ਅੰਮੋਨੀ ਲੋਕਾਂ ਵੱਲੋਂ ਦਾਊਦ ਦੇ ਬੰਦਿਆਂ ਨੂੰ ਸ਼ਰਮਿੰਦਗੀ ਦੇਣਾ
19
ਨਾਹਾਸ਼ ਅੰਮੋਨੀਆਂ ਦਾ ਪਾਤਸ਼ਾਹ ਸੀ। ਨਾਹਾਸ਼ ਦੀ ਮੌਤ ਤੋਂ ਬਾਅਦ, ਉਸਦਾ ਪੁੱਤਰ ਨਵਾਂ ਪਾਤਸ਼ਾਹ ਬਣਿਆ। ਤੱਦ ਦਾਊਦ ਨੇ ਆਖਿਆ, “ਨਾਹਾਸ਼ ਮੇਰੇ ਤੇ ਦਿਆਲੂ ਸੀ, ਇਸ ਲਈ ਮੈਂ ਵੀ ਉਸ ਦੇ ਪੁੱਤਰ, ਹਾਨੂਨ ਤੇ ਦਿਆਲੂ ਹੋਵਾਂਗਾ।” ਇਸ ਲਈ ਦਾਊਦ ਨੇ ਹਾਨੂਨ ਕੋਲ ਉਸ ਦੇ ਪਿਤਾ ਦੀ ਮੌਤ ਦਾ ਸੋਗ ਪ੍ਰਗਟ ਕਰਨ ਲਈ ਆਪਣੇ ਹਲਕਾਰੇ ਭੇਜੇ ਅਤੇ ਉਸ ਦੇ ਹਲਕਾਰੇ ਅੰਮੋਨ ਦੇਸ਼ ਵਿੱਚ ਹਾਨੂਨ ਨੂੰ ਅਫ਼ਸੋਸ ਪ੍ਰਗਟ ਕਰਨ ਲਈ ਉਸ ਕੋਲ ਪਹੁੰਚੇ।
ਪਰ ਅੰਮੋਨੀ ਆਗੂਆਂ ਨੇ ਹਾਨੂਨ ਨੂੰ ਕਿਹਾ, “ਕੀ ਤੂੰ ਉਸ ਤੇ ਵਿਸ਼ਵਾਸ ਕਰਦਾ ਹੈਂ? ਤੂੰ ਕੀ ਸੋਚਦਾ ਹੈਂ ਕਿ ਦਾਊਦ ਨੇ ਇਨ੍ਹਾਂ ਆਦਮੀਆਂ ਨੂੰ ਤੇਰੇ ਪਿਤਾ ਦੀ ਮੌਤ ਤੇ ਅਫਸੋਸ ਕਰਨ ਲਈ ਜਾਂ ਤੇਰੇ ਮੁਰਦਾ ਪਿਤਾ ਦਾ ਆਦਰ ਕਰਨ ਲਈ ਭੇਜਿਆ ਹੈ? ਨਹੀਂ ਪਰ ਉਸ ਨੇ ਇਨ੍ਹਾਂ ਲੋਕਾਂ ਨੂੰ ਤੈਨੂੰ ਤਬਾਹ ਕਰਨ ਦੇ ਮਕਸਦ ਨਾਲ, ਤੇਰੀ ਧਰਤੀ ਦੀ ਜਸੂਸੀ ਕਰਨ ਲਈ ਭੇਜਿਆ ਹੈ!” ਤਾਂ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਪਕੜ ਲਿਆ ਅਤੇ ਉਨ੍ਹਾਂ ਨੂੰ ਕੈਦ ਕਰ ਕੇ ਉਨ੍ਹਾਂ ਦੀਆਂ ਦਾੜੀਆਂ ਮੁਨਵਾ ਦਿੱਤੀਆਂ ਇਹੀ ਨਹੀਂ ਸਗੋਂ ਉਨ੍ਹਾਂ ਦੀਆਂ ਪੋਸ਼ਾਕਾਂ ਨੂੰ ਵੀ ਫ਼ਾੜ ਕੇ ਉਨ੍ਹਾਂ ਨੂੰ ਧੜੋਁ ਨੰਗਾ ਕਰ ਸੁੱਟਿਆ। ਇਉਂ ਉੱਨ੍ਹਾਂ ਨੂੰ ਜ਼ਲੀਲ ਕਰਕੇ ਵਾਪਿਸ ਭੇਜਿਆ।
ਦਾਊਦ ਦੇ ਆਦਮੀਆਂ ਨੇ ਘਰ ਪਹੁੰਚਣ ’ਚ ਬੜੀ ਸ਼ਰਮ ਮਹਿਸੂਸ ਕੀਤੀ। ਕੁਝ ਲੋਕਾਂ ਨੇ ਦਾਊਦ ਕੋਲ ਜਾ ਕੇ ਉਨ੍ਹਾਂ ਦੀ ਇਹ ਸਾਰੀ ਵਾਰਦਾਤ ਉਸ ਨੂੰ ਸੁਣਾਈ। ਤਾਂ ਦਾਊਦ ਪਾਤਸ਼ਾਹ ਨੇ ਆਪਣੇ ਆਦਮੀਆਂ ਨੂੰ ਇਹ ਸੁਨਿਆ ਭੇਜਿਆ, “ਜਦ ਤੀਕ ਤੁਹਾਡੀ ਦਾੜੀ ਮੁੜ ਵੱਧ ਨਾ ਜਾਵੇ, ਉਨੀਁ ਦੇਰ ਤੁਸੀਂ ਯਰੀਹੋ ਸ਼ਹਿਰ ਵਿੱਚ ਟਿਕੇ ਰਹੋ। ਤੇ ਜਦੋਂ ਦਾੜੀ ਵੱਧ ਜਾਵੇ ਤੁਸੀਂ ਆਪਣੇ ਘਰੀਁ ਮੁੜ ਆਉਣਾ।”
ਅੰਮੋਨੀਆਂ ਨੇ ਵੇਖਿਆ ਕਿ ਉਨ੍ਹਾਂ ਨੇ ਦਾਊਦ ਦੀ ਨਜ਼ਰ ਵਿੱਚ ਆਪਣੇ-ਆਪ ਨੂੰ ਦੁਸ਼ਮਣ ਬਣਾ ਲਿਆ ਸੀ ਤੇ ਉਸ ਦੀ ਨਫ਼ਰਤ ਦੇ ਪਾਤਰ ਬਣ ਗਏ ਸਨ। ਤਾਂ ਹਾਨੂਨ ਅਤੇ ਅੰਮੋਨੀਆਂ ਨੇ 34,000 ਕਿਲੋ ਚਾਂਦੀ ਮਸੋਪੋਤਾਮੀਆਂ ਤੋਂ ਰਬਾਂ ਅਤੇ ਅਸਵਾਰਾਂ ਨੂੰ ਲਿਆਉਣ ਲਈ ਦਿੱਤੀ। ਉਹ ਆਰਾਮ ਵਿੱਚੋਂ ਮਾਕਾਹ ਅਤੇ ਸ਼ੋਬਾਹ ਦੇ ਨਗਰਾਂ ਤੋਂ ਵੀ ਰਬਾਂ ਅਤੇ ਅਸਵਾਰਾਂ ਨੂੰ ਲਿਆਏ। ਇਉਂ ਉਨ੍ਹਾਂ ਨੇ 32,000 ਰਬਾਂ ਅਤੇ ਮਕਾਹ ਦੇ ਪਾਤਸ਼ਾਹ ਅਤੇ ਉਸ ਦੇ ਲੋਕਾਂ ਨੂੰ ਭਾੜੇ ਤੇ ਖਰੀਦਿਆ ਤਾਂ ਜੋ ਉਹ ਉਸਦੀ ਮਦਦ ਕਰਨ। ਮਕਾਹ ਦੇ ਪਾਤਸ਼ਾਹ ਅਤੇ ਉਸ ਦੇ ਲੋਕਾਂ ਨੇ ਮੇਦਬਾ ਸ਼ਹਿਰ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਵੀ ਆਪੋ-ਆਪਣੇ ਨਗਰਾਂ ਤੋਂ ਇਕੱਠੇ ਹੋ ਕੇ ਯੁੱਧ ਕਰਨ ਨੂੰ ਆਏ।
ਦਾਊਦ ਨੂੰ ਪਤਾ ਲੱਗਾ ਕਿ ਅੰਮੋਨੀ ਲੋਕ ਜੰਗ ਲੜਨ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਯੋਆਬ ਨੂੰ ਅਤੇ ਆਪਣੀ ਸਾਰੀ ਇਸਰਾਏਲੀ ਫ਼ੌਜ ਨੂੰ ਅੰਮੋਨੀਆਂ ਦੇ ਵਿਰੁੱਧ ਲੜਾਈ ਕਰਨ ਨੂੰ ਭੇਜਿਆ। ਅੰਮੋਨੀ ਬਾਹਰ ਨਿਕਲੇ ਅਤੇ ਲੜਾਈ ਲਈ ਪੂਰੇ ਤਤਪਰ ਸਨ। ਉਹ ਨਗਰ ਦੇ ਫਾਟਕ ਕੋਲ ਪਹੁੰਚ ਚੁੱਕੇ ਸਨ ਅਤੇ ਜਿਹੜੇ ਪਾਤਸ਼ਾਹ ਉਸਦੀ ਮਦਦ ਲਈ ਨਾਲ ਆਏ ਸਨ ਉਹ ਸ਼ਹਿਰੋ ਦੂਰ ਪੈਲੀਆਂ ਵਿੱਚ ਟਿਕੇ ਰਹੇ।
10 ਯੋਆਬ ਨੇ ਵੇਖਿਆ ਕਿ ਲੜਾਈ ਦਾ ਪਿੜ ਉਸ ਦੇ ਵਿਰੁੱਧ ਦੋ ਦਲਾਂ ਵਿੱਚ ਬਣਿਆ ਹੋਇਆ ਤਤਪਰ ਹੈ। ਇੱਕ ਦਲ ਉਸ ਦੇ ਅੱਗੇ ਅਤੇ ਦੂਜਾ ਉਸ ਦੇ ਪਿੱਛੇ ਵੱਲ ਸੀ। ਤਾਂ ਯੋਆਬ ਨੇ ਇਸਰਾਏਲ ਦੇ ਖਾਸ ਸੂਰਮਿਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਉਸ ਨੇ ਅਰਾਮ ਦੀ ਫ਼ੌਜ ਦੇ ਵਿਰੁੱਧ ਲੜਨ ਲਈ ਭੇਜਿਆ। 11 ਯੋਆਬ ਨੇ ਬਾਕੀ ਦੀ ਇਸਰਾਏਲੀ ਫ਼ੌਜ ਨੂੰ ਆਪਣੇ ਭਰਾ ਅਬਸ਼ਈ ਦੀ ਕਮਾਨ ਹੇਠਾਂ ਕਰ ਦਿੱਤਾ। ਸੈਨਾ ਦੇ ਸਿਪਾਹੀ ਅੰਮੋਨੀਆਂ ਦੀ ਸੈਨਾ ਦੇ ਖਿਲਾਫ਼ ਲੜਨ ਲਈ ਬਾਹਰ ਨਿਕਲ ਪਏ। 12 ਯੋਆਬ ਨੇ ਅਬਸ਼ਈ ਨੂੰ ਕਿਹਾ, “ਜੇਕਰ ਅਰਾਮ ਦੀ ਸੈਨਾ ਮੇਰੇ ਉੱਤੇ ਹਾਵੀ ਹੋ ਜਾਵੇ ਤਾਂ ਤੂੰ ਮੇਰੀ ਮਦਦ ਕਰੀਂ ਤੇ ਜੇਕਰ ਅਰਾਮੀ ਸੈਨਾ ਤੇਰੇ ਉੱਪਰ ਹਾਵੀ ਹੋ ਗਈ ਤਾਂ ਮੈਂ ਤੇਰੀ ਸਹਾਇਤਾ ਜ਼ਰੂਰ ਕਰਾਂਗਾ। 13 ਆਪਾਂ ਤਕੜੇ ਬਣੀਏ ਅਤੇ ਉਨ੍ਹਾਂ ਦਾ ਬਹਾਦੁਰੀ ਨਾਲ ਸਾਹਮਣਾ ਕਰੀਏ ਜਦੋਂ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਲਈ ਲੜ ਰਹੀੇ ਹੋਈੇ! ਯਹੋਵਾਹ ਓਹੀ ਕਰੇ ਜੋ ਉਹ ਸੋਚੇ ਕਿ ਸਹੀ ਹੈ!”
14 ਯੋਆਬ ਅਤੇ ਉਸ ਦੇ ਨਾਲ ਜਿਹੜੀ ਫ਼ੌਜ ਸੀ ਅਰਾਮੀ ਸੈਨਾ ਉੱਪਰ ਹਮਲਾ ਕੀਤਾ ਤਾਂ ਅਰਾਮੀ ਸੈਨਾ ਯੋਆਬ ਅਤੇ ਉਸਦੀ ਫ਼ੌਜ ਅੱਗੋਂ ਭੱਜ ਗਈ। 15 ਜਦੋਂ ਅੰਮੋਨੀ ਸੈਨਾ ਨੇ ਇਹ ਵੇਖਿਆ ਕਿ ਅਰਾਮ ਦੀ ਸੈਨਾ ਨੱਸ ਗਈ ਹੈ ਤਾਂ ਉਹ ਵੀ ਭੱਜ ਗਏ। ਤਾਂ ਅੰਮੋਨੀ ਫ਼ੌਜ ਅਬਸ਼ਈ ਦੇ ਅੱਗੋਂ ਭੱਜ ਖੜੋਤੇ ਅਤੇ ਉਹ ਭੱਜ ਕੇ ਆਪਣੇ ਸ਼ਹਿਰ ਜਾ ਵੜੇ ਅਤੇ ਯੋਆਬ ਫ਼ਿਰ ਵਾਪਿਸ ਯਰੂਸ਼ਲਮ ਨੂੰ ਆ ਗਿਆ।
16 ਜਦੋਂ ਅਰਾਮੀ ਆਗੂਆਂ ਨੂੰ ਪਤਾ ਲੱਗਾ ਕਿ ਇਸਰਾਏਲੀਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ, ਉਨ੍ਹਾਂ ਨੇ ਫ਼ਰਾਤ ਨਦੀ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਅਰਾਮੀ ਲੋਕਾਂ ਕੋਲ, ਉਨ੍ਹਾਂ ਦੀ ਮਦਦ ਲੈਣ ਲਈ ਹਲਕਾਰੇ ਘੱਲੇ। ਹਦਰਅਜ਼ਰ ਦੀ ਫੌਜ ਦਾ ਆਗੂ ਸੋਫਕ, ਬਾਕੀ ਅਰਾਮੀ ਫ਼ੌਜ ਦਾ ਵੀ ਆਗੂ ਸੀ।
17 ਦਾਊਦ ਨੂੰ ਜਦੋਂ ਪਤਾ ਲੱਗਿਆ ਕਿ ਅਰ੍ਰਾਮ ਦੇ ਲੋਕ ਲੜਾਈ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ। ਦਾਊਦ ਨੇ ਆਪਣੀ ਸਾਰੀ ਫ਼ੌਜ ਦੀ ਅਗਵਾਈ ਕਰਕੇ ਯਰਦਨ ਦਰਿਆ ਨੂੰ ਪਾਰ ਕੀਤਾ ਅਤੇ ਅਰਾਮੀ ਫ਼ੌਜ ਦੇ ਆਮ੍ਹਣੋ-ਸਾਹਮਣੇ ਆ ਗਿਆ। ਦਾਊਦ ਨੇ ਆਪਣੀ ਸੈਨਾ ਨੂੰ ਤਿਆਰ ਕਰਕੇ ਅਰਾਮੀਆਂ ਉੱਪਰ ਹਮਲਾ ਕਰ ਦਿੱਤਾ। 18 ਤੱਦ ਅਰਾਮੀ ਇਸਰਾਏਲੀਆਂ ਅੱਗੋਂ ਭੱਜ ਗਏ। ਦਾਊਦ ਅਤੇ ਉਸਦੀ ਸੈਨਾ ਨੇ 7,000 ਅਰਾਮੀ ਸਾਰਬੀਆਂ ਅਤੇ 40,000 ਅਰਾਮੀ ਸਿਪਾਹੀਆਂ ਨੂੰ ਮਾਰ ਮੁਕਾਇਆ। ਦਾਊਦ ਅਤੇ ਉਸਦੀ ਫ਼ੌਜ ਨੇ ਅਰਾਮੀ ਸੈਨਾ ਦੇ ਸੈਨਾਪਤੀ ਸ਼ੋਫ਼ਕ ਨੂੰ ਵੀ ਵੱਢ ਸੁੱਟਿਆ।
19 ਜਦੋਂ ਹਦਰਅਜ਼ਰ ਦੇ ਸੈਨਾਪਤੀਆਂ ਨੇ ਵੇਖਿਆ ਕਿ ਇਸਰਾਏਲ ਨੇ ਉਨ੍ਹਾਂ ਨੂੰ ਹਾਰ ਦਿੱਤੀ ਹੈ ਤਾਂ ਉਨ੍ਹਾਂ ਨੇ ਦਾਊਦ ਨਾਲ ਸੁਲਾਹ ਕਰ ਲਈ ਅਤੇ ਉਹ ਦਾਊਦ ਦੇ ਦਾਸ ਬਣ ਗਏ। ਇਉਂ ਅਰਾਮੀਆਂ ਨੇ ਮੁੜ ਅੰਮੋਨੀਆਂ ਨੂੰ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ।