੧੨
ਸਮੂਏਲ ਦਾ ਸੰਦੇਸ਼
੧ ਫਿਰ ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, ਜੋ ਕੁਝ ਤੁਸੀਂ ਮੈਨੂੰ ਕਿਹਾ ਮੈਂ ਤੁਹਾਡੀ ਗੱਲ ਨੂੰ ਮੰਨ ਲਿਆ ਹੈ ਅਤੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾ ਦਿੱਤਾ ਹੈ । ੨ ਹੁਣ ਵੇਖੋ, ਇਹ ਰਾਜਾ ਤੁਹਾਡੇ ਅੱਗੇ-ਅੱਗੇ ਤੁਰਦਾ ਹੈ; ਅਤੇ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ, ਮੇਰੇ ਪੁੱਤਰ ਤੁਹਾਡੇ ਨਾਲ ਹਨ ਅਤੇ ਮੈਂ ਆਪਣੀ ਛੋਟੀ ਉਮਰ ਤੋਂ ਅੱਜ ਤੱਕ ਤੁਹਾਡੇ ਅੱਗੇ ਚੱਲਦਾ ਰਿਹਾ । ੩ ਵੇਖੋ, ਮੈਂ ਹਾਜ਼ਰ ਹਾਂ, ਯਹੋਵਾਹ ਦੇ ਅਤੇ ਉਸ ਦੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ ਮੇਰੇ ਲਈ ਗਵਾਹੀ ਭਰੋ । ਮੈਂ ਕਿਸ ਦਾ ਬਲ਼ਦ ਲਿਆ ਜਾਂ ਕਿਸ ਦਾ ਗਧਾ ਲਿਆ ? ਮੈਂ ਕਿਸ ਨਾਲ ਕੁਧਰਮ ਕੀਤਾ ਜਾਂ ਕਿਸ ਉੱਤੇ ਅਨ੍ਹੇਰ ਮਾਰਿਆ ? ਅਤੇ ਕਿਸ ਕੋਲੋਂ ਮੈਂ ਰਿਸ਼ਵਤ ਲਈ ਹੈ ਤਾਂ ਜੋ ਅਣਦੇਖਾ ਕਰ ਕੇ ਨਿਆਂ ਕਰਨ ਲਈ ਅੰਨ੍ਹਾ ਹੋ ਜਾਂਵਾਂ ਦੱਸੋ ? ਅਤੇ ਮੈਂ ਤੁਹਾਨੂੰ ਮੋੜ ਦਿਆਂਗਾ । ੪ ਤਦ ਉਨ੍ਹਾਂ ਨੇ ਆਖਿਆ, ਤੂੰ ਸਾਡੇ ਨਾਲ ਕੋਈ ਕੁਧਰਮ ਨਹੀਂ ਕੀਤਾ, ਨਾ ਸਾਡੇ ਉੱਤੇ ਕੁਝ ਅਨ੍ਹੇਰ ਮਾਰਿਆ ਹੈ ਅਤੇ ਨਾ ਹੀ ਤੂੰ ਕਿਸੇ ਦੇ ਹੱਥੋਂ ਕੁਝ ਲਿਆ ਹੈ । ੫ ਤਦ ਉਸ ਨੇ ਆਖਿਆ, ਯਹੋਵਾਹ ਤੁਹਾਡੇ ਉੱਤੇ ਗਵਾਹ ਅਤੇ ਉਹ ਦਾ ਅਭਿਸ਼ੇਕ ਕੀਤਾ ਹੋਇਆ, ਅੱਜ ਦੇ ਦਿਨ ਗਵਾਹ ਹੈ ਜੋ ਤੁਸੀਂ ਮੇਰੇ ਕੋਲੋਂ ਕੁਝ ਨਹੀਂ ਲੱਭਿਆ । ਉਹ ਬੋਲੇ, ਹਾਂ ਉਹ ਗਵਾਹ ਹੈ ।
੬ ਫੇਰ ਸਮੂਏਲ ਨੇ ਲੋਕਾਂ ਨੂੰ ਆਖਿਆ, ਹਾਂ, ਉਹ ਯਹੋਵਾਹ ਹੈ, ਜਿਸ ਨੇ ਮੂਸਾ ਤੇ ਹਾਰੂਨ ਨੂੰ ਠਹਿਰਾਇਆ ਅਤੇ ਤੁਹਾਡੇ ਪਿਓ ਦਾਦਿਆ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਂਦਾ । ੭ ਹੁਣ ਚੁੱਪ ਕਰਕੇ ਖੜ੍ਹੇ ਹੋ ਜਾਓ, ਕਿਉਂ ਜੋ ਮੈਂ ਯਹੋਵਾਹ ਦੇ ਸਾਹਮਣੇ ਉਨ੍ਹਾਂ ਸਾਰਿਆਂ ਦੀ ਭਲਿਆਈਆਂ ਦੇ ਕਾਰਨ ਜੋ ਯਹੋਵਾਹ ਨੇ ਤੁਹਾਡੇ ਪੁਰਖਿਆਂ ਉੱਤੇ ਕੀਤੀਆਂ, ਤੁਹਾਡੇ ਨਾਲ ਵਿਚਾਰ ਕਰਾਂਗਾ । ੮ ਜਿਸ ਵੇਲੇ ਯਾਕੂਬ ਮਿਸਰ ਵਿੱਚ ਆਇਆ ਅਤੇ ਤੁਹਾਡੇ ਪੁਰਖਿਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਭੇਜਿਆ ਅਤੇ ਉਹ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਏ ਅਤੇ ਉਹਨਾਂ ਨੂੰ ਇੱਥੇ ਵਸਾਇਆ । ੯ ਫੇਰ ਜਦ ਉਹਨਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ ਤਾਂ ਉਸ ਨੇ ਉਹਨਾਂ ਨੂੰ ਹਸੋਰ ਦੇ ਸੈਨਾਪਤੀ ਸੀਸਰਾ ਦੇ ਹੱਥ, ਫ਼ਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਰਾਜਾ ਦੇ ਹੱਥ ਕਰ ਦਿੱਤਾ ਅਤੇ ਉਹ ਉਹਨਾਂ ਨਾਲ ਲੜੇ । ੧੦ ਫੇਰ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦੇ ਕੇ ਆਖਿਆ, ਅਸੀਂ ਪਾਪ ਕੀਤਾ ਕਿਉਂ ਜੋ ਅਸੀਂ ਯਹੋਵਾਹ ਨੂੰ ਛੱਡਿਆ ਅਤੇ ਬਆਲੀਮ ਤੇ ਅਸ਼ਤਾਰੋਥ ਦੀ ਪੂਜਾ ਕੀਤੀ । ਪਰ ਜੇ ਹੁਣ ਤੂੰ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾਵੇਂ ਤਾਂ ਅਸੀਂ ਤੇਰੀ ਹੀ ਉਪਾਸਨਾ ਕਰਾਂਗੇ । ੧੧ ਫੇਰ ਯਹੋਵਾਹ ਨੇ ਯਰੁਬਆਲ ਅਤੇ ਬਦਾਨ ਅਤੇ ਯਿਫਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਤੁਹਾਨੂੰ ਤੁਹਾਡੇ ਵੈਰੀਆਂ ਦੇ ਹੱਥੋਂ ਜੋ ਤੁਹਾਡੇ ਚੁਫੇਰੇ ਸਨ, ਛੁਟਕਾਰਾ ਦਿੱਤਾ ਅਤੇ ਤੁਸੀਂ ਸੁੱਖ ਨਾਲ ਵੱਸ ਗਏ । ੧੨ ਜਦ ਤੁਸੀਂ ਦੇਖਿਆ ਕਿ ਅੰਮੋਨੀਆਂ ਦੇ ਰਾਜਾ ਨਾਹਾਸ਼ ਨੇ ਤੁਹਾਡੇ ਉੱਤੇ ਹਮਲਾ ਕੀਤਾ ਤਾਂ ਤੁਸੀਂ ਮੈਨੂੰ ਆਖਿਆ ਕਿ ਹਾਂ, ਸਾਨੂੰ ਇੱਕ ਰਾਜੇ ਦੀ ਲੋੜ ਹੈ ਜੋ ਸਾਡੇ ਉਤੇ ਰਾਜ ਕਰੇ, ਜਦ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਰਾਜਾ ਸੀ ੧੩ ਹੁਣ ਵੇਖੋ, ਇਹ ਤੁਹਾਡਾ ਰਾਜਾ ਹੈ ਜਿਸ ਨੂੰ ਤੁਸੀਂ ਚੁਣ ਲਿਆ ਅਤੇ ਜਿਸ ਨੂੰ ਤੁਸੀਂ ਮੰਗਿਆ ਅਤੇ ਵੇਖੋ, ਯਹੋਵਾਹ ਨੇ ਤੁਹਾਡੇ ਉੱਤੇ ਰਾਜਾ ਠਹਿਰਾ ਦਿੱਤਾ ਹੈ । ੧੪ ਜੇ ਯਹੋਵਾਹ ਕੋਲੋਂ ਡਰਦੇ ਰਹੋਗੇ, ਉਹ ਦੀ ਉਪਾਸਨਾ ਕਰੋਗੇ, ਉਹ ਦਾ ਬਚਨ ਮੰਨੋਗੇ ਅਤੇ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਨਾ ਕਰੋਗੇ ਤਾਂ ਤੁਸੀਂ ਅਤੇ ਜਿਹੜਾ ਰਾਜਾ ਤੁਹਾਡੇ ਉੱਤੇ ਰਾਜ ਕਰਦਾ ਹੈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਦੇ ਜਾਓਗੇ । ੧੫ ਪਰ ਜੇ ਤੁਸੀਂ ਯਹੋਵਾਹ ਦਾ ਬਚਨ ਨਾ ਮੰਨੋਗੇ ਅਤੇ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰੋਗੇ ਤਾਂ ਯਹੋਵਾਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਸ ਤਰ੍ਹਾਂ ਤੁਹਾਡੇ ਪੁਰਖਿਆਂ ਦੇ ਵਿਰੁੱਧ ਹੁੰਦਾ ਸੀ । ੧੬ ਸੋ ਹੁਣ ਤੁਸੀਂ ਖੜ੍ਹੇ ਹੋ ਜਾਓ ਅਤੇ ਇਹ ਵੱਡੀ ਗੱਲ ਜੋ ਯਹੋਵਾਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਰੇਗਾ ਵੇਖੋ । ੧੭ ਕੀ, ਅੱਜ ਕਣਕ ਵੱਢਣ ਦਾ ਸਮਾਂ ਨਹੀਂ ? ਮੈਂ ਯਹੋਵਾਹ ਨੂੰ ਪੁਕਾਰਾਂਗਾ ਜੋ ਬੱਦਲਾਂ ਨੂੰ ਗਰਜਾਵੇ ਅਤੇ ਮੀਂਹ ਘੱਲੇ ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਯਹੋਵਾਹ ਕੋਲੋਂ ਰਾਜਾ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ । ੧੮ ਇਸ ਤੋਂ ਬਾਅਦ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਉਸੇ ਵੇਲੇ ਗਰਜਣ ਹੋਈ ਅਤੇ ਯਹੋਵਾਹ ਨੇ ਮੀਂਹ ਭੇਜਿਆ । ਤਦ ਸਭ ਲੋਕ ਯਹੋਵਾਹ ਕੋਲੋਂ ਅਤੇ ਸਮੂਏਲ ਕੋਲੋਂ ਬਹੁਤ ਡਰ ਗਏ ।
੧੯ ਤਦ ਸਾਰੇ ਲੋਕਾਂ ਨੇ ਸਮੂਏਲ ਨੂੰ ਆਖਿਆ, ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸੀਂ ਆਪਣੇ ਸਾਰੇ ਪਾਪਾਂ ਨਾਲੋਂ ਵੱਧ ਇਹ ਬੁਰਿਆਈ ਕੀਤੀ ਹੈ ਜੋ ਆਪਣੇ ਲਈ ਇੱਕ ਰਾਜਾ ਮੰਗਿਆ ! ੨੦ ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, ਡਰੋ ਨਹੀ ! ਇਹ ਸਭ ਬੁਰਿਆਈ ਤਾਂ ਤੁਸੀਂ ਕੀਤੀ ਹੈ ਪਰ ਯਹੋਵਾਹ ਦੇ ਮਗਰ ਚੱਲਣ ਤੋਂ ਫਿਰ ਪਿੱਛੇ ਨਾ ਮੁੜਿਓ, ਸਗੋਂ ਆਪਣੇ ਮਨਾਂ ਨਾਲ ਯਹੋਵਾਹ ਦੀ ਉਪਾਸਨਾ ਕਰੋ । ੨੧ ਅਤੇ ਤੁਸੀਂ ਵਿਅਰਥ ਗੱਲਾਂ ਦੇ ਮਗਰ ਲੱਗ ਕੇ ਪਿੱਛੇ ਨਾ ਹਟੋ, ਜਿਸ ਦੇ ਵਿੱਚੋਂ ਕੁਝ ਲਾਭ ਜਾਂ ਛੁਟਕਾਰਾ ਨਹੀਂ ਹੁੰਦਾ, ਉਹ ਸਭ ਵਿਅਰਥ ਹੈ, ੨੨ ਕਿਉਂ ਜੋ ਯਹੋਵਾਹ ਆਪਣੇ ਵੱਡੇ ਨਾਮ ਦੇ ਕਾਰਨ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ ਇਸ ਲਈ ਜੋ ਯਹੋਵਾਹ ਨੇ ਆਪਣੀ ਹੀ ਮਰਜ਼ੀ ਨਾਲ ਤੁਹਾਨੂੰ ਆਪਣੀ ਪਰਜਾ ਬਣਾਇਆ ਹੈ । ੨੩ ਅਤੇ ਮੇਰੇ ਤੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਯਹੋਵਾਹ ਦੇ ਵਿਰੁੱਧ ਪਾਪ ਕਰਾਂ । ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਦਾ ਰਹਾਂਗਾ ਜੋ ਭਲਾ ਅਤੇ ਸਿੱਧਾ ਹੈ । ੨੪ ਤੁਸੀਂ ਸਿਰਫ਼ ਇਹ ਕਰੋ ਕਿ ਯਹੋਵਾਹ ਦਾ ਡਰ ਮੰਨੋ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਸੱਚੀ ਉਪਾਸਨਾ ਕਰੋ । ਧਿਆਨ ਕਰੋ ਜੋ ਤੁਹਾਡੇ ਲਈ ਉਸ ਨੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ । ੨੫ ਪਰ ਜੇ ਕਦੀ ਤੁਸੀਂ ਅੱਗੇ ਨੂੰ ਵੀ ਬੁਰਿਆਈ ਕਰੋਗੇ ਤਾਂ ਤੁਸੀਂ ਅਤੇ ਤੁਹਾਡਾ ਰਾਜਾ ਦੋਵੇਂ ਮਿਟਾਏ ਜਾਓਗੇ !