੧੯
ਰਾਜਾ ਦਾ ਯਸਾਯਾਹ ਤੋਂ ਸਲਾਹ ਮੰਗਣਾ
(ਯਸਾਯਾਹ 37:1-7)
੧ ਜਦੋਂ ਹਿਜ਼ਕੀਯਾਹ ਰਾਜਾ ਨੇ ਇਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਟਾਟ ਵਲ੍ਹੇਟਿਆ ਅਤੇ ਯਹੋਵਾਹ ਦੇ ਭਵਨ ਵਿੱਚ ਗਿਆ । ੨ ਅਤੇ ਅਲਯਾਕੀਮ ਨੂੰ ਜੋ ਮਹਿਲ ਦਾ ਮੁਖਤਿਆਰ ਸੀ ਅਤੇ ਸ਼ਬਨਾ ਮੁਨੀਮ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਟਾਟ ਪੁਆ ਕੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਕੋਲ ਭੇਜਿਆ । ੩ ਅਤੇ ਉਨ੍ਹਾਂ ਨੇ ਉਹ ਨੂੰ ਆਖਿਆ, ਹਿਜ਼ਕੀਯਾਹ ਇਸ ਤਰ੍ਹਾਂ ਆਖਦਾ ਹੈ ਕਿ ਇਹ ਦਿਨ ਦੁੱਖ, ਘੂਰ ਅਤੇ ਬੇਪਤੀ ਦਾ ਦਿਨ ਹੈ, ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਹੈ । ੪ ਕੀ ਪਤਾ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਸਭ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਰਾਜਾ ਨੇ ਭੇਜਿਆ ਹੈ ਕਿ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ ਸ਼ਾਇਦ ਉਹ ਉਨ੍ਹਾਂ ਤੇ ਝਿੜਕੇ । ਇਸ ਲਈ ਤੂੰ ਬਚਿਆਂ ਖੁਚਿਆਂ ਲਈ ਜੋ ਰਹਿ ਗਏ ਹਨ, ਪ੍ਰਾਰਥਨਾ ਕਰ । ੫ ਸੋ ਹਿਜ਼ਕੀਯਾਹ ਰਾਜਾ ਦੇ ਸੇਵਕ ਯਸਾਯਾਹ ਦੇ ਕੋਲ ਆਏ । ੬ ਅਤੇ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਆਪਣੇ ਸੁਆਮੀ ਨੂੰ ਇਸ ਤਰ੍ਹਾਂ ਆਖਿਓ ਕਿ ਯਹੋਵਾਹ ਇਹ ਆਖਦਾ ਹੈ, ਤੂੰ ਉਹਨਾਂ ਗੱਲਾਂ ਤੋਂ ਜੋ ਤੂੰ ਸੁਣੀਆਂ ਹਨ ਜਿਨ੍ਹਾਂ ਨਾਲ ਅੱਸ਼ੂਰ ਦੇ ਰਾਜਾ ਦੇ ਨੌਕਰਾਂ ਨੇ ਮੇਰੇ ਉੱਤੇ ਕੁਫ਼ਰ ਬਕਿਆ ਹੈ, ਨਾ ਡਰੀਂ । ੭ ਵੇਖ ਮੈਂ ਉਹ ਦੇ ਵਿੱਚ ਇੱਕ ਅਜਿਹੀ ਰੂਹ ਪਾਵਾਂਗਾ ਕਿ ਉਹ ਅਫ਼ਵਾਹ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉੱਸੇ ਦੇ ਦੇਸ ਵਿੱਚ ਤਲਵਾਰ ਨਾਲ ਡੇਗ ਦਿਆਂਗਾ ।
ਅੱਸ਼ੂਰ ਦੀ ਧਮਕੀ
(ਯਸਾਯਾਹ 37:8-20)
੮ ਸੋ ਰਬਸ਼ਾਕੇਹ ਮੁੜ ਗਿਆ ਅਤੇ ਅੱਸ਼ੂਰ ਦੇ ਰਾਜਾ ਨੂੰ ਲਿਬਨਾਹ ਦੇ ਵਿਰੁੱਧ ਜੁੱਧ ਕਰਦਿਆਂ ਪਾਇਆ, ਕਿਉਂ ਜੋ ਉਹ ਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਉੱਠ ਗਿਆ ਹੈ । ੯ ਜਦ ਉਹ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਵਿਖੇ ਇਹ ਸੁਣਿਆ ਕਿ ਵੇਖ ਉਹ ਤੇਰੇ ਨਾਲ ਲੜਨ ਨੂੰ ਨਿੱਕਲਿਆ ਹੈ, ਤਾਂ ਉਹ ਨੇ ਇਹ ਆਖ ਕੇ ਹਿਜ਼ਕੀਯਾਹ ਵੱਲ ਫੇਰ ਹਲਕਾਰੇ ਭੇਜੇ । ੧੦ ਕਿ ਤੁਸੀਂ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੂੰ ਇਸ ਤਰ੍ਹਾਂ ਆਖਿਓ ਕਿ ਤੇਰਾ ਪਰਮੇਸ਼ੁਰ ਜਿਹ ਦੇ ਉੱਤੇ ਤੇਰਾ ਭਰੋਸਾ ਹੈ ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅੱਸ਼ੂਰ ਦੇ ਰਾਜਾ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ । ੧੧ ਵੇਖ ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰਕੇ ਉਹਨਾਂ ਨਾਲ ਕੀ ਕੀਤਾ । ਕੀ ਤੂੰ ਹੀ ਛੁੱਟ ਜਾਵੇਂਗਾ ? ੧੨ ਕੀ ਉਹਨਾਂ ਕੌਮਾਂ ਦੇ ਦੇਵਤਿਆਂ ਨੇ ਉਹਨਾਂ ਨੂੰ ਅਰਥਾਤ ਗੋਜ਼ਾਨ, ਹਾਰਾਨ, ਰਸ਼ਫ਼ ਅਤੇ ਅਦਨ ਦੇ ਪੁੱਤਰਾਂ ਨੂੰ ਜੋ ਤੱਲਾਸਾਰ ਵਿੱਚ ਸਨ, ਜਿਨ੍ਹਾਂ ਨੂੰ ਮੇਰੇ ਪਿਉ-ਦਾਦਿਆਂ ਨੇ ਨਾਸ ਕੀਤਾ ਛੁਡਾਇਆ ਸੀ ? ੧੩ ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫ਼ਰਵਇਮ ਸ਼ਹਿਰ ਦਾ, ਹੇਨਾ ਅਤੇ ਇੱਵਾਹ ਦੇ ਰਾਜੇ ਕਿੱਥੇ ਹਨ ? ੧੪ ਜਦ ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਦੇ ਹੱਥੋਂ ਉਹ ਪੱਤਰ ਲੈ ਕੇ ਪੜ੍ਹਿਆ, ਤਦ ਯਹੋਵਾਹ ਦੇ ਭਵਨ ਵਿੱਚ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ । ੧੫ ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਬਿਰਾਜਣ ਵਾਲੇ, ਧਰਤੀ ਦੇ ਸਾਰੇ ਰਾਜਾਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ । ਤੂੰ ਅਕਾਸ਼ ਤੇ ਧਰਤੀ ਨੂੰ ਬਣਾਇਆ । ੧੬ ਹੇ ਯਹੋਵਾਹ, ਆਪਣਾ ਕੰਨ ਲਾ ਅਤੇ ਸੁਣ ! ਹੇ ਯਹੋਵਾਹ, ਆਪਣੀਆਂ ਅੱਖਾਂ ਖੋਲ੍ਹ ਅਤੇ ਵੇਖ ! ਤੂੰ ਸਨਹੇਰੀਬ ਦੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਹ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਭੇਜੀਆਂ ਹਨ । ੧੭ ਹੇ ਯਹੋਵਾਹ, ਅੱਸ਼ੂਰ ਦੇ ਰਾਜਿਆਂ ਨੇ ਸੱਚ-ਮੁੱਚ ਕੌਮਾਂ ਦੇ ਉਹਨਾਂ ਦੇ ਦੇਸਾਂ ਨੂੰ ਨਾਸ ਕੀਤਾ ਹੈ । ੧੮ ਅਤੇ ਉਹਨਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਪਾ ਦਿੱਤਾ, ਕਿਉਂ ਜੋ ਉਹ ਦੇਵਤੇ ਵੀ ਨਹੀਂ ਸਨ, ਸਗੋਂ ਮਨੁੱਖਾਂ ਦੇ ਹੱਥਾਂ ਦੀ ਕਾਰੀਗਰੀ ਅਤੇ ਲੱਕੜੀ ਤੇ ਪੱਥਰ ਸਨ, ਸੋ ਉਨ੍ਹਾਂ ਨੇ ਉਹਨਾਂ ਨੂੰ ਨਾਸ ਕਰ ਦਿੱਤਾ । ੧੯ ਇਸ ਲਈ ਹੁਣ ਹੇ ਯਹੋਵਾਹ ਸਾਡੇ ਪਰਮੇਸ਼ੁਰ, ਮੈਂ ਤੇਰੀ ਮਿੰਨਤ ਕਰਦਾ ਹਾਂ, ਤੂੰ ਸਾਨੂੰ ਉਹ ਦੇ ਹੱਥੋਂ ਬਚਾ ਤਾਂ ਜੋ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਤੂੰ ਹੀ ਯਹੋਵਾਹ ਇਕੱਲਾ ਪਰਮੇਸ਼ੁਰ ਹੈਂ ।
ਰਾਜਾ ਦੇ ਲਈ ਯਸਾਯਾਹ ਦਾ ਸੰਦੇਸ਼
(ਯਸਾਯਾਹ 37:21-38)
੨੦ ਤਦ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਜਿਹੜੀ ਪ੍ਰਾਰਥਨਾ ਤੂੰ ਅੱਸ਼ੂਰ ਦੇ ਰਾਜਾ ਸਨਹੇਰੀਬ ਦੇ ਵਿਖੇ ਮੇਰੇ ਅੱਗੇ ਕੀਤੀ ਹੈ, ਉਹ ਮੈਂ ਸੁਣ ਲਈ ਹੈ । ੨੧ ਉਹ ਦੇ ਵਿਖੇ ਜੋ ਬਚਨ ਯਹੋਵਾਹ ਨੇ ਆਖਿਆ ਹੈ, ਸੋ ਇਹ ਹੈ, ਸੀਯੋਨ ਦੀ ਕੁਆਰੀ ਧੀ, ਤੈਨੂੰ ਤੁੱਛ ਜਾਣਦੀ ਉਹ ਤੈਨੂੰ ਮਖੌਲ ਕਰਦੀ ਹੈ, ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ । ੨੨ ਤੂੰ ਕਿਸਨੂੰ ਬੋਲੀਆਂ ਮਾਰੀਆਂ ਅਤੇ ਕਿਸਨੂੰ ਕੁਫ਼ਰ ਬਕਿਆ ? ਕਿਸ ਦੇ ਵਿਰੁੱਧ ਤੂੰ ਆਪਣੀ ਅਵਾਜ਼ ਉੱਚੀ ਕੀਤੀ ? ਹਾਂ, ਤੂੰ ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ ਘੁਮੰਡ ਨਾਲ, ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ । ੨੩ ਤੂੰ ਆਪਣਿਆਂ ਸੰਦੇਸ਼ਵਾਹਕਾਂ ਦੇ ਰਾਹੀਂ ਪ੍ਰਭੁ ਨੂੰ ਬੋਲੀਆਂ ਮਾਰੀਆਂ ਅਤੇ ਆਖਿਆ ਹੈ, ਮੈਂ ਆਪਣੇ ਬਾਹਲਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਸਗੋਂ ਲਬਾਨੋਨ ਦੇ ਵਿੱਚਕਾਰ ਤੱਕ ਚੜ੍ਹ ਆਇਆ ਹਾਂ, ਮੈਂ ਉਹ ਦੇ ਉੱਚੇ ਤੋਂ ਉੱਚੇ ਦਿਆਰ, ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡਿਆ ਅਤੇ ਉਹ ਦੀ ਟੀਸੀ ਦੇ ਟਿਕਾਣਿਆਂ ਵਿੱਚ ਅਤੇ ਉਹ ਦੀ ਬਣ ਵਾੜੀ ਵਿੱਚ ਜਾ ਵੜਿਆ । ੨੪ ਮੈਂ ਤਾਂ ਪੁੱਟ ਪੁੱਟ ਕੇ ਪਰਦੇਸਾਂ ਦਾ ਪਾਣੀ ਪੀਤਾ ਹੈ ਅਤੇ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮੁਕਾ ਦਿੱਤਾ । ੨੫ ਕੀ ਤੂੰ ਨਹੀਂ ਸੁਣਿਆ ਕਿ ਬਹੁਤ ਸਮਾਂ ਪਹਿਲਾਂ, ਮੈਂ ਇਹੋ ਠਾਣ ਲਿਆ ਸੀ ਅਤੇ ਪੁਰਾਣਿਆਂ ਦਿਨਾਂ ਵਿੱਚ ਮੈਂ ਇਹ ਦੇ ਲਈ ਕੰਮ ਕੀਤਾ ਸੀ ? ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ, ਪਰ ਗੜ੍ਹ ਵਾਲਿਆਂ ਸ਼ਹਿਰਾਂ ਨੂੰ ਉਜਾੜ ਪੁਜਾੜ ਕੇ ਵਿਰਾਨ ਕਰ ਛੱਡੇਂ । ੨੬ ਸੋ ਉਨ੍ਹਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ, ਘਾਬਰ ਗਏ ਅਤੇ ਵਿਅਕੁਲ ਕੀਤੇ ਗਏ, ਉਹ ਖੇਤ ਦੇ ਸਾਗ ਪੱਤ ਅਤੇ ਹਰੀ ਅੰਗੂਰੀ ਵਰਗੇ ਹੋ ਗਏ ਅਤੇ ਛੱਤ ਉੱਤੇ ਦਾ ਘਾਹ ਅਤੇ ਅੰਨ ਵਾਂਗੂ ਹੋ ਗਏ, ਜੋ ਉੱਗਣ ਤੋਂ ਪਹਿਲਾਂ ਹੀ ਸੁੱਕ ਜਾਵੇ । ੨੭ ਪਰ ਮੈਂ ਤੇਰਾ ਬੈਠਣਾ ਤੇ ਤੇਰਾ ਅੰਦਰ-ਬਾਹਰ ਆਉਣਾ ਜਾਣਾ ਅਤੇ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ । ੨੮ ਇਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ ਅਤੇ ਤੇਰਾ ਰੌਲਾ ਮੇਰੇ ਕੰਨਾਂ ਤੱਕ ਪਹੁੰਚਿਆ ਹੈ, ਸੋ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਜਿਹੜੇ ਰਾਹ ਤੂੰ ਆਇਆ ਉਸੇ ਰਾਹ ਤੈਨੂੰ ਪਿੱਛੇ ਮੋੜ ਦਿਆਂਗਾ । ੨੯ ਤੇਰੇ ਲਈ ਇਹ ਨਿਸ਼ਾਨ ਹੋਵੇਗਾ । ਇਸ ਸਾਲ ਉਹ ਖਾਓ ਜੋ ਕਿਰੇ ਹੋਏ ਬੀ ਤੋਂ ਉੱਗੇ, ਦੂਜੇ ਸਾਲ ਉਹ ਜੋ ਬਾਅਦ ਵਿੱਚ ਉਤਪਤ ਹੋਵੇ, ਤਦ ਤੀਜੇ ਸਾਲ ਤੁਸੀਂ ਬੀ ਬੀਜੋ ਤੇ ਵੱਢੋ, ਅੰਗੂਰੀ ਬਾਗ ਲਾਓ ਅਤੇ ਉਨ੍ਹਾਂ ਦਾ ਫਲ ਖਾਓ । ੩੦ ਤਦ ਉਹ ਬਚੇ ਖੁਚੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਰਹੇ ਹਨ, ਫੇਰ ਹੇਠਾਂ ਨੂੰ ਜਦ ਫੜ੍ਹ ਕੇ ਉਤਾਹਾਂ ਫਲ ਲਿਆਉਣਗੇ । ੩੧ ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ ਅਤੇ ਬਚੇ ਖੁਚੇ ਸੀਯੋਨ ਪਰਬਤ ਵਿੱਚੋਂ ਨਿਕੱਲਣਗੇ । ਯਹੋਵਾਹ ਦੀ ਅਣਖ ਇਹ ਕਰੇਗੀ । ੩੨ ਇਸ ਲਈ ਅੱਸ਼ੂਰ ਦੇ ਰਾਜਾ ਦੇ ਬਾਰੇ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਉੱਥੇ ਬਾਣ ਚਲਾਵੇਗਾ । ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ ਤੇ ਨਾ ਉਹ ਦੇ ਅੱਗੇ ਘੇਰਾ ਬਣਾਵੇਗਾ । ੩੩ ਜਿਹੜੇ ਰਾਹ ਉਹ ਆਇਆ ਉਸੇ ਰਾਹ ਮੁੜ ਜਾਵੇਗਾ ਅਤੇ ਉਹ ਇਸ ਸ਼ਹਿਰ ਕੋਲ ਨਾ ਆਵੇਗਾ, ਇਹ ਯਹੋਵਾਹ ਦਾ ਵਾਕ ਹੈ । ੩੪ ਇਸ ਤਰਾਂ ਮੈਂ ਆਪਣੇ ਨਮਿੱਤ ਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਇਹ ਨੂੰ ਸਾਂਭ ਰੱਖਾਂਗਾ । ੩੫ ਫਿਰ ਇਸ ਤਰ੍ਹਾਂ ਹੋਇਆ ਕਿ ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਛੱਡੇ ਅਤੇ ਜਦ ਲੋਕ ਸਵੇਰੇ ਉੱਠੇ, ਤਾਂ ਵੇਖੋ ਉਹ ਸਭ ਲੋਥਾਂ ਹੀ ਲੋਥਾਂ ਸਨ । ੩੬ ਸੋ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਤੁਰ ਪਿਆ ਅਤੇ ਮੁੜ ਕੇ ਨੀਨਵਾਹ ਵਿੱਚ ਜਾ ਰਿਹਾ । ੩੭ ਫੇਰ ਇਸ ਤਰ੍ਹਾਂ ਹੋਇਆ ਜਦ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਅਦਰਮਲਕ ਅਤੇ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਛੱਡਿਆ ਅਤੇ ਉਹ ਅਰਾਰਾਤ ਦੇ ਦੇਸ ਨੂੰ ਭੱਜ ਗਏ ਅਤੇ ਉਹ ਦਾ ਪੁੱਤਰ ਏਸਰ ਹਦੋਨੇ ਉਹ ਦੇ ਥਾਂ ਰਾਜ ਕਰਨ ਲੱਗਾ ।