ਬਿਸ਼ਪਾਂ ਅਤੇ ਸੇਵਕਾਂ ਦੀ ਯੋਗਤਾ
੧ ਇਹ ਬਚਨ ਸੱਚ ਹੈ ਕਿ ਜੇ ਕੋਈ ਨਿਗਾਹਬਾਨ ਦੀ ਪਦਵੀ ਨੂੰ ਚਾਹੁੰਦਾ ਹੈ, ਉਹ ਚੰਗੇ ਕੰਮ ਨੂੰ ਚਾਹੁੰਦਾ ਹੈ । ੨ ਇਸ ਲਈ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ, ਸੁਰਤ ਵਾਲਾ, ਨੇਕ ਚਲਣ, ਪਰਾਹੁਣਚਾਰ ਅਤੇ ਸਿੱਖਿਆ ਦੇਣ ਯੋਗ ਹੋਵੇ, ੩ ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਨਾ ਝਗੜਾਲੂ, ਨਾ ਪੈਸੇ ਦਾ ਲੋਭੀ, ਸਗੋਂ ਸੀਲ ਸੁਭਾਓ ਹੋਵੇ । ੪ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ, ਆਪਣੇ ਬੱਚਿਆਂ ਨੂੰ ਪੂਰੀ ਗੰਭੀਰਤਾਈ ਨਾਲ ਅਧੀਨ ਰੱਖਣ ਵਾਲਾ ਹੋਵੇ । ੫ ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣਦਾ ਹੋਵੇ, ਉਹ ਪਰਮੇਸ਼ੁਰ ਦੀ ਕਲੀਸਿਯਾ ਦੀ ਰਖਵਾਲੀ ਕਿਵੇਂ ਕਰੇਗਾ ? ੬ ਉਹ ਨਵਾਂ ਚੇਲਾ ਨਾ ਹੋਵੇ, ਕਿ ਕਿਤੇ ਘਮੰਡ ਵਿੱਚ ਆ ਕੇ ਸ਼ੈਤਾਨ ਦੀ ਤਰ੍ਹਾਂ ਸਜ਼ਾ ਪਾਵੇ । ੭ ਅਤੇ ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹ ਦੀ ਨੇਕਨਾਮੀ ਹੋਵੇ, ਕਿ ਉਹ ਦੋਸ਼ ਹੇਠ ਨਾ ਜਾਵੇ ਅਤੇ ਸ਼ੈਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ । ੮ ਇਸੇ ਤਰ੍ਹਾਂ ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋ ਜ਼ਬਾਨੇ, ਨਾ ਸ਼ਰਾਬ ਪੀਣ ਵਾਲੇ, ਨਾ ਝੂਠੀ ਕਮਾਈ ਦੇ ਲੋਭੀ । ੯ ਪਰ ਵਿਸ਼ਵਾਸ ਦੇ ਭੇਤ ਨੂੰ ਸ਼ੁੱਧ ਵਿਵੇਕ ਨਾਲ ਮੰਨਣ । ੧੦ ਅਤੇ ਇਹ ਵੀ ਪਹਿਲਾਂ ਪਰਖੇ ਜਾਣ, ਜੇ ਨਿਰਦੋਸ਼ ਨਿੱਕਲਣ ਤਾਂ ਫੇਰ ਸੇਵਕਾਈ ਕਰਨ । ੧੧ ਇਸੇ ਤਰ੍ਹਾਂ, ਔਰਤਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋਸ਼ ਲਾਉਣ ਵਾਲੀਆਂ, ਸਗੋਂ ਪਰਹੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਵਿਸ਼ਵਾਸਯੋਗ ਹੋਣ । ੧੨ ਸੇਵਕ ਇੱਕੋ ਹੀ ਪਤਨੀ ਦੇ ਪਤੀ ਹੋਣ, ਆਪਣਿਆਂ ਬੱਚਿਆਂ ਅਤੇ ਆਪਣੇ ਘਰਾਂ ਦਾ ਚੰਗੀ ਤਰ੍ਹਾਂ ਨਾਲ ਪ੍ਰੰਬੰਧ ਕਰਨ ਵਾਲੇ ਹੋਣ । ੧੩ ਕਿਉਂਕਿ ਜਿਹਨਾਂ ਨੇ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ, ਉਹ ਆਪਣੇ ਲਈ ਚੰਗੀ ਪਦਵੀ ਅਤੇ ਵੱਡੀ ਦਲੇਰੀ ਉਸ ਵਿਸ਼ਵਾਸ ਵਿੱਚ ਪ੍ਰਾਪਤ ਕਰਦੇ ਹਨ ਜਿਹੜੀ ਮਸੀਹ ਯਿਸੂ ਉੱਤੇ ਹੈ ।
ਪੌਲੁਸ ਦੇ ਨਿਰਦੇਸ਼ਾਂ ਦਾ ਕਾਰਨ
੧੪ ਭਾਵੇਂ ਮੈਨੂੰ ਤੇਰੇ ਕੋਲ ਛੇਤੀ ਆਉਣ ਦੀ ਆਸ ਹੈ, ਫਿਰ ਵੀ ਮੈਂ ਤੈਨੂੰ ਇਹ ਗੱਲਾਂ ਲਿਖਦਾ ਹਾਂ । ੧੫ ਪਰ ਜੇ ਮੇਰੇ ਆਉਣ ਵਿੱਚ ਦੇਰੀ ਹੋ ਜਾਵੇ, ਤਾਂ ਤੂੰ ਜਾਣ ਲਵੇਂ ਜੋ ਪਰਮੇਸ਼ੁਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ, ਜਿਹੜਾ ਜਿਉਂਦੇ ਪਰਮੇਸ਼ੁਰ ਦੀ ਕਲੀਸਿਯਾ, ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ । ੧੬ ਅਤੇ ਯਕੀਨਨ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਦੁਆਰਾ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪਰਚਾਰ ਕੀਤਾ ਗਿਆ, ਸੰਸਾਰ ਵਿੱਚ ਉਸ ਉੱਤੇ ਵਿਸ਼ਵਾਸ ਕੀਤੀ ਗਈ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ ।