੧੬
ਦਾਊਦ ਅਤੇ ਸੀਬਾ
੧ ਜਦ ਦਾਊਦ ਪਹਾੜ ਦੀ ਟੀਸੀ ਤੋਂ ਕੁਝ ਅੱਗੇ ਵੱਧਿਆ ਤਾਂ ਮਫ਼ੀਬੋਸ਼ਥ ਦਾ ਸੇਵਕ ਸੀਬਾ, ਕਾਠੀ ਕੱਸੇ ਹੋਏ ਦੋ ਗਧੇ ਜਿਨ੍ਹਾਂ ਉੱਤੇ ਦੋ ਸੋ ਰੋਟੀਆਂ, ਸੌ ਦਾਖਾਂ ਦੇ ਗੁੱਛੇ, ਸੌ ਹੰਜੀਰ ਦੇ ਫਲ ਅਤੇ ਇੱਕ ਮਸ਼ਕ ਮਧ ਲੱਦੀ ਹੋਈ ਸੀ, ਲੈ ਕੇ ਉਸ ਨੂੰ ਮਿਲਣ ਲਈ ਆਇਆ । ੨ ਰਾਜੇ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਉਦੇਸ਼ ਹੈ ? ਸੀਬਾ ਨੇ ਆਖਿਆ, ਇਹ ਗਧੇ ਰਾਜਾ ਦੇ ਘਰਾਣੇ ਦੀ ਸਵਾਰੀ ਲਈ ਹਨ ਅਤੇ ਰੋਟੀਆਂ ਅਤੇ ਹੰਜੀਰ ਦੇ ਫਲ ਜੁਆਨਾਂ ਦੇ ਖਾਣ ਲਈ ਹਨ ਅਤੇ ਇਹ ਮਧ ਇਸ ਲਈ ਹੈ ਕਿ ਜੋ ਉਜਾੜ ਵਿੱਚ ਥੱਕ ਜਾਣ, ਉਹ ਇਸ ਨੂੰ ਪੀ ਲੈਣ । ੩ ਰਾਜਾ ਨੇ ਪੁੱਛਿਆ, ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ ? ਸੀਬਾ ਨੇ ਰਾਜਾ ਨੂੰ ਆਖਿਆ, ਵੇਖੋ, ਉਹ ਯਰੂਸ਼ਲਮ ਵਿੱਚ ਹੈ, ਕਿਉਂ ਜੋ ਉਹ ਆਖਦਾ ਹੈ ਕਿ ਇਸਰਾਏਲ ਦਾ ਘਰਾਣਾ ਅੱਜ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ । ੪ ਤਦ ਰਾਜਾ ਨੇ ਸੀਬਾ ਨੂੰ ਆਖਿਆ, ਵੇਖ, ਜੋ ਕੁਝ ਮਫੀਬੋਸ਼ਥ ਦਾ ਹੈ, ਉਹ ਸਭ ਕੁਝ ਤੇਰਾ ਹੋਇਆ । ਤਦ ਸੀਬਾ ਨੇ ਆਖਿਆ, ਮੈਂ ਤੁਹਾਡੇ ਅੱਗੇ ਗੋਡੇ ਨਿਵਾਉਂਦਾ ਹਾਂ, ਮੇਰੇ ਮਹਾਰਾਜ ਰਾਜਾ ਦੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੋਵੇ ।
ਦਾਊਦ ਅਤੇ ਸ਼ਿਮਈ
੫ ਫਿਰ ਉੱਥੋਂ ਦਾਊਦ ਰਾਜਾ ਬਹੁਰੀਮ ਵਿੱਚ ਆਇਆ ਤਾਂ ਵੇਖੋ, ਉੱਥੋਂ ਸ਼ਾਊਲ ਦੇ ਘਰਾਣੇ ਦੇ ਵਿੱਚੋਂ ਇੱਕ ਮਨੁੱਖ ਨਿੱਕਲਿਆ ਜੋ ਗੇਰਾ ਦਾ ਪੁੱਤਰ ਸ਼ਿਮਈ ਸੀ ਅਤੇ ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ । ੬ ਉਸ ਨੇ ਦਾਊਦ ਉੱਤੇ ਅਤੇ ਦਾਊਦ ਰਾਜਾ ਦੇ ਸਾਰਿਆਂ ਸੇਵਕਾਂ ਨੂੰ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਾਰੇ ਲੋਕ ਉਹ ਦੇ ਸੱਜੇ ਖੱਬੇ ਸਨ । ੭ ਸ਼ਿਮਈ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿੱਕਲ ਆ, ਤੂੰ ਨਿੱਕਲ ਆ, ਹੇ ਖੂਨੀ ਮਨੁੱਖ ! ਹੇ ਦੁਸ਼ਟ ਮਨੁੱਖ ! ੮ ਕਿਉਂ ਜੋ ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਸਾਰੇ ਖੂਨ ਨੂੰ ਤੇਰੇ ਉੱਤੇ ਮੋੜ ਦਿੱਤਾ ਹੈ, ਜਿਸ ਦੇ ਸਥਾਨ ਤੇ ਤੂੰ ਰਾਜਾ ਬਣਿਆ ਹੈਂ ਅਤੇ ਯਹੋਵਾਹ ਨੇ ਤੇਰਾ ਰਾਜ, ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਦੇ ਦਿੱਤਾ ਹੈ ਅਤੇ ਵੇਖ, ਤੂੰ ਆਪਣੀ ਬੁਰਿਆਈ ਵਿੱਚ ਫਸਿਆ ਹੋਇਆ ਹੈਂ, ਕਿਉਂ ਜੋ ਤੂੰ ਖੂਨੀ ਮਨੁੱਖ ਹੈਂ ! ੯ ਤਦ ਸੂਰਯਾਹ ਦੇ ਪੁੱਤਰ ਅਬੀਸ਼ਈ ਨੇ ਰਾਜਾ ਨੂੰ ਆਖਿਆ, ਇਹ ਮਰਿਆ ਹੋਇਆ ਕੁੱਤਾ ਕਿਉਂ ਮੇਰੇ ਮਹਾਰਾਜ ਨੂੰ ਸਰਾਪ ਦੇਵੇ ? ਜੇ ਹੁਕਮ ਕਰੋ ਤਾਂ ਮੈਂ ਉਸਦਾ ਸਿਰ ਵੱਢ ਦੇਵਾਂ ! ੧੦ ਰਾਜਾ ਨੇ ਆਖਿਆ, ਹੇ ਸਰੂਯਾਹ ਦੇ ਪੁੱਤਰੋਂ, ਤੁਹਾਡੇ ਨਾਲ ਮੇਰਾ ਕੀ ਕੰਮ ਹੈ ? ਉਹ ਨੂੰ ਸਰਾਪ ਦੇਣ ਦਿਓ, ਕਿਉਂ ਜੋ ਯਹੋਵਾਹ ਨੇ ਉਹ ਨੂੰ ਆਖਿਆ ਹੈ ਕਿ ਦਾਊਦ ਨੂੰ ਸਰਾਪ ਦੇ । ਫਿਰ ਕੌਣ ਆਖ ਸਕਦਾ ਹੈ ਕਿ ਤੂੰ ਅਜਿਹਾ ਕਿਉਂ ਕੀਤਾ ? ੧੧ ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਆਖਿਆ, ਵੇਖੋ, ਮੇਰਾ ਪੁੱਤਰ ਹੀ, ਜੋ ਮੈਂਥੋਂ ਜੰਮਿਆ ਸੀ ਮੈਨੂੰ ਮਾਰਨ ਨੂੰ ਫਿਰਦਾ ਹੈ, ਤਾਂ ਭਲਾ, ਇਹ ਬਿਨਯਾਮੀਨੀ ਹੁਣ ਅਜਿਹਾ ਨਾ ਕਰੇਗਾ ? ਉਸ ਨੂੰ ਜਾਣ ਦਿਓ ਅਤੇ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ । ੧੨ ਕੀ ਪਤਾ, ਯਹੋਵਾਹ ਉਸ ਬੁਰਿਆਈ ਵੱਲ ਵੇਖੇ, ਜੋ ਮੇਰੇ ਉੱਤੇ ਆਈ ਹੈ ਅਤੇ ਯਹੋਵਾਹ ਅੱਜ ਦੇ ਦਿਨ ਉਹ ਦੇ ਸਰਾਪ ਦੇ ਬਦਲੇ ਮੇਰੇ ਨਾਲ ਭਲਿਆਈ ਕਰੇ ? ੧੩ ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿੱਚ ਤੁਰੇ ਜਾਂਦੇ ਸਨ, ਤਦ ਸ਼ਿਮਈ ਪਹਾੜ ਦੇ ਬੰਨ੍ਹੇ ਉੱਤੇ ਉਸ ਦੇ ਨਾਲ ਲੰਘ ਰਿਹਾ ਸੀ, ਅਤੇ ਉਹ ਸਰਾਪ ਦਿੰਦਾ ਜਾਂਦਾ ਸੀ, ਉਸ ਦੀ ਵੱਲ ਵੱਟੇ ਮਾਰਦਾ ਅਤੇ ਮਿੱਟੀ ਸੁੱਟਦਾ ਸੀ । ੧੪ ਰਾਜਾ ਅਤੇ ਉਹ ਦੇ ਨਾਲ ਦੇ ਸਾਰੇ ਥੱਕੇ ਹੋਏ ਸਨ ਅਤੇ ਉੱਥੇ ਉਨ੍ਹਾਂ ਨੇ ਆਰਾਮ ਕੀਤਾ ।
ਯਰੂਸ਼ਲਮ ਵਿੱਚ ਅਬਸ਼ਾਲੋਮ ਦਾ ਪ੍ਰਵੇਸ਼
੧੫ ਅਬਸ਼ਾਲੋਮ ਅਤੇ ਉਹ ਦੇ ਸਾਰੇ ਲੋਕ ਅਰਥਾਤ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫ਼ਲ ਉਸ ਦੇ ਨਾਲ ਸੀ । ੧੬ ਤਦ ਅਜਿਹਾ ਹੋਇਆ ਕਿ ਜਦ ਦਾਊਦ ਦਾ ਮਿੱਤਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਤਾਂ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਰਾਜਾ ਜੀਉਂਦਾ ਰਹੇ, ਰਾਜਾ ਜੀਉਂਦਾ ਰਹੇ ! ੧੭ ਅਬਸ਼ਾਲੋਮ ਨੇ ਹੂਸ਼ਈ ਨੂੰ ਆਖਿਆ, ਭਲਾ, ਤੂੰ ਆਪਣੇ ਮਿੱਤਰ ਉੱਤੇ ਇਹੋ ਕਿਰਪਾ ਕੀਤੀ ? ਤੂੰ ਆਪਣੇ ਮਿੱਤਰ ਨਾਲ ਕਿਉਂ ਨਹੀਂ ਗਿਆ ? ੧੮ ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਅਜਿਹਾ ਨਹੀਂ ਹੈ, ਸਗੋਂ ਜਿਸ ਨੂੰ ਯਹੋਵਾਹ ਅਤੇ ਇਹ ਲੋਕ ਅਤੇ ਇਸਰਾਏਲ ਦੇ ਸਾਰੇ ਮਨੁੱਖ ਚੁਣ ਲੈਣ ਮੈਂ ਉਸੇ ਦਾ ਹੋਵਾਂਗਾ ਅਤੇ ਉਸ ਦੇ ਨਾਲ ਰਹਾਂਗਾ । ੧੯ ਫਿਰ ਮੈਂ ਕਿਸ ਦੀ ਸੇਵਾ ਟਹਿਲ ਕਰਾਂ ? ਭਲਾ, ਉਹ ਦੇ ਪੁੱਤਰ ਦੀ ਨਹੀਂ, ਜਿਵੇਂ ਮੈਂ ਤੁਹਾਡੇ ਪਿਤਾ ਦੇ ਅੱਗੇ ਸੇਵਾ ਟਹਿਲ ਕੀਤੀ, ਉਸੇ ਤਰ੍ਹਾਂ ਤੁਹਾਡੇ ਅੱਗੇ ਵੀ ਕਰਾਂਗਾ । ੨੦ ਤਦ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਤੁਸੀਂ ਆਪਸ ਵਿੱਚ ਸਲਾਹ ਕਰੋ ਜੋ ਅਸੀਂ ਕੀ ਕਰੀਏ ? ੨੧ ਸੋ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਆਖਿਆ, ਆਪਣੇ ਪਿਤਾ ਦੀਆਂ ਉਨ੍ਹਾਂ ਰਖੈਲਾਂ ਦੇ ਨਾਲ ਸੰਗ ਕਰ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ, ਕਿਉਂ ਜੋ ਜਿਸ ਵੇਲੇ ਸਾਰੇ ਇਸਰਾਏਲੀ ਸੁਣਨਗੇ ਕਿ ਤੁਹਾਡਾ ਪਿਤਾ ਤੁਹਾਡੇ ਤੋਂ ਘਿਰਣਾ ਕਰਦਾ ਹੈ ਤਾਂ ਜੋ ਤੁਹਾਡੇ ਨਾਲ ਹਨ, ਉਨ੍ਹਾਂ ਸਾਰਿਆਂ ਦੇ ਹੱਥ ਤਕੜੇ ਹੋਣਗੇ । ੨੨ ਉਨ੍ਹਾਂ ਨੇ ਰਾਜ-ਭਵਨ ਦੀ ਛੱਤ ਉੱਤੇ ਅਬਸ਼ਾਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਸਾਹਮਣੇ ਆਪਣੇ ਪਿਤਾ ਦੀਆਂ ਰਖੈਲਾਂ ਨਾਲ ਸੰਗ ਕੀਤਾ । ੨੩ ਅਹੀਥੋਫ਼ਲ ਦੀ ਸਲਾਹ, ਜੋ ਉਹ ਉਨ੍ਹਾਂ ਦਿਨਾਂ ਵਿੱਚ ਦਿੰਦਾ ਸੀ, ਅਜਿਹੀ ਮੰਨੀ ਜਾਂਦੀ ਸੀ, ਜਾਣੋ ਜਿਵੇਂ ਕੋਈ ਪਰਮੇਸ਼ੁਰ ਦਾ ਬਚਨ ਪਾਉਂਦਾ ਹੈ । ਸੋ ਅਹੀਥੋਫ਼ਲ ਦੀ ਸਲਾਹ ਦਾਊਦ ਅਤੇ ਅਬਸ਼ਾਲੋਮ ਦੇ ਨਾਲ ਇਸ ਤਰ੍ਹਾਂ ਦੀ ਸੀ ।