ਤਿਮੋਥਿਉਸ ਨੂੰ ਭੇਜਣਾ
੧ ਇਸ ਲਈ ਅਸੀਂ ਹੋਰ ਆਪਣੇ ਆਪ ਨੂੰ ਰੋਕ ਨਾ ਸਕੇ, ਤਾਂ ਅਥੇਨੈ ਵਿੱਚ ਇਕੱਲੇ ਹੀ ਰਹਿਣ ਨੂੰ ਚੰਗਾ ਸਮਝਿਆ । ੨ ਅਤੇ ਤਿਮੋਥਿਉਸ ਨੂੰ ਭੇਜਿਆ ਜਿਹੜਾ ਸਾਡਾ ਭਰਾ ਅਤੇ ਮਸੀਹ ਦੀ ਖੁਸ਼ਖਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ ਹੈ ਕਿ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਵਿਸ਼ਵਾਸ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ । ੩ ਤਾਂ ਜੋ ਇਨ੍ਹਾਂ ਬਿਪਤਾਂਵਾਂ ਦੇ ਕਾਰਨ ਕੋਈ ਡੋਲ ਨਾ ਜਾਵੇ, ਕਿਉਂ ਜੋ ਤੁਸੀਂ ਆਪ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਹੋਏ ਹਾਂ । ੪ ਸਗੋਂ ਜਦੋਂ ਅਸੀਂ ਤੁਹਾਡੇ ਕੋਲ ਸੀ ਤਾਂ ਤੁਹਾਨੂੰ ਪਹਿਲਾਂ ਹੀ ਆਖਦੇ ਹੁੰਦੇ ਸੀ ਕਿ ਅਸੀਂ ਦੁੱਖ ਝੱਲਣੇ ਹਨ ਅਤੇ ਉਹੀ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ । ੫ ਇਸ ਕਾਰਨ, ਮੈਂ ਵੀ ਜਦੋਂ ਹੋਰ ਝੱਲ ਨਾ ਸਕਿਆ ਤਾਂ ਤੁਹਾਡੀ ਵਿਸ਼ਵਾਸ ਦੇਖਣ ਲਈ ਭੇਜਿਆ ਕਿ ਕਿਤੇ ਇਹ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਵਿਅਰਥ ਹੋ ਗਈ ਹੋਵੇ ।
ਤਿਮੋਥਿਉਸ ਦੁਆਰਾ ਖ਼ਬਰ ਮਿਲਣਾ
੬ ਪਰ ਹੁਣ ਜਦ ਤੁਹਾਡੇ ਵੱਲੋਂ ਤਿਮੋਥਿਉਸ ਸਾਡੇ ਕੋਲ ਆਇਆ ਅਤੇ ਤੁਹਾਡੀ ਵਿਸ਼ਵਾਸ ਅਤੇ ਪਿਆਰ ਦੀ ਖੁਸ਼ਖਬਰੀ ਲਿਆਇਆ, ਨਾਲੇ ਇਸ ਗੱਲ ਦੀ ਕਿ ਤੁਸੀਂ ਸਾਨੂੰ ਹਮੇਸ਼ਾਂ ਚੰਗੀ ਤਰ੍ਹਾਂ ਚੇਤੇ ਰੱਖਦੇ ਹੋ ਅਤੇ ਸਾਡੇ ਦਰਸ਼ਣ ਨੂੰ ਲੋਚਦੇ ਹੋ ਜਿਵੇਂ ਅਸੀਂ ਵੀ ਤੁਹਾਡੇ ਦਰਸ਼ਣ ਨੂੰ ਲੋਚਦੇ ਹਾਂ । ੭ ਇਸ ਲਈ ਹੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟ ਅਤੇ ਦੁੱਖ ਵਿੱਚ, ਤੁਹਾਡੇ ਬਾਰੇ ਤੁਹਾਡੀ ਵਿਸ਼ਵਾਸ ਦੇ ਕਾਰਨ ਤਸੱਲੀ ਹੋ ਗਈ । ੮ ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਕੀ ਤੁਸੀਂ ਪ੍ਰਭੂ ਵਿੱਚ ਪੱਕੇ ਹੋ । ੯ ਉਸ ਸਾਰੇ ਅਨੰਦ ਲਈ ਜਿਸ ਕਰਕੇ ਅਸੀਂ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਕਾਰਨ ਅਨੰਦ ਕਰਦੇ ਹਾਂ ਅਸੀਂ ਤੁਹਾਡੇ ਬਾਰੇ ਕਿਹੜੇ ਮੂੰਹ ਨਾਲ ਪਰਮੇਸ਼ੁਰ ਦਾ ਧੰਨਵਾਦ ਕਰੀਏ ? ੧੦ ਅਸੀਂ ਰਾਤ-ਦਿਨ ਬਹੁਤ ਹੀ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਜੋ ਤੁਹਾਡਾ ਦਰਸ਼ਣ ਕਰੀਏ ਅਤੇ ਤੁਹਾਡੀ ਵਿਸ਼ਵਾਸ ਦੀ ਘਾਟ ਨੂੰ ਪੂਰਾ ਕਰ ਦੇਈਏ । ੧੧ ਹੁਣ ਸਾਡਾ ਪਰਮੇਸ਼ੁਰ ਅਤੇ ਪਿਤਾ, ਅਤੇ ਸਾਡਾ ਪ੍ਰਭੂ ਯਿਸੂ, ਤੁਹਾਡੇ ਕੋਲ ਆਉਣ ਨੂੰ ਸਾਡੇ ਲਈ ਆਪ ਰਾਹ ਤਿਆਰ ਕਰੇ । ੧੨ ਅਤੇ ਪ੍ਰਭੂ ਤੁਹਾਨੂੰ ਇੱਕ ਦੂਜੇ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪਿਆਰ ਵਿੱਚ ਵਧਾਵੇ ਅਤੇ ਤੁਸੀਂ ਤਰੱਕੀ ਕਰੋ, ਜਿਵੇਂ ਅਸੀਂ ਵੀ ਤੁਹਾਡੇ ਨਾਲ ਕਰਦੇ ਹਾਂ । ੧੩ ਤਾਂ ਜੋ ਤੁਹਾਡਿਆਂ ਮਨਾਂ ਨੂੰ ਤਕੜਿਆਂ ਕਰੇ ਕਿ ਜਿਸ ਵੇਲੇ ਸਾਡਾ ਪ੍ਰਭੂ ਯਿਸੂ ਆਪਣੇ ਸਾਰਿਆਂ ਸੰਤਾਂ ਨਾਲ ਆਵੇਗਾ ਤਾਂ ਉਹ ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੋਸ਼ ਹੋਣ ।