੯
ਰਸੂਲ ਦੇ ਅਧਿਕਾਰ 
 ੧ ਕੀ ਮੈਂ ਅਜ਼ਾਦ ਨਹੀਂ ? ਕੀ ਮੈਂ ਰਸੂਲ ਨਹੀਂ ? ਕੀ ਮੈਂ ਯਿਸੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ ? ਕੀ ਤੁਸੀਂ ਪ੍ਰਭੂ ਵਿੱਚ ਮੇਰਾ ਕੰਮ ਨਹੀਂ ਹੋ ?  ੨ ਭਾਵੇਂ ਮੈਂ ਹੋਰਨਾਂ ਲਈ ਰਸੂਲ ਨਹੀਂ, ਪਰ ਤੁਹਾਡੇ ਲਈ ਤਾਂ ਹਾਂ ਕਿਉਂ ਜੋ ਤੁਸੀਂ ਪ੍ਰਭੂ ਦੇ ਵਿੱਚ ਮੇਰੀ ਰਸੂਲਗੀ ਦੀ ਮੋਹਰ ਹੋ ।  ੩ ਉਨ੍ਹਾਂ ਨੂੰ ਜਿਹੜੇ ਮੇਰੀ ਜਾਂਚ ਕਰਦੇ ਹਨ, ਇਹੋ ਮੇਰਾ ਉੱਤਰ ਹੈ ।  ੪ ਭਲਾ, ਸਾਨੂੰ ਖਾਣ-ਪੀਣ ਦਾ ਹੱਕ ਨਹੀਂ ?  ੫ ਭਲਾ, ਸਾਨੂੰ ਅਧਿਕਾਰ ਨਹੀਂ ਜੋ ਕਿਸੇ ਮਸੀਹੀ ਭੈਣ ਨਾਲ ਵਿਆਹ ਕਰਕੇ ਨਾਲ ਲਈ ਫਿਰੀਏ, ਜਿਵੇਂ ਹੋਰ ਰਸੂਲ ਅਤੇ ਪ੍ਰਭੂ ਦੇ ਭਰਾ ਅਤੇ ਕੈਫ਼ਾਸ ਕਰਦੇ ਹਨ ?  ੬ ਅਥਵਾ ਕੀ ਸਿਰਫ਼ ਮੈਨੂੰ ਅਤੇ ਬਰਨਬਾਸ ਨੂੰ ਹੀ ਹੱਕ ਨਹੀਂ ਕਿ ਮਿਹਨਤ ਕਰਨੀ ਛੱਡ ਦੇਈਏ ?  ੭ ਆਪਣੇ ਕੋਲੋਂ ਕੌਣ ਖ਼ਰਚ ਕਰਕੇ ਫੌਜ ਦੀ ਨੌਕਰੀ ਕਰਦਾ ਹੈ ? ਕੌਣ ਅੰਗੂਰੀ ਬਾਗ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਅਥਵਾ ਕੌਣ ਇੱਜੜ ਦੀ ਪਾਲਨਾ ਕਰ ਕੇ ਇੱਜੜ ਦਾ ਕੁੱਝ ਦੁੱਧ ਨਹੀਂ ਪੀਂਦਾ ?  ੮ ਕੀ ਮੈਂ ਲੋਕਾਂ ਵਾਂਗੂੰ ਇਹ ਗੱਲਾਂ ਆਖਦਾ ਹਾਂ ਅਥਵਾ ਕੀ ਬਿਵਸਥਾ ਵੀ ਇਹੋ ਨਹੀਂ ਕਹਿੰਦੀ ?  ੯ ਕਿਉਂ ਜੋ ਮੂਸਾ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ, ਜੋ ਤੂੰ ਗਾਹੁੰਦੇ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ । ਕੀ ਪਰਮੇਸ਼ੁਰ ਬਲ਼ਦਾਂ ਦੀ ਹੀ ਚਿੰਤਾ ਕਰਦਾ ਹੈ ?  ੧੦ ਅਥਵਾ ਉਹ ਸਾਡੇ ਲਈ ਹੀ ਇਹ ਆਖਦਾ ਹੈ ? ਖ਼ਾਸ ਕਰਕੇ ਸਾਡੇ ਲਈ ਇਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸ ਨਾਲ ਵਾਹੀ ਕਰੇ ਅਤੇ ਜਿਹੜਾ ਗਾਹੁੰਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਗਾਹੇ ।  ੧੧ ਜੇ ਅਸੀਂ ਤੁਹਾਡੇ ਲਈ ਆਤਮਕ ਪਦਾਰਥ ਬੀਜੇ ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਕ ਪਦਾਰਥ ਵੱਢੀਏ ?  ੧੨ ਜੇ ਹੋਰਨਾਂ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਨੂੰ ਇਸ ਤੋਂ ਵੱਧ ਕੇ ਨਹੀਂ ? ਪਰ ਅਸੀਂ ਆਪਣੇ ਇਸ ਅਧਿਕਾਰ ਨੂੰ ਵਰਤਿਆ ਨਹੀਂ ਪਰੰਤੂ ਸਭ ਕੁੱਝ ਝੱਲ ਲੈਂਦੇ ਹਾਂ ਤਾਂ ਜੋ ਅਸੀਂ ਮਸੀਹ ਦੀ ਖੁਸ਼ਖਬਰੀ ਵਿੱਚ ਕੋਈ ਰੁਕਾਵਟ ਨਾ ਪਾਈਏ ।  ੧੩ ਕੀ ਤੁਸੀਂ ਇਹ ਨਹੀਂ ਜਾਣਦੇ, ਜਿਹੜੇ ਪਵਿੱਤਰ ਸੇਵਾ ਕਰਦੇ ਹਨ ਉਹ ਹੈਕਲ ਦੇ ਚੜ੍ਹਾਵੇ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਉਹ ਜਗਵੇਦੀ ਵਿੱਚ ਹਿੱਸੇਦਾਰ ਹਨ ।  ੧੪ ਇਸੇ ਪ੍ਰਕਾਰ ਪ੍ਰਭੂ ਨੇ ਖੁਸ਼ਖਬਰੀ ਦੇ ਪ੍ਰਚਾਰਕਾਂ ਲਈ ਵੀ ਇਹ ਠਹਿਰਾਇਆ ਹੈ, ਜੋ ਉਹ ਖੁਸ਼ਖਬਰੀ ਤੋਂ ਹੀ ਗੁਜ਼ਾਰਾ ਕਰਨ ।  ੧੫ ਪਰ ਮੈਂ ਇਨ੍ਹਾਂ ਰੀਤਾਂ ਵਿੱਚੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਲਈ ਇਉਂ ਹੋਵੇ ਕਿਉਂ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ ਜੋ ਮੇਰੇ ਇਸ ਘਮੰਡ ਨੂੰ ਕੋਈ ਵਿਅਰਥ ਕਰੇ ।  ੧੬ ਭਾਵੇਂ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਘਮੰਡ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਜ਼ਰੂਰੀ ਹੈ । ਹਾਏ ਮੇਰੇ ਉੱਤੇ ਜੇ ਮੈਂ ਖੁਸ਼ਖਬਰੀ ਨਾ ਸੁਣਾਵਾਂ !  ੧੭ ਇਸ ਲਈ ਕੀ ਜੇ ਮੈਂ ਇਹ ਕੰਮ ਆਪਣੀ ਹੀ ਮਰਜ਼ੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ ਪਰ ਜੇ ਆਪਣੀ ਮਰਜ਼ੀ ਤੋਂ ਬਿਨ੍ਹਾਂ ਤਾਂ ਭੰਡਾਰੀਪਣ ਮੈਨੂੰ ਸੌਂਪਿਆ ਗਿਆ ਹੈ ।  ੧੮ ਤਾਂ ਮੇਰੇ ਲਈ ਕੀ ਫਲ ਹੈ ? ਇਹ, ਕਿ ਜਦ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਖੁਸ਼ਖਬਰੀ ਨੂੰ ਮੁਫ਼ਤ ਰੱਖਾਂ ਤਾਂ ਜੋ ਖੁਸ਼ਖਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹ ਨੂੰ ਪੂਰਾ ਨਾ ਕਰਾਂ । 
ਪੌਲੁਸ ਦਾ ਆਪਣੀ ਆਜ਼ਾਦੀ ਦਾ ਇਸਤੇਮਾਲ ਕਰਨਾ 
 ੧੯ ਭਾਵੇਂ ਮੈਂ ਸਭਨਾਂ ਤੋਂ ਅਜ਼ਾਦ ਸੀ ਤਾਂ ਵੀ ਆਪਣੇ ਆਪ ਨੂੰ ਸਭਨਾਂ ਦਾ ਦਾਸ ਕੀਤਾ ਤਾਂ ਜੋ ਮੈਂ ਬਹੁਤਿਆਂ ਨੂੰ ਪ੍ਰਭੂ ਵੱਲ ਖਿੱਚ ਲਿਆਵਾਂ ।  ੨੦ ਅਤੇ ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ ਤਾਂ ਜੋ ਯਹੂਦੀ ਨੂੰ ਖਿੱਚ ਲਿਆਵਾਂ ਅਤੇ ਭਾਵੇਂ ਆਪ ਬਿਵਸਥਾ ਅਧੀਨ ਨਹੀਂ ਹਾਂ ਤਾਂ ਵੀ ਬਿਵਸਥਾ ਅਧੀਨਾਂ ਲਈ ਮੈਂ ਅਧੀਨ ਜਿਹਾ ਬਣਿਆ ਤਾਂ ਜੋ ਮੈਂ ਬਿਵਸਥਾ ਅਧੀਨਾਂ ਨੂੰ ਖਿੱਚ ਲਿਆਵਾਂ ।  ੨੧ ਮੈਂ ਜੋ ਪਰਮੇਸ਼ੁਰ ਦੇ ਭਾਣੇ ਬਿਵਸਥਾ ਹੀਣ ਨਹੀਂ ਹਾਂ ਸਗੋਂ ਮਸੀਹ ਦੇ ਭਾਣੇ ਬਿਵਸਥਾ ਅਧੀਨ ਹਾਂ ਬਿਵਸਥਾ ਹੀਣਾਂ ਲਈ ਮੈਂ ਬਿਵਸਥਾ ਹੀਣ ਜਿਹਾ ਬਣਿਆ ਤਾਂ ਜੋ ਮੈਂ ਬਿਵਸਥਾ ਹੀਣਾਂ ਨੂੰ ਖਿੱਚ ਲਿਆਵਾਂ ।  ੨੨ ਮੈਂ ਕਮਜ਼ੋਰਾਂ ਲਈ ਕਮਜ਼ੋਰ ਬਣਿਆ ਤਾਂ ਜੋ ਕਮਜ਼ੋਰਾਂ ਨੂੰ ਖਿੱਚ ਲਿਆਵਾਂ । ਮੈਂ ਸਭਨਾਂ ਲਈ ਸਭ ਕੁੱਝ ਬਣਿਆ ਹਾਂ ਤਾਂ ਜੋ ਮੈਂ ਹਰ ਤਰ੍ਹਾਂ ਨਾਲ ਕਈਆਂ ਨੂੰ ਬਚਾਵਾਂ ।  ੨੩ ਅਤੇ ਮੈਂ ਸਭ ਕੁੱਝ ਖੁਸ਼ਖਬਰੀ ਦੇ ਨਮਿੱਤ ਕਰਦਾ ਹਾਂ ਤਾਂ ਜੋ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਂਵਾਂ । 
ਮਸੀਹੀ ਦੌੜ 
 ੨੪ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ ।  ੨੫ ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ । ਸੋ ਉਹ ਤਾਂ ਨਾਸਵਾਨ ਇਨਾਮ ਨੂੰ, ਪਰ ਅਸੀਂ ਅਵਿਨਾਸ਼ੀ ਇਨਾਮ ਨੂੰ ਲੈਣ ਲਈ ਇਹ ਕਰਦੇ ਹਾਂ ।  ੨੬ ਸੋ ਮੈਂ ਆਪਣੇ ਨਿਸ਼ਾਨੇ ਦੇ ਵੱਲ ਦੌੜਦਾ ਹਾਂ, ਮੈਂ ਅਜਿਹਾ ਨਹੀਂ ਲੜਦਾ ਜਿਵੇਂ ਹਵਾ ਵਿੱਚ ਮੁੱਕੇ ਮਾਰਦਾ ਹੋਵੇ ।  ੨੭ ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਅਜਿਹਾ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਪਰਮੇਸ਼ੁਰ ਅੱਗੇ ਨਿਕੰਮਾ ਹੋ ਜਾਂਵਾਂ ।