ਰੂਥ ਬੋਅਜ਼ ਨੂੰ ਮਿਲਦੀ ਹੈ
2
ਬੈਤਲਹਮ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ। ਉਸਦਾ ਨਾਮ ਬੋਅਜ਼ ਸੀ। ਬੋਅਜ਼ ਅਲੀਮਲਕ ਦੇ ਪਰਿਵਾਰ ਵਿੱਚੋਂ ਨਾਓਮੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਸੀ।
ਇੱਕ ਦਿਨ (ਮੋਆਬ ਦੀ ਔਰਤ) ਰੂਥ ਨੇ ਨਾਓਮੀ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਮੈਨੂੰ ਖੇਤਾ ਵਿੱਚ ਜਾਣਾ ਚਾਹੀਦਾ ਹੈ। ਸ਼ਾਇਦ ਮੈਨੂੰ ਕੋਈ ਅਜਿਹਾ ਬੰਦਾ ਮਿਲ ਜਾਵੇ ਜਿਹੜਾ ਮੇਰੇ ਉੱਤੇ ਮਿਹਰਬਾਨ ਹੋਵੇ ਅਤੇ ਮੈਨੂੰ ਆਪਣੇ ਖੇਤਾਂ ਵਿੱਚੋਂ ਬਚੇ ਹੋਏ ਅਨਾਜ ਨੂੰ ਇਕੱਠਾ ਕਰਨ ਦੇਵੇ।”
ਨਾਓਮੀ ਨੇ ਆਖਿਆ, “ਚੰਗੀ ਗੱਲ ਹੈ ਧੀਏ ਜਾ।”
ਇਸ ਲਈ ਰੂਥ ਖੇਤਾਂ ਵੱਲ ਗਈ। ਉਸ ਨੇ ਉਨ੍ਹਾਂ ਕਾਮਿਆਂ ਦਾ ਪਿੱਛਾ ਕੀਤਾ ਜਿਹੜੇ ਅਨਾਜ ਕੱਟ ਰਹੇ ਸਨ ਅਤੇ ਉਸ ਨੇ ਬੱਚਿਆਂ ਹੋਇਆ ਅਨਾਜ ਇਕੱਠਾ ਕਰ ਲਿਆ।* ਗੱਲ ਇਸ ਤਰ੍ਹਾਂ ਹੋਈ ਕਿ ਉਸ ਖੇਤ ਦਾ ਇੱਕ ਹਿੱਸਾ ਅਲੀਮਲਕ ਦੇ ਪਰਿਵਾਰ ਦੇ ਇੱਕ ਬੰਦੇ ਬੋਅਜ਼ ਦਾ ਸੀ।
ਬਾਦ ਵਿੱਚ ਬੋਅਜ਼ ਬੈਤਲਹਮ ਵਿੱਚੋਂ ਖੇਤ ਵੱਲ ਆਇਆ। ਬੋਅਜ਼ ਨੇ ਆਪਣੇ ਕਾਮਿਆਂ ਨਾਲ ਦੁਆ ਸਲਾਮ ਕੀਤੀ। ਉਸ ਨੇ ਆਖਿਆ, “ਯਹੋਵਾਹ ਤੁਹਾਡੇ ਅੰਗ-ਸੰਗ ਰਹੇ!”
ਅਤੇ ਕਾਮਿਆਂ ਨੇ ਜਵਾਬ ਦਿੱਤਾ, “ਅਤੇ ਯਹੋਵਾਹ ਤੈਨੂੰ ਅਸੀਸ ਦੇਵੇ।”
ਫ਼ੇਰ ਬੋਅਜ਼ ਨੇ ਆਪਣੇ ਉਸ ਨੌਕਰ ਨਾਲ ਗੱਲ ਕੀਤੀ ਜਿਹੜਾ ਕਾਮਿਆਂ ਦਾ ਨਿਗਰਾਨ ਸੀ। ਉਸ ਨੇ ਪੁੱਛਿਆ, “ਉਹ ਕਿਸਦੀ ਕੁੜੀ ਹੈ?”
ਨੌਕਰ ਨੇ ਜਵਾਬ ਦਿੱਤਾ, “ਉਹ ਮੋਆਬੀ ਔਰਤ ਹੈ ਜਿਹੜੀ ਨਾਓਮੀ ਦੇ ਨਾਲ ਮੋਆਬ ਦੀ ਧਰਤੀ ਤੋਂ ਆਈ ਹੈ। ਉਹ ਮੇਰੇ ਕੋਲ ਆਈ ਅਤੇ ਪੁੱਛਿਆ ਕੀ ਉਹ ਕਾਮਿਆਂ ਦੁਆਰਾ ਛੱਡਿਆ ਹੋਇਆ ਅਨਾਜ ਇਕੱਠਾ ਕਰ ਸੱਕਦੀ ਹੈ, ਉਸ ਨੇ, ਸ਼ਰਣ-ਸਥਾਨ ਵਿੱਚ ਥੋੜਾ ਜਿਹਾ ਅਰਾਮ ਕਰਨ ਤੋਂ ਇਲਾਵਾ, ਸਵੇਰੇ ਤੋਂ ਲੈ ਕੇ ਹੁਣ ਤਾਈਂ ਕੰਮ ਕੀਤਾ ਹੈ।”
ਤਾਂ ਬੋਅਜ਼ ਨੇ ਰੂਥ ਨੂੰ ਆਖਿਆ, “ਸੁਣ, ਮੇਰੀਏ ਧੀਏ। ਆਪਣੇ ਲਈ ਅਨਾਜ ਇਕੱਠਾ ਕਰਨ ਵਾਸਤੇ ਇੱਥੇ ਮੇਰੇ ਖੇਤ ਵਿੱਚ ਠਹਿਰ ਜਾ। ਤੈਨੂੰ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਜਾਣ ਦੀ ਲੋੜ ਨਹੀਂ। ਮੇਰੀਆਂ ਕਾਮੀਆਂ ਦੇ ਮਗਰ-ਮਗਰ ਚੱਲਦੀ ਜਾ। ਇਹ ਦੇਖ ਕਿ ਉਹ ਕਿਹੜੇ ਖੇਤ ਵੱਲ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪਿੱਛੇ ਜਾ। ਮੈਂ ਨੌਜਵਾਨਾਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ ਤਾਂ ਉਸ ਘੜੇ ਵਿੱਚੋਂ ਪਾਣੀ ਪੀ ਲਵੀ ਜਿਸ ਵਿੱਚੋਂ ਮੇਰੇ ਆਦਮੀ ਪੀਂਦੇ ਹਨ।”
10 ਫ਼ੇਰ ਰੂਥ ਨੇ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਬੋਅਜ਼ ਨੂੰ ਆਖਿਆ, “ਮੈਨੂੰ ਹੈਰਾਨੀ ਹੈ ਕਿ ਤੁਸੀਂ ਮੇਰੇ ਵੱਲ ਧਿਆਨ ਕਰ ਲਿਆ! ਮੈਂ ਤਾਂ ਅਜਨਬੀ ਹਾਂ ਪਰ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨੀ ਕੀਤੀ ਹੈ।”
11 ਬੋਅਜ਼ ਨੇ ਉਸ ਨੂੰ ਜਵਾਬ ਦਿੱਤਾ, “ਮੈਨੂੰ ਉਸ ਸਾਰੀ ਸਹਾਇਤਾ ਬਾਰੇ ਪਤਾ ਹੈ ਜਿਹੜੀ ਤੂੰ ਆਪਣੀ ਸੱਸ ਨਾਓਮੀ ਨੂੰ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਤੂੰ ਉਦੋਂ ਵੀ ਉਸਦੀ ਸਹਾਇਤਾ ਕੀਤੀ ਜਦੋਂ ਤੇਰੇ ਪਤੀ ਦਾ ਦੇਹਾਂਤ ਹੋ ਗਿਆ। ਅਤੇ ਮੈਂ ਜਾਣਦਾ ਹਾਂ ਕਿ ਤੂੰ ਆਪਣੇ ਮਾਤਾ-ਪਿਤਾ ਅਤੇ ਆਪਨੇ ਦੇਸ਼ ਨੂੰ ਛੱਡ ਕੇ ਇਸ ਦੇਸ਼ ਵਿੱਚ ਆ ਗਈ ਹੈਂ। ਤੂੰ ਇਸ ਦੇਸ਼ ਦੇ ਕਿਸੇ ਹੋਰ ਬੰਦੇ ਨੂੰ ਨਹੀਂ ਜਾਣਦੀ ਸੀ ਪਰ ਤੂੰ ਨਾਓਮੀ ਦੇ ਨਾਲ ਇੱਥੇ ਆ ਗਈ। 12 ਯਹੋਵਾਹ ਤੈਨੂੰ ਇਨ੍ਹਾਂ ਸਾਰੇ ਨੇਕ ਕੰਮਾਂ ਦਾ ਫ਼ਲ ਦੇਵੇਗਾ ਜੋ ਤੂੰ ਕੀਤੇ ਹਨ। ਤੈਨੂੰ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਪੂਰਾ ਇਵਜ਼ਾਨਾ ਦੇਵੇਗਾ। ਤੂੰ ਉਸ ਕੋਲ ਸ਼ਰਣ ਲਈ ਹੈ। ਅਤੇ ਉਹ ਤੇਰੀ ਰੱਖਿਆ ਕਰੇਗਾ।”
13 ਤਾਂ ਰੂਥ ਨੇ ਆਖਿਆ, “ਸ਼੍ਰੀਮਾਨ ਜੀ ਤੁਸੀਂ ਮੇਰੇ ਉੱਪਰ ਬਹੁਤ ਮਿਹਰਬਾਨ ਹੋ। ਮੈਂ ਤਾਂ ਸਿਰਫ਼ ਇੱਕ ਨੌਕਰ ਹਾਂ। ਮੈਂ ਤੁਹਾਡੇ ਕਿਸੇ ਇੱਕ ਨੌਕਰ ਦੇ ਵੀ ਬਰਾਬਰ ਨਹੀਂ ਹਾਂ। ਪਰ ਤੁਸੀਂ ਮੈਨੂੰ ਮਿਹਰ ਭਰੇ ਸ਼ਬਦ ਆਖੇ ਹਨ ਅਤੇ ਮੈਨੂੰ ਹੌਸਲਾ ਦਿੱਤਾ ਹੈ।”
14 ਦੁਪਿਹਰ ਦੀ ਰੋਟੀ ਸਮੇਂ ਬੋਅਜ਼ ਨੇ ਰੂਥ ਨੂੰ ਆਖਿਆ, “ਇੱਥੇ ਆ ਜਾ! ਸਾਡੀ ਰੋਟੀ ਵਿੱਚੋਂ ਕੁਝ ਖਾ ਲੈ। ਇੱਥੇ ਆਪਣੀ ਰੋਟੀ ਸਾਡੇ ਸਿਰਕੇ ਵਿੱਚ ਡੁਬੋ ਲੈ।”
ਇਸ ਲਈ ਰੂਥ ਕਾਮਿਆਂ ਦੇ ਨਾਲ ਹੀ ਬੈਠ ਗਈ। ਬੋਅਜ਼ ਨੇ ਉਸ ਨੂੰ ਕੁਝ ਭੁਜਿਆ ਹੋਇਆ ਅਨਾਜ ਦਿੱਤਾ। ਰੂਥ ਨੇ ਪੇਟ ਭਰਕੇ ਖਾਧਾ ਅਤੇ ਕੁਝ ਭੋਜਨ ਬਚ ਗਿਆ। 15 ਫ਼ੇਰ ਰੂਥ ਉੱਠ ਖਲੋਤੀ ਅਤੇ ਕੰਮ ਉੱਤੇ ਵਾਪਸ ਚਲੀ ਗਈ।
ਫ਼ੇਰ ਬੋਅਜ਼ ਨੇ ਆਪਣੇ ਨੌਕਰਾਂ ਨੂੰ ਆਖਿਆ, “ਰੂਥ ਨੂੰ ਅਨਾਜ ਦੀਆਂ ਢੇਰੀਆਂ ਦੇ ਲਾਗਿਉ ਵੀ ਇਕੱਠਾ ਕਰਨ ਦਿਉ। ਉਸ ਨੂੰ ਰੋਕਿਓ ਨਾ। 16 ਜ਼ਮੀਨ ਉੱਤੇ ਕੁਝ ਅਨਾਜ ਨਾਲ ਭਰੇ ਸਿੱਟੇ ਸੁੱਟ ਕੇ ਉਸਦਾ ਕੰਮ ਆਸਾਨ ਕਰ ਦਿਉ। ਉਸ ਨੂੰ ਇਹ ਅਨਾਜ ਇਕੱਠਾ ਕਰ ਲੈਣ ਦਿਉ ਅਤੇ ਉਸ ਨੂੰ ਤੰਗ ਨਾ ਕਰਿਉ।”
ਨਾਓਮੀ ਬੋਅਜ਼ ਬਾਰੇ ਸੁਣਦੀ ਹੈ
17 ਰੂਥ ਨੇ ਸ਼ਾਮ ਤੱਕ ਖੇਤਾਂ ਵਿੱਚ ਕੰਮ ਕੀਤਾ। ਫ਼ੇਰ ਉਸ ਨੇ ਅਨਾਜ ਨੂੰ ਤੂੜੀ ਨਾਲੋਂ ਵੱਖ ਕੀਤਾ। ਉਸ ਦੇ ਕੋਲ ਲਗਭਗ 10 ਕਿੱਲੋ ਜੌਁ ਸਨ। 18 ਰੂਥ ਉਹ ਅਨਾਜ ਚੁੱਕੇ ਸ਼ਹਿਰ ਲੈ ਗਈ ਆਪਣੀ ਸੱਸ ਨੂੰ ਇਹ ਦਿਖਾਉਣ ਲਈ ਕਿ ਉਸ ਨੇ ਕੀ ਇਕੱਠਾ ਕੀਤਾ ਹੈ। ਉਸ ਨੇ ਉਸ ਨੂੰ ਕੁਝ ਭੋਜਨ ਵੀ ਦਿੱਤਾ ਜਿਹੜਾ ਦੁਪਿਹਰ ਦੇ ਭੋਜਨ ਵਿੱਚੋਂ ਬਚ ਗਿਆ ਸੀ।
19 ਉਸਦੀ ਸੱਸ ਨੇ ਉਸ ਨੂੰ ਪੁੱਛਿਆ, “ਇਹ ਸਾਰਾ ਅਨਾਜ ਤੂੰ ਕਿੱਥੋਂ ਇਕੱਠਾ ਕੀਤਾ ਹੈ? ਤੂੰ ਕਿੱਥੇ ਕੰਮ ਕੀਤਾ? ਉਸ ਆਦਮੀ ਨੂੰ ਅਸੀਸ ਦੇ ਜਿਸਨੇ ਤੇਰੇ ਵੱਲ ਧਿਆਨ ਦਿੱਤਾ।”
ਫ਼ੇਰ ਰੂਥ ਨੇ ਉਸ ਨੂੰ ਦੱਸਿਆ ਕਿ ਉਸ ਨੇ ਕਿਸਦੇ ਨਾਲ ਕੰਮ ਕੀਤਾ ਸੀ। ਉਸ ਨੇ ਆਖਿਆ, “ਅੱਜ ਮੈਂ ਜਿਸ ਬੰਦੇ ਨਾਲ ਕੰਮ ਕੀਤਾ ਹੈ ਉਸਦਾ ਨਾਮ ਬੋਅਜ਼ ਹੈ।”
20 ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਯਹੋਵਾਹ ਉਸਦਾ ਭਲਾ ਕਰੇ! ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਦੋਹਾਂ ਉੱਤੇ ਮਿਹਰ ਕੀਤੀ ਹੈ।” ਫ਼ੇਰ ਨਾਓਮੀ ਨੇ ਆਪਣੀ ਨੂਹ ਨੂੰ ਆਖਿਆ, “ਬੋਅਜ਼ ਸਾਡੇ ਰਿਸ਼ਤੇਦਾਰਾਂ ਵਿੱਚੋਂ ਹੈ। ਬੋਅਜ਼ ਸਾਡੇ ਰੱਖਿਅਕਾਂ ਵਿੱਚੋਂ ਹੈ।”
21 ਫ਼ੇਰ ਰੂਥ ਨੇ ਆਖਿਆ, “ ਬੋਅਜ਼ ਨੇ ਮੈਨੂੰ ਇਹ ਵੀ ਆਖਿਆ ਸੀ ਕਿ ਮੈਂ ਫ਼ੇਰ ਆਵਾਂ ਅਤੇ ਕੰਮ ਕਰਦੀ ਰਹਾਂ। ਬੋਅਜ਼ ਨੇ ਆਖਿਆ ਸੀ ਕਿ ਮੈਂ ਫ਼ਸਲ ਦੀ ਪੂਰੀ ਵਾਢੀ ਹੋਣ ਤੀਕ ਉਸ ਦੇ ਨੌਕਰਾਂ ਨਾਲ ਨੇੜੇ ਰਹਿ ਕੇ ਕੰਮ ਕਰਾਂ।”
22 ਫ਼ੇਰ ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, “ਤੇਰੇ ਲਈ ਉਸ ਦੀਆਂ ਕਾਮੀਆਂ ਨਾਲ ਕੰਮ ਕਰਦੇ ਰਹਿਣਾ ਚੰਗੀ ਗੱਲ ਹੈ। ਜੇ ਤੂੰ ਕਿਸੇ ਹੋਰ ਦੇ ਖੇਤ ਵਿੱਚ ਕੰਮ ਕਰੇਗੀ ਤਾਂ ਕੋਈ ਬੰਦਾ ਤੈਨੂੰ ਨੁਕਸਾਨ ਵੀ ਪਹੁੰਚਾ ਸੱਕਦਾ ਹੈ।” 23 ਇਸ ਤਰ੍ਹਾਂ ਰੂਥ ਨੇ ਬੋਅਜ਼ ਦੀਆਂ ਕਾਮੀਆਂ ਨਾਲ ਨੇੜੇ ਹੋਕੇ ਕੰਮ ਕਰਨਾ ਜਾਰੀ ਰੱਖਿਆ। ਉਸ ਨੇ ਜੌਆਂ ਦੀ ਫ਼ਸਲ ਦੀ ਵਾਢੀ ਹੋਣ ਤੱਕ ਅਨਾਜ ਇਕੱਠਾ ਕੀਤਾ। ਉਸ ਨੇ ਕਣਕ ਦੀ ਵਾਢੀ ਦੇ ਅੰਤ ਤੱਕ ਵੀ ਉੱਥੇ ਕੰਮ ਕੀਤਾ। ਰੂਥ ਆਪਣੀ ਸੱਸ ਨਾਓਮੀ ਦੇ ਨਾਲ ਰਹਿੰਦੀ ਰਹੀ।
* 2:3 ਇਹ ਬਿਧੀ ਸੀ ਕਿ ਕਿਸਾਨ ਨੂੰ ਵਾਢੀ ਦੌਰਾਨ ਕੁਝ ਅਨਾਜ ਖੇਤ ਵਿੱਚ ਛੱਡਣਾ ਪੈਂਦਾ ਸੀ। ਇਹ ਅਨਾਜ ਇਸ ਲਈ ਛੱਡਿਆ ਜਾਂਦਾ ਸੀ ਤਾਂ ਜੋ ਗਰੀਬਾਂ ਨੂੰ ਕੁਝ ਖਾਣ ਲਈ ਮਿਲ ਜਾਵੇ। ਦੇਖੋ ਲੇਵੀਆਂ 19:9; 23:22 2:20 ਰੱਖਿਅਕ ਜਾਂ, “ਛੁਟਕਾਰਾ ਦੇਣ ਵਲਾ,” ਜਿਸ ਵਿਅਕਤੀ ਨੇ ਖਿਆਲ ਰੱਖਿਆ ਅਤੇ ਕਿਸੇ ਮਰੇ ਹੋਏ ਰਿਸ਼ਤੇਦਾਰ ਦੇ ਪਰਿਵਾਰ ਨੂੰ ਬਚਾਇਆ ਹੋਵੇ।” ਜਿਸ ਵਿਅਕਤੀ ਨੇ ਗਰੀਬ ਸੰਬੰਧੀਆਂ ਨੂੰ ਅਜ਼ਾਦ ਕਰਵਾਕੇ ਉਨ੍ਹਾਂ ਨੂੰ ਗੁਲਾਮੀ ਤੋਂ ਵਾਪਸ (ਅਜ਼ਾਦ ਅਰਵਾਇਆ) ਲਿਆਂਦਾ।