ਸੁਲੇਮਾਨ ਨੂੰ ਪਰਮੇਸ਼ੁਰ ਦਾ ਦਰਸ਼ਨ
(2 ਇਤਿਹਾਸ 7:11-22)
੧ ਇਸ ਤਰ੍ਹਾਂ ਹੋਇਆ ਕਿ ਜਦ ਸੁਲੇਮਾਨ ਯਹੋਵਾਹ ਦੇ ਭਵਨ ਅਤੇ ਸ਼ਾਹੀ ਮਹਿਲ ਅਤੇ ਆਪਣੀ ਸਾਰੀ ਇੱਛਾ ਜਿਹੜੀ ਉਹ ਕਰਨਾ ਚਾਹੁੰਦਾ ਸੀ ਪੂਰੀ ਕਰ ਚੁੱਕਿਆ । ੨ ਤਦ ਯਹੋਵਾਹ ਨੇ ਸੁਲੇਮਾਨ ਨੂੰ ਦੋਬਾਰਾ ਦਰਸ਼ਨ ਦਿੱਤਾ ਜਿਵੇਂ ਉਹ ਨੇ ਗਿਬਓਨ ਵਿੱਚ ਦਰਸ਼ਨ ਦਿੱਤਾ ਸੀ । ੩ ਅਤੇ ਯਹੋਵਾਹ ਨੇ ਉਹ ਨੂੰ ਆਖਿਆ, ਕਿ ਮੈਂ ਤੇਰੀ ਬੇਨਤੀ ਤੇ ਅਰਦਾਸ ਨੂੰ ਜੋ ਤੂੰ ਮੇਰੇ ਅੱਗੇ ਕੀਤੀ ਸੁਣਿਆ । ਮੈਂ ਇਸ ਭਵਨ ਨੂੰ ਜੋ ਤੂੰ ਬਣਾਇਆ ਪਵਿੱਤਰ ਕੀਤਾ ਅਤੇ ਮੈਂ ਆਪਣਾ ਨਾਮ ਸਦਾ ਤੱਕ ਇੱਥੇ ਰੱਖਾਂਗਾ ਅਤੇ ਮੇਰੀਆਂ ਅੱਖਾਂ ਤੇ ਮੇਰਾ ਮਨ ਇੱਥੇ ਸਦਾ ਰਹੇਗਾ । ੪ ਜੇ ਤੂੰ ਮੇਰੇ ਸਨਮੁਖ ਮਨ ਦੀ ਸਚਿਆਈ ਤੇ ਧਰਮ ਨਾਲ ਚੱਲੇਂਗਾ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਰਿਹਾ ਅਤੇ ਉਹ ਸਭ ਜਿਹ ਦਾ ਮੈਂ ਤੈਨੂੰ ਹੁਕਮ ਦਿੱਤਾ ਪੂਰਾ ਕਰੇਂਗਾ ਅਤੇ ਮੇਰੇ ਹੁਕਮਾਂ ਤੇ ਨਿਯਮਾਂ ਦੀ ਪਾਲਨਾ ਕਰੇਂਗਾ । ੫ ਮੈਂ ਤੇਰੀ ਪਾਤਸ਼ਾਹੀ ਦੀ ਰਾਜ ਗੱਦੀ ਇਸਰਾਏਲ ਉੱਤੇ ਸਦਾ ਤੱਕ ਕਾਇਮ ਰਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਇਹ ਆਖ ਕੇ ਬਚਨ ਕੀਤਾ ਸੀ ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਵਿਖੇ ਮਨੁੱਖ ਦੀ ਥੁੜੋਂ ਨਾ ਰਹੇਗੀ । ੬ ਪਰ ਜੇ ਤੁਸੀਂ ਜਾਂ ਤੁਹਾਡੀ ਸੰਤਾਨ ਮੈਥੋਂ ਫਿਰ ਜਾਵੋ ਅਤੇ ਤੁਸੀਂ ਮੇਰੇ ਹੁਕਮਾਂ ਤੇ ਬਿਧੀਆਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੀਆਂ ਨਾ ਮੰਨੋ ਸਗੋਂ ਜਾ ਕੇ ਹੋਰਨਾਂ ਦੇਵਤਿਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਅੱਗੇ ਮੱਥਾ ਟੇਕੋ । ੭ ਤਾਂ ਮੈਂ ਇਸਰਾਏਲ ਨੂੰ ਉਸ ਭੂਮੀ ਦੇ ਉੱਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਛੇਕ ਦਿਆਂਗਾ ਅਤੇ ਇਸ ਭਵਨ ਨੂੰ ਜੋ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਮੈਂ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਸੋ ਇਸਰਾਏਲ ਸਾਰੇ ਲੋਕਾਂ ਵਿੱਚ ਕਹਾਉਤ ਤੇ ਠੱਠਾ ਹੋਵੇਗਾ । ੮ ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋਵੇਗਾ ਅਤੇ ਧਿਕੱਕਾਰ ਦੇਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਭਵਨ ਨਾਲ ਅਜਿਹਾ ਕਿਉਂ ਕੀਤਾ ? ੯ ਤਦ ਉਹ ਆਖਣਗੇ ਇਸ ਲਈ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਹੜਾ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਅਤੇ ਉਹ ਓਪਰੇ ਦੇਵਤਿਆਂ ਦੇ ਪਿੱਛੇ ਲੱਗ ਗਏ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ ਇਸ ਲਈ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ ।
ਸੁਲੇਮਾਨ ਦਾ ਹੀਰਾਮ ਦੇ ਨਾਲ ਸਮਝੌਤਾ
(2 ਇਤਿਹਾਸ 8:1-2 )
੧੦ ਇਸ ਤਰ੍ਹਾਂ ਹੋਇਆ ਕਿ ਵੀਹਾਂ ਸਾਲਾਂ ਦੇ ਅੰਤ ਵਿੱਚ ਜਦ ਸੁਲੇਮਾਨ ਇਹ ਦੋਵੇਂ ਥਾਂ ਅਰਥਾਤ ਯਹੋਵਾਹ ਦਾ ਭਵਨ ਅਤੇ ਪਾਤਸ਼ਾਹ ਦਾ ਮਹਿਲ ਬਣਾ ਚੁੱਕਿਆ । ੧੧ ਤਦ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਨੂੰ ਗਲੀਲ ਦੇ ਦੇਸ ਵਿੱਚ ਵੀਹ ਨਗਰ ਦਿੱਤੇ ਕਿਉਂ ਜੋ ਸੂਰ ਦੇ ਰਾਜਾ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਦੇ ਰੁੱਖ ਅਤੇ ਚੀਲ ਦੇ ਰੁੱਖ ਤੇ ਸੋਨਾ ਜਿਨ੍ਹਾਂ ਉਹ ਚਾਹੁੰਦਾ ਸੀ ਦਿੱਤਾ । ੧੨ ਜਦ ਹੀਰਾਮ ਸੂਰ ਤੋਂ ਉਨ੍ਹਾਂ ਨਗਰਾਂ ਨੂੰ ਜੋ ਸੁਲੇਮਾਨ ਨੇ ਉਹ ਨੂੰ ਦਿੱਤੇ ਸਨ ਵੇਖਣ ਲਈ ਆਇਆ ਤਾਂ ਉਹ ਉਹ ਨੂੰ ਚੰਗੇ ਨਾ ਲੱਗੇ । ੧੩ ਤਾਂ ਉਸ ਨੇ ਆਖਿਆ, ਹੇ ਮੇਰੇ ਭਰਾ ਇਹ ਕਿਹੋ ਜਿਹੇ ਨਗਰ ਹਨ ਜੋ ਤੂੰ ਮੈਨੂੰ ਦਿੱਤੇ ? ਸੋ ਉਸ ਉਨ੍ਹਾਂ ਨੂੰ ਕਾਬੂਲ ਦਾ ਦੇਸ ਆਖਿਆ ਜੋ ਅੱਜ ਤੱਕ ਹੈ । ੧੪ ਹੀਰਾਮ ਨੇ ਪਾਤਸ਼ਾਹ ਕੋਲ ਚਾਰ ਹਜ਼ਾਰ ਕਿਲੋ ਦੇ ਲਗਭਗ ਸੋਨਾ ਭੇਜਿਆ ।
ਸੁਲੇਮਾਨ ਦੇ ਹੋਰ ਕੰਮ
(2 ਇਤਿਹਾਸ 8:13-18)
੧੫ ਉਸ ਬੇਗਾਰ ਦੇ ਕਾਰਨ ਜਿਹੜੀ ਸੁਲੇਮਾਨ ਪਾਤਸ਼ਾਹ ਨੇ ਲੋਕਾਂ ਉੱਤੇ ਪਾਈ ਇਹ ਸੀ ਕਿ ਉਹ ਯਹੋਵਾਹ ਦਾ ਭਵਨ ਤੇ ਆਪਣਾ ਮਹਿਲ ਬਣਾਏ ਅਤੇ ਖੱਡੇ ਭਰੇ ਤੇ ਯਰੂਸ਼ਲਮ ਦੀ ਸਫੀਲ ਤੇ ਹਾਸ਼ੋਰ ਤੇ ਮਗਿੱਦੋ ਤੇ ਗਜਰ ਨਗਰ ਬਣਾਏ । ੧੬ ਮਿਸਰ ਦਾ ਰਾਜਾ ਫਿਰਊਨ ਚੜ੍ਹ ਆਇਆ ਅਤੇ ਉਸ ਨੇ ਗਜਰ ਨਗਰ ਨੂੰ ਅੱਗ ਨਾਲ ਸਾੜ ਦਿੱਤਾ ਅਤੇ ਉਨ੍ਹਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ ਵੱਢ ਸੁੱਟਿਆ ਫੇਰ ਆਪਣੀ ਧੀ ਨੂੰ ਜਿਹੜੀ ਸੁਲੇਮਾਨ ਦੀ ਰਾਣੀ ਸੀ, ਇਹ ਦਾਜ ਵਿੱਚ ਦੇ ਦਿੱਤਾ । ੧੭ ਸੁਲੇਮਾਨ ਨੇ ਗਜਰ ਅਤੇ ਹੇਠਲਾ ਬੈਤ ਹੋਰੋਨ ਬਣਾਏ । ੧੮ ਨਾਲੇ ਬਆਲਾਥ ਤੇ ਤਦਮੋਰ ਤਲਾਬ ਜੋ ਉਸ ਦੇਸ ਦੀ ਉਜਾੜ ਵਿੱਚ ਸਨ । ੧੯ ਨਾਲੇ ਸੁਲੇਮਾਨ ਦੇ ਸਾਰੇ ਭੰਡਾਰ ਦੇ ਸ਼ਹਿਰ ਤੇ ਰਥਾਂ ਲਈ ਸ਼ਹਿਰ ਤੇ ਸਵਾਰਾਂ ਦੇ ਸ਼ਹਿਰ ਅਤੇ ਜੋ ਕੁਝ ਸੁਲੇਮਾਨ ਆਪਣੀ ਖੁਸ਼ੀ ਲਈ ਯਰੂਸ਼ਲਮ ਵਿੱਚ ਤੇ ਲਬਾਨੋਨ ਵਿੱਚ ਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਬਣਾਉਣੇ ਚਾਹੁੰਦਾ ਸੀ । ੨੦ ਅਮੋਰੀਆਂ, ਹਿੱਤੀਆਂ, ਫਰਿੱਜ਼ੀਆਂ, ਹਿੱਵੀਆਂ ਤੇ ਯਬੂਸੀਆਂ ਵਿੱਚੋਂ ਸਾਰਾ ਬਕੀਆ ਜੋ ਇਸਰਾਏਲੀ ਨਹੀਂ ਸਨ । ੨੧ ਅਰਥਾਤ ਉਨ੍ਹਾਂ ਦੀ ਸੰਤਾਨ ਜਿਹੜੀ ਦੇਸ ਵਿੱਚ ਉਨ੍ਹਾਂ ਦੇ ਮਗਰੋਂ ਰਹਿ ਗਈ ਸੀ ਜਿਨ੍ਹਾਂ ਦਾ ਨਾਸ ਇਸਰਾਏਲੀ ਨਾ ਕਰ ਸਕੇ ਉਨ੍ਹਾਂ ਉੱਤੇ ਸੁਲੇਮਾਨ ਨੇ ਬੇਗਾਰ ਦਾ ਡੰਨ ਜੋ ਅੱਜ ਤੱਕ ਹੈ ਲਾਇਆ । ੨੨ ਪਰ ਇਸਰਾਏਲੀਆਂ ਵਿੱਚੋਂ ਸੁਲੇਮਾਨ ਨੇ ਬੇਗਾਰੀ ਨਾ ਬਣਾਏ । ਉਹ ਜੋਧੇ ਤੇ ਉਸ ਦੇ ਟਹਿਲੂਏ ਤੇ ਉਹ ਦੇ ਸਰਦਾਰ ਤੇ ਉਹ ਦੇ ਅਫ਼ਸਰ ਤੇ ਉਹ ਦੇ ਰਥਾਂ ਦੇ ਸਰਦਾਰ ਤੇ ਉਹ ਦੇ ਸਵਾਰ ਸਨ । ੨੩ ਇਹ ਸਾਢੇ ਪੰਜ ਸੋ ਚੌਹਧਰੀਆਂ ਦੇ ਸਰਦਾਰ ਸਨ ਜੋ ਸੁਲੇਮਾਨ ਦੇ ਕੰਮ ਉੱਤੇ ਸਨ ਨਾਲੇ ਉਨ੍ਹਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ । ੨੪ ਪਰ ਫਿਰਊਨ ਦੀ ਧੀ ਦਾਊਦ ਦੇ ਸ਼ਹਿਰੋਂ ਆਪਣੇ ਮਹਿਲ ਵਿੱਚ ਜਿਹੜਾ ਉਸ ਨੇ ਉਹ ਦੇ ਲਈ ਬਣਾਇਆ ਸੀ ਆਈ ਤਦ ਉਸ ਨੇ ਮਿੱਲੋ ਬਣਾਇਆ । ੨੫ ਸਾਲ ਵਿੱਚ ਤਿੰਨ ਵਾਰ ਸੁਲੇਮਾਨ ਹੋਮ ਤੇ ਸੁੱਖ-ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਹੋਵਾਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਹੋਵਾਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ । ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ । ੨੬ ਸੁਲੇਮਾਨ ਪਾਤਸ਼ਾਹ ਨੇ ਜਹਾਜ਼ਾਂ ਦਾ ਬੇੜ ਅਸਿਓਨ ਗਬਰ ਵਿੱਚ ਜੋ ਏਲੋਥ ਕੋਲ ਲਾਲ ਸਮੁੰਦਰ ਦੇ ਕੰਢੇ ਉੱਤੇ ਅਦੋਮ ਦੇਸ ਵਿੱਚ ਹੈ ਬਣਾਇਆ । ੨੭ ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਸੇਵਕ ਜੋ ਸਮੁੰਦਰ ਦੇ ਜਾਣਕਾਰ ਮਲਾਹ ਸਨ ਸੁਲੇਮਾਨ ਦੇ ਸੇਵਕਾਂ ਨਾਲ ਭੇਜੇ । ੨੮ ਉਹ ਓਫੀਰ ਵਿੱਚ ਆਏ ਅਤੇ ਓਥੋਂ ਚੋਦਾਂ ਹਜ਼ਾਰ ਕਿਲੋ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਆਏ ।