂੰ ਆਦੇਸ਼ ਦੇ ਦਿੱਤਾ ਸੀ ਕਿ ਉਹ ਲੋਕਾਂ ਨੂੰ ਦੱਸ ਦੇਵੇ ਕਿ ਉਨ੍ਹਾਂ ਨੇ ਕੀ ਕਰਨਾ ਹੈ। ਇਹ ਉਹੀ ਗੱਲਾਂ ਸਨ ਜਿਹੜੀਆਂ ਮੂਸਾ ਨੇ ਯਹੋਸ਼ੁਆ ਨੂੰ ਜ਼ਰੂਰ ਕਰਨ ਲਈ ਆਖੀਆਂ ਸਨ। ਇਸ ਲਈ ਜਿਹੜੇ ਜਾਜਕ ਪਵਿੱਤਰ ਸੰਦੂਕ ਨੂੰ, ਲਈ ਖਲੋਤੇ ਸਨ ਉਦੋਂ ਤੀਕ ਨਦੀ ਦੇ ਅੱਧ ਵਿੱਚਕਾਰ ਖਲੋਤੇ ਰਹੇ ਜਦੋਂ ਤੱਕ ਕਿ ਉਹ ਸਾਰੀਆਂ ਗੱਲਾਂ ਕਰ ਨਹੀਂ ਲਈਆਂ ਗਈਆਂ। ਲੋਕ ਕਾਹਲੀ ਨਾਲ ਨਦੀ ਦੇ ਪਾਰ ਹੋ ਗਏ। 11 ਲੋਕਾਂ ਨੇ ਨਦੀ ਪਾਰ ਕਰ ਲਈ। ਉਸਤੋਂ ਮਗਰੋਂ ਜਾਜਕ, ਯਹੋਵਾਹ ਦੇ ਸੰਦੂਕ ਨੂੰ ਲੋਕਾਂ ਦੇ ਸਾਹਮਣੇ ਲੈ ਆਏ।
12 ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੇ ਮੂਸਾ ਦੀ ਗੱਲ ਮੰਨੀ। ਇਨ੍ਹਾਂ ਆਦਮੀਆਂ ਨੇ ਹੋਰਨਾਂ ਲੋਕਾਂ ਦੇ ਸਾਹਮਣੇ ਨਦੀ ਪਾਰ ਕੀਤੀ। ਇਹ ਆਦਮੀ ਲੜਾਈ ਲਈ ਤਿਆਰ ਸਨ। ਉਹ ਇਸਰਾਏਲ ਦੇ ਬਾਕੀ ਦੇ ਲੋਕਾਂ ਦੀ ਧਰਤੀ ਨੂੰ ਹਾਸਿਲ ਕਰਨ ਵਿੱਚ ਸਹਾਇਤਾ ਕਰਨ ਜਾ ਰਹੇ ਸਨ ਜਿਹੜੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦੇਣ ਦਾ ਇਕਰਾਰ ਕੀਤਾ ਸੀ। 13 ਤਕਰੀਬਨ 40,000 ਸਿਪਾਹੀ, ਲੜਾਈ ਲਈ ਤਿਆਰ ਹੋਏ, ਯਹੋਵਾਹ ਦੇ ਸਾਮ੍ਹਣਿਉ ਲੰਘੇ। ਉਹ ਯਰੀਹੋ ਦੇ ਮੈਦਾਨਾ ਵੱਲ ਕੂਚ ਕਰ ਰਹੇ ਸਨ।
14 ਉਸ ਦਿਨ ਯਹੋਵਾਹ ਨੇ ਯਹੋਸ਼ੁਆ ਨੂੰ ਇਸਰਾਏਲ ਦੇ ਸਾਰੇ ਲੋਕਾਂ ਲਈ, ਮਹਾਨ ਇਨਸਾਨ ਬਣਾ ਦਿੱਤਾ। ਉਸ ਸਮੇਂ ਤੋਂ ਬਾਦ ਲੋਕਾਂ ਨੇ ਯਹੋਸ਼ੁਆ ਦਾ ਆਦਰ ਕੀਤਾ। ਉਨ੍ਹਾਂ ਨੇ ਯਹੋਸ਼ੁਆ ਦਾ ਉਸਦੀ ਸਾਰੀ ਜ਼ਿੰਦਗੀ ਉਸੇ ਤਰ੍ਹਾਂ ਆਦਰ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੇ ਮੂਸਾ ਦਾ ਕੀਤਾ ਸੀ।
15 ਜਦੋਂ ਹਾਲੇ ਸੰਦੂਕ ਚੁੱਕਣ ਵਾਲੇ ਜਾਜਕ ਨਦੀ ਵਿੱਚ ਹੀ ਖਲੋਤੇ ਸਨ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 16 “ਜਾਜਕਾਂ ਨੂੰ ਨਦੀ ਵਿੱਚੋਂ ਬਾਹਰ ਆਉਣ ਦਾ ਆਦੇਸ਼ ਦਿਉ।”
17 ਇਸ ਲਈ ਯਹੋਸ਼ੁਆ ਨੇ ਜਾਜਕਾਂ ਨੂੰ ਆਦੇਸ਼ ਦਿੱਤਾ। ਉਸ ਨੇ ਆਖਿਆ, “ਯਰਦਨ ਨਦੀ ਵਿੱਚੋਂ ਬਾਹਰ ਆ ਜਾਵੋ।”
18 ਜਾਜਕਾ ਨੇ ਯਹੋਸ਼ੁਆ ਦੀ ਗੱਲ ਮੰਨ ਲਈ। ਉਨ੍ਹਾਂ ਨੇ ਆਪਣੇ ਨਾਲ ਪੇਟੀ ਚੁੱਕ ਲਈ ਅਤੇ ਨਦੀ ਵਿੱਚੋਂ ਬਾਹਰ ਆ ਗਏ। ਜਦੋਂ ਜਾਜਕਾਂ ਦੇ ਪੈਰ ਨਦੀ ਦੇ ਦੂਸਰੇ ਕੰਢੇ ਧਰਤੀ ਨੂੰ ਛੂਹੇ, ਨਦੀ ਦਾ ਪਾਣੀ ਫ਼ੇਰ ਵਗਣ ਲੱਗ ਪਿਆ। ਪਾਣੀ ਉਸੇ ਤਰ੍ਹਾਂ ਕੰਢਿਆਂ ਤੋਂ ਬਾਹਰ ਵਗਣ ਲੱਗਿਆ ਜਿਵੇਂ ਲੋਕਾਂ ਦੇ ਇਸ ਨੂੰ ਪਾਰ ਕਰਨ ਤੋਂ ਪਹਿਲਾ ਵਗਦਾ ਸੀ।
19 ਲੋਕਾਂ ਨੇ ਯਰਦਨ ਨਦੀ ਨੂੰ ਪਹਿਲੇ ਮਹੀਨੇ ਦੇ ਦਸਵੇਂ ਦਿਨ ਪਾਰ ਕੀਤਾ। ਲੋਕਾਂ ਨੇ ਯਰੀਹੋ ਦੇ ਪੂਰਬ ਵੱਲ ਗਿਲਗਾਲ ਵਿਖੇ ਡੇਰਾ ਲਾ ਲਿਆ। 20 ਲੋਕਾਂ ਨੇ ਉਹ ਬਾਰ੍ਹਾਂ ਪੱਥਰ ਨਾਲ ਲਿਆਂਦੇ ਜਿਹੜੇ ਉਨ੍ਹਾਂ ਨੇ ਯਰਦਨ ਨਦੀ ਵਿੱਚੋਂ ਚੁੱਕੇ ਸਨ। ਅਤੇ ਯਹੋਸ਼ੁਆ ਨੇ ਉਨ੍ਹਾਂ ਪੱਥਰਾਂ ਨੂੰ ਗਿਲਗਾਲ ਵਿਖੇ ਸਥਾਪਿਤ ਕਰ ਦਿੱਤਾ। 21 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਭਵਿੱਖ ਵਿੱਚ ਤੁਹਾਡੇ ਬੱਚੇ ਆਪਣੇ ਮਾਪਿਆਂ ਨੂੰ ਪੁੱਛਣਗੇ, ‘ਇਨ੍ਹਾਂ ਪਥਰਾਂ ਦਾ ਕੀ ਅਰਥ ਹੈ?’ 22 ਤੁਸੀਂ ਬੱਚਿਆਂ ਨੂੰ ਦੱਸੋਂਗੇ, ‘ਇਹ ਪੱਥਰ ਸਾਨੂੰ ਇਹ ਗੱਲ ਚੇਤੇ ਰੱਖਣ ਵਿੱਚ ਸਹਾਇਤਾ ਕਰਦੇ ਹਨ ਕਿ ਕਿਵੇਂ ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਨੂੰ ਸੁੱਕੀ ਥਾਂ ਤੋਂ ਪਾਰ ਕੀਤਾ ਸੀ। 23 ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣੋ ਰੋਕ ਦਿੱਤਾ ਸੀ ਤਾਂ ਜੋ ਤੁਸੀਂ ਇਸ ਨੂੰ ਸੁੱਕੀ ਥਾਂ ਤੋਂ ਪਾਰ ਕਰ ਸੱਕੋ-ਉਸੇ ਤਰ੍ਹਾਂ ਜਿਵੇਂ ਯਹੋਵਾਹ ਨੇ ਲਾਲ ਸਾਗਰ ਦੇ ਪਾਣੀ ਨੂੰ ਰੋਕ ਦਿੱਤਾ ਸੀ ਤਾਂ ਜੋ ਅਸੀਂ ਇਸ ਨੂੰ ਸੁੱਕੀ ਥਾਂ ਤੋਂ ਪਾਰ ਕਰ ਸੱਕੀਏ।’ 24 ਯਹੋਵਾਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਇਸ ਧਰਤੀ ਦੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਯਹੋਵਾਹ ਬਹੁਤ ਸ਼ਕਤੀਸ਼ਾਲੀ ਹੈ ਅਤੇ ਤੁਸੀਂ ਹਮੇਸ਼ਾ ਉਸ ਤੋਂ ਡਰੋ।”