ਮਸੀਹੀ ਵਿਆਹ ਦੇ ਮਸਲੇ
੧ ਹੁਣ ਜਿਨ੍ਹਾਂ ਗੱਲਾਂ ਦੇ ਬਾਰੇ ਤੁਸੀਂ ਲਿਖਿਆ ਸੀ, ਮੈਂ ਇਹ ਕਹਿੰਦਾ ਹਾਂ ਕਿ ਆਦਮੀ ਦੇ ਲਈ ਤਾਂ ਇਹ ਚੰਗਾ ਹੈ ਜੋ ਔਰਤ ਨੂੰ ਨਾ ਛੂਹੇ । ੨ ਪਰੰਤੂ ਹਰਾਮਕਾਰੀ ਤੋਂ ਬਚਣ ਲਈ ਹਰੇਕ ਆਦਮੀ ਆਪਣੀ ਹੀ ਔਰਤ ਨੂੰ ਅਤੇ ਹਰੇਕ ਔਰਤ ਆਪਣੇ ਹੀ ਆਦਮੀ ਨੂੰ ਰੱਖੇ । ੩ ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਪਤੀ ਦਾ । ੪ ਪਤਨੀ ਨੂੰ ਆਪਣੇ ਸਰੀਰ ਉੱਤੇ ਵੱਸ ਨਹੀਂ ਸਗੋਂ ਪਤੀ ਨੂੰ ਹੈ, ਅਤੇ ਇਸ ਤਰ੍ਹਾਂ ਪਤੀ ਨੂੰ ਵੀ ਆਪਣੇ ਸਰੀਰ ਉੱਤੇ ਵੱਸ ਨਹੀਂ ਸਗੋਂ ਪਤਨੀ ਨੂੰ ਹੈ । ੫ ਤੁਸੀਂ ਇੱਕ ਦੂਜੇ ਤੋਂ ਅਲੱਗ ਨਾ ਹੋਵੋ ਪਰ ਥੋੜ੍ਹੇ ਸਮੇਂ ਲਈ ਅਤੇ ਇਹ ਵੀ ਉਦੋਂ ਜੇ ਦੋਹਾਂ ਧਿਰਾਂ ਦੀ ਸਲਾਹ ਹੋਵੇ ਤਾਂ ਜੋ ਤੁਹਾਨੂੰ ਪ੍ਰਾਰਥਨਾ ਕਰਨ ਲਈ ਵਿਹਲ ਮਿਲੇ ਅਤੇ ਫੇਰ ਇਕੱਠੇ ਹੋਵੇ ਭਈ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ । ੬ ਪਰ ਮੈਂ ਇਹ ਪਰਵਾਨਗੀ ਦੇ ਢੰਗ ਨਾਲ ਆਖਦਾ ਹਾਂ, ਹੁਕਮ ਦੇ ਢੰਗ ਨਾਲ ਨਹੀਂ । ੭ ਤਾਂ ਵੀ ਮੈਂ ਚਾਹੁੰਦਾ ਹਾਂ ਜੋ ਸਾਰੇ ਮਨੁੱਖ ਇਹੋ ਜਿਹੇ ਹੋਣ, ਜਿਵੇਂ ਮੈਂ ਆਪ ਹਾਂ ਪਰ ਹਰੇਕ ਨੇ ਆਪੋ ਆਪਣਾ ਦਾਨ ਪਰਮੇਸ਼ੁਰ ਤੋਂ ਪਾਇਆ ਹੈ, ਕਿਸੇ ਨੇ ਇਸ ਪ੍ਰਕਾਰ ਦਾ ਕਿਸੇ ਨੇ ਉਸ ਪ੍ਰਕਾਰ ਦਾ ।
੮ ਪਰ ਮੈਂ ਅਣਵਿਆਹਿਆਂ ਨੂੰ ਅਤੇ ਵਿਧਵਾਂ ਨੂੰ ਇਹ ਆਖਦਾ ਹਾਂ ਕਿ ਉਹਨਾਂ ਲਈ ਚੰਗਾ ਹੈ, ਇਹੋ ਜਿਹਾ ਰਹਿਣ ਜਿਹੋ ਜਿਹਾ ਮੈਂ ਹਾਂ । ੯ ਪਰ ਜੇ ਉਨ੍ਹਾਂ ਵਿੱਚ ਸੰਜਮ ਦਾ ਬਲ ਨਹੀਂ ਤਾਂ ਉਹ ਵਿਆਹ ਕਰ ਲੈਣ, ਕਿਉਂ ਜੋ ਵਾਸਨਾ ਵਿੱਚ ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ । ੧੦ ਪਰੰਤੂ ਵਿਆਹੇ ਹੋਇਆਂ ਨੂੰ ਮੈਂ ਤਗੀਦ ਕਰਦਾ ਹਾਂ ਪਰ ਮੈਂ ਤਾਂ ਨਹੀਂ ਸਗੋਂ ਪ੍ਰਭੂ, ਜੋ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ । ੧੧ ਪਰ ਜੇ ਉਹ ਅਲੱਗ ਹੋਵੇ ਵੀ ਤਾਂ ਅਣਵਿਆਹੀ ਰਹੇ ਜਾਂ ਆਪਣੇ ਪਤੀ ਨਾਲ ਸੁਲਾਹ ਕਰ ਲਵੇ ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ । ੧੨ ਪਰ ਰਹਿੰਦਿਆਂ ਨੂੰ ਪ੍ਰਭੂ ਤਾਂ ਨਹੀਂ ਸਗੋਂ ਮੈਂ ਹੀ ਕਹਿੰਦਾ ਹਾਂ, ਜੇ ਕਿਸੇ ਭਰਾ ਦੀ ਅਵਿਸ਼ਵਾਸੀ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਆਦਮੀ ਉਸ ਨੂੰ ਨਾ ਤਿਆਗੇ । ੧੩ ਅਤੇ ਜਿਹੜੀ ਪਤਨੀ ਦਾ ਅਵਿਸ਼ਵਾਸੀ ਪਤੀ ਹੋਵੇ ਅਤੇ ਇਹ ਉਸ ਦੇ ਨਾਲ ਰਹਿਣ ਨੂੰ ਪਰਸੰਨ ਹੋਵੇ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ । ੧੪ ਕਿਉਂ ਜੋ ਅਵਿਸ਼ਵਾਸੀ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਅਤੇ ਅਵਿਸ਼ਵਾਸੀ ਪਤਨੀ ਉਸ ਭਰਾ ਦੇ ਕਾਰਨ ਪਵਿੱਤਰ ਹੋਈ ਹੈ, ਨਹੀਂ ਤਾਂ ਤੁਹਾਡੇ ਬਾਲ ਬੱਚੇ ਅਸ਼ੁੱਧ ਹੁੰਦੇ ਪਰ ਹੁਣ ਤਾਂ ਪਵਿੱਤਰ ਹਨ । ੧੫ ਪਰ ਜੇ ਉਹ ਅਵਿਸ਼ਵਾਸੀ ਅਲੱਗ ਹੋਵੇ ਤਾਂ ਅਲੱਗ ਹੋਣ ਦੇ ਅਜਿਹੇ ਹਾਲ ਵਿੱਚ ਕੋਈ ਭਰਾ ਜਾਂ ਭੈਣ ਬੰਧਨ ਵਿੱਚ ਨਹੀਂ ਹੈ, ਪਰ ਪਰਮੇਸ਼ੁਰ ਨੇ ਸਾਨੂੰ ਸੁਲਾਹ ਦੇ ਲਈ ਸੱਦਿਆ ਹੈ । ੧੬ ਹੇ ਪਤਨੀ, ਤੂੰ ਕਿਵੇਂ ਜਾਣਦੀ ਹੈਂ ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ ? ਅਤੇ ਹੇ ਪਤੀ, ਤੂੰ ਕਿਵੇਂ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ ?
ਪਰਮੇਸ਼ੁਰ ਦੀ ਬੁਲਾਹਟ ਦੇ ਅਨੁਸਾਰ ਚੱਲੋ
੧੭ ਪਰ ਜਿਸ ਪ੍ਰਕਾਰ ਪ੍ਰਭੂ ਨੇ ਹਰੇਕ ਨੂੰ ਵੰਡਿਆ ਹੋਇਆ ਹੈ, ਅਤੇ ਜਿਸ ਪ੍ਰਕਾਰ ਪਰਮੇਸ਼ੁਰ ਨੇ ਹਰੇਕ ਨੂੰ ਸੱਦਿਆ ਹੈ ਉਹ ਉਸੇ ਪ੍ਰਕਾਰ ਚਾਲ ਚੱਲੇ ਅਤੇ ਮੈਂ ਸਾਰੀਆਂ ਕਲੀਸਿਯਾਂਵਾਂ ਵਿੱਚ ਅਜਿਹਾ ਹੀ ਠਹਿਰਾਉਂਦਾ ਹਾਂ । ੧੮ ਕੀ ਕੋਈ ਸੁੰਨਤੀ ਸੱਦਿਆ ਗਿਆ ? ਤਾਂ ਉਹ ਅਸੁੰਨਤੀ ਨਾ ਬਣੇ । ਕੀ ਕੋਈ ਅਸੁੰਨਤੀ ਸੱਦਿਆ ਗਿਆ ? ਤਾਂ ਉਹ ਦੀ ਸੁੰਨਤ ਨਾ ਕੀਤੀ ਜਾਵੇ । ੧੯ ਸੁੰਨਤ ਕੁੱਝ ਨਹੀਂ ਅਤੇ ਅਸੁੰਨਤ ਕੁੱਝ ਨਹੀਂ ਪਰੰਤੂ ਪਰਮੇਸ਼ੁਰ ਦੇ ਹੁਕਮ ਦੀ ਪਾਲਨਾ ਕਰਨੀ ਸੱਭੋ ਕੁੱਝ ਹੈ । ੨੦ ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ, ਉਸੇ ਵਿੱਚ ਬਣਿਆ ਰਹੇ । ੨੧ ਕੀ ਤੂੰ ਗੁਲਾਮ ਹੋ ਕੇ ਸੱਦਿਆ ਗਿਆ ? ਤਾਂ ਫੇਰ ਕੀ ਹੋਇਆ ? ਪਰ ਜੇ ਕਿਤੇ ਅਜ਼ਾਦ ਹੋ ਸਕੇ ਤਾਂ ਉਹ ਦਾ ਜਤਨ ਕਰ । ੨੨ ਕਿਉਂਕਿ ਜਿਹੜਾ ਗੁਲਾਮ ਹੋ ਕੇ ਪ੍ਰਭੂ ਵਿੱਚ ਸੱਦਿਆ ਗਿਆ, ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ । ਇਸੇ ਤਰ੍ਹਾਂ ਜਿਹੜਾ ਅਜ਼ਾਦ ਹੋ ਕੇ ਸੱਦਿਆ ਗਿਆ ਉਹ ਮਸੀਹ ਦਾ ਗੁਲਾਮ ਹੈ । ੨੩ ਤੁਸੀਂ ਮੁੱਲ ਨਾਲ ਲਏ ਹੋਏ ਹੋ । ਮਨੁੱਖਾਂ ਦੇ ਗੁਲਾਮ ਨਾ ਬਣੋ । ੨੪ ਹੇ ਭਰਾਵੋ, ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ ਉਸੇ ਵਿੱਚ ਪਰਮੇਸ਼ੁਰ ਦੇ ਅੱਗੇ ਠਹਿਰਿਆ ਰਹੇ ।
ਕੁਆਰੀਆਂ ਅਤੇ ਵਿਧਵਾਂ
੨੫ ਪਰ ਕੁਆਰੀਆਂ ਦੇ ਵਿਖੇ ਪ੍ਰਭੂ ਦੀ ਮੈਨੂੰ ਕੋਈ ਆਗਿਆ ਨਹੀਂ ਪਰ ਜਿਵੇਂ ਮੈਨੂੰ ਵਿਸ਼ਵਾਸਯੋਗ ਹੋਣ ਦੇ ਕਾਰਨ ਪ੍ਰਭੂ ਦੀ ਵੱਲੋਂ ਦਯਾ ਮਿਲੀ ਤਿਵੇਂ ਹੀ ਮੈਂ ਸਲਾਹ ਦਿੰਦਾ ਹਾਂ । ੨੬ ਸੋ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਵਰਤਮਾਨ ਕਸ਼ਟ ਦੇ ਕਾਰਨ ਮਨੁੱਖ ਲਈ ਇਹ ਭਲਾ ਹੈ ਭਈ ਉਹ ਉਵੇਂ ਹੀ ਰਹੇ । ੨੭ ਕੀ ਤੂੰ ਪਤਨੀ ਨਾਲ ਬੰਨ੍ਹਿਆ ਹੋਇਆ ਹੈਂ ? ਤਾਂ ਛੁਟਕਾਰਾ ਨਾ ਲੱਭ । ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈਂ ? ਤਾਂ ਪਤਨੀ ਦੀ ਭਾਲ ਨਾ ਕਰ । ੨੮ ਪਰ ਜੇ ਤੂੰ ਵਿਆਹ ਕਰ ਲਵੇਂ ਤਾਂ ਪਾਪ ਨਹੀਂ ਕਰਦਾ ਅਤੇ ਜੇ ਕੁਆਰੀ ਵਿਆਹੀ ਜਾਵੇ ਤਾਂ ਉਹ ਪਾਪ ਨਹੀਂ ਕਰਦੀ, ਪਰ ਅਜਿਹੇ ਲੋਕ ਸਰੀਰ ਵਿੱਚ ਦੁੱਖ ਭੋਗਣਗੇ ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ । ੨੯ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ । ੩੦ ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ ਅਤੇ ਅਨੰਦ ਕਰਨ ਵਾਲੇ ਅਜਿਹੇ ਕਿ ਉਹ ਅਨੰਦ ਨਹੀਂ ਕਰਦੇ ਅਤੇ ਮੁੱਲ ਲੈਣ ਵਾਲੇ ਕਿ ਉਨ੍ਹਾਂ ਦੇ ਕੋਲ ਮਾਲ ਨਹੀਂ ਹੈ । ੩੧ ਅਤੇ ਸੰਸਾਰ ਨੂੰ ਵਰਤਣ ਵਾਲੇ ਕਿ ਹੱਦੋਂ ਵੱਧਕੇ ਨਹੀਂ ਵਰਤਦੇ ਕਿਉਂ ਜੋ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ । ੩੨ ਪਰ ਮੈਂ ਇਹ ਚਾਹੁੰਦਾ ਹਾਂ ਜੋ ਤੁਸੀਂ ਬੇਫ਼ਿਕਰ ਰਹੋ । ਅਣਵਿਆਹਿਆਂ ਆਦਮੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਪ੍ਰਭੂ ਨੂੰ ਕਿਵੇਂ ਪਰਸੰਨ ਕਰੇ । ੩੩ ਪਰ ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ, ਜੋ ਆਪਣੀ ਪਤਨੀ ਨੂੰ ਕਿਵੇਂ ਪਰਸੰਨ ਕਰੇ । ੩੪ ਅਤੇ ਉਹ ਦੁਬਧਾ ਵਿੱਚ ਪਿਆ ਰਹਿੰਦਾ ਹੈ । ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਭਈ ਉਹ ਦੇ ਅਤੇ ਆਤਮਾ ਵਿੱਚ ਪਵਿੱਤਰ ਹੋਵੇ, ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਪਰਸੰਨ ਕਰੇ । ੩੫ ਅਤੇ ਮੈਂ ਤੁਹਾਡੇ ਆਪਣੇ ਹੀ ਭਲੇ ਲਈ ਇਹ ਆਖਦਾ ਹਾਂ, ਨਾ ਇਸ ਲਈ ਜੋ ਤੁਹਾਡੇ ਉੱਤੇ ਬੰਦਿਸ਼ ਪਾਵਾਂ ਸਗੋਂ ਇਸ ਲਈ ਜੋ ਯੋਗ ਕੰਮ ਕੀਤਾ ਜਾਵੇ, ਨਾਲੇ ਤੁਸੀਂ ਬਿਨ੍ਹਾਂ ਘਬਰਾਏ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ । ੩੬ ਪਰ ਜੇ ਕੋਈ ਇਹ ਸਮਝੇ ਭਈ ਮੇਰਾ ਵਰਤਾਉ ਆਪਣੀ ਕੁਆਰੀ ਨਾਲ ਅਯੋਗ ਹੈ ਜੇ ਇਹ ਆਪਣੀ ਜੁਆਨੀ ਦੀ ਉਮਰੋਂ ਲੰਘ ਗਈ ਹੋਵੇ ਅਤੇ ਅਜਿਹਾ ਹੀ ਹੋਣਾ ਲੋੜੀਂਦਾ ਹੋਵੇ ਤਾਂ ਜੋ ਚਾਹੁੰਦਾ ਹੈ ਸੋ ਕਰ ਲਵੇ, ਉਹ ਪਾਪ ਨਹੀਂ ਕਰਦਾ । ਉਹ ਵਿਆਹ ਕਰ ਲੈਣ । ੩੭ ਪਰ ਜੇ ਕੋਈ ਆਪਣੇ ਮਨ ਵਿੱਚ ਪੱਕਾ ਰਹੇ ਜਿਸ ਨੂੰ ਕੋਈ ਲੋੜ ਨਹੀਂ ਹੈ ਸਗੋਂ ਉਹ ਆਪ ਆਪਣੀ ਇੱਛਾ ਦਾ ਮਾਲਕ ਹੈ ਅਤੇ ਉਹ ਨੇ ਆਪਣੇ ਮਨ ਵਿੱਚ ਇਹ ਪੱਕਾ ਕਰ ਲਿਆ ਹੋਵੇ ਭਈ ਮੈਂ ਉਹ ਨੂੰ ਆਪਣੀ ਕੁਆਰੀ ਰੱਖਾਂਗਾ ਤਾਂ ਉਹ ਚੰਗਾ ਕਰੇਗਾ । ੩੮ ਗੱਲ ਕਾਹਦੀ ਜਿਹੜਾ ਆਪਣੀ ਕੁਆਰੀ ਦਾ ਵਿਆਹ ਕਰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਵਿਆਹ ਨਹੀਂ ਕਰਦਾ ਉਹ ਵਧੇਰੇ ਚੰਗਾ ਕਰੇਗਾ ।
੩੯ ਜਿੰਨਾਂ ਚਿਰ ਉਹ ਦਾ ਪਤੀ ਜਿਉਂਦਾ ਰਹੇ ਉਨ੍ਹਾਂ ਚਿਰ ਬੰਧਨ ਵਿੱਚ ਹੈ ਪਰ ਜੇ ਉਹ ਦਾ ਪਤੀ ਮਰ ਜਾਵੇ ਤਾਂ ਉਹ ਅਜ਼ਾਦ ਹੈ, ਜਿਸ ਦੇ ਨਾਲ ਚਾਹੇ ਵਿਆਹੀ ਜਾਵੇ ਪਰ ਕੇਵਲ ਪ੍ਰਭੂ ਵਿੱਚ । ੪੦ ਪਰ ਜੇਕਰ ਉਹ ਐਂਵੇਂ ਹੀ ਰਹੇ ਤਾਂ ਮੇਰੀ ਜਾਂਚ ਵਿੱਚ ਹੋਰ ਵੀ ਭਲੀ ਹੈ ਅਤੇ ਮੈਂ ਸਮਝਦਾ ਹਾਂ ਕਿ ਪਰਮੇਸ਼ੁਰ ਦਾ ਆਤਮਾ ਮੇਰੇ ਵਿੱਚ ਵੀ ਹੈ ।