22
ਫ਼ੇਰ ਮੈਨੂੰ ਦੂਤ ਨੇ ਜੀਵਨ ਦੇ ਜਲ ਦਾ ਦਰਿਆ ਵਿਖਾਇਆ। ਨਦੀ ਬਲੌਰ ਵਾਂਗ ਚਮਕ ਰਹੀ ਸੀ। ਇਹ ਨਦੀ ਪਰਮੇਸ਼ੁਰ ਦੇ ਅਤੇ ਲੇਲੇ ਦੇ ਤਖਤ ਤੋਂ ਵੱਗਦੀ ਸੀ। ਇਹ ਸ਼ਹਿਰ ਦੀ ਗਲੀ ਦੇ ਵਿੱਚਕਾਰ ਵੱਗਦੀ ਹੈ। ਨਦੀ ਦੇ ਦੋਹਾਂ ਕੰਢਿਆਂ ਉੱਪਰ ਜੀਵਨ ਦਾ ਰੁੱਖ ਸੀ। ਜੀਵਨ ਦਾ ਰੁੱਖ ਸਾਲ ਵਿੱਚ ਬਾਰ੍ਹਾਂ ਵਾਰੀਂ ਫ਼ਲ ਦਿੰਦਾ ਹੈ। ਇਹ ਹਰ ਮਹੀਨੇ ਫ਼ਲ ਦਿੰਦਾ ਹੈ। ਰੁੱਖ ਦੇ ਪੱਤਿਆਂ ਦੀ ਵਰਤੋਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੰਗਾ ਕਰਨ ਲਈ ਕੀਤੀ ਜਾਂਦੀ ਹੈ।
ਪਰਮੇਸ਼ੁਰ ਲਈ ਇਸ ਸ਼ਹਿਰ ਦੇ ਲੋਕਾਂ ਨੂੰ ਕੋਸਣਾ ਹੋਰ ਵੱਧੇਰੇ ਜਰੂਰੀ ਨਹੀਂ ਹੋਵੇਗਾ। ਪਰਮੇਸ਼ੁਰ ਅਤੇ ਲੇਲੇ ਦਾ ਤਖਤ ਸ਼ਹਿਰ ਵਿੱਚ ਹੋਵੇਗਾ। ਪਰਮੇਸ਼ੁਰ ਦੇ ਸੇਵਕ ਉਸਦੀ ਉਪਾਸਨਾ ਕਰਨਗੇ। ਉਹ ਉਸਦਾ ਦੀਦਾਰ ਕਰਨਗੇ। ਪਰਮੇਸ਼ੁਰ ਦਾ ਨਾਮ ਉਨ੍ਹਾਂ ਦੇ ਮੱਥਿਆਂ ਤੇ ਲਿਖਿਆ ਹੋਵੇਗਾ। ਉੱਥੇ ਕਦੇ ਵੀ ਫ਼ੇਰ ਰਾਤ ਨਹੀਂ ਪਵੇਗੀ। ਲੋਕਾਂ ਨੂੰ ਕਿਸੇ ਦੀਵੇ ਦੀ ਰੌਸ਼ਨੀ ਜਾਂ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਪਵੇਗੀ। ਪ੍ਰਭੂ ਪਰਮੇਸ਼ੁਰ ਉਨ੍ਹਾਂ ਨੂੰ ਰੌਸ਼ਨੀ ਦੇਵੇਗਾ। ਅਤੇ ਉਹ ਰਾਜਿਆਂ ਵਾਂਗ ਸਦਾ ਰਾਜ ਕਰਨਗੇ।
ਦੂਤ ਨੇ ਮੈਨੂੰ ਆਖਿਆ, “ਇਹ ਸ਼ਬਦ ਸੱਚੇ ਹਨ ਅਤੇ ਵਿਸ਼ਵਾਸ ਕਰਨ ਯੋਗ ਹਨ। ਪ੍ਰਭੂ ਆਤਮਿਆਂ ਅਤੇ ਨਬੀਆਂ ਦਾ ਪਰਮੇਸ਼ੁਰ ਹੈ। ਪਰਮੇਸ਼ੁਰ ਨੇ ਆਪਣਾ ਦੂਤ ਆਪਣੇ ਲੋਕਾਂ ਨੂੰ ਉਹ ਘਟਨਾਵਾਂ ਦਰਸਾਉਣ ਲਈ ਭੇਜਿਆ ਹੈ ਜਿਹੜੀਆਂ ਛੇਤੀ ਹੀ ਵਾਪਰਨੀਆਂ ਚਾਹੀਦੀਆਂ ਹਨ। ‘ਧਿਆਨ ਨਾਲ ਸੁਣੋ ਮੈਂ ਛੇਤੀ ਹੀ ਆ ਰਿਹਾ ਹਾਂ। ਜਿਹੜਾ ਵਿਅਕਤੀ ਇਸ ਪੁਸਤਕ ਦੇ ਸੰਦੇਸ਼ ਦੇ ਬਚਨਾਂ ਦੀ ਪਾਲਣਾ ਕਰਦਾ ਹੈ ਉਹ ਖੁਸ਼ ਹੋਵੇਗਾ।’”
ਮੈਂ ਯੂਹੰਨਾ ਹਾਂ। ਮੈਂ ਹੀ ਸੀ ਜਿਸਨੇ ਇਹ ਗੱਲਾਂ ਸੁਣੀਆਂ ਤੇ ਦੇਖੀਆਂ ਸਨ। ਇਹ ਗੱਲਾਂ ਸੁਨਣ ਅਤੇ ਦੇਖਣ ਤੋਂ ਬਾਅਦ, ਮੈਂ ਉਸ ਦੂਤ ਦੇ ਚਰਣਾਂ ਉੱਤੇ ਸ਼ੀਸ਼ ਨਿਵਾਇਆ ਜਿਸਨੇ ਉਸਦੀ ਉਪਾਸਨਾ ਕਰਾਉਣ ਲਈ ਮੈਨੂੰ ਇਹ ਸਭ ਗੱਲਾਂ ਦਰਸ਼ਾਈਆਂ। ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰੋ। ਮੈਂ ਵੀ ਤੁਹਾਡੇ ਅਤੇ ਤੁਹਾਡੇ ਨਬੀਆਂ ਭਰਾਵਾਂ ਵਰਗਾ ਹੀ ਹਾਂ। ਮੈਂ ਵੀ ਹੋਰ ਸਾਰਿਆਂ, ਵਰਗਾ ਇੱਕ ਸੇਵਕ ਹਾਂ ਜਿਹੜੇ ਇਸ ਵਿੱਚ ਲਿਖੇ ਬਚਨਾਂ ਦਾ ਅਨੁਸਰਣ ਕਰਦੇ ਹਨ। ਤੁਹਾਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ।”
10 ਫ਼ਿਰ ਦੂਤ ਨੇ ਮੈਨੂੰ ਕਿਹਾ, “ਇਸ ਪੁਸਤਕ ਦੇ ਅਗੰਮ ਵਾਕ ਦੇ ਬਚਨਾਂ ਨੂੰ ਗੁਪਤ ਨਾ ਰੱਖ। ਇਨ੍ਹਾਂ ਗੱਲਾਂ ਦੇ ਵਾਪਰਨ ਦਾ ਸਮਾਂ ਬਹੁਤ ਨੇੜੇ ਹੈ। 11 ਜਿਹੜਾ ਵਿਅਕਤੀ ਬੁਰਾ ਕਰਦਾ ਹੈ, ਉਸ ਨੂੰ ਬੁਰਾ ਕਰੀ ਜਾਣ ਦਿਓ। ਜਿਹੜਾ ਵਿਅਕਤੀ ਗੰਦਾ ਹੈ, ਉਸ ਨੂੰ ਹੋਰ ਵੀ ਗੰਦਾ ਹੁੰਦਾ ਜਾਣ ਦਿਓ। ਜਿਹੜਾ ਵਿਅਕਤੀ ਓਹੀ ਕਰਦਾ ਹੈ ਜੋ ਧਰਮੀ ਹੈ, ਉਸ ਨੂੰ ਉਹੋ ਕਰੀ ਜਾਣ ਦਿਓ ਜੋ ਧਰਮੀ ਹੈ। ਜਿਹੜਾ ਪਵਿੱਤਰ ਹੈ ਉਸ ਨੂੰ ਪਵਿੱਤਰ ਬਣਿਆ ਰਹਿਣ ਦਿਓ।”
12 “ਸੁਣੋ। ਮੈਂ ਬਹੁਤ ਛੇਤੀ ਆ ਰਿਹਾ ਹਾਂ। ਮੈਂ ਆਪਣੇ ਨਾਲ ਇਨਾਮ ਲਿਆਵਾਂਗਾ। ਮੈਂ ਹਰੇਕ ਵਿਅਕਤੀ ਨੂੰ ਉਸ ਦੇ ਕੀਤੇ ਦਾ ਫ਼ਲ ਦੇਵਾਂਗਾ। 13 ਮੈਂ ਅਲਫ਼ਾ ਤੇ ਉਮੇਗਾ ਹਾਂ, ਪਹਿਲਾ ਤੇ ਆਖਰੀ, ਆਦਿ ਤੇ ਅੰਤ।
14 “ਉਹ ਲੋਕ ਜਿਨ੍ਹਾਂ ਨੇ ਆਪਣੇ ਚੋਲੇ ਧੋਤੇ ਹਨ, ਸੁਭਾਗੇ ਹੋਣਗੇ। ਉਨ੍ਹਾਂ ਨੂੰ ਜੀਵਨ ਦੇ ਰੁੱਖ ਦਾ ਫ਼ਲ ਖਾਣ ਦਾ ਇਖਤਿਆਰ ਹੋਵੇਗਾ। ਉਹ ਬੂਹਿਆਂ ਰਾਹੀਂ ਸ਼ਹਿਰ ਵਿੱਚ ਦਾਖਿਲ ਹੋਣਗੇ। 15 ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ।
16 “ਮੈਂ, ਯਿਸੂ ਨੇ ਕਲੀਸਿਯਾ ਨੂੰ ਇਹ ਗੱਲਾਂ ਦੱਸਣ ਲਈ ਆਪਣੇ ਦੂਤ ਭੇਜਦਾ ਹਾਂ। ਮੈਂ ਦਾਊਦ ਦੇ ਪਰਿਵਾਰ ਦੀ ਔਲਾਦ ਹਾਂ। ਮੈਂ ਸਵੇਰ ਦਾ ਚਮਕਦਾ ਸਿਤਾਰਾ ਹਾਂ।”
17 ਆਤਮਾ ਅਤੇ ਲਾੜੀ ਆਖਦੇ ਹਨ, “ਆਓ।” ਅਤੇ ਸ੍ਰੋਤਿਆਂ ਨੂੰ ਆਖਣਾ ਚਾਹੀਦਾ, “ਆਓ।” ਜੇਕਰ ਕੋਈ ਪਿਆਸਾ ਹੈ, ਉਸ ਨੂੰ ਆਉਣ ਦਿਓ ਅਤੇ ਜੇਕਰ ਉਹ ਚਾਹੁੰਦਾ ਤਾਂ ਜੀਵਨ ਦਾ ਪਾਣੀ ਮੁਫ਼ਤ ਇੱਕ ਸੁਗਾਤ ਵਜੋਂ ਪੀਣ ਦਿਉ।
18 ਹੁਣ ਮੈਂ ਉਨ੍ਹਾਂ ਸਭ ਨੂੰ ਚਿਤਾਵਨੀ ਦਿੰਦਾ ਹਾਂ ਜਿਹੜੇ ਇਸ ਪੁਸਤਕ ਦੀ ਅਗੰਮ ਵਾਕ ਦੇ ਸ਼ਬਦਾਂ ਨੂੰ ਸੁਣਦੇ ਹਨ। ਜੇਕਰ ਕੋਈ ਇਨ੍ਹਾਂ ਸ਼ਬਦਾਂ ਵਿੱਚ ਕੁਝ ਜੋੜਦਾ ਹੈ, ਪਰਮੇਸ਼ੁਰ ਉਸ ਉੱਤੇ ਉਹ ਮੁਸੀਬਤਾਂ ਲਿਆਵੇਗਾ ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੋਇਆ। 19 ਅਤੇ ਜੇਕਰ ਕੋਈ ਵੀ ਅਗੰਮ ਵਾਕ ਦੀ ਇਸ ਪੁਸਤਕ ਵਿੱਚੋਂ ਸ਼ਬਦਾਂ ਨੂੰ ਕੱਢਦਾ ਹੈ, ਪਰਮੇਸ਼ੁਰ ਜੀਵਨ ਦੇ ਰੁੱਖ ਵਿੱਚੋਂ ਉਸਦਾ ਹਿੱਸਾ ਅਤੇ ਪਵਿੱਤਰ ਸ਼ਹਿਰ ਵਿੱਚੋਂ ਉਸਦੀ ਥਾਂ ਲੈ ਲਵੇਗਾ। ਜਿਸ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੈ।
20 ਯਿਸੂ ਹੀ ਹੈ ਜਿਹੜਾ ਆਖਦਾ ਹੈ ਕਿ ਇਹ ਸਾਰੀਆਂ ਗੱਲਾਂ ਸੱਚ ਹਨ। ਹੁਣ ਉਹ ਆਖਦਾ ਹੈ, “ਹਾਂ, ਮੈਂ ਛੇਤੀ ਆ ਰਿਹਾ ਹਾਂ।”
ਆਮੀਨ! ਆਓ ਪ੍ਰਭੂ ਯਿਸੂ!
21 ਪ੍ਰਭੂ ਯਿਸੂ ਦੀ ਕ੍ਰਿਪਾ ਸਭਨਾਂ ਤੇ ਹੋਵੇ। ਆਮੀਨ।