ਪ੍ਰਸ਼ਨ: ਕੀ ਪਰਮੇਸ਼ਰ ਦੀ ਹੋਂਦ ਹੈ ? ਕੀ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਹੈ ?

ਉੱਤਰ:
ਕੀ ਪਰਮੇਸ਼ਰ ਦੀ ਹੋਂਦ ਹੈ ? ਮੈਨੂੰ ਇਹ ਦਿਲਚਸਪ ਲੱਗਦਾ ਹੈ ਕਿ ਇਸ ਬਹਿਸ ਵੱਲ ਏਨਾ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਤਾਜ਼ਾ ਸਰਵੇਖਣ ਸਾਨੂੰ ਦਰਸਾਉਂਦੇ ਹਨ ਕਿ ਸੰਸਾਰ ਵਿੱਚ 90% ਤੋਂ ਵੀ ਵੱਧ ਲੋਕ ਪਰਮੇਸ਼ਰ ਜਾਂ ਕਿਸੇ ਉੱਚ ਸ਼ਕਤੀ ਦੀ ਹੋਂਦ ਵਿੱਚ ਵਿਸ਼ਵਾਸ ਰੱਖਦੇ ਹਨ। ਫਿਰ ਵੀ, ਕਿਸੇ ਨਾ ਕਿਸੇ ਤਰ੍ਹਾਂ ਪਰਮੇਸ਼ਰ ਦੀ ਹੋਂਦ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਇਹ ਸਾਬਤ ਕਰਨ ਦੀ ਜਿੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ ਕਿ ਉਸਦੀ ਸੱਚਮੁੱਚ ਕੋਈ ਹੋਂਦ ਹੈ। ਮੇਰੇ ਖਿਆਲ ਅਨੁਸਾਰ, ਹੋਣਾ ਇਸਦੇ ਉਲਟ ਚਾਹੀਦਾ ਹੈ।

ਪਰ ਫਿਰ ਵੀ, ਪਰਮੇਸ਼ਰ ਦੀ ਹੋਂਦ ਨੂੰ ਸਾਬਤ ਕੀਤਾ ਜਾਂ ਨਕਾਰਿਆ ਨਹੀਂ ਜਾ ਸਕਦਾ। ਬਾਈਬਲ ਕਹਿੰਦੀ ਹੈ ਕਿ ਸਾਨੂੰ ਲਾਜ਼ਮੀ ਤੌਰ ‘ਤੇ ਵਿਸ਼ਵਾਸ ਨਾਲ ਇਹ ਸਚਾਈ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਪਰਮੇਸ਼ਰ ਹੈ। “ਵਿਸ਼ਵਾਸ ਕੀਤੇ ਬਗੈਰ ਕੋਈ ਵਿਅਕਤੀ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ, ਕਿਉਂਕਿ ਜੋ ਕੋਈ ਵੀ ਉਸਦੀ ਸ਼ਰਣ ਵਿੱਚ ਆਉਂਦਾ ਹੈ ਉਸਨੂੰ ਜ਼ਰੂਰ ਹੀ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੋਂਦ ਰੱਖਦਾ ਹੈ ਅਤੇ ਇਹ ਕਿ ਉਹ ਉਹਨਾਂ ਲੋਕਾਂ ਨੂੰ ਫਲ਼ ਦਿੰਦਾ ਹੈ ਜੋ ਤਨੋਂ ਮਨੋਂ ਉਸਨੂੰ ਖੋਜਦੇ ਹਨ” (ਇਬਰਾਨੀਆਂ ਨੂੰ ਪੱਤਰੀ 11:6)। ਜੇਕਰ ਪਰਮੇਸ਼ਰ ਨੇ ਅਜਿਹੀ ਇੱਛਾ ਕੀਤੀ ਹੁੰਦੀ, ਤਾਂ ਉਹ ਸਹਿਜੇ ਹੀ ਪ੍ਰਗਟ ਹੋ ਜਾਂਦਾ ਅਤੇ ਸਾਰੇ ਸੰਸਾਰ ਸਾਹਮਣੇ ਸਾਬਤ ਕਰ ਦਿੰਦਾ ਕਿ ਉਸਦੀ ਹੋਂਦ ਹੈ। ਪਰ ਜੇਕਰ ਉਹ ਅਜਿਹਾ ਕਰਦਾ ਤਾਂ ਫਿਰ ਵਿਸ਼ਵਾਸ ਕਰਨ ਦੀ ਲੋੜ ਹੀ ਨਾ ਰਹਿੰਦੀ। “ਫਿਰ ਯਿਸੂ ਨੇ ਉਸਨੂੰ ਕਿਹਾ, “ਕਿਉਂਕਿ ਤੁਸੀਂ ਮੈਨੂੰ ਦੇਖ ਲਿਆ ਹੈ, ਇਸ ਲਈ ਤੁਹਾਨੂੰ ਵਿਸ਼ਵਾਸ ਹੋ ਗਿਆ ਹੈ; ਉਹ ਲੋਕ ਭਾਗਾਂ ਵਾਲੇ ਹਨ ਜਿਹਨਾਂ ਨੇ ਦੇਖਿਆ ਨਹੀਂ ਹੈ ਪਰ ਫਿਰ ਵੀ ਵਿਸ਼ਵਾਸ ਕੀਤਾ ਹੈ” (ਯੁਹੰਨਾ ਦੀ ਇੰਜੀਲ 20:29)।

ਪਰ ਫਿਰ ਵੀ ਇਸਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਹੀ ਨਹੀਂ ਹੈ। ਬਾਈਬਲ ਇਹ ਕਹਿੰਦੀ ਹੈ, “ਸਵਰਗ ਪਰਮੇਸ਼ਰ ਦੀ ਮਹਿਮਾ ਨੂੰ ਬਿਆਨ ਕਰਦੇ ਹਨ; ਆਕਾਸ਼ ਉਸਦੇ ਹੱਥੀਂ ਹੋਈਆਂ ਸਿਰਜਣਾਵਾਂ ਬਾਰੇ ਦੱਸਦੇ ਹਨ। ਹਰ ਦਿਨ ਉਹ ਵਿਆਖਿਆਨ ਵਰ੍ਹਾਉਂਦੇ ਹਨ; ਹਰ ਰਾਤ ਉਹ ਗਿਆਨ ਦਾ ਪ੍ਰਗਟਾਵਾ ਕਰਦੇ ਹਨ। ਅਜਿਹੇ ਕੋਈ ਬੋਲ ਜਾਂ ਭਾਸ਼ਾ ਨਹੀਂ ਹੈ, ਜਿੱਥੇ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਉਹਨਾਂ ਦੀ ਆਵਾਜ਼ ਸਾਰੀ ਧਰਤੀ ‘ਤੇ ਫੈਲ ਜਾਂਦੀ ਹੈ; ਉਹਨਾਂ ਦੇ ਸ਼ਬਦ ਸੰਸਾਰ ਦੇ ਕੋਨੇ-ਕੋਨੇ ਤੱਕ ਜਾਂਦੇ ਹਨ।” (ਜ਼ਬੂਰ 19: 1 -4)। ਤਾਰਿਆਂ ਵੱਲ ਤੱਕਣਾ, ਬ੍ਰਹਿਮੰਡ ਦੇ ਵਿਸ਼ਾਲ ਪਾਸਾਰ ਨੂੰ ਸਮਝਣਾ, ਕੁਦਰਤ ਦੇ ਅਜ਼ੂਬਿਆਂ ਨੂੰ ਨੀਝ ਨਾਲ ਵੇਖਣਾ, ਡੁੱਬਦੇ ਸੂਰਜ ਦੀ ਸੁੰਦਰਤਾ ਨੂੰ ਦੇਖਣਾ – ਇਹ ਸਾਰੀਆਂ ਚੀਜ਼ਾਂ ਇੱਕ ਸਿਰਜਣਹਾਰ ਪਰਮੇਸ਼ਰ ਵੱਲ ਇਸ਼ਾਰਾ ਕਰਦੀਆਂ ਹਨ। ਜੇ ਇਹ ਚੀਜ਼ਾਂ ਕਾਫੀ ਨਹੀਂ ਹਨ ਤਾਂ ਸਾਡੇ ਆਪਣੇ ਦਿਲਾਂ ਵਿੱਚ ਵੀ ਪਰਮੇਸ਼ਰ ਦਾ ਸਬੂਤ ਹੈ। ਉਪਦੇਸ਼ਕ ਦਾ ਖੰਡ 3:11 ਦੱਸਦਾ ਹੈ, “...ਉਸਨੇ ਮਨੁੱਖ ਦੇ ਦਿਲ ਵਿੱਚ ਸਦੀਵੀਪਣ ਵੀ ਸਥਾਪਤ ਕਰ ਦਿੱਤਾ ਹੈ ...।” ਸਾਡੇ ਧੁਰ ਅੰਦਰ ਇਹ ਮਾਣਤਾ ਹੈ ਕਿ ਇਸ ਜੀਵਨ ਤੋਂ ਪਾਰ ਵੀ ਕੁਝ ਹੈ ਅਤੇ ਇਸ ਸੰਸਾਰ ਤੋਂ ਪਰ੍ਹੇ ਵੀ ਕੋਈ ਹੈ । ਅਸੀਂ ਵਿਦਵਤਾ ਦੇ ਨਾਲ ਇਸ ਗਿਆਨ ਨੂੰ ਨਕਾਰ ਸਕਦੇ ਹਾਂ, ਪਰ ਸਾਡੇ ਵਿੱਚ ਅਤੇ ਸਾਡੇ ਚਾਰ-ਚੁਫ਼ਰੇ ਪਰਮੇਸ਼ਰ ਦੀ ਮੌਜੂਦਗੀ ਫਿਰ ਵੀ ਪ੍ਰਤੱਖ ਹੈ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਅਜਿਹਾ ਹੋਣ ਦੇ ਬਾਵਜੂਦ ਵੀ, ਕੁਝ ਲੋਕ ਪਰਮੇਸ਼ਰ ਦੀ ਹੋਂਦ ਤੋਂ ਇਨਕਾਰ ਕਰਨਗੇ: “ਮੂਰਖ ਆਪਣੇ ਦਿਲ ਵਿੱਚ ਕਹਿੰਦਾ ਹੈ ‘ਕੋਈ ਪਰਮੇਸ਼ਰ ਨਹੀਂ ਹੈ” (ਜ਼ਬੂਰ 14:1)। ਕਿਉਂਕਿ ਸਾਰੇ ਇਤਿਹਾਸ ਵਿੱਚ, ਸਾਰੇ ਸੱਭਿਆਚਾਰਾਂ ਵਿੱਚ, ਸਾਰੀਆਂ ਸੱਭਿਆਤਾਵਾਂ ਵਿੱਚ ਅਤੇ ਸਾਰੇ ਹੀ ਮਹਾਂਦੀਪਾਂ ‘ਤੇ 98% ਤੋਂ ਵੀ ਵੱਧ ਲੋਕ ਕਿਸੇ ਕਿਸਮ ਦੇ ਪਰਮੇਸ਼ਰ ਵਿੱਚ ਵਿਸ਼ਵਾਸ ਕਰਦੇ ਹਨ – ਤਾਂ ਫਿਰ ਲਾਜ਼ਮੀ ਤੌਰ ਤੇ ਕੋਈ ਚੀਜ਼ (ਜਾਂ ਕੋਈ ਵਿਅਕਤੀ) ਹੋਣਾ ਚਾਹੀਦਾ ਹੈ ਜੋ ਇਸ ਵਿਸ਼ਵਾਸ ਦਾ ਕਾਰਨ ਬਣਦਾ ਹੈ।

ਪਰਮੇਸ਼ਰ ਦੀ ਹੋਂਦ ਦੇ ਪੱਖ ਵਿੱਚ ਬਾਈਬਲ ਦੀਆਂ ਦਲੀਲਾਂ ਤੋਂ ਇਲਾਵਾ, ਕੁਝ ਤਰਕਪੂਰਨ ਦਲੀਲਾਂ ਵੀ ਹਨ। ਪਹਿਲੀ ਦਲੀਲ ਹੈ, ਤੱਤ ਵਿਗਿਆਨ ਦੀ ਦਲੀਲ। ਤੱਤ ਵਿਗਿਆਨ ਦੀ ਦਲੀਲ ਦੀ ਸਭ ਤੋਂ ਪ੍ਰਚਲਤ ਕਿਸਮ ਪਰਮੇਸ਼ਰ ਦੀ ਹੋਂਦ ਨੂੰ ਸਾਬਤ ਕਰਨ ਲਈ ਪਰਮੇਸ਼ਰ ਦੀ ਧਾਰਨਾ ਦੀ ਵਰਤੋਂ ਕਰਦੀ ਹੈ। ਇਹ ਪਰਮੇਸ਼ਰ ਦੀ ਪਰਿਭਾਸ਼ਾ “ਪਰਮੇਸ਼ਰ ਉਹ ਹੈ ਜਿਸ ਤੋਂ ਵਧੇਰੇ ਮਹਾਨ ਚੀਜ਼ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।“ ਤੋਂ ਸ਼ੁਰੂ ਹੁੰਦੀ ਹੈ। ਫੇਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਹੋਂਦ ਨਾ ਰੱਖਣ ਨਾਲੋਂ ਹੋਂਦ ਰੱਖਣਾ ਵਧੇਰੇ ਵੱਡੀ ਗੱਲ ਹੈ, ਇਸ ਕਰਕੇ ਸਭ ਤੋਂ ਵੱਧ ਮਹਾਨ ਕਲਪਿਤ ਚੀਜ਼ ਲਾਜ਼ਮੀ ਤੌਰ ‘ਤੇ ਹੋਂਦ ਰੱਖਣ ਵਾਲੀ ਹੋਣੀ ਚਾਹੀਦੀ ਹੈ। ਜੇ ਪਰਮੇਸ਼ਰ ਹੋਂਦ ਨਹੀਂ ਰੱਖਦਾ ਤਾਂ ਪਰਮੇਸ਼ਰ ਸੋਚੀ ਜਾ ਸਕਣ ਵਾਲੀ ਸਭ ਤੋਂ ਮਹਾਨ ਹਸਤੀ ਨਹੀਂ ਹੋ ਸਕਦਾ ਅਤੇ ਇਹ ਪਰਮੇਸ਼ਰ ਦੀ ਪਰਿਭਾਸ਼ਾ ਦਾ ਹੀ ਖੰਡਨ ਕਰ ਦੇਵੇਗਾ। ਇੱਕ ਹੋਰ ਦਲੀਲ ਹੈ, ਮਕਸਦ ਵਿਗਿਆਨ ਦੀ ਦਲੀਲ। ਮਕਸਦ ਵਿਗਿਆਨ ਦੀ ਦਲੀਲ ਇਹ ਹੈ ਕਿ ਕਿਉਂਕਿ ਬ੍ਰਹਿਮੰਡ ਬਹੁਤ ਹੀ ਵਚਿੱਤਰ ਰੂਪ-ਰੇਖਾ ਦਾ ਪ੍ਰਦਰਸ਼ਨ ਕਰਦਾ ਹੈ, ਤਾਂ ਲਾਜ਼ਮੀ ਤੌਰ ਤੇ ਕੋਈ ਦੈਵੀ ਰੂਪਾਂਕਣਕਾਰ ਹੋਣਾ ਚਾਹੀਦਾ ਹੈ। ਉਦਾਹਰਨ ਲਈ, ਜੇਕਰ ਧਰਤੀ ਸੂਰਜ ਤੋਂ ਕੇਵਲ ਕੁਝ ਕੁ ਸੌ ਮੀਲ ਵੀ ਦੂਰ ਜਾਂ ਨੇੜੇ ਹੁੰਦੀ ਤਾਂ ਇਹ ਉਸ ਜੀਵਨ ਦੇ ਬਹੁਤੇ ਹਿੱਸੇ ਨੂੰ ਆਸਰਾ ਦੇਣ ਦੇ ਸਮਰੱਥ ਨਾ ਹੁੰਦੀ ਜਿਸਨੂੰ ਇਹ ਹੁਣ ਆਸਰਾ ਦੇ ਰਹੀ ਹੈ। ਜੇਕਰ ਸਾਡੇ ਵਾਯੂਮੰਡਲ ਵਿਚਲੇ ਤੱਤ ਕੇਵਲ ਕੁਝ ਕੁ ਪ੍ਰਤੀਸ਼ਤ ਅੰਸ਼ ਵੀ ਭਿੰਨ ਹੁੰਦੇ ਤਾਂ ਧਰਤੀ ਉੱਤੇ ਹਰ ਜਿਉਂਦੀ ਸ਼ੈਅ ਮਰ ਗਈ ਹੁੰਦੀ। ਕਿਸੇ ਇੱਕ ਪ੍ਰੋਟੀਨ ਅਣੂ ਦੇ ਸਬੱਬ ਨਾਲ ਬਣਨ ਦੀ ਸੰਭਾਵਨਾ 10243 ਵਿੱਚ 1 ਹੁੰਦੀ ਹੈ (ਜੋ ਕਿ 10 ਦੇ ਬਾਅਦ 243 ‘ਸਿਫਰਾਂ’ ਲੱਗਕੇ ਬਣਨ ਵਾਲੀ ਸੰਖਿਆ ਹੈ)। ਇੱਕ ਇਕਹਰਾ ਸੈੱਲ ਲੱਖਾਂ ਹੀ ਪ੍ਰੋਟੀਨ ਅਣੂਆਂ ਤੋਂ ਮਿਲਕੇ ਬਣਦਾ ਹੈ।

ਪਰਮੇਸ਼ਰ ਦੀ ਹੋਂਦ ਦੇ ਪੱਖ ਵਿੱਚ ਇੱਕ ਤੀਜੀ ਤਰਕਪੂਰਨ ਦਲੀਲ ਨੂੰ ਬ੍ਰਹਿਮੰਡੀ ਦਲੀਲ ਕਿਹਾ ਜਾਂਦਾ ਹੈ। ਹਰ ਇੱਕ ਪ੍ਰਭਾਵ ਦਾ ਕੋਈ ਕਾਰਨ ਹੋਣਾ ਚਾਹੀਦਾ ਹੈ। ਇਹ ਬ੍ਰਹਿਮੰਡ ਅਤੇ ਇਸ ਵਿਚਲੀ ਹਰੇਕ ਚੀਜ਼ ਇੱਕ ਪ੍ਰਭਾਵ ਹੈ। ਕੁਝ ਨਾ ਕੁਝ ਅਜਿਹਾ ਲਾਜ਼ਮੀ ਹੋਣਾ ਚਾਹੀਦਾ ਹੈ ਜੋ ਹਰ ਕਿਸੇ ਚੀਜ਼ ਦੇ ਹੋਂਦ ਵਿੱਚ ਆਉਣ ਦਾ ਕਾਰਨ ਬਣਿਆ। ਆਖਿਰਕਾਰ, ਕੁਝ ਨਾ ਕੁਝ ਤਾਂ ‘ਬਿਨਾਂ ਕਾਰਨ ਵਾਪਰਿਆ’ ਲਾਜ਼ਮੀ ਹੋਣਾ ਚਾਹੀਦਾ ਹੈ ਜੋ ਬਾਕੀ ਸਭ ਚੀਜਾਂ ਦੇ ਹੋਂਦ ਵਿੱਚ ਆਉਣ ਦਾ ਕਾਰਨ ਬਣ ਸਕੇ। ਇਹ ‘ਬਿਨਾਂ ਕਾਰਨ ਵਾਪਰਿਆ' ਕਾਰਨ ਹੀ ਪਰਮੇਸ਼ਰ ਹੈ।

ਇੱਕ ਚੌਥੀ ਦਲੀਲ ਨੂੰ ਨੈਤਿਕ ਦਲੀਲ ਵਜੋਂ ਜਾਣਿਆਂ ਜਾਂਦਾ ਹੈ। ਸਾਰੇ ਇਤਿਹਾਸ ਵਿੱਚ ਹਰੇਕ ਸੱਭਿਆਚਾਰ ਵਿੱਚ ਕਾਨੂੰਨ ਦੀ ਕੋਈ ਨਾ ਕੋਈ ਕਿਸਮ ਰਹੀ ਹੈ। ਹਰ ਕਿਸੇ ਨੂੰ ਸਹੀ ਅਤੇ ਗਲਤ ਦੀ ਸੋਝੀ ਰਹੀ ਹੈ। ਕਤਲ, ਝੂਠ ਬੋਲਣਾ, ਚੋਰੀ ਕਰਨਾ ਅਤੇ ਅਨੈਤਿਕਤਾ ਲੱਗਭਗ ਸਭ ਥਾਈਂ ਨਕਾਰੇ ਜਾਂਦੇ ਹਨ। ਜੇਕਰ ਕਿਸੇ ਪਵਿੱਤਰ ਪ੍ਰਮਾਤਮਾ ਤੋਂ ਨਹੀਂ ਤਾਂ ਇਹ ਗਲਤ ਜਾਂ ਸਹੀ ਦਾ ਬੋਧ ਕਿੱਥੋਂ ਆਇਆ ?

ਬਾਈਬਲ ਸਾਨੂੰ ਦੱਸਦੀ ਹੈ ਕਿ ਇਸ ਸਭ ਕਾਸੇ ਦੇ ਬਾਵਜੂਦ ਵੀ ਲੋਕ ਪਰਮੇਸ਼ਰ ਬਾਬਤ ਸਪੱਸ਼ਟ ਅਤੇ ਨਕਾਰੇ ਨਾ ਜਾ ਸਕਣ ਵਾਲੇ ਗਿਆਨ ਨੂੰ ਰੱਦ ਕਰਨਗੇ ਅਤੇ ਇਸਦੇ ਬਦਲੇ ਕਿਸੇ ਝੂਠ ‘ਤੇ ਵਿਸ਼ਵਾਸ ਕਰਨਗੇ। ਰੋਮੀਆਂ ਨੂੰ ਪੱਤਰੀ ਦੇ ਖੰਡ 1:25 ਵਿੱਚ ਲਿਖਿਆ ਹੈ, “ਉਹਨਾਂ ਨੇ ਪਰਮੇਸ਼ਰ ਬਾਰੇ ਸੱਚ ਦਾ ਝੂਠ ਨਾਲ ਵਟਾਂਦਰਾ ਕਰ ਲਿਆ ਅਤੇ ਉਹਨਾਂ ਨੇ ਸਿਰਜਣਹਾਰ – ਜਿਸਦੀ ਕਿ ਹਮੇਸ਼ਾ ਉਸਤਿਤ ਕੀਤੀ ਜਾਂਦੀ ਹੈ, ਦੀ ਬਜਾਏ ਸਿਰਜੀਆਂ ਹੋਈਆਂ ਵਸਤੂਆਂ ਦੀ ਪੂਜਾ ਅਤੇ ਸੇਵਾ ਕੀਤੀ। ਆਮੀਨ।” ਬਾਈਬਲ ਇਹ ਵੀ ਦੱਸਦੀ ਹੈ ਕਿ ਪਰਮੇਸ਼ਰ ਵਿੱਚ ਵਿਸ਼ਵਾਸ ਨਾ ਕਰਨ ਵਾਸਤੇ ਲੋਕਾਂ ਕੋਲ ਕੋਈ ਬਹਾਨਾ ਨਹੀਂ ਹੈ: “ਕਿਉਂਕਿ ਸੰਸਾਰ ਦੀ ਸਿਰਜਣਾ ਤੋਂ ਲੈ ਕੇ ਪਰਮੇਸ਼ਰ ਦੀਆਂ ਕੁਝ ਅਦਿੱਖ ਵਿਸ਼ੇਸ਼ਤਾਵਾਂ – ਉਸਦੀ ਸਦੈਵ ਸ਼ਕਤੀ ਅਤੇ ਦੈਵੀ ਪ੍ਰਵਿਰਤੀ – ਨੂੰ ਸਪੱਸ਼ਟ ਰੂਪ ਵਿੱਚ ਸਿਰਜੀਆਂ ਵਸਤੂਆਂ ਨੂੰ ਸਮਝਕੇ ਦੇਖਿਆ ਜਾ ਚੁੱਕਾ ਹੈ, ਇਸ ਕਰਕੇ ਲੋਕਾਂ ਕੋਲ ਕੋਈ ਬਹਾਨਾ ਨਹੀਂ ਹੈ” (ਰੋਮੀਆਂ ਨੂੰ ਪੱਤਰੀ 1:20)।

ਲੋਕ ਪਰਮੇਸ਼ਰ ਵਿੱਚ ਵਿਸ਼ਵਾਸ ਨਾ ਕਰਨ ਦਾ ਦਾਅਵਾ ਇਸ ਲਈ ਕਰਦੇ ਹਨ ਕਿਉਂਕਿ ਇਹ “ਗੈਰ-ਵਿਗਿਆਨਕ” ਹੈ ਜਾਂ ਕਿਉਂਕਿ “ਇਸਦਾ ਕੋਈ ਸਬੂਤ ਨਹੀਂ ਹੈ।” ਅਸਲ ਕਾਰਨ ਇਹ ਹੈ ਕਿ ਇੱਕ ਵਾਰ ਜੇਕਰ ਲੋਕ ਇਹ ਮੰਨ ਲੈਂਦੇ ਹਨ ਕਿ ਪਰਮੇਸ਼ਰ ਹੈ, ਤਾਂ ਉਹਨਾਂ ਨੂੰ ਇਹ ਵੀ ਲਾਜ਼ਮੀ ਤੌਰ ਤੇ ਸਮਝਣਾ ਚਾਹੀਦਾ ਹੈ ਕਿ ਉਹ ਪਰਮੇਸ਼ਰ ਪ੍ਰਤੀ ਜਿੰਮੇਵਾਰ ਹਨ ਅਤੇ ਉਹਨਾਂ ਨੂੰ ਪਰਮੇਸ਼ਰ ਤੋਂ ਮੁਆਫੀ ਮੰਗਣ ਦੀ ਲੋੜ ਹੈ (ਰੋਮੀਆਂ ਨੂੰ ਪੱਤਰੀ 3:23; 6:23)। ਜੇ ਪਰਮੇਸ਼ਰ ਹੈ ਤਾਂ ਅਸੀਂ ਆਪਣੇ ਕਾਰਜਾਂ ਪ੍ਰਤੀ ਉਸ ਕੋਲ ਜਵਾਬਦੇਹ ਹਾਂ। ਜੇ ਪਰਮੇਸ਼ਰ ਹੋਂਦ ਨਹੀਂ ਰੱਖਦਾ, ਤਾਂ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਪਰਮੇਸ਼ਰ ਸਾਡਾ ਲੇਖਾ ਜੋਖਾ ਕਰੇਗਾ, ਅਸੀਂ ਜੋ ਕੁ਼ਝ ਵੀ ਚਾਹੀਏ ਕਰ ਸਕਦੇ ਹਾਂ। ਮੇਰਾ ਵਿਸ਼ਵਾਸ ਹੈ ਕਿ ਇਸੇ ਕਰਕੇ ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਕੁਦਰਤੀ ਜੀਵ ਵਿਕਾਸ ਦੇ ਫਲਸਫੇ ਨਾਲ ਚਿੰਬੜੇ ਹੋਏ ਹਨ – ਇਹ ਲੋਕਾਂ ਨੂੰ ਇੱਕ ਸਿਰਜਣਹਾਰ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਣ ਦੀ ਥਾਂ ਇੱਕ ਹੋਰ ਵਿਕਲਪ ਦਿੰਦਾ ਹੈ । ਪਰਮੇਸ਼ਰ ਹੋਂਦ ਰੱਖਦਾ ਹੈ ਅਤੇ ਆਖਿਰਕਾਰ ਹਰ ਕੋਈ ਜਾਣਦਾ ਹੈ ਕਿ ਉਹ ਹੈ। ਇਹ ਤੱਥ ਕਿ ਕੁਝ ਲੋਕ ਏਨੀ ਕੱਟੜਤਾ ਨਾਲ ਉਸਦੀ ਹੋਂਦ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਅਸਲ ਵਿੱਚ ਉਸਦੀ ਹੋਂਦ ਵਾਸਤੇ ਹੀ ਇੱਕ ਦਲੀਲ ਹੈ।

ਪਰਮੇਸ਼ਰ ਦੀ ਹੋਂਦ ਬਾਰੇ ਮੈਨੂੰ ਇੱਕ ਆਖਰੀ ਦਲੀਲ ਦੇਣ ਦੀ ਆਗਿਆ ਦਿਓ। ਮੈਂ ਕਿਵੇਂ ਜਾਣਦਾ ਹਾਂ ਕਿ ਪਰਮੇਸ਼ਰ ਹੋਂਦ ਰੱਖਦਾ ਹੈ ? ਮੈਂ ਇਸ ਕਰਕੇ ਪਰਮੇਸ਼ਰ ਦੀ ਹੋਂਦ ਬਾਰੇ ਜਾਣਦਾ ਹਾਂ ਕਿਉਂਕਿ ਮੈਂ ਹਰ ਰੋਜ਼ ਉਸ ਨਾਲ ਗੱਲਾਂ ਕਰਦਾ ਹਾਂ। ਮੈਨੂੰ ਉਸਦੀ ਮੇਰੇ ਨਾਲ ਗੱਲਾਂ ਕਰਨ ਦੀ ਆਵਾਜ਼ ਭਾਵੇਂ ਸੁਣਾਈ ਨਹੀਂ ਦਿੰਦੀ, ਪਰ ਮੈਨੂੰ ਉਸਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ, ਮੈਂ ਉਸਦੀ ਆਗਵਾਨੀ ਨੂੰ ਮਹਿਸੂਸ ਕਰਦਾ ਹਾਂ , ਮੈਨੂੰ ਉਸਦੇ ਪਿਆਰ ਬਾਰੇ ਪਤਾ ਹੈ, ਮੈਂ ਉਸਦੀ ਮਹਿਮਾ ਦੀ ਇੱਛਾ ਕਰਦਾ ਹਾਂ। ਮੇਰੀ ਜ਼ਿੰਦਗੀ ਵਿੱਚ ਅਜਿਹੀਆਂ ਚੀਜ਼ਾਂ ਵਾਪਰੀਆਂ ਹਨ ਜਿੰਨ੍ਹਾਂ ਵਾਸਤੇ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਸਪੱਸ਼ਟੀਕਰਨ ਹੀ ਨਹੀਂ ਹੈ। ਪਰਮੇਸ਼ਰ ਨੇ ਏਨੇ ਚਮਤਕਾਰੀ ਢੰਗ ਨਾਲ ਮੈਨੂੰ ਬਚਾਇਆ ਹੈ ਅਤੇ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਕਿ ਮੇਰੇ ਕੋਲ ਉਸਦੀ ਮੌਜੂਦਗੀ ਨੂੰ ਮੰਨਣ ਅਤੇ ਇਸਦੀ ਪ੍ਰਸੰਸਾ ਕਰਨ ਤੋਂ ਬਿਨਾਂ ਕੋਈ ਹੋਰ ਚਾਰਾ ਹੀ ਨਹੀਂ ਹੈ। ਜੋ ਕੋਈ ਵੀ ਏਨੇ ਸਾਫ ਤਰੀਕੇ ਨਾਲ ਸਪੱਸ਼ਟ ਚੀਜ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ, ਇਹਨਾਂ ਵਿੱਚੋਂ ਕੋਈ ਵੀ ਦਲੀਲ ਆਪਣੇ ਤੌਰ ‘ਤੇ ਉਸਨੂੰ ਮਨਾ ਨਹੀਂ ਸਕਦੀ। ਅੰਤ ਵਿੱਚ, ਪਰਮੇਸ਼ਰ ਦੀ ਹੋਂਦ ਲਾਜ਼ਮੀ ਤੌਰ ਤੇ ਵਿਸ਼ਵਾਸ ਦੁਆਰਾ ਸਵੀਕਾਰ ਕੀਤੀ ਜਾਣੀ ਚਾਹੀਦੀ ਹੈ (ਇਬਰਾਨੀਆਂ ਨੂੰ ਪੱਤਰੀ 11:6)। ਪਰਮੇਸ਼ਰ ਵਿੱਚ ਵਿਸ਼ਵਾਸ਼ ਕਰਨਾ ਹਨੇਰੇ ਵਿੱਚ ਮਾਰੀ ਛਾਲ ਨਹੀਂ ਹੈ; ਇਹ ਇੱਕ ਚੰਗੀ ਤਰਾਂ ਰੋਸ਼ਨ ਕਮਰੇ ਵਿੱਚ ਰੱਖਿਆ ਸੁਰੱਖਿਅਤ ਕਦਮ ਹੈ ਜਿੱਥੇ 90% ਲੋਕ ਪਹਿਲਾਂ ਹੀ ਖੜ੍ਹੇ ਹੋਏ ਹਨ।


ਪੰਜਾਬੀ ਮੁੱਖ ਪੰਨੇ ‘ਤੇ ਪਰਤੋ


ਕੀ ਪਰਮੇਸ਼ਰ ਦੀ ਹੋਂਦ ਹੈ ? ਕੀ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਹੈ ?