ਯਿਸੂ ਦਾ ਟੁੰਡੇ ਦਾ ਹੱਥ ਠੀਕ ਕਰਨਾ
(ਮੱਤੀ 12:9-14; ਲੂਕਾ 6:6-11)
3
ਯਿਸੂ ਫ਼ੇਰ ਪ੍ਰਾਰਥਨਾ ਸਥਾਨ ਤੇ ਗਿਆ। ਪ੍ਰਾਰਥਨਾ ਸਥਾਨ ਵਿੱਚ ਇੱਕ ਟੁੰਡਾ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। ਲੋਕ ਯਿਸੂ ਨੂੰ ਕੁਝ ਗਲਤ ਗੱਲ ਕਰਦਿਆਂ ਫ਼ੜਨ ਦੀ ਤਾਕ ਵਿੱਚ ਸਨ। ਤਾਂ ਜੋ ਉਹ ਉਸ ਦੇ ਵਿਰੁੱਧ ਦੋਸ਼ ਲਾ ਸੱਕਣ। ਇਸ ਲਈ ਸਭ ਉਸ ਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ ਅਤੇ ਇਹ ਵੀ ਤਾੜ ਰਹੇ ਸਨ ਕਿ ਵੇਖੀਏ ਭਲਾ ਉਹ ਸਬਤ ਦੇ ਦਿਨ ਉਸ ਟੁੰਡੇ ਨੂੰ ਠੀਕ ਕਰੇਗਾ ਕਿ ਨਹੀਂ। ਯਿਸੂ ਨੇ ਉਸ ਟੁੰਡੇ ਹੱਥ ਵਾਲੇ ਮਨੁੱਖ ਨੂੰ ਕਿਹਾ, “ਤੂੰ ਇੱਥੇ ਵਿੱਚਾਲੇ ਖੜ੍ਹਾ ਹੋ, ਤਾਂ ਕਿ ਲੋਕ ਤੈਨੂੰ ਵੇਖ ਲੈਣ।”
ਤੱਦ ਯਿਸੂ ਨੇ ਲੋਕਾਂ ਨੂੰ ਕਿਹਾ, “ਸਬਤ ਦੇ ਦਿਨ ਕੀ ਕਰਨਾ ਠੀਕ ਹੈ? ਚੰਗਾ ਕਰਨਾ ਜਾਂ ਬੁਰਾ ਕਰਨਾ? ਕਿਸੇ ਦੀ ਜਾਨ ਬਚਾਉਣੀ ਚੰਗੀ ਹੈ ਜਾਂ ਜਾਨੋ ਮਾਰਨਾ?” ਪਰ ਲੋਕਾਂ ਨੇ ਯਿਸੂ ਨੂੰ ਕੋਈ ਜਵਾਬ ਨਾ ਦਿੱਤਾ, ਸਭ ਚੁੱਪ ਰਹੇ।
ਫ਼ਿਰ ਯਿਸੂ ਉਨ੍ਹਾਂ ਦੀ ਜ਼ਿਦ ਦੇ ਕਾਰਨ ਉਦਾਸ ਸੀ ਅਤੇ ਗੁੱਸੇ ਵਿੱਚ ਉਨ੍ਹਾਂ ਵੱਲ ਵੇਖਿਆ ਅਤੇ ਉਸ ਆਦਮੀ ਨੂੰ ਆਖਿਆ, “ਆਪਣਾ ਹੱਥ ਵਿਖਾ।” ਤੱਦ ਉਸ ਮਨੁੱਖ ਨੇ ਆਪਣਾ ਹੱਥ ਵਿਖਾਇਆ ਅਤੇ ਉਸਦਾ ਹੱਥ ਚੰਗਾ ਹੋ ਗਿਆ। ਤੱਦ ਫ਼ਰੀਸੀ ਵਿਦਾ ਹੋ ਗਏ ਅਤੇ ਹੈਰੋਦੀਆਂ ਨਾਲ ਯਿਸੂ ਨੂੰ ਮਾਰਨ ਦੀ ਵਿਉਂਤ ਬਣਾਈ।
ਕਈ ਲੋਕ ਯਿਸੂ ਦਾ ਅਨੁਸਰਣ ਕਰਦੇ ਹਨ
ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਗਲੀਲ ਵਿੱਚ ਉਸ ਦੇ ਮਗਰ ਹੋ ਤੁਰੇ। ਬਹੁਤ ਸਾਰੇ ਹੋਰ ਲੋਕ, ਜਿਨ੍ਹਾਂ ਨੇ ਯਿਸੂ ਦੀਆਂ ਕੀਤੀਆਂ ਗੱਲਾਂ ਬਾਰੇ ਸੁਣਿਆ ਸੀ, ਉਸ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਇਹ ਲੋਕ ਯਹੂਦਿਯਾ, ਯਰੂਸ਼ਲਮ, ਅਦੂਮ ਅਤੇ ਯਰਦਨ ਨਦੀ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਤੋਂ ਵੀ ਆਏ ਹੋਏ ਸਨ।
ਜਦੋਂ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਲਈ ਇੱਕ ਛੋਟੀ ਬੇੜੀ ਤਿਆਰ ਕਰਨ। ਤਾਂ ਕਿ ਕਿਤੇ ਲੋਕਾਂ ਦੀ ਭੀੜ ਉਸ ਨੂੰ ਦਬਾ ਨਾ ਲਵੇ। 10 ਉਸ ਨੇ ਬਹੁਤ ਸਾਰੇ ਲੋਕਾਂ ਨੂੰ ਚੰਗਾ ਕੀਤਾ ਸੀ, ਇਸ ਲਈ ਬਿਮਾਰ ਲੋਕਾਂ ਨੇ ਉਸ ਨੂੰ ਛੂਹਣ ਲਈ ਉਸ ਦੇ ਆਲੇ-ਦੁਆਲੇ ਝੁੰਡ ਬਣਾ ਲਿਆ। 11 ਕੁਝ ਲੋਕਾਂ ਅੰਦਰ ਸ਼ੈਤਾਨ ਦੇ ਭਰਿਸ਼ਟ ਆਤਮੇ ਸਨ। ਜਦੋਂ ਭਰਿਸ਼ਟ ਆਤਮਿਆਂ ਨੇ ਯਿਸੂ ਨੂੰ ਵੇਖਿਆ ਤਾਂ ਉਹ ਉਸ ਅੱਗੇ ਝੁੱਕ ਕੇ ਚੀਕਣ ਲੱਗੇ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” 12 ਪਰ ਉਸ ਨੇ ਭਰਿਸ਼ਟ ਆਤਮਿਆਂ ਨੂੰ ਦ੍ਰਿੜ੍ਹਤਾ ਨਾਲ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਨਾ ਦੱਸਣ ਕਿ ਉਹ ਕੌਣ ਹੈ।
ਯਿਸੂ ਵੱਲੋਂ ਬਾਰ੍ਹਾਂ ਰਸੂਲਾਂ ਦਾ ਚੁਣੇ ਜਾਣਾ
(ਮੱਤੀ 10:1-4; ਲੂਕਾ 6:12-16)
13 ਤੱਦ ਯਿਸੂ ਪਹਾੜੀ ਵੱਲ ਤੁਰ ਗਿਆ ਅਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ। 14 ਯਿਸੂ ਨੇ ਬਾਰ੍ਹਾਂ ਬੰਦੇ ਚੁਣੇ ਅਤੇ ਉਨ੍ਹਾਂ ਨੂੰ ਰਸੂਲ ਆਖਿਆ। ਯਿਸੂ ਚਾਹੁੰਦਾ ਸੀ ਕਿ ਇਹ ਬਾਰ੍ਹਾਂ ਮਨੁੱਖ ਉਸ ਦੇ ਨਾਲ ਰਹਿਣ ਤਾਂ ਜੋ ਉਹ ਉਨ੍ਹਾਂ ਨੂੰ ਅਲੱਗ-ਅਲੱਗ ਥਾਵਾਂ ਤੇ ਪ੍ਰਚਾਰ ਕਰਨ ਲਈ ਭੇਜ ਸੱਕੇ। 15 ਇਨ੍ਹਾਂ ਲੋਕਾਂ ਕੋਲ ਵੀ ਲੋਕਾਂ ਵਿੱਚੋਂ ਭੂਤ ਕੱਢਣ ਦੀ ਸ਼ਕਤੀ ਹੋਣੀ ਚਾਹੀਦੀ ਹੈ। 16 ਯਿਸੂ ਨੇ ਜਿਹੜੇ ਬਾਰ੍ਹਾਂ ਰਸੂਲ ਚੁਣੇ ਉਨ੍ਹਾਂ ਦੇ ਨਾਉਂ ਸਨ:
ਸ਼ਮਊਨ, ਜਿਸਦਾ ਨਾਉਂ ਉਸ ਨੇ ਪਤਰਸ ਰੱਖਿਆ।
17 ਅਤੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਜਿਨ੍ਹਾਂ ਦਾ ਨਾਉਂ ਉਸ ਨੇ ਬਨੀ ਰੋਗਿਜ਼ ਰੱਖਿਆ ਜਿਸਦਾ ਅਰਥ ਹੈ, “ਗਰਜਣ ਦੇ ਪੁੱਤਰ”
18 ਅਤੇ ਅੰਦ੍ਰਿਯਾਸ,
ਫ਼ਿਲਿਪੁੱਸ,
ਬਰਥੁਲਮਈ,
ਮੱਤੀ,
ਥੋਮਾ,
ਹਲਫ਼ਾ ਦਾ ਪੁੱਤਰ ਯਾਕੂਬ,
ਥੱਦਈ
ਅਤੇ ਸ਼ਮਊਨ ਕਨਾਨੀ,*
19 ਅਤੇ ਯਹੂਦਾ ਇਸੱਕਰਿਯੋਤੀ। ਇਹ ਉਹੀ ਯਹੂਦਾ ਸੀ ਜਿਸਨੇ ਯਿਸੂ ਨੂੰ ਉਸ ਦੇ ਦੁਸ਼ਮਨਾਂ ਦੇ ਹੱਥ ਫ਼ੜਵਾ ਦਿੱਤਾ ਸੀ।
ਕੁਝ ਲੋਕਾਂ ਨੇ ਆਖਿਆ ਯਿਸੂ ਨੂੰ ਬਆਲ-ਜ਼ਬੂਲ ਚਿੰਬੜਿਆ ਹੋਇਆ ਹੈ
(ਮੱਤੀ 12:22-32; ਲੂਕਾ 11:14-23; 12:10)
20 ਫ਼ਿਰ ਯਿਸੂ ਘਰ ਆਇਆ। ਪਰ ਫ਼ਿਰ ਇੰਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਯਿਸੂ ਅਤੇ ਉਸ ਦੇ ਚੇਲੇ ਰੋਟੀ ਵੀ ਨਾ ਖਾ ਸੱਕੇ। 21 ਜਦੋਂ ਯਿਸੂ ਦੇ ਪਰਿਵਾਰ ਨੇ ਇਨ੍ਹਾਂ ਸਭ ਚੀਜ਼ਾਂ ਬਾਰੇ ਸੁਣਿਆ ਤਾਂ ਉਹ ਉਸ ਨੂੰ ਫ਼ਸਾਉਣ ਲਈ ਆਏ। ਕਿਉਂਕਿ ਲੋਕਾਂ ਨੇ ਆਖਿਆ ਕਿ ਉਹ ਆਪਣੀ ਸੁੱਧ-ਬੁੱਧ ਵਿੱਚ ਨਹੀਂ ਸੀ।
22 ਅਤੇ ਯਰੂਸ਼ਲਮ ਤੋਂ ਆਏ ਨੇਮ ਦੇ ਉਪਦੇਸ਼ਕਾਂ ਨੇ ਵੀ ਆਖਿਆ, “ਯਿਸੂ ਨੂੰ ਬਆਲ-ਜਬੂਲ ਚਿੰਬੜਿਆ ਹੋਇਆ ਹੈ! ਇਸ ਲਈ ਉਹ ਭੂਤਾਂ ਦੇ ਸਰਦਾਰ ਦੀ ਸ਼ਕਤੀ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਬਾਹਰ ਕੱਢਦਾ ਹੈ।”
23 ਫ਼ੇਰ ਯਿਸੂ ਨੇ ਲੋਕਾਂ ਨੂੰ ਆਪਣੇ ਕੋਲ ਸੱਦਕੇ ਦ੍ਰਿਸ਼ਟਾਤਾਂ ਵਿੱਚ ਉਨ੍ਹਾਂ ਨੂੰ ਸਮਝਾਇਆ, “ਸ਼ੈਤਾਨ ਕਿਵੇਂ ਆਪਣੇ ਹੀ ਆਤਮਿਆਂ ਨੂੰ ਬਾਹਰ ਕੱਢ ਸੱਕਦਾ ਹੈ। 24 ਜੇਕਰ ਇੱਕ ਰਾਜ ਆਪਣੇ ਹੀ ਖਿਲਾਫ਼ ਲੜਦਾ ਹੈ, ਤਾਂ ਇਹ ਨਹੀਂ ਰਹਿ ਸੱਕਦਾ। 25 ਅਤੇ ਜੇਕਰ ਇੱਕ ਪਰਿਵਾਰ ਵੰਡਿਆ ਹੋਇਆ ਹੈ ਅਤੇ ਆਪਣੇ ਹੀ ਖਿਲਾਫ਼ ਲੜ ਰਿਹਾ ਹੈ ਤਾਂ ਇਹ ਨਹੀਂ ਬਚ ਸੱਕਦਾ। 26 ਅਤੇ ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਵਿਦ੍ਰੋਹ ਕਰਦਾ ਹੈ ਅਤੇ ਵੰਡਿਆ ਹੋਇਆ ਹੈ ਤਾਂ, ਉਹ ਨਹੀਂ ਬਚ ਸੱਕਦਾ ਅਤੇ ਉਸਦਾ ਅੰਤ ਹੋ ਜਾਵੇਗਾ।
27 “ਪਰ ਜਦੋਂ ਕੋਈ ਬੰਦਾ ਕਿਸੇ ਤਕੜੇ ਆਦਮੀ ਦੇ ਘਰ ਵਿੱਚ ਵੜਕੇ ਉਸਦੀਆਂ ਚੀਜ਼ਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਹਿਲਾਂ ਉਸ ਨੂੰ ਤਕੜੇ ਆਦਮੀ ਨੂੰ ਬੰਨ੍ਹਣਾ ਪਵੇਗਾ, ਅਤੇ ਫ਼ੇਰ ਉਹ ਉਸਦਾ ਘਰ ਲੁੱਟ ਸੱਕਦਾ ਹੈ।
28 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਸਾਰੇ ਪਾਪ ਮਾਫ਼ ਕੀਤੇ ਜਾਣਗੇ ਅਤੇ ਜੋ ਵੀ ਉਹ ਪਰਮੇਸ਼ੁਰ ਦੇ ਵਿਰੁੱਧ ਬੋਲੇ ਉਹ ਵੀ ਮਾਫ਼ ਕਰ ਦਿੱਤਾ ਜਾਵੇਗਾ, 29 ਪਰ ਜੇਕਰ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਝ ਆਖਦਾ ਹੈ, ਤਾਂ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਅਤੇ ਉਹ ਹਮੇਸ਼ਾ ਉਸ ਪਾਪ ਦਾ ਦੋਸ਼ੀ ਰਹੇਗਾ।”
30 ਯਿਸੂ ਨੇ ਇਹ ਇਸ ਲਈ ਆਖਿਆ ਕਿਉਂਕਿ ਨੇਮ ਦੇ ਉਪਦੇਸ਼ਕਾਂ ਨੇ ਆਖਿਆ ਸੀ ਕਿ ਯਿਸੂ ਭਰਿਸ਼ਟ ਆਤਮੇ ਦੇ ਵੱਸ ਹੈ।
ਯਿਸੂ ਦੇ ਚੇਲੇ ਹੀ ਉਸਦਾ ਸੱਚਾ ਪਰਿਵਾਰ ਹਨ
(ਮੱਤੀ 12:46-50; ਲੂਕਾ 8:19-21)
31 ਫ਼ਿਰ ਯਿਸੂ ਦੀ ਮਾਤਾ ਅਤੇ ਭਰਾ ਆਏ; ਅਤੇ ਬਾਹਰ ਖੜ੍ਹੇ ਹੋ ਗਏ। ਉਨ੍ਹਾਂ ਨੇ ਯਿਸੂ ਨੂੰ ਬੁਲਾਉਣ ਲਈ ਇੱਕ ਵਿਅਕਤੀ ਰਾਹੀਂ ਸੁਨੇਹਾ ਭੇਜਿਆ। 32 ਉਸ ਵਕਤ ਯਿਸੂ ਦੇ ਆਸ-ਪਾਸ ਬਹੁਤ ਸਾਰੇ ਲੋਕ ਬੈਠੇ ਸਨ। ਉਨ੍ਹਾਂ ਉਸ ਨੂੰ ਕਿਹਾ, “ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੇਰੇ ਬਾਰੇ ਪੁੱਛ-ਗਿੱਛ ਕਰ ਰਹੇ ਹਨ।”
33 ਯਿਸੂ ਨੇ ਆਖਿਆ, “ਮੇਰੀ ਮਾਂ ਕੌਣ ਹੈ? ਕੌਣ ਹਨ ਮੇਰੇ ਭਰਾ?” 34 ਤੱਦ ਉਸ ਨੇ ਆਪਣੇ ਆਸੇ-ਪਾਸੇ ਸਾਰੇ ਲੋਕਾਂ ਵੱਲ ਵੇਖਿਆ ਅਤੇ ਆਖਿਆ, “ਇਹੀ ਲੋਕ ਮੇਰੀ ਮਾਂ ਅਤੇ ਮੇਰੇ ਭਰਾ ਹਨ। 35 ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”
* 3:18 ਕਨਾਨੀ ਯਹੂਦੀਆਂ ਦਾ ਇੱਕ ਰਾਜਸੀ ਹਿੱਸਾ।