੧੦
ਅਮੋਨੀਆਂ ਅਤੇ ਅਰਾਮੀਆਂ ਦੀ ਹਾਰ
(1 ਇਤਿਹਾਸ 17:1-19)
੧ ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦੇ ਪੁੱਤਰ ਹਾਨੂਨ ਨੇ ਉਸ ਦੇ ਥਾਂ ਰਾਜ ਕੀਤਾ । ੨ ਤਦ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ ਜਿਵੇਂ ਉਹ ਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ ਸੋ ਦਾਊਦ ਨੇ ਉਹ ਦੇ ਪਿਤਾ ਦੇ ਵਿਖੇ ਉਹ ਦੇ ਕੋਲ ਤੱਸਲੀ ਦੇਣ ਲਈ ਆਪਣੇ ਸੇਵਕ ਭੇਜੇ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ਼ ਵਿੱਚ ਗਏ । ੩ ਪਰ ਅੰਮੋਨੀਆਂ ਦੇ ਪ੍ਰਧਾਨਾਂ ਨੇ ਆਪਣੇ ਮਾਲਕ ਹਾਨੂਨ ਨੂੰ ਆਖਿਆ, ਭਲਾ, ਤੈਨੂੰ ਇਹ ਧਿਆਨ ਹੈ ਜੋ ਦਾਊਦ ਤੇਰੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਤੱਸਲੀ ਦੇਣ ਲਈ ਤੇਰੇ ਕੋਲ ਲੋਕ ਭੇਜੇ ਹਨ ? ਭਲਾ, ਦਾਊਦ ਨੇ ਆਪਣੇ ਸੇਵਕ ਤੇਰੇ ਕੋਲ ਇਸ ਲਈ ਨਹੀਂ ਭੇਜੇ ਜੋ ਸ਼ਹਿਰ ਦਾ ਹਾਲ ਵੇਖ ਲੈਣ ਅਤੇ ਉਹ ਦਾ ਭੇਤ ਲੈਣ ਜੋ ਸ਼ਹਿਰ ਨੂੰ ਨਾਸ਼ ਕਰਨ ? ੪ ਤਦ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ ਲਿਆ ਅਤੇ ਸਾਰਿਆਂ ਦੀ ਅੱਧੀ-ਅੱਧੀ ਦਾੜੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਲੀੜੇ ਅੱਧ ਵਿਚਕਾਰੋਂ ਲੱਕ ਤੱਕ ਫਾੜ ਸੁੱਟੇ ਅਤੇ ਉਨ੍ਹਾਂ ਨੂੰ ਤੋਰ ਦਿੱਤਾ । ੫ ਜਦ ਦਾਊਦ ਨੂੰ ਖ਼ਬਰ ਮਿਲੀ ਤਾਂ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਲੋਕ ਭੇਜੇ ਕਿਉਂ ਜੋ ਓਹ ਮਨੁੱਖ ਬਹੁਤ ਲੱਜਿਆਵਾਨ ਹੋਏ ਸੋ ਰਾਜਾ ਨੇ ਆਖਿਆ, ਜਦ ਤੱਕ ਤੁਹਾਡੀਆਂ ਦਾੜ੍ਹੀਆਂ ਨਾ ਵਧਣ ਯਰੀਹੋ ਸ਼ਹਿਰ ਵਿੱਚ ਰਹੋ, ਇਸ ਤੋਂ ਬਾਅਦ ਹੀ ਵਾਪਸ ਆ ਜਾਣਾ । ੬ ਅੰਮੋਨੀਆਂ ਨੇ ਜਦ ਵੇਖਿਆ ਕਿ ਅਸੀਂ ਦਾਊਦ ਅੱਗੇ ਬੁਰੇ ਠਹਿਰੇ ਹਾਂ ਅੰਮੋਨੀਆਂ ਨੇ ਲੋਕ ਭੇਜੇ ਅਤੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਦੇ ਵੀਹ ਹਜ਼ਾਰ ਪਿਆਦੇ ਲਏ ਅਤੇ ਮਆਕਾਹ ਦੇ ਰਾਜਾ ਤੋਂ ਹਜ਼ਾਰ ਮਨੁੱਖਾਂ ਨੂੰ ਅਤੇ ਬਾਰਾਂ ਹਜ਼ਾਰ ਟੋਬ ਦੇ ਮਨੁੱਖਾਂ ਨੂੰ ਭਾੜੇ ਤੇ ਰੱਖਿਆ । ੭ ਇਹ ਸੁਣ ਕੇ ਦਾਊਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾ ਨੂੰ ਭੇਜਿਆ । ੮ ਤਦ ਅੰਮੋਨੀ ਨਿੱਕਲੇ ਅਤੇ ਸ਼ਹਿਰ ਦੇ ਫਾਟਕ ਦੇ ਲਾਂਘੇ ਕੋਲ ਲੜਾਈ ਦੇ ਲਈ ਕਤਾਰ ਬੰਨ੍ਹੀ । ਅਤੇ ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਟੋਬ ਅਤੇ ਮਆਕਾਹ ਦੇ ਮਨੁੱਖ ਮੈਦਾਨ ਵਿੱਚ ਵੱਖਰੇ ਰਹੇ । ੯ ਜਦ ਯੋਆਬ ਨੇ ਵੇਖਿਆ ਕਿ ਉਨ੍ਹਾਂ ਦੇ ਵਿਰੁੱਧ ਦੋਹੀਂ ਪਾਸੀਂ, ਅੱਗੇ-ਪਿੱਛੇ ਲੜਾਈ ਲਈ ਕਤਾਰ ਬੰਨ੍ਹੀ ਗਈ ਹੈ ਤਾਂ ਉਸ ਨੇ ਇਸਰਾਏਲ ਵਿੱਚੋਂ ਚੰਗੇ ਮਨੁੱਖ ਚੁਣ ਲਏ ਅਤੇ ਅਰਾਮੀਆਂ ਦੇ ਸਾਹਮਣੇ ਕਤਾਰ ਬੰਨ੍ਹੀ । ੧੦ ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਕਤਾਰ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹੱਥ ਸੌਂਪ ਦਿੱਤਾ । ੧੧ ਅਤੇ ਆਖਿਆ, ਜੇਕਰ ਅਰਾਮੀ ਮੇਰੇ ਵਿਰੁੱਧ ਪਰਬਲ ਹੋਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੇਨੀ ਤੇਰੇ ਉੱਤੇ ਜੋਰ ਪਾਉਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ । ੧੨ ਸੋ ਤਕੜੇ ਰਹੀਏ, ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਦੇ ਲਈ ਪੁਰਸ਼ਾਰਥ ਕਰੀਏ ਅਤੇ ਜੋ ਯਹੋਵਾਹ ਨੂੰ ਚੰਗਾ ਲੱਗੇ, ਉਹੀ ਕਰੇ । ੧੩ ਫਿਰ ਯੋਆਬ ਅਤੇ ਓਹ ਲੋਕ ਜੋ ਉਸ ਦੇ ਨਾਲ ਸਨ ਅਰਾਮੀਆਂ ਦੇ ਉੱਤੇ ਹਮਲਾ ਕਰਨ ਨੂੰ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗਿਓਂ ਭੱਜ ਗਏ । ੧੪ ਅਤੇ ਅੰਮੋਨੀ ਵੀ ਇਹ ਵੇਖ ਕੇ ਕਿ ਅਰਾਮੀ ਨੱਠ ਗਏ ਹਨ ਤਾਂ ਓਹ ਵੀ ਅਬੀਸ਼ਈ ਦੇ ਅੱਗੋਂ ਨੱਠ ਗਏ ਫੇਰ ਸ਼ਹਿਰ ਵਿੱਚ ਜਾ ਵੜੇ ਤਾਂ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਮੁੜ ਕੇ ਯਰੂਸ਼ਲਮ ਵਿੱਚ ਆਇਆ । ੧੫ ਜਦ ਅਰਾਮੀਆਂ ਨੇ ਵੇਖਿਆ ਜੋ ਅਸੀਂ ਇਸਰਾਏਲ ਦੇ ਅੱਗੇ ਹਾਰ ਗਏ ਹਾਂ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇੱਕਠਿਆਂ ਕੀਤਾ । ੧੬ ਅਤੇ ਹਦਦਅਜ਼ਰ ਨੇ ਲੋਕ ਭੇਜੇ ਅਤੇ ਅਰਾਮੀਆਂ ਨੂੰ ਜੋ ਦਰਿਆ ਦੇ ਪਾਰ ਸਨ ਲੈ ਆਇਆ ਅਤੇ ਓਹ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਆਰਾਮੀ ਫੌਜ ਦਾ ਪ੍ਰਧਾਨ ਸੀ, ਉਨ੍ਹਾਂ ਦੇ ਅੱਗੇ ਤੁਰਿਆ । ੧੭ ਇਹ ਸੁਣ ਕੇ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ ਅਤੇ ਯਰਦਨੋਂ ਪਾਰ ਲੰਘ ਕੇ ਹੇਲਾਮ ਤੱਕ ਆਇਆ । ਅਰਾਮੀਆਂ ਨੇ ਦਾਊਦ ਦੇ ਸਾਹਮਣੇ ਕਤਾਰ ਬੰਨ੍ਹੀ ਅਤੇ ਉਸ ਨਾਲ ਲੜੇ ੧੮ ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਸੌ ਰਥ ਸਵਾਰ ਅਤੇ ਚਾਲ੍ਹੀ ਹਜ਼ਾਰ ਸਵਾਰ ਵੱਢ ਸੁੱਟੇ ਅਤੇ ਉਨ੍ਹਾਂ ਦੇ ਸੈਨਾਪਤੀ ਸ਼ੋਬਕ ਨੂੰ ਅਜਿਹਾ ਮਾਰਿਆ ਜੋ ਉਹ ਉੱਥੇ ਹੀ ਮਰ ਗਿਆ । ੧੯ ਜਦ ਉਨ੍ਹਾਂ ਰਾਜਿਆਂ ਨੇ ਜੋ ਹਦਦਅਜ਼ਰ ਦੇ ਅਧੀਨ ਸਨ ਵੇਖਿਆ ਕਿ ਓਹ ਇਸਰਾਏਲ ਅੱਗੇ ਹਾਰ ਗਏ ਹਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸਮਝੋਤਾ ਕੀਤਾ ਅਤੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ । ਇਸ ਲਈ, ਅਰਾਮੀ ਅੰਮੋਨੀਆਂ ਦੀ ਫੇਰ ਸਹਾਇਤਾ ਕਰਨ ਤੋਂ ਡਰੇ ।