ਅਲੀਸ਼ਾ ਅਤੇ ਇੱਕ ਵਿਧਵਾ
੧ ਨਬੀਆਂ ਦੇ ਦਲ ਵਿੱਚੋਂ ਇੱਕ ਦੀ ਪਤਨੀ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ ਕਿ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈਂ ਕਿ ਤੇਰਾ ਦਾਸ ਯਹੋਵਾਹ ਦਾ ਭੈ ਮੰਨਦਾ ਸੀ । ਹੁਣ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਆਪਣੇ ਗੁਲਾਮ ਬਣਾਉਣ ਲਈ ਲੈਣ ਆਇਆ ਹੈ । ੨ ਅਲੀਸ਼ਾ ਨੇ ਉਸ ਨੂੰ ਆਖਿਆ, “ਮੈਂ ਤੇਰੇ ਲਈ ਕੀ ਕਰਾਂ ? ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ ? ” ਉਹ ਬੋਲੀ, “ਤੇਰੀ ਦਾਸੀ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨ੍ਹਾਂ ਕੁਝ ਵੀ ਨਹੀਂ ।” ੩ ਤਾਂ ਉਹ ਬੋਲਿਆ, “ਤੂੰ ਜਾ ਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲੈ ਅਤੇ ਉਹ ਥੋੜੇ ਨਾ ਹੋਣ । ੪ ਜਦੋਂ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤਰਾਂ ਲਈ ਬੂਹਾ ਬੰਦ ਕਰ ਲਵੀਂ ਅਤੇ ਉਨ੍ਹਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਈ ਜਾਵੀਂ । ਜਿਹੜਾ ਭਰ ਜਾਏ ਉਹ ਨੂੰ ਅਲੱਗ ਰੱਖ ਦੇਵੀਂ ।” ੫ ਉਹ ਉਸ ਦੇ ਅੱਗਿਓਂ ਚੱਲੀ ਗਈ ਤੇ ਆਪਣੇ ਅਤੇ ਆਪਣੇ ਪੁੱਤਰਾਂ ਲਈ ਬੂਹਾ ਬੰਦ ਕਰ ਲਿਆ । ਉਹ ਉਸ ਦੇ ਕੋਲ ਲਿਆਉਂਦੇ ਗਏ ਤੇ ਉਹ ਪਾਈ ਗਈ । ੬ ਜਦੋਂ ਭਾਂਡੇ ਭਰ ਗਏ ਤਾਂ ਉਸ ਨੇ ਆਪਣੇ ਪੁੱਤਰ ਨੂੰ ਆਖਿਆ, “ਮੇਰੇ ਕੋਲ ਇੱਕ ਹੋਰ ਭਾਂਡਾ ਲਿਆ ।” ਉਹ ਨੇ ਉਸ ਨੂੰ ਆਖਿਆ ਕਿ ਹੋਰ ਤਾਂ ਕੋਈ ਭਾਂਡਾ ਨਹੀਂ ਹੈ ਤਾਂ ਤੇਲ ਬੰਦ ਹੋ ਗਿਆ । ੭ ਤਦ ਉਹ ਪਰਮੇਸ਼ੁਰ ਦੇ ਜਨ ਕੋਲ ਆਈ ਤੇ ਉਹ ਨੂੰ ਦੱਸਿਆ ਅਤੇ ਉਹ ਬੋਲਿਆ, “ਜਾ ਕੇ ਤੇਲ ਵੇਚ ਤੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚੇ ਉਹ ਦੇ ਨਾਲ ਤੂੰ ਤੇਰੇ ਪੁੱਤਰ ਗੁਜ਼ਾਰਾ ਕਰਿਓ ।”
ਅਲੀਸ਼ਾ ਅਤੇ ਸ਼ੂਨੇਮ ਦੀ ਰਹਿਣ ਵਾਲੀ ਧਨੀ ਔਰਤ
੮ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ, ਜਿੱਥੇ ਇੱਕ ਪਤਵੰਤੀ ਔਰਤ ਸੀ । ਉਹ ਨੇ ਉਸ ਨੂੰ ਰੋਟੀ ਖਾਣ ਲਈ ਮਜ਼ਬੂਰ ਕੀਤਾ । ਫੇਰ ਜਦੋਂ ਕਦੀ ਉਹ ਉਧਰ ਦੀ ਲੰਘਦਾ ਸੀ ਰੋਟੀ ਖਾਣ ਲਈ ਉਧਰੇ ਮੁੜ ਪੈਂਦਾ ਸੀ । ੯ ਤਦ ਉਹ ਨੇ ਆਪਣੇ ਪਤੀ ਨੂੰ ਆਖਿਆ, “ਵੇਖ, ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ, ਪਰਮੇਸ਼ੁਰ ਦਾ ਪਵਿੱਤਰ ਜਨ ਜਾਪਦਾ ਹੈ । ੧੦ ਅਸੀਂ ਇੱਕ ਨਿੱਕਾ ਜਿਹਾ ਚੁਬਾਰਾ ਉਹ ਦੇ ਲਈ ਬਣਾਈਏ ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਤੇ ਇੱਕ ਦੀਵਾ ਰੱਖੀਏ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡੇ ਕੋਲ ਆਵੇ ਤਾਂ ਉੱਥੇ ਰਹਿ ਸਕੇਗਾ ।” ੧੧ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਉੱਧਰ ਆਇਆ ਅਤੇ ਉਸ ਚੁਬਾਰੇ ਵਿੱਚ ਜਾ ਕੇ ਉੱਥੇ ਹੀ ਲੇਟਿਆ । ੧੨ ਤਦ ਉਸ ਨੇ ਆਪਣੇ ਚੇਲੇ ਗੇਹਾਜੀ ਨੂੰ ਆਖਿਆ, “ਇਸ ਸ਼ੂਨੰਮੀ ਔਰਤ ਨੂੰ ਸੱਦ,” ਤਦ ਉਹ ਨੇ ਉਹ ਨੂੰ ਸੱਦਿਆ ਤੇ ਉਹ ਉਸ ਦੇ ਅੱਗੇ ਖੜ੍ਹੀ ਹੋ ਗਈ । ੧੩ ਉਸ ਨੇ ਚੇਲੇ ਨੂੰ ਕਿਹਾ ਕਿ ਉਹ ਨੂੰ ਆਖ ਕਿ ਵੇਖ ਤੂੰ ਜੋ ਐਨੇ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ, ਤੇਰੇ ਲਈ ਕੀ ਕੀਤਾ ਜਾਵੇ ? ਕੀ ਅਸੀਂ ਰਾਜਾ ਜਾਂ ਸੈਨਾਪਤੀ ਨਾਲ ਤੇਰੇ ਬਾਰੇ ਗੱਲ ਕਰੀਏ ? ਪਰ ਉਹ ਬੋਲੀ, “ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿਚਕਾਰ ਵੱਸਦੀ ਹਾਂ ।” ੧੪ ਫੇਰ ਉਸ ਨੇ ਕਿਹਾ ਤਾਂ ਉਹ ਦੇ ਲਈ ਕੀ ਕੀਤਾ ਜਾਵੇ ? ਅੱਗੋਂ ਗੇਹਾਜੀ ਬੋਲਿਆ, “ਸੱਚ-ਮੁੱਚ ਉਹ ਦੇ ਕੋਈ ਪੁੱਤਰ ਨਹੀਂ ਹੈ ਅਤੇ ਉਹ ਦਾ ਪਤੀ ਬਿਰਧ ਹੈ ।” ੧੫ ਉਸ ਨੇ ਕਿਹਾ, “ਉਹ ਨੂੰ ਸੱਦ ।” ਸੋ ਉਸ ਨੇ ਉਹ ਨੂੰ ਸੱਦਿਆ ਤੇ ਉਹ ਦਰਵਾਜ਼ੇ ਵਿੱਚ ਆ ਖੜ੍ਹੀ ਹੋਈ । ੧੬ ਤਦ ਉਹ ਬੋਲਿਆ, “ਐਸੇ ਰੁੱਤੇ ਬਸੰਤ ਦੇ ਦਿਨਾਂ ਦੇ ਨੇੜ੍ਹੇ ਤੇਰੇ ਇੱਕ ਪੁੱਤਰ ਹੋਵੇਗਾ ।” ਉਹ ਬੋਲੀ, “ਨਹੀਂ, ਮੇਰੇ ਸੁਆਮੀ ਪਰਮੇਸ਼ੁਰ ਦੇ ਜਨ ਆਪਣੀ ਦਾਸੀ ਨਾਲ ਝੂਠ ਨਾ ਬੋਲ ।” ੧੭ ਪਰ ਉਹ ਔਰਤ ਗਰਭਵਤੀ ਹੋਈ ਅਤੇ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਹ ਦੇ ਪੁੱਤਰ ਜੰਮਿਆ । ੧੮ ਜਦੋਂ ਬਾਲਕ ਵੱਡਾ ਹੋਇਆ, ਤਾਂ ਇੱਕ ਦਿਨ ਉਹ ਆਪਣੇ ਪਿਉ ਕੋਲ ਵਾਢਿਆਂ ਵੱਲ ਚੱਲਿਆ ਗਿਆ । ੧੯ ਅਤੇ ਉਹ ਆਪਣੇ ਪਿਉ ਨੂੰ ਆਖਣ ਲੱਗਾ, “ਹਾਏ ਮੇਰਾ ਸਿਰ, ਹਾਏ ਮੇਰਾ ਸਿਰ !” ਉਹ ਨੇ ਆਪਣੇ ਇੱਕ ਸੇਵਕ ਨੂੰ ਆਖਿਆ, “ਉਹ ਨੂੰ ਉਹ ਦੀ ਮਾਂ ਕੋਲ ਲੈ ਜਾ ।” ੨੦ ਜਦੋਂ ਉਹ ਉਸ ਨੂੰ ਚੁੱਕ ਕੇ ਉਹ ਦੀ ਮਾਂ ਕੋਲ ਅੰਦਰ ਲੈ ਗਿਆ, ਤਾਂ ਉਹ ਦੁਪਹਿਰਾਂ ਤੱਕ ਉਹ ਦੇ ਗੋਡਿਆਂ ਉੱਤੇ ਬੈਠਾ ਰਿਹਾ, ਫੇਰ ਮਰ ਗਿਆ । ੨੧ ਤਦ ਉਹ ਨੇ ਉੱਤੇ ਜਾ ਕੇ ਉਹ ਨੂੰ ਪਰਮੇਸ਼ੁਰ ਦੇ ਜਨ ਦੇ ਮੰਜੇ ਉੱਤੇ ਲਿਟਾ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਕੇ ਬਾਹਰ ਚਲੀ ਗਈ । ੨੨ ਉਹ ਨੇ ਆਪਣੇ ਪਤੀ ਨੂੰ ਸੱਦ ਕੇ ਆਖਿਆ, “ਜੁਆਨਾਂ ਵਿਚੋਂ ਇੱਕ ਜਣਾ ਨਾਲੇ ਇੱਕ ਗਧਾ ਮੇਰੇ ਕੋਲ ਭੇਜ ਕਿ ਮੈਂ ਪਰਮੇਸ਼ੁਰ ਦੇ ਜਨ ਕੋਲ ਭੱਜ ਕੇ ਜਾਂਵਾਂ ਤੇ ਮੁੜ ਆਵਾਂ ।” ੨੩ ਅੱਗੋਂ ਉਹ ਬੋਲਿਆ, “ਅੱਜ ਤੂੰ ਕਿਉਂ ਉਹ ਦੇ ਕੋਲ ਜਾਂਦੀ ਹੈਂ, ਨਾ ਨਵਾਂ ਚੰਦ ਹੈ ਨਾ ਸਬਤ ? ” ਪਰ ਉਹ ਬੋਲੀ ਸਲਾਮਤੀ ਹੀ ਹੋਵੇਗੀ । ੨੪ ਤਦ ਉਹ ਨੇ ਗਧੇ ਉੱਤੇ ਕਾਠੀ ਕੱਸੀ ਅਤੇ ਆਪਣੇ ਸੇਵਕ ਨੂੰ ਆਖਿਆ, “ਹੱਕ ਲੈ ਤੇ ਅੱਗੇ ਵੱਧ । ਜਦ ਤੱਕ ਮੈਂ ਤੈਨੂੰ ਨਾ ਆਖਾਂ ਮੇਰੇ ਕਾਰਨ ਸਵਾਰੀ ਹੱਕਣ ਵਿੱਚ ਢਿੱਲ ਨਾ ਕਰੀਂ ।” ੨੫ ਸੋ ਉਹ ਰਾਹ ਪੈ ਗਈ ਤੇ ਪਰਮੇਸ਼ੁਰ ਦੇ ਜਨ ਕੋਲ ਕਰਮਲ ਦੇ ਪਰਬਤ ਉੱਤੇ ਗਈ ਅਤੇ ਜਦੋਂ ਪਰਮੇਸ਼ੁਰ ਦੇ ਜਨ ਨੇ ਉਹ ਨੂੰ ਦੂਰੋਂ ਵੇਖਿਆ, ਤਾਂ ਉਸ ਨੇ ਆਪਣੇ ਦਾਸ ਗੇਹਾਜੀ ਨੂੰ ਆਖਿਆ, “ਵੇਖ, ਓਹ ਸ਼ੂਨੰਮੀ ਔਰਤ ਹੈ ।” ੨੬ ਤੂੰ ਹੁਣ ਭੱਜ ਕੇ ਉਹ ਨੂੰ ਮਿਲ ਤੇ ਉਹ ਨੂੰ ਪੁੱਛ ਕਿ ਤੂੰ ਰਾਜੀ ਬਾਜ਼ੀ ਤਾਂ ਹੈਂ ? ਤੇਰਾ ਪਤੀ ਰਾਜੀ ਬਾਜ਼ੀ ਹੈ ? ਬਾਲਕ ਰਾਜੀ ਬਾਜ਼ੀ ਹੈ ? ਅੱਗੋਂ ਉਹ ਬੋਲੀ, “ਸੁਖ ਸਾਂਦ ਹੈ ।” ੨੭ ਪਰ ਜਦੋਂ ਉਹ ਪਰਮੇਸ਼ੁਰ ਦੇ ਜਨ ਕੋਲ ਪਰਬਤ ਉੱਤੇ ਆਈ, ਤਾਂ ਉਸ ਦੇ ਪੈਰ ਫੜ ਲਏ ਅਤੇ ਗੇਹਾਜੀ ਉਹ ਨੂੰ ਪਰੇ ਹਟਾਉਣ ਲਈ ਨੇੜੇ ਆਇਆ ਪਰ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਨੂੰ ਰਹਿਣ ਦੇ, ਕਿਉਂ ਜੋ ਉਹ ਦਾ ਮਨ ਭਰਿਆ ਹੋਇਆ ਹੈ ਪਰ ਯਹੋਵਾਹ ਨੇ ਇਹ ਮੇਰੇ ਤੋਂ ਲੁਕਾਇਆ ਤੇ ਮੈਨੂੰ ਨਾ ਦੱਸਿਆ ।” ੨੮ ਤਦ ਉਹ ਬੋਲੀ, “ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ ? ਕੀ ਮੈਂ ਇਹ ਨਹੀਂ ਸੀ ਆਖਿਆ ਕਿ ਮੈਨੂੰ ਧੋਖਾ ਨਾ ਦੇਵੀਂ ? ” ੨੯ ਤਾਂ ਉਸ ਨੇ ਗੇਹਾਜੀ ਨੂੰ ਕਿਹਾ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ । ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਹ ਨੂੰ ਪਰਨਾਮ ਨਾ ਕਰੀਂ ਅਤੇ ਜੇ ਕੋਈ ਆਦਮੀ ਪਰਨਾਮ ਕਰੇਂ ਤਾਂ ਤੂੰ ਉਹ ਨੂੰ ਉੱਤਰ ਨਾ ਦੇਵੀਂ । ਫੇਰ ਤੂੰ ਮੁੰਡੇ ਦੇ ਮੂੰਹ ਉੱਤੇ ਮੇਰੀ ਲਾਠੀ ਰੱਖ ਦੇਵੀਂ ।” ੩੦ ਪਰ ਮੁੰਡੇ ਦੀ ਮਾਂ ਬੋਲੀ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗੀ ।” ਸੋ ਉਹ ਉੱਠ ਕੇ ਉਹ ਦੇ ਮਗਰ ਤੁਰ ਪਿਆ । ੩੧ ਗੇਹਾਜੀ ਉਨ੍ਹਾਂ ਤੋਂ ਪਹਿਲਾਂ ਤੁਰ ਗਿਆ ਤੇ ਮੁੰਡੇ ਦੇ ਮੂੰਹ ਉੱਤੇ ਲਾਠੀ ਰੱਖੀ ਪਰ ਨਾ ਅਵਾਜ਼ ਸੀ ਨਾ ਸੁਰਤ, ਇਸ ਲਈ ਉਹ ਉਸ ਨੂੰ ਮਿਲਣ ਲਈ ਮੁੜਿਆ ਅਤੇ ਉਸ ਨੂੰ ਦੱਸਿਆ ਕਿ ਬਾਲਕ ਨਹੀਂ ਜਾਗਿਆ । ੩੨ ਜਦੋਂ ਅਲੀਸ਼ਾ ਘਰ ਵਿੱਚ ਆਇਆ, ਵੇਖੋ ਬਾਲਕ ਮਰਿਆ ਹੋਇਆ ਉਸ ਦੇ ਮੰਜੇ ਉੱਤੇ ਪਿਆ ਸੀ । ੩੩ ਉਹ ਅੰਦਰ ਗਿਆ ਅਤੇ ਉਨ੍ਹਾਂ ਦੋਵਾਂ ਲਈ ਦਰਵਾਜ਼ਾ ਬੰਦ ਕਰ ਲਿਆ ਅਤੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ । ੩੪ ਤਦ ਉਹ ਚੜ੍ਹ ਕੇ ਬਾਲਕ ਉੱਤੇ ਲੇਟ ਗਿਆ, ਉਸ ਨੇ ਆਪਣਾ ਮੂੰਹ ਉਹ ਦੇ ਮੂੰਹ ਉੱਤੇ, ਆਪਣੀਆਂ ਅੱਖਾਂ ਉਹ ਦੀਆਂ ਅੱਖਾਂ ਉੱਤੇ, ਆਪਣੇ ਹੱਥ ਉਹ ਦੇ ਹੱਥਾਂ ਉੱਤੇ ਰੱਖੇ ਅਤੇ ਉਹ ਦੇ ਉੱਤੇ ਪਸਰ ਗਿਆ ਤਦ ਉਸ ਬੱਚੇ ਦਾ ਸਰੀਰ ਨਿੱਘਾ ਹੋ ਗਿਆ । ੩੫ ਫੇਰ ਉਹ ਉੱਠਿਆ ਅਤੇ ਇੱਕ ਵਾਰੀ ਘਰ ਵਿੱਚ ਇਧਰ ਉਧਰ ਟਹਿਲਿਆ ਤਦ ਉਹ ਚੜ੍ਹ ਕੇ ਉਹ ਦੇ ਉੱਤੇ ਪਸਰ ਗਿਆ ਤੇ ਬਾਲਕ ਸੱਤ ਵਾਰੀ ਛਿੱਕਿਆ ਅਤੇ ਮੁੰਡੇ ਨੇ ਆਪਣੀਆਂ ਅੱਖਾਂ ਖੋਲ੍ਹੀਆਂ । ੩੬ ਤਦ ਉਸ ਨੇ ਗੇਹਾਜੀ ਨੂੰ ਸੱਦ ਕੇ ਆਖਿਆ, “ਇਸ ਸ਼ੂਨੰਮੀ ਨੂੰ ਸੱਦ ਲੈ ।” ਸੋ ਉਸ ਨੇ ਉਹ ਨੂੰ ਸੱਦਿਆ ਅਤੇ ਜਦੋਂ ਉਹ ਉਸ ਦੇ ਕੋਲ ਅੰਦਰ ਆਈ ਤਾਂ ਉਹ ਬੋਲਿਆ, “ਆਪਣੇ ਪੁੱਤਰ ਨੂੰ ਚੁੱਕ ਲੈ ।” ੩੭ ਤਦ ਉਹ ਅੰਦਰ ਆਈ ਤੇ ਉਸ ਦੇ ਚਰਨਾਂ ਉੱਤੇ ਡਿੱਗੀ, ਆਪਣੇ ਆਪ ਨੂੰ ਧਰਤੀ ਤੇ ਨਿਵਾਇਆ ਅਤੇ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਚੱਲੀ ਗਈ ।
ਅਲੀਸ਼ਾ ਦੇ ਦੋ ਹੋਰ ਚਮਤਕਾਰ
੩੮ ਫੇਰ ਅਲੀਸ਼ਾ ਗਿਲਗਾਲ ਨੂੰ ਮੁੜਿਆ, ਦੇਸ ਵਿੱਚ ਕਾਲ ਸੀ ਅਤੇ ਨਬੀਆਂ ਦੇ ਪੁੱਤਰ ਉਸ ਦੇ ਅੱਗੇ ਬੈਠੇ ਹੋਏ ਸਨ ਅਤੇ ਉਸ ਨੇ ਆਪਣੇ ਬਾਲਕੇ ਨੂੰ ਆਖਿਆ, “ਦੇਗ ਚੜ੍ਹਾ ਦੇ ਅਤੇ ਨਬੀਆਂ ਦੇ ਪੁੱਤਰਾਂ ਲਈ ਭਾਜੀ ਉਬਾਲ ।” ੩੯ ਇੱਕ ਜਣਾ ਬਾਹਰ ਖੇਤ ਵਿੱਚ ਭਾਜੀ ਲੈਣ ਗਿਆ, ਉਸ ਨੂੰ ਖੇਤ ਵਿੱਚ ਇੱਕ ਜੰਗਲੀ ਵੇਲ ਲੱਭੀ, ਉਸ ਨੇ ਉਹ ਦੇ ਨਾਲੋਂ ਜੰਗਲੀ ਕੱਦੂ ਤੋੜ ਕੇ ਝੋਲੀ ਭਰ ਲਈ ਅਤੇ ਆ ਗਿਆ ਤਦ ਉਹਨਾਂ ਨੇ ਫਾੜੀਆਂ ਕਰ ਕੇ ਉਸ ਦੇਗ ਵਿੱਚ ਪਾ ਦਿੱਤਾ, ਪਰ ਉਨ੍ਹਾਂ ਨੂੰ ਉਹਨਾਂ ਦੀ ਪਛਾਣ ਨਹੀਂ ਸੀ । ੪੦ ਸੋ ਉਨ੍ਹਾਂ ਨੇ ਬੰਦਿਆਂ ਦੇ ਖਾਣ ਲਈ ਦਿੱਤਾ, ਤਾਂ ਜਦੋਂ ਉਹ ਭਾਜੀ ਖਾ ਰਹੇ ਸਨ ਤਦ ਉਹ ਚੀਕ ਉੱਠੇ ਕਿ ਹੇ ਪਰਮੇਸ਼ੁਰ ਦੇ ਜਨ, ਦੇਗ ਵਿੱਚ ਤਾਂ ਮੌਤ ਹੈ ! ਅਤੇ ਉਹ ਖਾ ਨਾ ਸਕੇ । ੪੧ ਪਰ ਉਹ ਬੋਲਿਆ, “ਆਟਾ ਲਿਆਓ ਅਤੇ ਉਸ ਨੇ ਉਹ ਦੇਗ ਵਿੱਚ ਪਾ ਦਿੱਤਾ,” ਤਦ ਆਖਿਆ ਕਿ ਲੋਕਾਂ ਨੂੰ ਦਿਓ ਕਿ ਉਹ ਖਾਣ ਅਤੇ ਦੇਗ ਵਿੱਚ ਕੋਈ ਕਸਰ ਨਾ ਰਹੀ । ੪੨ ਬਆਲ-ਸ਼ਲੀਸ਼ਾਹ ਤੋਂ ਇੱਕ ਮਨੁੱਖ ਆਇਆ ਅਤੇ ਪਰਮੇਸ਼ੁਰ ਦੇ ਜਨ ਲਈ ਪਹਿਲੇ ਫ਼ਲਾਂ ਦੇ ਜਵਾਂ ਦੀਆਂ ਵੀਹ ਰੋਟੀਆਂ ਤੇ ਅਨਾਜ ਦੇ ਹਰੇ ਹਰੇ ਸਿੱਟੇ ਆਪਣੀ ਝੋਲੀ ਵਿੱਚ ਲਿਆਇਆ । ਉਹ ਬੋਲਿਆ, “ਇਨ੍ਹਾਂ ਲੋਕਾਂ ਨੂੰ ਦੇ ਜੋ ਉਹ ਖਾਣ ।” ੪੩ ਪਰ ਉਸ ਦੇ ਸੇਵਕ ਨੇ ਆਖਿਆ, “ਮੈਂ ਸੌ ਆਦਮੀਆਂ ਦੇ ਅੱਗੇ ਇਹ ਕਿਵੇਂ ਰੱਖ ਸਕਦਾ ਹਾਂ ? ” ਅੱਗੋਂ ਉਹ ਬੋਲਿਆ, “ਲੋਕਾਂ ਨੂੰ ਦੇ ਕਿ ਉਹ ਖਾਣ ।” ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਉਹ ਖਾਣਗੇ ਤੇ ਬਾਕੀ ਛੱਡਣਗੇ । ੪੪ ਸੋ ਉਸ ਨੇ ਉਨ੍ਹਾਂ ਦੇ ਅੱਗੇ ਰੱਖਿਆ ਅਤੇ ਉਨ੍ਹਾਂ ਨੇ ਖਾਧਾ ਤੇ ਯਹੋਵਾਹ ਦੇ ਬਚਨ ਅਨੁਸਾਰ ਬਾਕੀ ਵੀ ਛੱਡ ਦਿੱਤਾ ।