ਪ੍ਰਸ਼ਨ: ਕੀ ਯਿਸੂ ਪਰਮੇਸ਼ਰ ਹੈ ? ਕੀ ਯਿਸੂ ਨੇ ਕਦੇ ਵੀ ਪਰਮੇਸ਼ਰ ਹੋਣ ਦਾ ਦਾਅਵਾ ਕੀਤਾ ?

ਉੱਤਰ:
ਬਾਈਬਲ ਵਿੱਚ ਕਿਤੇ ਵੀ ਇਹ ਦਰਜ ਨਹੀਂ ਹੈ ਜਿੱਥੇ ਯਿਸੂ ਨੇ ਹੂ-ਬਹੂ ਇਹ ਸ਼ਬਦ ਕਹੇ ਹੋਣ, “ਮੈਂ ਪਰਮੇਸ਼ਰ ਹਾਂ।” ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਨੇ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਉਹ ਪਰਮੇਸ਼ਰ ਹੈ। ਉਦਾਹਰਨ ਵਜੋਂ ਯੁਹੰਨਾ ਦੀ ਇੰਜੀਲ 10:30 ਵਿਖੇ ਕਹੇ ਗਏ ਯਿਸੂ ਦੇ ਇਹਨਾਂ ਸ਼ਬਦਾਂ ਨੂੰ ਲਓ, “ਮੈਂ ਅਤੇ ਪਿਤਾ ਪਰਮੇਸ਼ਰ ਇੱਕ ਹਾਂ।” ਪਹਿਲੀ ਨਜ਼ਰੇ ਹੋ ਸਕਦਾ ਹੈ ਕਿ ਇਹ ਪਰਮੇਸ਼ਰ ਹੋਣ ਦਾ ਦਾਅਵਾ ਪ੍ਰਤੀਤ ਨਾ ਹੋਵੇ। ਪਰ ਉਸਦੇ ਕਥਨ ਪ੍ਰਤੀ ਯਹੂਦੀਆਂ ਦੀ ਪ੍ਰਤੀਕਰਮ ਦੇਖੋ, “ਯਹੂਦੀਆਂ ਨੇ ਕਿਹਾ ਕਿ ਅਸੀਂ ਤੈਨੂੰ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਮਾਰ ਰਹੇ, ਸਗੋਂ ਇਸ ਲਈ ਮਾਰ ਰਹੇਂ ਹਾਂ ਕਿ ਤੂੰ ਪਰਮੇਸ਼ਰ ਦੇ ਖਿਲਾਫ ਬੋਲਿਆ ਹੈ, ਕਿਉਂਕਿ ਤੂੰ ਸਿਰਫ ਇੱਕ ਮਨੁੱਖ ਹੈਂ ਪਰ ਤੂੰ ਪਰਮੇਸ਼ਰ ਹੋਣ ਦਾ ਦਾਅਵਾ ਕਰਦਾ ਹੈਂ ” (ਯੁਹੰਨਾ ਦੀ ਇੰਜੀਲ 10:33)। ਯਹੂਦੀਆਂ ਨੇ ਯਿਸੂ ਦੇ ਬਿਆਨ ਨੂੰ ਪਰਮੇਸ਼ਰ ਹੋਣ ਦਾ ਦਾਅਵਾ ਸਮਝਿਆ। ਇਸਤੋਂ ਬਾਅਦ ਵਿੱਚ ਆਉਣ ਵਾਲੀਆਂ ਪੰਕਤੀਆਂ ਵਿੱਚ ਯਿਸੂ ਕਦੇ ਵੀ ਇਹ ਕਹਿਕੇ ਉਹਨਾਂ ਦੀ ਗੱਲ ਨਹੀਂ ਕੱਟਦਾ “ਮੈਂ ਪਰਮੇਸ਼ਰ ਹੋਣ ਦਾ ਕਦੇ ਵੀ ਦਾਅਵਾ ਨਹੀਂ ਕੀਤਾ।” ਇਸਤੋਂ ਇਹ ਸੰਕੇਤ ਮਿਲਦਾ ਹੈ ਕਿ “ਮੈਂ ਅਤੇ ਪਿਤਾ ਇੱਕ ਹਾਂ” (ਯੁਹੰਨਾ ਦੀ ਇੰਜੀਲ 10:30) ਕਹਿ ਕੇ ਅਸਲ ਵਿੱਚ ਯਿਸੂ ਇਹ ਘੋਸ਼ਣਾ ਕਰ ਰਿਹਾ ਸੀ ਕਿ ਉਹ ਪਰਮੇਸ਼ਰ ਸੀ। ਯੁਹੰਨਾ ਦੀ ਇੰਜੀਲ 8:58 ਵਿਖੇ ਇੱਕ ਹੋਰ ਉਦਾਹਰਨ ਹੈ। ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਯਿਸੂ ਨੇ ਜਵਾਬ ਦਿੱਤਾ, ਅਬਰਾਹਮ ਦੇ ਜਨਮ ਤੋਂ ਪਹਿਲਾਂ ਮੈਂ ਹਾਂ!” ਇੱਕ ਵਾਰ ਫਿਰ, ਇਸਦੇ ਜਵਾਬ ਵਜੋਂ ਯਹੂਦੀਆਂ ਨੇ ਯਿਸੂ ਨੂੰ ਪੱਥਰਾਂ ਨਾਲ ਮਾਰਨ ਦੀ ਕੋਸ਼ਿਸ਼ ਕਰਨ ਵਜੋਂ ਫਿਰ ਤੋਂ ਪੱਥਰ ਚੁੱਕੇ (ਯੁਹੰਨਾ ਦੀ ਇੰਜੀਲ 8:59)। ਯਹੂਦੀ ਭਲਾ ਯਿਸੂ ਨੂੰ ਕਿਉਂ ਮਾਰਨਾ ਚਾਹੁਣਗੇ ਜੇ ਉਸਨੇ ਕੋਈ ਅਜਿਹੀ ਗੱਲ ਨਾ ਕਹੀ ਹੁੰਦੀ ਜਿਸਨੂੰ ਉਹ ਪਰਮੇਸ਼ਰ ਦੇ ਖਿਲਾਫ ਕਹੀ ਗੱਲ ਯਾਨੀ ਕਿ ਪਰਮੇਸ਼ਰ ਹੋਣ ਦਾ ਦਾਅਵਾ ਨਾ ਸਮਝਦੇ ?

ਯੁਹੰਨਾ ਦੀ ਇੰਜੀਲ 1:1 ਵਿੱਚ ਲਿਖਿਆ ਹੈ, “ਸ਼ਬਦ ਪਰਮੇਸ਼ਰ ਸੀ।” ਯੁਹੰਨਾ ਦੀ ਇੰਜੀਲ 1:14 ਵਿਖੇ ਲਿਖਿਆ ਹੈ, “ਸ਼ਬਦ ਮਨੁੱਖ ਬਣ ਗਿਆ।” ਇਹ ਪ੍ਰਤੱਖ ਰੂਪ ਵਿੱਚ ਇਸ਼ਾਰਾ ਕਰਦਾ ਹੈ ਕਿ ਯਿਸੂ ਮਨੁੱਖੀ ਜਾਮੇ ਵਿੱਚ ਪਰਮੇਸ਼ਰ ਹੈ। ਰਸੂਲਾਂ ਦੇ ਕਰਤੱਬ 20:28 ਤੋਂ ਸਾਨੂੰ ਪਤਾ ਚੱਲਦਾ ਹੈ, “.. ਤੁਹਾਨੂੰ ਪਰਮੇਸ਼ਰ ਦੇ ਚਰਚ ਦੇ ਆਜੜੀ ਵਰਗਾ ਹੋਣਾ ਚਾਹੀਦਾ ਹੈ, ਜਿਸਨੂੰ ਪਰਮੇਸ਼ਰ ਨੇ ਆਪਣੇ ਲਹੂ ਦੁਆਰਾ ਖਰੀਦਿਆ ਹੈ।” ਚਰਚ ਨੂੰ ਆਪਣੇ ਲਹੂ ਨਾਲ ਕਿਸਨੇ ਖਰੀਦਿਆ ? ਯਿਸੂ ਮਸੀਹ। ਰਸੂਲਾਂ ਦੇ ਕਰਤੱਬ ਵਿੱਚ 20:28 ਵਿਖੇ ਇਹ ਘੋਸ਼ਣਾ ਹੈ ਕਿ ਪਰਮੇਸ਼ਰ ਨੇ ਚਰਚ ਨੂੰ ਆਪਣੇ ਲਹੂ ਨਾਲ ਖਰੀਦਿਆ। ਇਸ ਕਰਕੇ ਯਿਸੂ ਪਰਮੇਸ਼ਰ ਹੈ!

ਯਿਸੂ ਦੇ ਸਬੰਧ ਵਿੱਚ ਉਸਦੇ ਚੇਲੇ ਥਾੱਮਸ ਨੇ ਕਿਹਾ, “ਪ੍ਰਭੂ ਅਤੇ ਮੇਰਾ ਪਰਮੇਸ਼ਰ” (ਯੁਹੰਨਾ ਦੀ ਇੰਜੀਲ 20:28)। ਯਿਸੂ ਉਸਦੀ ਗੱਲ ਨੂੰ ਰੱਦ ਨਹੀਂ ਕਰਦੇ। ਤੀਤੁਸ ਨੂੰ ਪੱਤਰੀ ਦਾ ਖੰਡ 2:13 ਸਾਨੂੰ ਸਾਡੇ ਪਰਮੇਸ਼ਰ ਅਤੇ ਮੁਕਤੀਦਾਤਾ - ਯਿਸੂ ਮਸੀਹ ਦੇ ਆਉਣ ਤੱਕ ਇੰਤਜ਼ਾਰ ਕਰਨ ਵਾਸਤੇ ਕਹਿੰਦਾ ਹੈ (ਪਤਰਸ ਦੀ ਦੂਜੀ ਪੱਤਰੀ ਦਾ ਖੰਡ 1:1 ਵੀ ਦੇਖੋ)। ਇਬਰਾਨੀਆਂ ਨੂੰ ਪੱਤਰੀ ਦੇ ਖੰਡ 1:8 ਵਿੱਚ, ਪਿਤਾ, ਯਿਸੂ ਬਾਰੇ ਇਹ ਘੋਸ਼ਣਾ ਕਰਦਾ ਹੈ, “ਪਰ ਪਰਮੇਸ਼ਰ ਨੇ ਆਪਣੇ ਪੁੱਤਰ ਬਾਰੇ ਇਹ ਆਖਿਆ, "ਹੇ ਪਰਮੇਸ਼ਰ ਤੇਰਾ ਤਖਤ ਸਦਾ ਸਦਾ ਲਈ ਸਲਾਮਤ ਰਹੇਗਾ, ਤੂੰ ਆਪਣੀ ਬਾਦਸ਼ਾਹਤ ਉੱਪਰ ਸਹੀ ਨਿਆਂ ਵਾਲੀ ਹਕੂਮਤ ਕਰੇਂਗਾ।"

ਯੂਹੰਨਾ ਦੇ ਪ੍ਰਕਾਸ਼ ਦੀ ਪੋਥੀ ਵਿੱਚ, ਇੱਕ ਦੂਤ ਨੇ ਅਪੋਸਟਲ ਜੌਹਨ ਨੂੰ ਕੇਵਲ ਪਰਮੇਸ਼ਰ ਦੀ ਪੂਜਾ ਕਰਨ ਵਾਸਤੇ ਕਿਹਾ (ਯੂਹੰਨਾ ਦੇ ਪ੍ਰਕਾਸ਼ ਦੀ ਪੋਥੀ 19:10)। ਪਵਿੱਤਰ ਕਥਾਵਾਂ ਵਿੱਚ ਕਈ ਵਾਰ ਯਿਸੂ ਪੂਜਾ ਪ੍ਰਾਪਤ ਕਰਦਾ ਹੈ (ਮੱਤੀ ਦੀ ਇੰਜੀਲ 2:11; 14:33; 28:9, 17; ਲੂਕਾ ਦੀ ਇੰਜੀਲ 24:52; ਯੁਹੰਨਾ ਦੀ ਇੰਜੀਲ 9:38)। ਉਹ ਕਦੇ ਵੀ ਲੋਕਾਂ ਨੂੰ ਆਪਣੀ ਪੂਜਾ ਕਰਨ ਵਾਸਤੇ ਫਿਟਕਾਰ ਨਹੀਂ ਪਾਉਂਦਾ। ਜੇ ਯਿਸੂ ਪਰਮੇਸ਼ਰ ਨਾ ਹੁੰਦਾ, ਤਾਂ ਉਸਨੇ ਲੋਕਾਂ ਨੂੰ ਉਸਦੀ ਪੂਜਾ ਨਾ ਕਰਨ ਵਾਸਤੇ ਕਿਹਾ ਹੁੰਦਾ ਜਿਵੇਂ ਕਿ ਯੁਹੰਨਾ ਦੇ ਪ੍ਰਕਾਸ਼ ਦੀ ਪੋਥੀ ਵਿੱਚ ਦੂਤ ਨੇ ਕਿਹਾ ਸੀ। ਪਵਿੱਤਰ ਕਥਾਵਾਂ ਦੇ ਕਈ ਹੋਰ ਵੀ ਛੰਦ ਅਤੇ ਪੈਰ੍ਹੇ ਹਨ ਜੋ ਯਿਸੂ ਦੇ ਪੂਜਨੀਕ ਹੋਣ ਦੀ ਹਾਮੀ ਭਰਦੇ ਹਨ।

ਯਿਸੂ ਦੇ ਪਰਮੇਸ਼ਰ ਹੋਣ ਦਾ ਸਭ ਤੋਂ ਮਹੱਤਵਪੂਰਨ ਕਾਰਨ ਹੈ ਕਿ ਜੇ ਉਹ ਪਰਮੇਸ਼ਰ ਨਹੀਂ ਹੈ, ਤਾਂ ਸਾਰੇ ਸੰਸਾਰ ਦੇ ਪਾਪਾਂ ਦੀ ਸਜ਼ਾ ਦੀ ਅਦਾਇਗੀ ਕਰਨ ਵਾਸਤੇ ਉਸਦੀ ਮੌਤ ਕਾਫੀ ਨਾ ਹੁੰਦੀ। (ਯੁਹੰਨਾ ਦੀ ਪਹਿਲੀ ਪੱਤਰੀ 2:2)। ਜੇਕਰ ਯਿਸੂ ਪਰਮੇਸ਼ਰ ਨਾ ਹੋ ਕੇ ਇੱਕ ਸਿਰਜੀ ਹੋਈ ਹੋਂਦ ਹੁੰਦਾ ਤਾਂ ਇਹ ਹੋਂਦ ਕਦੇ ਵੀ ਅਪਾਰ ਪਰਮੇਸ਼ਰ ਖਿਲਾਫ ਕਿਤੇ ਹੋਏ ਪਾਪ ਲਈ ਅਨੰਤ ਸਜ਼ਾ ਦੀ ਅਦਾਇਗੀ ਨਾ ਕਰ ਸਕਦੀ। ਕੇਵਲ ਪਰਮੇਸ਼ਰ ਹੀ ਅਜਿਹੀ ਅਨੰਤ ਸਜ਼ਾ ਦੀ ਅਦਾਇਗੀ ਕਰ ਸਕਦਾ ਹੈ। ਕੇਵਲ ਪਰਮੇਸ਼ਰ ਹੀ ਸੰਸਾਰ ਦੇ ਪਾਪਾਂ ਨਾਲ ਦੋ ਹੱਥ ਕਰ ਸਕਦਾ ਸੀ (ਕੁਰਿੰਥੀਆਂ ਨੂੰ ਦੂਜੀ ਪੱਤਰੀ 5:21); ਮਰ ਸਕਦਾ ਸੀ ਅਤੇ ਪੁਨਰ ਜੀਵਤ ਹੋ ਸਕਦਾ ਸੀ – ਜਿਸ ਨਾਲ ਪਾਪ ਅਤੇ ਮੌਤ ਉੱਪਰ ਉਸਦੀ ਜਿੱਤ ਸਿੱਧ ਹੁੰਦੀ ਹੈ।


ਪੰਜਾਬੀ ਮੁੱਖ ਪੰਨੇ ‘ਤੇ ਪਰਤੋ


ਕੀ ਯਿਸੂ ਪਰਮੇਸ਼ਰ ਹੈ ? ਕੀ ਯਿਸੂ ਨੇ ਕਦੇ ਵੀ ਪਰਮੇਸ਼ਰ ਹੋਣ ਦਾ ਦਾਅਵਾ ਕੀਤਾ ?