ਯਿਸੂ ਦਾ ਤਲਾਕ ਬਾਰੇ ਉਪਦੇਸ਼
(ਮੱਤੀ 19:1-12)
10
ਫ਼ੇਰ ਯਿਸੂ ਉੱਥੋਂ ਉੱਠ ਕੇ ਯਹੂਦਿਯਾ ਦੀਆਂ ਹਦਾਂ ਵਿੱਚ ਅਤੇ ਯਰਦਨ ਨਦੀ ਦੇ ਪਾਰ ਪਹੁੰਚਿਆ। ਉੱਥੇ ਫ਼ਿਰ ਲੋਕ ਇੱਕਤ੍ਰ ਹੋਏ ਅਤੇ ਹਮੇਸ਼ਾ ਵਾਂਗ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।
ਕੁਝ ਫ਼ਰੀਸੀ ਉਸ ਕੋਲ ਆਏ। ਉਨ੍ਹਾਂ ਕੋਸ਼ਿਸ਼ ਕੀਤੀ ਕਿ ਉਹ ਆਪਣੇ ਮੂੰਹੋ ਕੁਝ ਗਲਤ ਆਖੇ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਕੀ ਮਨੁੱਖ ਲਈ ਇਹ ਵਾਜਿਬ ਹੈ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇਵੇ?”
ਯਿਸੂ ਨੇ ਜਵਾਬ ਦਿੱਤਾ, “ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ ਹੈ?”
ਫ਼ਰੀਸੀਆਂ ਨੇ ਕਿਹਾ, “ਮੂਸਾ ਨੇ ਤਾਂ ਪਰਵਾਨਗੀ ਦਿੱਤੀ ਹੈ ਕਿ ਕੋਈ ਵੀ ਮਨੁੱਖ ਆਪਣੀ ਪਤਨੀ ਨੂੰ ਤਲਾਕਨਾਮਾ ਲਿਖਕੇ ਤਲਾਕ ਦੇ ਸੱਕਦਾ ਹੈ।”*
ਯਿਸੂ ਨੇ ਆਖਿਆ, “ਮੂਸਾ ਨੇ ਤੁਹਾਨੂੰ ਇਹ ਹੁਕਮ ਇਸ ਲਈ ਲਿਖਿਆ ਕਿਉਂਕਿ ਤੁਹਾਡੇ ਦਿਲ ਸਖ਼ਤ ਸਨ। ਜਦੋਂ ਪਰਮੇਸ਼ੁਰ ਨੇ ਇਹ ਦੁਨੀਆਂ ਨੂੰ ਸਿਰਜਿਆ, ‘ਉਸਨੇ ਲੋਕਾਂ ਨੂੰ ਨਰ ਅਤੇ ਨਾਰੀ ਬਣਾਇਆ।’ ‘ਇਸੇ ਲਈ, ਮਰਦ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਵੇਗਾ। ਅਤੇ ਉਹ ਇੱਕ ਸਰੀਰ ਹੋ ਜਾਵਣਗੇ। ਇਸ ਲਈ ਉਹ ਦੋ ਨਹੀਂ ਸਗੋਂ ਇੱਕ ਹੋਣਗੇ।’ ਇਸ ਲਈ ਜੋ ਵੀ ਪਰਮੇਸ਼ੁਰ ਨੇ ਇਕੱਠਿਆਂ ਕੀਤਾ ਹੈ, ਮਨੁੱਖ ਨੂੰ ਉਹ ਵੱਖਰਾ ਨਹੀਂ ਕਰਨਾ ਚਾਹੀਦਾ।”
10 ਬਾਦ ਵਿੱਚ ਜਦੋਂ ਚੇਲੇ ਘਰ ਵਿੱਚ ਸਨ ਤਾਂ ਉਨ੍ਹਾਂ ਫ਼ੇਰ ਉਸ ਨੂੰ ਤਲਾਕ ਬਾਰੇ ਪੁੱਛਿਆ ਤਾਂ 11 ਯਿਸੂ ਨੇ ਆਖਿਆ, “ਜੇਕਰ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਔਰਤ ਨਾਲ ਵਿਆਹ ਕਰਾਉਂਦਾ ਹੈ, ਉਹ ਆਪਣੀ ਪਤਨੀ ਵਿਰੁੱਧ ਬਦਕਾਰੀ ਦਾ ਪਾਪ ਕਰਦਾ ਹੈ। 12 ਅਤੇ ਜੇਕਰ ਕੋਈ ਔਰਤ ਆਪਣੇ ਮਰਦ ਨੂੰ ਤਲਾਕ ਦਿੰਦੀ ਹੈ ਅਤੇ ਦੂਜੇ ਮਰਦ ਨਾਲ ਵਿਆਹ ਕਰਾਉਂਦੀ ਹੈ, ਤਾਂ ਉਹ ਵੀ ਪਤੀ ਨਾਲ ਬਦਕਾਰੀ ਦਾ ਪਾਪ ਕਰਦੀ ਹੈ।”
ਯਿਸੂ ਦਾ ਬੱਚਿਆਂ ਨੂੰ ਸਵੀਕਾਰਨਾ
(ਮੱਤੀ 19:13-15; ਲੂਕਾ 18:15-17)
13 ਲੋਕੀ ਆਪਣੇ ਛੋਟੇ ਬੱਚਿਆਂ ਨੂੰ ਉਸ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਨ੍ਹਾਂ ਨੂੰ ਛੋਹਵੇ ਪਰ ਉਸ ਦੇ ਚੇਲਿਆਂ ਨੇ ਉਨ੍ਹਾਂ ਲੋਕਾਂ ਨੂੰ ਬੱਚਿਆਂ ਨੂੰ ਉਸ ਕੋਲ ਲਿਆਉਣ ਤੋਂ ਵਰਿਜਆ। 14 ਜਦੋਂ ਯਿਸੂ ਨੇ ਚੇਲਿਆਂ ਨੂੰ ਇਉਂ ਕਰਦਿਆਂ ਵੇਖਿਆ ਤਾਂ ਉਸ ਨੂੰ ਇਹ ਮਾੜਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦੇਵੋ। ਉਨ੍ਹਾਂ ਨੂੰ ਰੋਕੋ ਨਾ ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲਈ ਹੈ ਜੋ ਇਹੋ ਜਿਹੇ ਬੱਚਿਆਂ ਵਰਗੇ ਹਨ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮਨੁੱਖ ਪਰਮੇਸ਼ੁਰ ਦੇ ਰਾਜ ਨੂੰ ਬਾਲਕ ਵਾਂਗ ਕਬੂਲ ਨਹੀਂ ਕਰੇਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ।” 16 ਤਾਂ ਯਿਸੂ ਨੇ ਉਨ੍ਹਾਂ ਨੂੰ ਕੁਛੜ ਚੁੱਕਿਆ, ਉਨ੍ਹਾਂ ਤੇ ਹੱਥ ਰੱਖਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ।
ਇੱਕ ਅਮੀਰ ਆਦਮੀ ਦਾ ਯਿਸੂ ਨੂੰ ਮੰਨਣ ਤੋਂ ਇਨਕਾਰ ਕਰਨਾ
(ਮੱਤੀ 19:16-30; ਲੂਕਾ 18:18-30)
17 ਜਦੋਂ ਯਿਸੂ ਉਹ ਥਾਂ ਛੱਡਣ ਹੀ ਵਾਲਾ ਸੀ ਤਾਂ, ਇੱਕ ਆਦਮੀ ਆਇਆ ਅਤੇ ਉਸ ਦੇ ਅੱਗੇ ਝੁਕਿਆ ਅਤੇ ਪੁੱਛਿਆ, “ਸਤਿ ਗੁਰੂ ਜੀ, ਮੈਂ ਸਦੀਵੀ ਜੀਵਨ ਪ੍ਰਾਪਤ ਕਰਨ ਲਈ ਕੀ ਕਰਾਂ?”
18 ਉਸ ਨੇ ਆਖਿਆ, “ਤੂੰ ਮੈਨੂੰ ਸਤਿਗੁਰੂ ਕਿਉਂ ਬੁਲਾਉਂਦਾ ਹੈਂ? ਕੋਈ ਮਨੁੱਖ ਸਤਿ ਨਹੀਂ ਹੈ ਕੇਵਲ ਪਰਮੇਸ਼ੁਰ ਹੀ ਸਤਿ ਹੈ। 19 ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਕੀ ਤੂੰ ਨੇਮਾਂ ਨੂੰ ਜਾਣਦਾ ਹੈ। ਕਿਸੇ ਨੂੰ ਨਾ ਮਾਰੋ, ਬਦਕਾਰੀ ਦਾ ਪਾਪ ਨਾ ਕਰੋ, ਚੋਰੀ ਨਾ ਕਰੋ, ਝੂਠੀ ਗਵਾਹੀ ਨਾ ਦੇਵੋ, ਧੋਖਾ ਨਾ ਕਰੋ ਅਤੇ ‘ਆਪਣੇ ਮਾਤਾ-ਪਿਤਾ ਦਾ ਆਦਰ-ਮਾਣ ਕਰੋ।’”
20 ਉਸ ਮਨੁੱਖ ਨੇ ਕਿਹਾ, “ਗੁਰੂ ਜੀ, ਮੈਂ ਇਨ੍ਹਾਂ ਹੁਕਮਾਂ ਨੂੰ ਉਦੋਂ ਤੋਂ ਮੰਨਦਾ ਆ ਰਿਹਾ ਹਾਂ ਜਦ ਕਿ ਮੈਂ ਹਾਲੇ ਬੱਚਾ ਹੀ ਸੀ।”
21 ਯਿਸੂ ਨੇ ਉਸ ਵੱਲ ਪਿਆਰ ਨਾਲ ਵੇਖਿਆ ਅਤੇ ਕਿਹਾ, “ਅਜੇ ਵੀ ਤੇਰੇ ਲਈ ਇੱਕ ਚੀਜ਼ ਕਰਨੀ ਬਾਕੀ ਹੈ। ਉਹ ਇਹ ਕਿ ਜੋ ਕੁਝ ਵੀ ਤੇਰੇ ਕੋਲ ਹੈ ਸਭ ਕੁਝ ਵੇਚਦੇ। ਇਹ ਸਾਰਾ ਧਨ ਤੂੰ ਗਰੀਬਾਂ ਵਿੱਚ ਵੰਡਦੇ ਤਾਂ ਤੈਨੂੰ ਸਵਰਗ ਵਿੱਚ ਇਸਦਾ ਫ਼ਲ ਮਿਲੇਗਾ ਅਤੇ ਫ਼ੇਰ ਆਕੇ ਤੂੰ ਮੇਰੇ ਪਿੱਛੇ ਹੋ ਤੁਰ।”
22 ਪਰ ਉਹ ਆਦਮੀ ਬਹੁਤ ਨਿਰਾਸ਼ ਹੋਇਆ ਅਤੇ ਉਦਾਸੀ ਨਾਲ ਉੱਥੋਂ ਚੱਲਾ ਗਿਆ ਕਿਉਂਕਿ ਉਹ ਬਹੁਤ ਧਨਵਾਨ ਸੀ।
23 ਤੱਦ ਯਿਸੂ ਨੇ ਆਲੇ-ਦੁਆਲੇ ਵੇਖਿਆ ਅਤੇ ਆਪਣੇ ਚੇਲਿਆਂ ਨੂੰ ਆਖਿਆ, “ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ।”
24 ਯਿਸੂ ਨੇ ਇਸ ਕਥਨ ਤੇ ਚੇਲੇ ਬੜੇ ਹੈਰਾਨ ਹੋਏ ਪਰ ਉਸ ਨੇ ਫ਼ੇਰ ਕਿਹਾ, “ਮੇਰੇ ਬਚਿਓ, ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੋਣਾ ਕਿੰਨਾ ਔਖਾ ਹੈ! 25 ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਘਣਾ ਸੌਖਾ ਹੈ ਪਰ ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਔਖਾ ਹੈ!”
26 ਚੇਲੇ ਹੋਰ ਵੀ ਜ਼ਿਆਦਾ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਆਖਣ ਲੱਗੇ, “ਤਾਂ ਫ਼ੇਰ ਕੌਣ ਬਚ ਸੱਕਦਾ ਹੈ?”
27 ਯਿਸੂ ਨੇ ਚੇਲਿਆਂ ਵੱਲ ਵੇਖਿਆ ਅਤੇ ਆਖਿਆ, “ਇਹ ਮਨੁੱਖ ਨਾਲ ਅਸੰਭਵ ਹੈ ਪਰ ਸਿਰਫ਼ ਪਰਮੇਸ਼ੁਰ ਨਾਲ ਸੰਭਵ ਹੈ। ਕਿਉਂਕਿ ਪਰਮੇਸ਼ੁਰ ਲਈ ਸਭ ਕੁਝ ਸੰਭਵ ਹੈ।”
28 ਪਤਰਸ ਨੇ ਯਿਸੂ ਨੂੰ ਕਿਹਾ, “ਤੁਹਾਡਾ ਅਨੁਸਰਣ ਕਰਨ ਲਈ ਅਸੀਂ ਆਪਣਾ ਸਭ ਕੁਝ ਤਿਆਗ ਦਿੱਤਾ ਹੈ।”
29 ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਿਸ ਕਿਸੇ ਨੇ ਵੀ ਮੇਰੀ ਜਾਂ ਖੁਸ਼ਖਬਰੀ ਦੀ ਖਾਤਰ ਆਪਣਾ ਘਰ, ਭਰਾ-ਭੈਣਾਂ, ਮਾਂ-ਬਾਪ ਬੱਚੇ ਜਾਂ ਖੇਤ ਛੱਡੇ ਹਨ, ਇਸ ਦੁਨੀਆਂ ਨਾਲੋਂ ਵੀ ਸੌ ਗੁਣਾ ਵੱਧ ਪ੍ਰਾਪਤ ਕਰੇਗਾ। 30 ਇਸ ਦੁਨੀਆਂ ਵਿੱਚ ਉਸ ਨੂੰ ਵੱਧੇਰੇ ਘਰ, ਭਰਾ-ਭੈਣਾ, ਮਾਂ-ਬਾਪ, ਬੱਚੇ ਅਤੇ ਖੇਤ ਪ੍ਰਾਪਤ ਹੋ ਜਾਣਗੇ ਅਤੇ ਉਨ੍ਹਾਂ ਦੇ ਨਾਲ ਉਸ ਮਨੁੱਖ ਨੂੰ ਦੰਡ ਮਿਲੇਗਾ ਪਰ ਅਗਲੇ ਜੀਵਨ ਵਿੱਚ ਉਸ ਨੂੰ ਸਦੀਪਕ ਜੀਵਨ ਵੀ ਮਿਲੇਗਾ। 31 ਕੁਝ ਲੋਕ ਜਿਨ੍ਹਾਂ ਦਾ ਰੁਤਬਾ ਇਸ ਵੇਲੇ ਬੜਾ ਉੱਚਾ ਹੈ, ਭਵਿੱਖ ਵਿੱਚ ਉਨ੍ਹਾਂ ਦਾ ਰੁਤਬਾ ਸਭ ਤੋਂ ਨੀਵੇਂ ਦਰਜੇ ਦਾ ਹੋਵੇਗਾ ਅਤੇ ਕੁਝ ਲੋਕ ਜਿਨ੍ਹਾਂ ਦਾ ਰੁਤਬਾ ਇਸ ਵਕਤ ਬਹੁਤ ਨੀਵਾਂ ਹੈ ਆਉਣ ਵਾਲੇ ਸਮੇਂ ਵਿੱਚ ਬੜੇ ਉੱਚੇ ਰੁਤਬੇ ਦੇ ਹੋਣਗੇ।”
ਯਿਸੂ ਦਾ ਆਪਣੀ ਮੌਤ ਬਾਰੇ ਫ਼ੇਰ ਗੱਲ ਕਰਨਾ
(ਮੱਤੀ 20:17-19; ਲੂਕਾ 18:31-34)
32 ਯਿਸੂ ਦੇ ਨਾਲ ਲੋਕ ਵੀ ਯਰੂਸ਼ਲਮ ਵੱਲ ਨੂੰ ਜਾ ਰਹੇ ਸਨ। ਉਹ ਉਨ੍ਹਾਂ ਦੇ ਅੱਗੇ ਚੱਲ ਰਿਹਾ ਸੀ। ਉਸ ਦੇ ਚੇਲੇ ਹੈਰਾਨ ਸਨ, ਪਰ ਜਿਹੜੇ ਲੋਕ ਉਸ ਮਗਰ ਤੁਰ ਰਹੇ ਸਨ ਉਹ ਡਰੇ ਹੋਏ ਸਨ। ਉਸ ਨੇ ਫ਼ੇਰ ਬਾਰ੍ਹਾਂ ਰਸੂਲਾਂ ਨੂੰ ਇੱਕਲਿਆਂ ਬੁਲਾਕੇ ਉਨ੍ਹਾਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰ ਸੱਕਦਾ ਹੈ। 33 ਉਸ ਨੇ ਕਿਹਾ, “ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ। ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਦੇ ਦਿੱਤਾ ਜਾਵੇਗਾ ਉਹ ਉਸ ਨੂੰ ਮਾਰ ਦੇਣਗੇ ਅਤੇ ਗੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ। 34 ਉਹ ਲੋਕ ਉਸਦਾ ਮਜ਼ਾਕ ਉਡਾਉਣਗੇ ਅਤੇ ਉਸ ਉੱਤੇ ਥੁਕਣਗੇ। ਉਹ ਉਸ ਨੂੰ ਕੋੜਿਆਂ ਨਾਲ ਮਾਰਨਗੇ ਅਤੇ ਜਾਨੋ ਮਾਰ ਸੁੱਟਣਗੇ, ਪਰ ਉਹ ਮੌਤ ਤੋਂ ਤੀਜੇ ਦਿਨ ਪਿੱਛੋਂ ਫਿਰ ਜੀਅ ਉੱਠੇਗਾ।”
ਯਾਕੂਬ ਅਤੇ ਯੂਹੰਨਾ ਦਾ ਉਸਤੋਂ ਮਦਦ ਮੰਗਣਾ
(ਮੱਤੀ 20:20-28)
35 ਤੱਦ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਉਸ ਦੇ ਕੋਲ ਆਣਕੇ ਉਸ ਨੂੰ ਕਹਿਣ ਲੱਗੇ, “ਗੁਰੂ ਜੀ! ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਇੱਕ ਮਿਹਰਬਾਨੀ ਕਰੋ।”
36 ਯਿਸੂ ਨੇ ਆਖਿਆ, “ਤੁਸੀਂ ਮੈਥੋਂ ਆਪਣੇ ਲਈ ਕੀ ਕਰਾਉਣਾ ਚਾਹੁੰਦੇ ਹੋ?”
37 ਉਨ੍ਹਾਂ ਨੇ ਜਵਾਬ ਦਿੱਤਾ, “ਸਾਨੂੰ ਦੋਹਾਂ ਨੂੰ ਵਚਨ ਦੇ ਕਿ ਤੇਰੀ ਮਹਿਮਾ ਵਿੱਚ, ਸਾਡੇ ਵਿੱਚੋਂ ਇੱਕ ਤੇਰੇ ਸੱਜੇ ਪਾਸੇ ਅਤੇ ਦੂਜਾ ਤੇਰੇ ਖੱਬੇ ਪਾਸੇ ਬੈਠੇ!”
38 ਉਸ ਨੇ ਕਿਹਾ, “ਤੁਹਾਨੂੰ ਨਹੀ ਪਤਾ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਜਿਸ ਤਰ੍ਹਾਂ ਦੇ ਦੁੱਖ ਮੈਨੂੰ ਝੱਲਣੇ ਪੈ ਰਹੇ ਹਨ, ਓਹੋ ਜਿਹੇ ਤੁਸੀਂ ਸਹਾਰਣ ਨੂੰ ਤਿਆਰ ਹੋ? ਅਤੇ ਜਿਹੋ ਜਿਹਾ ਬਪਤਿਸਮਾ ਮੈਂ ਲੈਣਾ ਹੈ, ਕੀ ਤੁਸੀਂ ਉਹੋ ਜਿਹਾ ਬਪਤਿਸਮਾ ਲੈ ਸੱਕਦੇ ਹੋ?”
39 ਉਨ੍ਹਾਂ ਉਸ ਨੂੰ ਆਖਿਆ, “ਹਾਂ ਹੋ ਸੱਕਦਾ ਹੈ!”
ਯਿਸੂ ਨੇ ਉਨ੍ਹਾਂ ਨੂੰ ਆਖਿਆ, “ਜਿਨ੍ਹਾਂ ਤਕਲੀਫ਼ਾਂ ਰਾਹੀਂ ਮੈਂ ਗੁਜਰਾਂਗਾ, ਤੁਸੀਂ ਵੀ ਗੁਜਰੋਂਗੇ ਜਿਹੜਾ ਬਪਤਿਸਮਾ ਮੈਂ ਲਵਾਂਗਾ ਤੁਸੀਂ ਵੀ ਲਵੋਂਗੇ। 40 ਪਰ ਕੌਣ ਮੇਰੇ ਸੱਜੇ ਅਤੇ ਖੱਬੇ ਪਾਸੇ ਬੈਠੇਗਾ ਇਸਦਾ ਫ਼ੈਸਲਾ ਕਰਨ ਵਾਲਾ ਮੈਂ ਨਹੀਂ ਹਾਂ! ਇਹ ਜਗ੍ਹਾਵਾਂ ਉਨ੍ਹਾਂ ਲਈ ਰੱਖੀਆਂ ਗਈਆਂ ਹਨ ਜਿਨ੍ਹਾਂ ਲਈ ਇਹ ਤਿਆਰ ਕੀਤੀਆਂ ਗਈਆਂ ਹਨ।”
41 ਬਾਕੀ ਦਸ ਚੇਲਿਆਂ ਨੇ ਵੀ ਇਹ ਸੁਣਿਆ। ਉਨ੍ਹਾਂ ਨੂੰ ਯਾਕੂਬ ਅਤੇ ਯੂਹੰਨਾ ਤੇ ਕਰੋਧ ਆਇਆ ਤਾਂ 42 ਯਿਸੂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਤੁਸੀਂ ਜਾਣਦੇ ਹੋ ਕਿ ਉਹ ਲੋਕ ਜਿਨ੍ਹਾਂ ਨੂੰ ਪਰਾਈਆਂ ਕੌਮਾਂ ਦੇ ਹਾਕਮ ਸਮਝਿਆ ਜਾਂਦਾ ਹੈ, ਉਹ ਉਨ੍ਹਾਂ ਤੇ ਦਬਦਬਾ ਰੱਖਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਵਿਸ਼ੇਸ਼ ਆਗੂ ਉਨ੍ਹਾਂ ਉੱਤੇ ਅਧਿਕਾਰ ਇਸਤੇਮਾਲ ਕਰਨਾ ਪਸੰਦ ਕਰਦੇ ਹਨ। 43 ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਸਗੋਂ ਤੁਹਾਡੇ ਵਿੱਚੋਂ ਜੇਕਰ ਕੋਈ ਮਹਾਨ ਹੋਣਾ ਚਾਹੁੰਦਾ ਹੈ ਉਸ ਨੂੰ ਤੁਹਾਡਾ ਸੇਵਕ ਹੋਣਾ ਚਾਹੀਦਾ ਹੈ। 44 ਜੇਕਰ ਤੁਹਾਡੇ ਵਿੱਚੋਂ ਕੋਈ ਸਭ ਤੋਂ ਵੱਡਾ ਬਨਣਾ ਚਾਹੁੰਦਾ ਹੈ, ਤਾਂ ਉਸ ਨੂੰ ਨੋਕਰ ਵਾਂਗ ਸਭ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। 45 ਕਿਉਂਕਿ ਮਨੁੱਖ ਦਾ ਪੁੱਤਰ ਦੂਜਿਆਂ ਤੋਂ ਆਪਣੀ ਸੇਵਾ ਨਹੀਂ ਕਰਾਉਣ ਆਇਆ ਪਰ ਲੋਕਾਂ ਦੀ ਸੇਵਾ ਕਰਨ ਅਤੇ ਬਹੁਤੇ ਲੋਕਾਂ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੇਣ ਲਈ ਆਇਆ ਹੈ।”
ਯਿਸੂ ਦਾ ਇੱਕ ਅੰਨ੍ਹੇ ਨੂੰ ਠੀਕ ਕਰਨਾ
(ਮੱਤੀ 20:29-34; ਲੂਕਾ 18:35-43)
46 ਤੱਦ ਉਹ ਯਰੀਹੋ ਵਿੱਚ ਆਏ। ਜਦ ਉਹ, ਉਸ ਦੇ ਚੇਲੇ ਅਤੇ ਹੋਰ ਬਹੁਤ ਸਾਰੇ ਲੋਕ ਯਰੀਹੋ ਨੂੰ ਛੱਡ ਕੇ ਜਾ ਰਹੇ ਸਨ ਇੱਕ ਅੰਨ੍ਹਾ ਆਦਮੀ (ਤਮਈ ਦਾ ਪੁੱਤਰ) ਬਰਤਿਮਈ ਸੜਕ ਦੇ ਕਿਨਾਰੇ ਬੈਠਾ ਸੀ। ਇਹ ਆਦਮੀ ਸੜਕ ਕੰਢੇ ਬੈਠ ਭੀਖ ਮੰਗ ਰਿਹਾ ਸੀ। 47 ਉਸ ਨੇ ਸੁਣਿਆ ਕਿ ਯਿਸੂ ਨਾਸਰੀ ਇਧਰ ਦੀ ਲੰਘ ਰਿਹਾ ਸੀ। ਉਸ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, “ਯਿਸੂ, ਦਾਊਦ ਦੇ ਪੁੱਤਰ! ਮੇਰੇ ਤੇ ਮਿਹਰ ਕਰ।”
48 ਬਹੁਤ ਸਾਰੇ ਲੋਕਾਂ ਨੇ ਉਸ ਨੂੰ ਰੌਲਾ ਪਾਉਣ ਲਈ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਸ ਅੰਨ੍ਹੇ ਆਦਮੀ ਨੇ ਹੋਰ ਵੀ ਜ਼ੋਰ ਦੀ ਰੌਲਾ ਪਾਇਆ, “ਦਾਊਦ ਦੇ ਪੁੱਤਰ ਮੇਰੇ ਤੇ ਮਿਹਰ ਕਰ।”
49 ਯਿਸੂ ਉੱਥੇ ਰੁਕਿਆ ਅਤੇ ਆਖਿਆ, “ਉਸ ਆਦਮੀ ਨੂੰ ਕਹੋ, ਇਧਰ ਆਵੇ!”
ਤਾਂ ਉਨ੍ਹਾਂ ਨੇ ਉਸ ਅੰਨ੍ਹੇ ਆਦਮੀ ਨੂੰ ਬੁਲਾਇਆ ਅਤੇ ਕਿਹਾ, “ਖੁਸ਼ ਹੋ! ਅਤੇ ਖਲੋ ਜਾ, ਕਿਉਂਕਿ ਯਿਸੂ ਨੇ ਤੈਨੂੰ ਬੁਲਾਇਆ ਹੈ।” 50 ਅੰਨ੍ਹਾ ਆਦਮੀ ਫ਼ਟਾ-ਫ਼ਟ ਖੜ੍ਹਾ ਹੋਇਆ, ਉਸ ਨੇ ਆਪਣਾ ਕੱਪੜਾ ਉੱਥੇ ਹੀ ਛੱਡਿਆ ਤੇ ਉਸ ਕੋਲ ਆ ਗਿਆ।
51 ਯਿਸੂ ਨੇ ਉਸ ਆਦਮੀ ਨੂੰ ਕਿਹਾ, “ਮੈਥੋਂ ਆਪਣੇ ਲਈ ਕੀ ਕਰਾਉਣਾ ਚਾਹੁੰਦਾ ਹੈਂ?”
ਉਸ ਨੇ ਜਵਾਬ ਦਿੱਤਾ, “ਗੁਰੂ, ਮੈਂ ਮੁੜ ਤੋਂ ਵੇਖਣਾ ਚਾਹੁੰਦਾ ਹਾਂ।”
52 ਉਸ ਨੇ ਕਿਹਾ, “ਜਾ, ਤੇਰੀ ਵਿਸ਼ਵਾਸ ਨੇ ਤੈਨੂੰ ਬਚਾਇਆ ਹੈ।” ਤੱਦ ਉਹ ਆਦਮੀ ਦੋਬਾਰਾ ਵੇਖਣ ਦੇ ਸਮਰਥ ਹੋ ਗਿਆ ਅਤੇ ਉਸ ਰਸਤੇ ਉਹ ਯਿਸੂ ਦੇ ਮਗਰ ਤੁਰ ਪਿਆ।
* 10:4 “ਮੂਸਾ ਨੇ … ਦੇ ਸੱਕਦਾ ਹੈ” ਦੇਖੋ ਬਿਵਸਥਾ ਸਾਰ 24:1 10:6 ਹਵਾਲਾ: ਉਤਪਤ 1:27, 5:2 10:8 ਹਵਾਲਾ: ਉਤਪਤ 2:24 10:19 ਹਵਾਲਾ: ਕੂਚ 20:12-16; ਬਿਵਸਥਾ ਸਾਰ 5:16-20