ਕੁਹਾੜੀ ਦਾ ਪਾਣੀ ਉੱਤੇ ਤੈਰਨਾ
੧ ਨਬੀਆਂ ਦੇ ਪੁੱਤਰਾਂ ਨੇ ਅਲੀਸ਼ਾ ਨੂੰ ਆਖਿਆ, ਵੇਖ ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿੰਦੇ ਹਾਂ ਸਾਡੇ ਲਈ ਬਹੁਤ ਤੰਗ ਹੈ । ੨ ਤੂੰ ਸਾਨੂੰ ਯਰਦਨ ਤੱਕ ਜਾਣ ਦੇ ਤਾਂ ਕਿ ਹਰ ਮਨੁੱਖ ਉੱਥੋਂ ਇੱਕ-ਇੱਕ ਬੱਲੀ ਲਿਆਵੇ ਕਿ ਅਸੀਂ ਇੱਕ ਥਾਂ ਬਣਾਈਏ ਜਿਸ ਵਿੱਚ ਅਸੀਂ ਰਹਿ ਸਕੀਏ । ਉਸ ਨੇ ਆਖਿਆ, ਜਾਓ । ੩ ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਕਿਰਪਾ ਕਰ ਕੇ ਤੂੰ ਆਪਣੇ ਦਾਸਾਂ ਨਾਲ ਚੱਲ । ੪ ਅਲੀਸ਼ਾ ਨੇ ਆਖਿਆ, ਮੈਂ ਚੱਲਾਂਗਾ, ਸੋ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਜਦ ਉਹ ਯਰਦਨ ਕੋਲ ਆਏ, ਉਹ ਲੱਕੜਾਂ ਵੱਢਣ ਲੱਗੇ । ੫ ਤਦ ਅਜਿਹਾ ਹੋਇਆ ਕਿ ਟਾਹਣਾ ਵੱਢਦਿਆਂ ਇੱਕ ਦੀ ਕੁਹਾੜੀ ਦਾ ਫਲ ਪਾਣੀ ਵਿੱਚ ਡਿੱਗ ਪਿਆ । ਇਸ ਲਈ ਉਹ ਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੈਂ ਮੰਗ ਕੇ ਲਿਆਂਦੀ ਸੀ । ੬ ਤਦ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਕਿੱਥੇ ਡਿੱਗਿਆ ? ” ਉਹ ਨੇ ਉਸ ਨੂੰ ਉਹ ਥਾਂ ਵਿਖਾਇਆ ਅਤੇ ਉਸ ਨੇ ਲੱਕੜੀ ਦਾ ਇੱਕ ਡੰਡਾ ਵੱਢ ਕੇ ਉਸੇ ਥਾਂ ਪਾ ਦਿੱਤਾ, ਤਦ ਲੋਹਾ ਤਰਨ ਲੱਗ ਪਿਆ । ੭ ਉਸ ਨੇ ਆਖਿਆ, “ਉਹ ਨੂੰ ਚੁੱਕ ਲੈ ਅਤੇ ਉਹ ਨੇ ਹੱਥ ਵਧਾ ਕੇ ਉਹ ਨੂੰ ਚੁੱਕ ਲਿਆ ।”
ਅਲੀਸ਼ਾ ਅਤੇ ਅਰਾਮ ਦੀ ਸੈਨਾ
੮ ਅਰਾਮ ਦਾ ਰਾਜਾ ਇਸਰਾਏਲ ਨਾਲ ਲੜ ਰਿਹਾ ਸੀ । ਸੋ ਉਹ ਨੇ ਆਪਣੇ ਸੇਵਕਾਂ ਨਾਲ ਯੋਜਨਾ ਬਣਾਈ ਅਤੇ ਆਖਿਆ ਮੇਰਾ ਡੇਰਾ ਕਿੱਥੇ ਲੱਗੇਗਾ । ੯ ਫਿਰ ਪਰਮੇਸ਼ੁਰ ਦੇ ਜਨ ਨੇ ਇਸਰਾਏਲ ਦੇ ਰਾਜਾ ਨੂੰ ਸੁਨੇਹਾ ਭੇਜਿਆ ਕਿ ਖ਼ਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂ ਜੋ ਓਧਰ ਅਰਾਮੀ ਆ ਰਹੇ ਹਨ । ੧੦ ਅਤੇ ਇਸਰਾਏਲ ਦੇ ਰਾਜਾ ਨੇ ਉਸ ਥਾਂ ਨੂੰ ਜਿਹ ਦੇ ਬਾਰੇ ਪਰਮੇਸ਼ੁਰ ਦੇ ਜਨ ਨੇ ਚੇਤਾਵਨੀ ਦਿੱਤੀ ਸੀ, ਆਦਮੀ ਭੇਜੇ ਅਤੇ ਉੱਥੇ ਕਈ ਵਾਰ ਆਪਣਾ ਬਚਾਓ ਕੀਤਾ । ੧੧ ਤਦ ਇਸ ਗੱਲ ਦੇ ਕਾਰਨ ਅਰਾਮ ਦੇ ਰਾਜਾ ਦਾ ਮਨ ਘਬਰਾ ਗਿਆ ਅਤੇ ਉਹ ਨੇ ਆਪਣੇ ਸੇਵਕਾਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਕਿ ਸਾਡੇ ਵਿੱਚੋਂ ਕੌਣ ਆਦਮੀ ਇਸਰਾਏਲ ਦੇ ਰਾਜਾ ਵੱਲ ਹੈ ? ” ੧੨ ਤਦ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਆਖਿਆ, “ਮੇਰੇ ਸੁਆਮੀ ਤੇ ਰਾਜਾ ਕੋਈ ਨਹੀਂ, ਪਰ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਇਸਰਾਏਲ ਦੇ ਰਾਜਾ ਨੂੰ ਦੱਸਦਾ ਹੈ ।” ੧੩ ਤਦ ਉਹ ਬੋਲਿਆ, ਜਾ ਕੇ ਵੇਖੋ ਉਹ ਕਿੱਥੇ ਹੈ ਕਿ ਮੈਂ ਉਸ ਨੂੰ ਫੜ੍ਹ ਕੇ ਲੈ ਆਵਾਂ । ਫਿਰ ਉਹ ਨੂੰ ਦੱਸਿਆ ਗਿਆ ਕਿ ਵੇਖੋ ਉਹ ਦੋਥਾਨ ਵਿੱਚ ਹੈ । ੧੪ ਸੋ ਉਹ ਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਓਧਰ ਭੇਜਿਆ ਅਤੇ ਉਨ੍ਹਾਂ ਨੇ ਰਾਤੋ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ । ੧੫ ਜਦ ਪਰਮੇਸ਼ੁਰ ਦੇ ਜਨ ਦਾ ਸੇਵਕ ਸਵੇਰੇ ਉੱਠ ਕੇ ਬਾਹਰ ਗਿਆ, ਤਦ ਉਸ ਨੇ ਵੇਖਿਆ ਕਿ ਇੱਕ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ । ਤਦ ਉਸ ਦੇ ਸੇਵਕ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ ! ਅਸੀਂ ਕੀ ਕਰੀਏ ? ੧੬ ਉਸ ਨੇ ਆਖਿਆ, “ਨਾ ਡਰ, ਕਿਉਂਕਿ ਜੋ ਸਾਡੇ ਵੱਲ ਹਨ, ਉਹ ਉਨ੍ਹਾਂ ਦੇ ਨਾਲੋਂ ਜ਼ਿਆਦਾ ਹਨ ।” ੧੭ ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ ਕਿ ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਕਿ ਉਹ ਵੇਖੇ ਅਤੇ ਯਹੋਵਾਹ ਨੇ ਉਸ ਸੇਵਕ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਕਿ ਅਲੀਸ਼ਾ ਦੇ ਦੁਆਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ । ੧੮ ਜਦ ਉਹ ਅਲੀਸ਼ਾ ਵੱਲ ਆਉਣ ਲੱਗੇ ਤਦ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਆਖਿਆ ਕਿ ਇਸ ਕੌਮ ਨੂੰ ਅੰਨ੍ਹੀ ਕਰ ਦੇ । ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਅੰਨ੍ਹਿਆ ਕਰ ਦਿੱਤਾ । ੧੯ ਤਦ ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, “ਇਹ ਉਹ ਰਾਹ ਨਹੀਂ, ਨਾ ਹੀ ਉਹ ਸ਼ਹਿਰ ਹੈ ।” ਮੇਰੇ ਪਿੱਛੇ ਆਓ ਕਿ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ, ਜਿਹ ਨੂੰ ਤੁਸੀਂ ਲੱਭਦੇ ਹੋ, ਸੋ ਉਹ ਉਨ੍ਹਾਂ ਨੂੰ ਸਾਮਰਿਯਾ ਨੂੰ ਲੈ ਗਿਆ । ੨੦ ਅਤੇ ਅਜਿਹਾ ਹੋਇਆ ਜਦ ਉਹ ਸਾਮਰਿਯਾ ਵਿੱਚ ਵੜੇ ਤਦ ਅਲੀਸ਼ਾ ਨੇ ਆਖਿਆ, ਹੇ ਯਹੋਵਾਹ, ਇਨ੍ਹਾਂ ਲੋਕਾਂ ਦੀਆਂ ਅੱਖੀਆਂ ਖੋਲ੍ਹ ਕਿ ਉਹ ਵੇਖਣ । ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਨ੍ਹਾਂ ਨੇ ਵੇਖਿਆ ਕਿ ਅਸੀਂ ਸਾਮਰਿਯਾ ਦੇ ਵਿੱਚ ਹਾਂ । ੨੧ ਜਦ ਇਸਰਾਏਲ ਦੇ ਰਾਜਾ ਨੇ ਉਨ੍ਹਾਂ ਨੂੰ ਵੇਖਿਆ ਤਾਂ ਅਲੀਸ਼ਾ ਨੂੰ ਆਖਿਆ, ਹੇ ਮੇਰੇ ਪਿਤਾ, ਕੀ ਮੈਂ ਉਨ੍ਹਾਂ ਨੂੰ ਮਾਰਾਂ ? ਮੈਂ ਉਨ੍ਹਾਂ ਨੂੰ ਮਾਰਾਂ ? ੨੨ ਅੱਗੋਂ ਉਸ ਨੇ ਆਖਿਆ, ਉਨ੍ਹਾਂ ਨੂੰ ਨਾ ਮਾਰੀਂ । ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਧਣੁਖ ਨਾਲ ਗੁਲਾਮ ਬਣਾਇਆ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ ? ਉਨ੍ਹਾਂ ਦੇ ਅੱਗੇ ਰੋਟੀ ਤੇ ਪਾਣੀ ਰੱਖ ਕਿ ਉਹ ਖਾਣ-ਪੀਣ ਅਤੇ ਆਪਣੇ ਸੁਆਮੀ ਕੋਲ ਵਾਪਸ ਚਲੇ ਜਾਣ । ੨੩ ਫਿਰ ਉਸ ਨੇ ਉਨ੍ਹਾਂ ਲਈ ਵੱਡਾ ਭੋਜਨ ਤਿਆਰ ਕੀਤਾ ਅਤੇ ਜਦ ਉਹ ਖਾ ਪੀ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਅਤੇ ਉਹ ਆਪਣੇ ਸੁਆਮੀ ਕੋਲ ਚੱਲੇ ਗਏ ਅਤੇ ਅਰਾਮ ਦੇ ਦਲ ਫੇਰ ਕਦੇ ਇਸਰਾਏਲ ਦੇ ਦੇਸ ਵਿੱਚ ਨਾ ਆਏ ।
ਸਾਮਰਿਯਾ ਦੀ ਘੇਰਾਬੰਦੀ
੨੪ ਪਰ ਇਹ ਦੇ ਬਾਅਦ ਅਜਿਹਾ ਹੋਇਆ ਕਿ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਫੌਜ ਨੂੰ ਇਕੱਠੀ ਕਰਕੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ । ੨੫ ਸਾਮਰਿਯਾ ਵਿੱਚ ਮਹਾਂ ਕਾਲ ਪੈ ਗਿਆ ਅਤੇ ਵੇਖੋ, ਉਹਨਾਂ ਨੇ ਉਹ ਨੂੰ ਘੇਰੀ ਰੱਖਿਆ, ਐਥੋਂ ਤੱਕ ਕਿ ਗਧੇ ਦਾ ਸਿਰ ਅੱਸੀ ਰੁਪਏ ਨੂੰ ਤੇ ਕਬੂਤਰ ਦੀ ਵਿੱਠ ਦਾ ਅੱਧਾ ਸੇਰ ਪੰਜ ਰੁਪਏ ਨੂੰ ਵਿਕਣ ਲੱਗ ਪਿਆ । ੨੬ ਤਦ ਅਜਿਹਾ ਹੋਇਆ ਜਦ ਇਸਰਾਏਲ ਦਾ ਰਾਜਾ ਕੰਧ ਉੱਤੇ ਘੁੰਮ ਰਿਹਾ ਸੀ ਤਾਂ ਇੱਕ ਔਰਤ ਨੇ ਇਹ ਆਖ ਕੇ ਉਹ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਰਾਜਾ, ਬਚਾ ਲਓ । ੨੭ ਉਸ ਨੇ ਅੱਗੋਂ ਆਖਿਆ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਵੇ ਤਾਂ ਮੈਂ ਤੈਨੂੰ ਕਿੱਥੋਂ ਬਚਾਵਾਂ ? ਕੀ ਖਲਵਾੜੇ ਤੋਂ ਜਾਂ ਦਾਖ ਦੇ ਚੁਬੱਚੇ ਤੋਂ ? ” ੨੮ ਰਾਜਾ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ ? ” ਉਹ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਅਸੀਂ ਅੱਜ ਉਹ ਨੂੰ ਖਾਈਏ ਅਤੇ ਮੇਰੇ ਪੁੱਤਰ ਨੂੰ ਅਸੀਂ ਕੱਲ ਖਾ ਲਵਾਗੀਆਂ । ੨੯ ਸੋ ਮੇਰੇ ਪੁੱਤਰ ਨੂੰ ਅਸੀਂ ਪਕਾਇਆ ਤੇ ਖਾ ਲਿਆ ਅਤੇ ਅਗਲੇ ਦਿਨ ਮੈਂ ਉਹ ਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਉਹ ਨੂੰ ਖਾਈਏ, ਪਰ ਉਹ ਨੇ ਆਪਨੇ ਪੁੱਤਰ ਨੂੰ ਲੁਕਾ ਲਿਆ ।” ੩੦ ਜਦ ਰਾਜੇ ਨੇ ਉਸ ਔਰਤ ਦੀਆਂ ਗੱਲਾਂ ਸੁਣੀਆਂ ਤੇ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਨੇ ਵੇਖਿਆ ਕਿ ਉਹ ਦੇ ਸਰੀਰ ਉੱਤੇ ਟਾਟ ਹੈ । ੩੧ ਉਹ ਨੇ ਆਖਿਆ ਕਿ ਜੇ ਅੱਜ ਸ਼ਾਫਾਤ ਦੇ ਪੁੱਤਰ ਅਲੀਸ਼ਾ ਦਾ ਸਿਰ ਉਹ ਦੇ ਤਨ ਉੱਤੇ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸੇ ਤਰ੍ਹਾਂ ਸਗੋਂ ਇਹ ਦੇ ਨਾਲੋਂ ਵੀ ਵਧ ਕੇ ਕਰੇ । ੩੨ ਜਦ ਅਲੀਸ਼ਾ ਆਪਣੇ ਘਰ ਬੈਠਾ ਸੀ, ਬਜ਼ੁਰਗ ਉਹ ਦੇ ਨਾਲ ਬੈਠੇ ਸਨ ਤਦ ਰਾਜਾ ਨੇ ਆਪਣੇ ਅੱਗੋਂ ਇੱਕ ਆਦਮੀ ਨੂੰ ਭੇਜਿਆ । ਇਸ ਤੋਂ ਪਹਿਲਾਂ ਕਿ ਸੰਦੇਸ਼ਵਾਹਕ ਉਸ ਦੇ ਕੋਲ ਪਹੁੰਚੇ, ਉਸ ਨੇ ਆਪ ਹੀ ਬਜ਼ੁਰਗਾਂ ਨੂੰ ਆਖਿਆ ਕਿ ਤੁਸੀਂ ਵੇਖਦੇ ਹੋ ਕਿ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ ? ਵੇਖੋ, ਜਦ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜਾ ਬੰਦ ਕਰਕੇ ਉਸ ਨੂੰ ਰੋਕੀ ਰੱਖਿਓ । ਕੀ ਉਸ ਦੇ ਪਿੱਛੋਂ ਉਸ ਦੇ ਸੁਆਮੀ ਦੇ ਪੈਰਾਂ ਦੀ ਅਵਾਜ਼ ? ਨਹੀਂ ? ੩੩ ਜਦੋਂ ਉਹ ਉਨ੍ਹਾਂ ਨਾਲ ਗੱਲਾਂ ਹੀ ਕਰਦਾ ਸੀ ਕਿ ਵੇਖੋ, ਉਹ ਸੰਦੇਸ਼ਵਾਹਕ ਉਹ ਦੇ ਕੋਲ ਆ ਪਹੁੰਚਿਆ ਅਤੇ ਆਖਿਆ ਕਿ ਵੇਖੋ, ਇਹ ਮੁਸੀਬਤ ਯਹੋਵਾਹ ਦੀ ਵੱਲੋਂ ਹੈ । ਹੁਣ ਮੈਂ ਅੱਗੇ ਨੂੰ ਯਹੋਵਾਹ ਦੀ ਉਡੀਕ ਕਿਉਂ ਕਰਾਂ ?