੧ ਤਦ ਕਿਰਯਥ ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਲੈ ਜਾ ਕੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ ਜੋ ਟਿੱਲੇ ਦੇ ਉੱਤੇ ਸੀ ਅਤੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਦੇਖਭਾਲ ਕਰੇ ।
ਨਿਆਈਂ ਹੋਣ ਤੇ ਸਮੂਏਲ ਨਬੀ ਦੇ ਕੰਮ
੨ ਅਤੇ ਅਜਿਹਾ ਹੋਇਆ ਜੋ ਉਸ ਵੇਲੇ ਤੋਂ ਜਦ ਸੰਦੂਕ ਕਿਰਯਥ ਯਾਰੀਮ ਵਿੱਚ ਰਿਹਾ ਕਾਫ਼ੀ ਸਮਾਂ ਬੀਤ ਗਿਆ, ਕਿਉਂ ਜੋ ਉਸ ਨੂੰ ਵੀਹ ਸਾਲ ਹੋ ਗਏ ਅਤੇ ਇਸਰਾਏਲ ਦੇ ਸਾਰੇ ਟੱਬਰ ਨੇ ਵਿਰਲਾਪ ਕਰਦੇ ਹੋਏ ਯਹੋਵਾਹ ਦੀ ਭਾਲ ਕੀਤੀ । ੩ ਸਮੂਏਲ ਨੇ ਇਸਰਾਏਲ ਦੇ ਸਾਰੇ ਟੱਬਰ ਨੂੰ ਸੱਦ ਕੇ ਆਖਿਆ, ਜੇ ਕਦੀ ਤੁਸੀਂ ਆਪਣੇ ਸਾਰੇ ਮਨ ਨਾਲ ਯਹੋਵਾਹ ਦੀ ਵੱਲ ਮੁੜੋ ਤਾਂ ਉਨ੍ਹਾਂ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿਚਕਾਰੋਂ ਕੱਢ ਸੁੱਟੋ ਅਤੇ ਯਹੋਵਾਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ । ੪ ਤਦ ਇਸਰਾਏਲੀਆਂ ਨੇ ਬਆਲ ਤੇ ਅਸ਼ਤਾਰੋਥ ਨੂੰ ਕੱਢ ਸੁੱਟਿਆ ਅਤੇ ਸਿਰਫ਼ ਯਹੋਵਾਹ ਦੀ ਹੀ ਸੇਵਾ ਕੀਤੀ ।
੫ ਫੇਰ ਸਮੂਏਲ ਨੇ ਆਖਿਆ, ਮਿਸਫਾਹ ਵਿੱਚ ਸਾਰੇ ਇਸਰਾਏਲ ਨੂੰ ਇਕੱਠਿਆਂ ਕਰੋ ਤਾਂ ਮੈਂ ਤੁਹਾਡੇ ਲਈ ਯਹੋਵਾਹ ਦੇ ਅੱਗੇ ਬੇਨਤੀ ਕਰਾਂਗਾ । ੬ ਸੋ ਉਹ ਸਾਰੇ ਮਿਸਫਾਹ ਵਿੱਚ ਇਕੱਠੇ ਹੋਏ ਅਤੇ ਪਾਣੀ ਭਰ ਕੇ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ ਅਤੇ ਉੱਥੇ ਬੋਲੇ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ! ਅਤੇ ਸਮੂਏਲ ਨੇ ਮਿਸਫਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ । ੭ ਜਦ ਫ਼ਲਿਸਤੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਫਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸਰਦਾਰਾਂ ਨੇ ਇਸਰਾਏਲ ਉੱਤੇ ਹਮਲਾ ਕਰ ਦਿੱਤਾ ਸੋ ਇਸਰਾਏਲੀ ਇਹ ਸੁਣ ਕੇ ਫ਼ਲਿਸਤੀਆਂ ਕੋਲੋਂ ਡਰ ਗਏ । ੮ ਅਤੇ ਇਸਰਾਏਲੀਆਂ ਨੇ ਸਮੂਏਲ ਨੂੰ ਆਖਿਆ, ਚੁਪ ਨਾ ਰਹਿ ਪਰ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਸਾਡੇ ਲਈ ਤਰਲਾ ਕਰ ਜੋ ਉਹ ਸਾਨੂੰ ਫ਼ਲਿਸਤੀਆਂ ਦੇ ਹੱਥੋਂ ਬਚਾਵੇ । ੯ ਸਮੂਏਲ ਨੇ ਇੱਕ ਦੁੱਧ ਚੁੰਘਦਾ ਮੇਮਨਾ ਲੈ ਕੇ ਉਹ ਨੂੰ ਪੂਰੀ ਹੋਮ ਦੀ ਬਲੀ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਇਆ ਅਤੇ ਸਮੂਏਲ ਨੇ ਇਸਰਾਏਲ ਦੇ ਲਈ ਯਹੋਵਾਹ ਦੇ ਅੱਗੇ ਤਰਲੇ ਕੀਤੇ ਤਾਂ ਯਹੋਵਾਹ ਨੇ ਉਹ ਦੀ ਸੁਣ ਲਈ । ੧੦ ਜਿਸ ਵੇਲੇ ਸਮੂਏਲ ਉਸ ਹੋਮ ਦੀ ਬਲੀ ਨੂੰ ਚੜ੍ਹਾ ਰਿਹਾ ਸੀ ਤਦ ਫ਼ਲਿਸਤੀ ਇਸਰਾਏਲ ਦੇ ਸਾਹਮਣੇ ਲੜਨ ਲਈ ਨੇੜੇ ਆਏ ਤਦ ਯਹੋਵਾਹ ਫ਼ਲਿਸਤੀਆਂ ਦੇ ਉੱਤੇ ਉਸੇ ਦਿਨ ਵੱਡੀ ਗੜ੍ਹਕ ਨਾਲ ਗੱਜਿਆ ਅਤੇ ਉਨ੍ਹਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ ਅਤੇ ਉਹ ਇਸਰਾਏਲ ਅੱਗੇ ਹਾਰ ਗਏ । ੧੧ ਅਤੇ ਇਸਰਾਏਲ ਦੇ ਲੋਕਾਂ ਨੇ ਮਿਸਫਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ ਅਤੇ ਬੈਤਕਰ ਦੇ ਹੇਠ ਤੱਕ ਉਨ੍ਹਾਂ ਨੂੰ ਮਾਰਦੇ ਗਏ ।
੧੨ ਤਦ ਸਮੂਏਲ ਨੇ ਇੱਕ ਪੱਥਰ ਲੈ ਕੇ ਉਹ ਨੂੰ ਮਿਸਫਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਹ ਦਾ ਨਾਮ ਅਬਨਅਜ਼ਰ ਧਰਿਆ ਅਤੇ ਬੋਲਿਆ ਜੋ ਇੱਥੋਂ ਤੱਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ । ੧੩ ਸੋ ਫ਼ਲਿਸਤੀ ਹਾਰ ਗਏ ਅਤੇ ਇਸਰਾਏਲ ਦੀਆਂ ਹੱਦਾਂ ਵਿੱਚ ਫੇਰ ਕਦੀ ਨਾ ਆਏ ਅਤੇ ਯਹੋਵਾਹ ਦਾ ਹੱਥ ਸਮੂਏਲ ਦੇ ਜੀਵਨ ਭਰ ਫ਼ਲਿਸਤੀਆਂ ਦੇ ਵਿਰੁੱਧ ਰਿਹਾ । ੧੪ ਅਤੇ ਉਹ ਸ਼ਹਿਰ ਜੋ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ ਅਕਰੋਨ ਤੋਂ ਲੈ ਕੇ ਗਥ ਤੱਕ ਫੇਰ ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਵੀ ਇਸਰਾਏਲ ਨੇ ਫ਼ਲਿਸਤੀਆਂ ਦੇ ਹੱਥੋਂ ਛੁਡਾਏ ਅਤੇ ਇਸਰਾਏਲ ਅਤੇ ਅਮੋਰੀਆਂ ਵਿੱਚ ਮੇਲ ਹੋਇਆ ।
੧੫ ਜਦ ਤੱਕ ਸਮੂਏਲ ਜੀਉਂਦਾ ਰਿਹਾ ਇਸਰਾਏਲ ਦਾ ਨਿਆਂ ਕਰਦਾ ਰਿਹਾ । ੧੬ ਅਤੇ ਹਰੇਕ ਸਾਲ ਬੈਤੇਲ ਅਤੇ ਗਿਲਗਾਲ ਅਤੇ ਮਿਸਫਾਹ ਵਿੱਚ ਫੇਰਾ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਥਾਵਾਂ ਵਿੱਚ ਇਸਰਾਏਲ ਦਾ ਨਿਆਂ ਕਰਦਾ ਸੀ । ੧੭ ਫੇਰ ਰਾਮਾਹ ਵਿੱਚ ਮੁੜ ਆਉਂਦਾ ਸੀ ਕਿਉਂ ਜੋ ਉੱਥੇ ਉਹ ਦਾ ਘਰ ਸੀ ਅਤੇ ਉੱਥੇ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉੱਥੇ ਉਹ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ।