ਕਰਜੇ ਦੇ ਖੱਤਰੇ
6
ਮੇਰੇ ਬੇਟੇ, ਕਿਸੇ ਹੋਰ ਬੰਦੇ ਦੇ ਕਰਜ਼ ਦੀ ਜਿੰਮੇਵਾਰੀ ਨਾ ਚੁੱਕੋ। ਕੀ ਤੁਸੀਂ ਉਸ ਬੰਦੇ ਦਾ ਕਰਜ਼ਾ ਮੋੜਨ ਦਾ ਇਕਰਾਰ ਕੀਤਾ ਹੈ, ਜੇਕਰ ਤੁਸੀਂ ਕਿਸੇ ਹੋਰ ਦੇ ਕਰਜ਼ ਦੇ ਜਿੰਮੇਵਾਰ ਹੋਣ ਲਈ ਇਹ ਵਾਇਦਾ ਕਰਦਿਆਂ ਹੋਇਆਂ ਹੱਥ ਹਿਲਾਵੋਂ। ਜੇਕਰ ਤੁਸੀਂ ਆਪਣੇ ਹੀ ਸ਼ਬਦਾਂ ਵਿੱਚ ਫ਼ਸ ਗਏ ਹੋਂ, ਜੇਕਰ ਤੁਸੀਂ ਖੁਦ ਦੇ ਸ਼ਬਦਾਂ ਵਿੱਚ ਹੀ ਅਟਕ ਗਏ ਹੋਂ। ਤਾਂ ਮੇਰੇ ਪੁੱਤਰ, ਕਿਉਂ ਕਿ ਤੂੰ ਕਿਸੇ ਹੋਰ ਦੇ ਹੱਥਾਂ ਵਿੱਚ ਅੜ ਗਿਆ ਹੈਂ: ਆਪਣੇ-ਆਪ ਨੂੰ ਮੁਕਤ ਕਰਾਉਣ ਲਈ ਇਹ ਕੁਝ ਕਰ: ਜਾ ਆਪਣੇ-ਆਪ ਨੂੰ ਨਿਮਾਣਾ ਬਣਾ ਅਤੇ ਉਸ ਆਦਮੀ ਅੱਗੇ ਅਰਜੋਈ ਕਰ। ਆਪਣੀਆਂ ਅੱਖਾਂ ਨੂੰ ਸੌਣ ਨਾ ਦੇਵੋ, ਆਪਣੇ ਝਿਮਣੀਆਂ ਨੂੰ ਮਿਚਣ ਨਾ ਦਿਓ। ਆਪਣੇ-ਆਪ ਨੂੰ ਮੁਕਤ ਕਰੋ ਜਿਵੇਂ ਇੱਕ ਹਿਰਨ ਸ਼ਿਕਾਰੀ ਤੋਂ, ਜਿਵੇਂ ਇੱਕ ਪੰਛੀ ਫ਼ਸਾਉਣ ਵਾਲੇ ਤੋਂ ਅਪਣੇ ਨੂੰ ਮੁਕਤ ਕਰਾਉਂਦਾ ਹੈ।
ਸੁਸਤ ਹੋਣ ਦੇ ਖਤਰੇ
ਤੂੰ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿੰਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ। ਕੀੜੀ ਦਾ ਕੋਈ ਹਾਕਮ ਨਹੀਂ, ਕੋਈ ਮਾਲਕ ਨਹੀਂ ਜਾਂ ਕੋਈ ਆਗੂ ਨਹੀਂ ਹੁੰਦਾ। ਤਾਂ ਵੀ, ਇਹ ਗਰਮੀਆਂ ਵਿੱਚ, ਆਪਣਾ ਭੋਜਨ ਇਕੱਠਾ ਕਰਦੀ ਹੈ ਅਤੇ ਵਾਢੀ ਵੇਲੇ ਆਪਣੀ ਸਮਗਰੀ ਨੂੰ ਇੱਕਤ੍ਰ ਕਰਦੀ ਹੈ।
ਸੁਸਤ ਬੰਦਿਆ, ਕਿੰਨਾ ਕੁ ਚਿਰ ਤੂੰ ਇੱਥੇ ਲੰਮਾ ਪਿਆ ਰਹੇਂਗਾ? ਕਦੋਂ ਤੂੰ ਆਪਣੀ ਨੀਂਦ ਤੋਂ ਜਾਗੇਂਗਾ? 10 ਥੋੜੀ ਜਿਹੀ ਨੀਂਦ, ਥੋੜੀ ਜਿਹੀ ਝਪਕੀ, ਆਪਣੇ ਹੱਥਾਂ ਨੂੰ ਥੋੜਾ ਜਿਹਾ ਆਰਾਮ, 11 ਅਤੇ ਇਸ ਨੂੰ ਜਾਨਣ ਤੋਂ ਪਹਿਲਾਂ, ਤੂੰ ਗਰੀਬ ਹੋ ਜਾਵੇਗਾਂ, ਜਿਵੇਂ ਇੱਕ ਡਕੈਤ ਨੇ ਤੁਹਾਡਾ ਸਭ ਕੁਝ ਚੁਰਾ ਲਿਆ ਹੋਵੇ।
ਬੁਰਾ ਬੰਦਾ
12 ਇੱਕ ਸਮਾਜ ਧ੍ਰੋਹੀ, ਇੱਕ ਦੁਸ਼ਟ ਆਦਮੀ ਜਿਸ ਦੀ ਗੱਲ-ਬਾਤ ਅਵੱਲੀ ਹੋਵੇ। 13 ਜੋ ਆਪਣੀਆਂ ਅੱਖਾਂ ਝਮਕ ਕੇ, ਆਪਣੇ ਪੈਰ ਘਸਰ ਕੇ ਅਤੇ ਆਪਣੀਆਂ ਉਂਗਲਾ ਨਾਲ ਸੰਕੇਤ ਕਰਕੇ ਗੁਪਤ ਇਸ਼ਾਰੇ ਕਰੇ। 14 ਜੋ ਹਮੇਸ਼ਾ ਆਪਣੇ ਮਨ ਵਿੱਚ ਕੁਝ ਬਦ ਵਿਉਂਤਦਾ ਰਹੇ ਅਤੇ ਅਜਿਹਾ ਵਿਅਕਤੀ ਜੋ ਹਮੇਸ਼ਾ ਦਲੀਲਬਾਜ਼ੀ ਲਿਆਵੇ। 15 ਪਰ ਇਸਦੇ ਫ਼ਲਸਵਰੂਪ ਅਚਾਨਕ ਬਿਪਤਾ ਆ ਪਵੇਗੀ। ਅੱਖ ਦੇ ਫ਼ੇਰ ਵਿੱਚ ਉਹ ਤਬਾਹ ਹੋ ਜਾਵੇਗਾ ਮੁੜ ਪਰਤਨ ਦੇ ਕਿਸੇ ਵੀ ਰਾਹ ਤੋਂ ਬਿਨਾ।
ਸੱਤ ਚੀਜ਼ਾਂ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ
16 ਯਹੋਵਾਹ ਇਨ੍ਹਾਂ ਛੇਆਂ ਗੱਲਾਂ ਨੂੰ ਨਰਫ਼ਤ ਕਰਦਾ, ਅਤੇ ਇਹ ਸੱਤ ਗੱਲਾਂ ਉਸ ਲਈ ਘ੍ਰਿਣਾਯੋਗ ਹਨ।
17 ਘੁਮੰਡੀ ਅੱਖਾਂ, ਝੂਠੀ ਜੀਭ,
ਹੱਥ ਜਿਹੜੇ ਬੇਕਸੂਰਾਂ ਨੂੰ ਮਾਰਦੇ ਹਨ।
18 ਦਿਲ ਜਿਹੜਾ ਹਮੇਸ਼ਾ ਗੰਦੀਆਂ ਗੱਲਾਂ ਵਿਉਂਤਦਾ,
ਪੈਰ ਜਿਹੜੇ ਬਦੀ ਕਰਨ ਲਈ ਦੌੜਦੇ ਹਨ।
19 ਇੱਕ ਝੂਠਾ ਗਵਾਹ ਜਿਹੜਾ ਹਮੇਸ਼ਾ ਝੂਠ ਬੋਲਦਾ,
ਅਤੇ ਉਹ ਵਿਅਕਤੀ ਜਿਹੜਾ ਦੋ ਭਰਾਵਾਂ ਵਿੱਚਕਾਰ ਝਗੜਾ ਪਾਉਂਦਾ ਹੈ।
ਵਿਭਚਾਰ ਦੇ ਖਿਲਾਫ ਚੇਤਾਵਨੀ
20 ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨ। ਅਤੇ ਆਪਣੀ ਮਾਤਾ ਦੀਆਂ ਸਿੱਖਿਆਵਾਂ ਨੂੰ ਨਾ ਵਿਸਾਰਨਾ। 21 ਉਨ੍ਹਾਂ ਦੇ ਸ਼ਬਦਾਂ ਨੂੰ ਹਰ ਵੇਲੇ ਚੇਤੇ ਰੱਖਣਾ ਇਹ ਗੱਲਾਂ ਪੱਲੇ ਬੰਨ੍ਹ ਲੈਣੀਆਂ ਅਤੇ ਆਪਣੇ ਦਿਲ ਤੇ ਉਕਰ ਲੈਣੀਆਂ। 22 ਉਨ੍ਹਾਂ ਦੀਆਂ ਸਿੱਖਿਆਵਾਂ, ਜਿੱਥੇ ਵੀ ਤੁਸੀਂ ਜਾਵੋਂਗੇ, ਉੱਥੇ ਤੁਹਾਡੀ ਅਗਵਾਈ ਕਰਨਗੀਆਂ। ਜਦੋਂ ਤੁਸੀਂ ਸੁੱਤੇ ਹੋਵੋਂਗੇ ਉਹ ਤੁਹਾਡਾ ਧਿਆਨ ਰੱਖਣਗੀਆਂ। ਅਤੇ ਜਦੋਂ ਤੁਸੀਂ ਜਾਗੋਂਗੇ, ਉਹ ਤੁਹਾਡੇ ਨਾਲ ਗੱਲਾਂ ਕਰਨਗੀਆਂ ਅਤੇ ਤੁਹਾਨੂੰ ਰਾਹ ਵਿਖਾਉਣਗੀਆਂ।
23 ਕਿਉਂ ਜੋ, ਹੁਕਮ ਇੱਕ ਦੀਵੇ ਵਾਂਗ ਹੈ ਅਤੇ ਸਿੱਖਿਆ ਰੋਸ਼ਨੀ ਵਾਂਗ ਹੈ। ਸੁਧਾਰ ਜਿੰਦਗੀ ਦਾ ਰਾਹ ਹੈ। 24 ਉਹ ਤੁਹਾਨੂੰ ਬੁਰੀ ਔਰਤ ਤੋਂ ਅਤੇ ਇੱਕ ਪਰਾਈ ਔਰਤ ਦੀਆਂ ਮਿੱਠੀਆਂ ਗੱਲਾਂ ਤੋਂ ਬਚਾਉਂਦੇ ਹਨ। 25 ਉਸਦੀ ਖੂਬਸੂਰਤੀ ਦੀ ਇੱਛਾ ਨਾ ਕਰੋ, ਉਸ ਨੂੰ ਅੱਖਾਂ ਦੀਆਂ ਪੁਤਲੀਆਂ ਨਾਲ ਤੁਹਾਨੂੰ ਲੁਭਾਉਣ ਨਾ ਦਿਓ। 26 ਕਿਉਂ ਕਿ ਇੱਕ ਵੇਸਵਾ ਦੀ ਕੀਮਤ ਰੋਟੀ ਦੇ ਇੱਕ ਟੁਕੜੇ ਜਿੰਨੀ ਹੀ ਹੋ ਸੱਕਦੀ ਹੈ, ਪਰ ਦੂਸਰੇ ਬੰਦੇ ਦੀ ਪਤਨੀ ਤੈਥੋਂ ਤੇਰੇ ਜੀਵਨ ਦੀ ਕੀਮਤ ਮਂਗੇਗੀ। 27 ਜੇ ਕੋਈ ਬੰਦਾ ਆਪਣੇ ਉੱਤੇ ਅੰਗਿਆਰ ਸੁੱਟੇਗਾ ਤਾਂ ਉਸ ਦੇ ਕੱਪੜੇ ਵੀ ਸੜ ਜਾਣਗੇ। 28 ਜੇ ਕੋਈ ਬੰਦਾ ਮਘਦੇ ਕੋਲਿਆਂ ਉੱਤੇ ਪੈਰ ਧਰ ਦਿੰਦਾ ਹੈ ਤਾਂ ਉਸ ਦੇ ਪੈਰ ਸੜ ਜਾਣਗੇ। 29 ਇਸੇ ਤਰ੍ਹਾਂ ਹੀ ਕੋਈ ਵੀ ਵਿਅਕਤੀ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ, ਕੋਈ ਵੀ ਜੋ ਉਸ ਨੂੰ ਛੂੰਹਦਾ ਹੈ, ਸਜ਼ਾ ਤੋਂ ਨਹੀਂ ਬਚੇਗਾ।
30-31 ਹੋ ਸੱਕਦਾ ਹੈ ਕਿ ਕੋਈ ਬੰਦਾ ਭੁੱਖਾ ਹੋਵੇ ਅਤੇ ਢਿੱਡ ਭਰਨ ਲਈ ਚੋਰੀ ਕਰੇ, ਲੋਕੀਂ ਉਸ ਨੂੰ ਨਫ਼ਰਤ ਨਹੀਂ ਕਰਨਗੇ। ਪਰ ਜੇ ਉਹ ਬੰਦਾ ਫ਼ੜਿਆ ਜਾਵੇ ਤਾਂ ਉਸ ਨੂੰ ਚੋਰੀ ਦੇ ਮਾਲ ਨਾਲੋਂ ਸੱਤ ਗੁਣਾ ਵੱਧ ਜ਼ੁਰਮਾਨਾ ਭਰਨਾ ਪਵੇਗਾ। ਭਾਵੇਂ ਉਸ ਨੂੰ ਆਪਣੇ ਘਰ ਵਿੱਚਲਾ ਸਭ ਕੁਝ ਗਵਾਉਣਾ ਪਵੇ! 32 ਜਿਹੜਾ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਮੂਰਖ ਹੈ ਅਤੇ ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ। 33 ਬੇਇੱਜ਼ਤ ਹੋਣਾ ਅਤੇ ਕੁਟਿਆ ਜਾਣਾ ਇਹ ਉਸਦੀ ਤਕਦੀਰ ਹੋਵੇਗੀ ਅਤੇ ਉਹ ਆਪਣੀ ਬਦਨਾਮੀ ਕਦੇ ਵੀ ਧੋਣ ਦੇ ਕਾਬਿਲ ਨਹੀਂ ਹੋਵੇਗਾ। 34 ਕਿਉਂ ਜੋ ਉਸ ਔਰਤ ਦੇ ਪਤੀ ਨੂੰ ਈਰਖਾ ਹੋ ਜਾਵੇਗੀ ਅਤੇ ਜਦੋਂ ਉਹ ਬਦਲਾ ਲਵੇਗਾ ਉਹ ਕੋਈ ਤਰਸ ਨਹੀਂ ਕਰੇਗਾ। 35 ਉਹ ਕੋਈ ਵੀ ਮੁਆਵਜ਼ਾ ਮੰਜ਼ੂਰ ਨਹੀਂ ਕਰੇਗਾ, ਕੋਈ ਫ਼ਰਕ ਨਹੀਂ ਪੈਂਦਾ, ਕੀਮਤ ਭਾਵੇਂ ਕਿੰਨੀ ਵੀ ਵਡੇਰੀ ਹੋਵੇ।