Matthew
ਮੱਤੀ ਦੀ ਇੰਜੀਲ
ਭੂਮਿਕਾ
ਮੱਤੀ ਦੀ ਇੰਜੀਲ ਇਹ ਸ਼ੁਭ ਸੰਦੇਸ਼ ਦਿੰਦੀ ਹੈ ਕਿ ਯਿਸੂ ਮਸੀਹ ਹੀ ਉਹ ਮੁਕਤੀਦਾਤਾ ਹੈ, ਜਿਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ । ਪਰਮੇਸ਼ੁਰ ਨੇ ਪੁਰਾਣੇ ਨੇਮ ਵਿੱਚ ਆਪਣੇ ਲੋਕਾਂ ਨਾਲ ਹਜ਼ਾਰ ਸਾਲ ਪਹਿਲਾਂ ਕੀਤੇ ਹੋਏ ਵਾਅਦੇ ਨੂੰ, ਉਸੇ ਮੁਕਤੀਦਾਤਾ ਦੇ ਵਿੱਚ ਪੂਰਾ ਕੀਤਾ । ਇਹ ਸ਼ੁਭ ਸੰਦੇਸ਼ ਕੇਵਲ ਯਹੂਦੀ ਲੋਕਾਂ ਦੇ ਲਈ ਹੀ ਨਹੀਂ, ਜਿਹਨਾਂ ਵਿੱਚ ਯਿਸੂ ਦਾ ਜਨਮ ਹੋਇਆ ਅਤੇ ਉਸਦਾ ਪਾਲਨ-ਪੋਸ਼ਣ ਹੋਇਆ, ਸਗੋਂ ਸਾਰੇ ਸੰਸਾਰ ਲਈ ਹੈ ।
ਮੱਤੀ ਦੀ ਇੰਜੀਲ ਨੂੰ ਬਹੁਤ ਹੀ ਸਾਵਧਾਨੀ ਦੇ ਨਾਲ ਕ੍ਰਮਬੱਧ ਕੀਤਾ ਗਿਆ ਹੈ । ਇਸ ਦੀ ਸ਼ੁਰੂਆਤ ਯਿਸੂ ਮਸੀਹ ਦੇ ਜਨਮ ਦੇ ਨਾਲ ਹੁੰਦੀ ਹੈ, ਫਿਰ ਉਸ ਦੇ ਬਪਤਿਸਮੇ ਅਤੇ ਪਰਤਾਵੇ ਦਾ ਵਰਣਨ ਹੈ, ਫਿਰ ਗਲੀਲ ਵਿੱਚ ਪ੍ਰਚਾਰ, ਸਿੱਖਿਆ ਅਤੇ ਚੰਗਾ ਕਰਨ ਦੀ ਸੇਵਕਾਈ ਦਾ ਵਰਣਨ ਹੈ । ਇਸ ਤੋਂ ਬਾਅਦ ਵਿੱਚ ਯਿਸੂ ਦੀ ਗਲੀਲ ਤੋਂ ਯਰੂਸ਼ਲਮ ਦੀ ਯਾਤਰਾ ਅਰਥਾਤ ਯਿਸੂ ਦੇ ਜੀਵਨ ਦੇ ਆਖਰੀ ਹਫ਼ਤੇ ਦੀਆਂ ਘਟਨਾਵਾਂ ਦਾ ਵਰਣਨ ਹੈ, ਜਿਸ ਵਿੱਚ ਉਸ ਦਾ ਸਲੀਬ ਉੱਤੇ ਚੜ੍ਹਾਇਆ ਜਾਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਸ਼ਾਮਿਲ ਹੈ ।
ਇਸ ਇੰਜੀਲ ਵਿੱਚ ਯਿਸੂ ਨੂੰ ਇੱਕ ਮਹਾਨ ਗੁਰੂ ਦੇ ਰੂਪ ਵਿੱਚ ਦਿਖਾਇਆ ਗਿਆ ਹੈ । ਉਸ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਵਿਆਖਿਆ ਕਰਨ ਦਾ ਅਧਿਕਾਰ ਹੈ ਅਤੇ ਉਹ ਪਰਮੇਸ਼ੁਰ ਦੇ ਰਾਜ ਦੀ ਸਿੱਖਿਆ ਦਿੰਦਾ ਹੈ । ਉਸ ਦੀ ਸਿੱਖਿਆ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ: (1) ਪਹਾੜੀ ਉਪਦੇਸ਼, ਜਿਹੜਾ ਸਵਰਗ ਰਾਜ ਦੇ ਨਾਗਰਿਕਾਂ ਦੇ ਚਰਿੱਤਰ, ਫਰਜ਼, ਵਿਸ਼ੇਸ਼ ਅਧਿਕਾਰ ਅਤੇ ਆਖ਼ਰੀ ਆਸ ਦੇ ਨਾਲ ਸੰਬੰਧਿਤ ਹੈ (ਅਧਿਆਏ 5-7);
(2) ਬਾਰਾਂ ਚੇਲਿਆਂ ਨੂੰ ਸੇਵਕਾਈ ਦੇ ਕੰਮ ਲਈ ਸਿਖਲਾਈ ਦੇਣਾ (ਅਧਿਆਏ 10); (3) ਸਵਰਗ ਰਾਜ ਦੇ ਨਾਲ ਸੰਬੰਧਿਤ ਦ੍ਰਿਸ਼ਟਾਂਤ (ਅਧਿਆਏ 13); (4) ਚੇਲਾਪਣ ਦੇ ਨਾਲ ਸੰਬੰਧਿਤ ਸਿੱਖਿਆ (ਅਧਿਆਏ 18); ਅਤੇ (5) ਸਵਰਗ ਰਾਜ ਦੇ ਆਉਣ ਅਤੇ ਵਰਤਮਾਨ ਜੁੱਗ ਦੇ ਸੰਬੰਧਿਤ ਸਿੱਖਿਆ (ਅਧਿਆਏ 24, 25)
ਰੂਪ-ਰੇਖਾ:
ਵੰਸ਼ਾਵਲੀ ਅਤੇ ਯਿਸੂ ਮਸੀਹ ਦਾ ਜਨਮ 1:1 - 2:23
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਸੇਵਾ 3:1-12
ਯਿਸੂ ਦਾ ਬਪਤਿਸਮਾ ਅਤੇ ਪਰਤਾਇਆ ਜਾਣਾ 3:13 - 4:11
ਗਲੀਲ ਵਿੱਚ ਯਿਸੂ ਦੀ ਸੇਵਕਾਈ 4:12 - 18:25
ਗਲੀਲ ਤੋਂ ਯਰੂਸ਼ਲਮ ਦੀ ਯਾਤਰਾ 19:1 - 20:34
ਯਰੂਸ਼ਲਮ ਵਿੱਚ ਆਖ਼ਰੀ ਹਫ਼ਤਾ 21:1 - 27:66
ਪ੍ਰਭੂ ਯਿਸੂ ਦਾ ਜੀ ਉੱਠਣਾ ਅਤੇ ਦਿਖਾਈ ਦੇਣਾ 28:1-20
ਯਿਸੂ ਦੀ ਵੰਸ਼ਾਵਲੀ
(ਲੂਕਾ 2:23-38)
੧ ਯਿਸੂ ਮਸੀਹ ਦੀ ਵੰਸ਼ਾਵਲੀ, ਜਿਹੜਾ ਅਬਰਾਹਾਮ ਦੇ ਵੰਸ਼ ਵਿੱਚੋਂ ਦਾਊਦ ਦਾ ਪੁੱਤਰ ਸੀ । ੨ ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾਹ ਤੇ ਉਸ ਦੇ ਭਰਾ ਜੰਮੇ । ੩ ਯਹੂਦਾਹ ਤੋਂ ਫ਼ਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫ਼ਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ । ੪ ਰਾਮ ਤੋਂ ਅੰਮੀਨਾਦਾਬ ਜੰਮਿਆ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸ਼ੋਨ ਤੋਂ ਸਲਮੋਨ ਜੰਮਿਆ । ੫ ਸਲਮੋਨ ਤੋਂ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਅਜ਼ ਤੋਂ ਓਬੇਦ ਰੂਥ ਦੀ ਕੁੱਖੋਂ ਜੰਮਿਆ ਅਤੇ ਓਬੇਦ ਤੋਂ ਯੱਸੀ ਜੰਮਿਆ । ੬ ਯੱਸੀ ਤੋਂ ਦਾਊਦ ਰਾਜਾ ਜੰਮਿਆ ਅਤੇ ਦਾਊਦ ਰਾਜਾ ਤੋਂ ਸੁਲੇਮਾਨ ਊਰੀਯਾਹ ਦੀ ਔਰਤ ਦੀ ਕੁੱਖੋਂ ਜੰਮਿਆ । ੭ ਸੁਲੇਮਾਨ ਤੋਂ ਰਹਬੁਆਮ ਜੰਮਿਆ ਅਤੇ ਰਹਬੁਆਮ ਤੋਂ ਅਬੀਯਾਹ ਜੰਮਿਆ ਅਤੇ ਅਬੀਯਾਹ ਤੋਂ ਆਸਾ ਜੰਮਿਆ । ੮ ਆਸਾ ਤੋਂ ਯਹੋਸ਼ਾਫ਼ਾਤ ਜੰਮਿਆ ਅਤੇ ਯਹੋਸ਼ਾਫ਼ਾਤ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉੱਜ਼ੀਯਾਹ ਜੰਮਿਆ । ੯ ਉੱਜ਼ੀਯਾਹ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਜੰਮਿਆ । ੧੦ ਹਿਜ਼ਕੀਯਾਹ ਤੋਂ ਮਨੱਸ਼ਹ ਜੰਮਿਆ ਅਤੇ ਮਨੱਸ਼ਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ । ੧੧ ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਹ ਦੇ ਭਰਾ ਬਾਬੁਲ ਵੱਲ ਜਾਣ ਦੇ ਸਮੇਂ ਜੰਮੇ ।
੧੨ ਬਾਬੁਲ ਵੱਲ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਜੰਮਿਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਜੰਮਿਆ । ੧੩ ਜ਼ਰੁੱਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਯਾਕੀਮ ਜੰਮਿਆ ਅਤੇ ਅਲਯਾਕੀਮ ਤੋਂ ਅੱਜ਼ੋਰ ਜੰਮਿਆ । ੧੪ ਅੱਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ । ੧੫ ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮੱਥਾਨ ਜੰਮਿਆ ਅਤੇ ਮੱਥਾਨ ਤੋਂ ਯਾਕੂਬ ਜੰਮਿਆ । ੧੬ ਅਤੇ ਯਾਕੂਬ ਤੋਂ ਯੂਸੁਫ਼ ਜੰਮਿਆ । ਉਹ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਨੇ ਜਨਮ ਲਿਆ, ਜਿਹੜਾ ਮਸੀਹ ਅਖਵਾਉਂਦਾ ਹੈ ।
੧੭ ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬੁਲ ਵੱਲ ਜਾਣ ਤੱਕ ਚੌਦਾਂ ਪੀੜ੍ਹੀਆਂ ਹਨ ਅਤੇ ਬਾਬੁਲ ਵੱਲ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹਨ ।
ਯਿਸੂ ਦਾ ਜਨਮ
(ਲੂਕਾ 1:26-38, 2:1-7)
੧੮ ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਕਿ ਜਦ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ ਤਦ ਉਨ੍ਹਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ । ੧੯ ਤਦ ਉਸ ਦੇ ਪਤੀ ਯੂਸੁਫ਼ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਦਨਾਮ ਕਰੇ, ਇਹ ਸੋਚਿਆ ਕਿ ਉਹ ਨੂੰ ਚੁੱਪ-ਚਾਪ ਤਿਆਗ ਦੇਵੇ । ੨੦ ਪਰ ਜਦੋਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਉਹ ਨੂੰ ਦਰਸ਼ਨ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਤੋਂ ਹੈ । ੨੧ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ । ੨੨ ਇਹ ਸਭ ਕੁੱਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ, ੨੩ ਵੇਖੋ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ, ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ । ਜਿਹ ਦਾ ਅਰਥ ਹੈ “ਪਰਮੇਸ਼ੁਰ ਸਾਡੇ ਨਾਲ” । ੨੪ ਫਿਰ ਯੂਸੁਫ਼ ਨੇ ਨੀਂਦ ਤੋਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ, ਤਿਵੇਂ ਹੀ ਕੀਤਾ ਅਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ । ੨੫ ਯੂਸੁਫ਼ ਉਸ ਦੇ ਨੇੜੇ ਨਹੀਂ ਗਿਆ, ਜਿੰਨਾਂ ਚਿਰ ਉਹ ਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਦਾ ਨਾਮ ਯਿਸੂ ਰੱਖਿਆ ।