2 Timothy 
ਤਿਮੋਥਿਉਸ ਨੂੰ ਦੂਜੀ ਪੱਤ੍ਰੀ 
ਭੂਮਿਕਾ 
ਤਿਮੋਥਿਉਸ ਨੂੰ ਪੌਲੁਸ ਦੀ ਦੂਸਰੀ ਪੱਤ੍ਰੀ, ਪੌਲੁਸ ਦੇ ਇੱਕ ਜਵਾਨ ਸਾਥੀ ਅਤੇ ਸਹਾਇਕ ਦੇ ਰੂਪ ਵਿੱਚ ਕੰਮ ਕਰਨ ਵਾਲੇ ਤਿਮੋਥਿਉਸ ਨੂੰ ਵਿਅਕਤੀਗਤ ਸਲਾਹ ਹੈ । ਇਸ ਦਾ ਮੁੱਖ ਵਿਸ਼ਾ ਹੈ ਧੀਰਜ । ਤਿਮੋਥਿਉਸ ਨੂੰ ਸਲਾਹ ਅਤੇ ਉਤਸ਼ਾਹ ਦਿੱਤਾ ਗਿਆ ਹੈ ਕਿ ਉਹ ਸਤਾਵ ਅਤੇ ਵਿਰੋਧ ਦੇ ਵਿੱਚ ਵੀ ਵਫਾਦਾਰੀ ਦੇ ਨਾਲ ਯਿਸੂ ਮਸੀਹ ਦੀ ਗਵਾਹੀ ਦਿੰਦਾ ਰਹੇ, ਖੁਸ਼ ਖ਼ਬਰੀ ਅਤੇ ਪੁਰਾਣੇ ਨੇਮ ਦੀਆਂ ਸਿੱਖਿਆਂਵਾਂ ਉੱਤੇ ਦ੍ਰਿੜ੍ਹ ਬਣਿਆ ਰਹੇ ਅਤੇ ਇੱਕ ਸਿੱਖਿਅਕ ਅਤੇ ਪ੍ਰਚਾਰਕ ਦੇ ਰੂਪ ਵਿੱਚ ਆਪਣਾ ਕੰਮ ਕਰਦਾ ਰਹੇ । 
ਤਿਮੋਥਿਉਸ ਨੂੰ ਖ਼ਾਸ ਤੌਰ ਤੇ “ਮੂਰਖਤਾਈ ਅਤੇ ਵਿਅਰਥ ਦੇ ਵਿਵਾਦਾਂ” ਵਿੱਚ ਫਸਣ ਦੇ ਨਾਲ ਪੈਦਾ ਹੋਣ ਵਾਲੇ ਖਤਰਿਆਂ ਦੇ ਵਿਰੋਧ ਵਿੱਚ ਚਿਤਾਵਨੀ ਦਿੱਤੀ ਗਈ ਹੈ । ਇਸ ਦੇ ਨਾਲ ਕੋਈ ਲਾਭ ਨਹੀਂ ਹੁੰਦਾ ਪਰ ਇਹ ਸੁਣਨ ਵਾਲਿਆਂ ਦੇ ਲਈ ਵਿਨਾਸ਼ ਦਾ ਕਾਰਨ ਬਣਦੇ ਹਨ । 
ਇਹਨਾਂ ਸਾਰਿਆਂ ਦੇ ਬਾਰੇ ਲੇਖਕ ਨੇ ਤਿਮੋਥਿਉਸ ਨੂੰ ਆਪਣੇ ਜੀਵਨ ਦੇ ਵਿੱਚੋਂ ਉਦਾਹਰਣ ਦੇ ਕੇ ਸਮਝਾਇਆ ਹੈ । 
ਰੂਪ-ਰੇਖਾ: 
ਭੂਮਿਕਾ 1:1, 2 
ਵਡਿਆਈ ਅਤੇ ਉਪਦੇਸ਼ 1:3 - 2:13 
ਸਲਾਹ ਅਤੇ ਚਿਤਾਵਨੀ 2:14 - 4:5 
ਪੌਲੁਸ ਦੀ ਆਪਣੀ ਸਥਿੱਤੀ 4:6-18 
ਸਿੱਟਾ 4:19-22  
 ੧
ਨਮਸਕਾਰ 
 ੧ ਪੌਲੁਸ, ਜੋ ਉਸ ਜੀਵਨ ਦੇ ਵਾਅਦੇ ਦੇ ਅਨੁਸਾਰ ਜਿਹੜਾ ਮਸੀਹ ਯਿਸੂ ਵਿੱਚ ਹੈ, ਪਰਮੇਸ਼ੁਰ ਦੀ ਮਰਜ਼ੀ ਤੋਂ ਮਸੀਹ ਯਿਸੂ ਦਾ ਰਸੂਲ ਹਾਂ ।  ੨ ਪਿਆਰੇ ਪੁੱਤਰ ਤਿਮੋਥਿਉਸ ਨੂੰ ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਯਾ, ਅਤੇ ਸ਼ਾਂਤੀ ਮਿਲਦੀ ਰਹੇ । 
ਧੰਨਵਾਦ ਅਤੇ ਹੌਂਸਲਾ ਅਫ਼ਜਾਈ 
 ੩ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਜਿਸ ਦੀ ਸੇਵਾ ਮੈਂ ਆਪਣੇ ਪੁਰਖਿਆਂ ਦੀ ਤਰ੍ਹਾਂ ਸ਼ੁੱਧ ਵਿਵੇਕ ਨਾਲ ਕਰਦਾ ਹਾਂ ! ਜਦ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਦਿਨ ਰਾਤ ਤੈਨੂੰ ਚੇਤੇ ਕਰਦਾ ਹਾਂ ।  ੪ ਅਤੇ ਤੇਰਿਆਂ ਹੰਝੂਆਂ ਨੂੰ ਚੇਤੇ ਕਰ ਕੇ ਤੈਨੂੰ ਵੇਖਣ ਨੂੰ ਲੋਚਦਾ ਹਾਂ ਕਿ ਅਨੰਦ ਨਾਲ ਭਰ ਜਾਂਵਾਂ ।  ੫ ਮੈਨੂੰ ਤੇਰੀ ਖਰੀ ਵਿਸ਼ਵਾਸ ਚੇਤੇ ਆਉਂਦੀ ਹੈ, ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਭਰੋਸਾ ਹੈ ਜੋ ਉਹ ਤੇਰੇ ਵਿੱਚ ਵੀ ਹੈ ।  ੬ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਕਿ ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਚਮਕਾ, ਜੋ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ।  ੭ ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ ।  ੮ ਇਸ ਲਈ ਤੂੰ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਵੀਂ, ਨਾ ਮੇਰੇ ਤੋਂ, ਜੋ ਉਹ ਦਾ ਬੰਧੂਆ ਹਾਂ, ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ ।  ੯ ਜਿਸ ਨੇ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ, ਸਾਡਿਆਂ ਕੰਮਾਂ ਦੇ ਅਨੁਸਾਰ ਨਹੀਂ ਸਗੋਂ ਆਪਣੀ ਮਰਜ਼ੀ ਅਤੇ ਉਸ ਕਿਰਪਾ ਦੇ ਅਨੁਸਾਰ ਜਿਹੜੀ ਮਸੀਹ ਯਿਸੂ ਵਿੱਚ ਸਦੀਪਕ ਸਮਿਆਂ ਤੋਂ ਸਾਡੇ ਉੱਤੇ ਕੀਤੀ ਗਈ ।  ੧੦ ਪਰ ਹੁਣ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ, ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਖੁਸ਼ਖਬਰੀ ਦੇ ਰਾਹੀਂ ਜੀਵਨ ਅਤੇ ਅਮਰਤਾ ਉੱਤੇ ਪਰਕਾਸ਼ ਕੀਤਾ ।  ੧੧ ਜਿਸ ਦੇ ਲਈ ਮੈਂ ਪਰਚਾਰਕ, ਰਸੂਲ ਅਤੇ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ ।  ੧੨ ਅਤੇ ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ, ਪਰ ਮੈਂ ਸ਼ਰਮਾਉਦਾ ਨਹੀਂ, ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ ।  ੧੩ ਤੂੰ ਉਹਨਾਂ ਖਰੀਆਂ ਗੱਲਾਂ ਨੂੰ ਜਿਹੜੀਆਂ ਤੂੰ ਮੇਰੇ ਕੋਲੋਂ ਸੁਣੀਆਂ ਉਸ ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ ।  ੧੪ ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਭਲੀ ਅਮਾਨਤ ਦੀ ਰਖਵਾਲੀ ਕਰ ।  ੧੫ ਤੂੰ ਇਹ ਜਾਣਦਾ ਹੈਂ ਕਿ ਸਭ ਜਿਹੜੇ ਅਸਿਯਾ ਵਿੱਚ ਹਨ ਜਿੰਨ੍ਹਾ ਵਿੱਚੋਂ ਫ਼ੁਗਿਲੁਸ ਅਤੇ ਹਰਮੁਗਨੇਸ ਮੇਰੇ ਤੋਂ ਬੇਮੁੱਖ ਹੋ ਗਏ ।  ੧੬ ਪ੍ਰਭੂ ਉਨੇਸਿਫ਼ੁਰੁਸ ਦੇ ਘਰਾਣੇ ਉੱਤੇ ਦਯਾ ਕਰੇ ਕਿਉਂ ਜੋ ਉਹ ਨੇ ਬਹੁਤ ਵਾਰੀ ਮੈਨੂੰ ਤਾਜ਼ਾ ਦਮ ਕੀਤਾ ਅਤੇ ਮੇਰੇ ਸੰਗਲਾਂ ਤੋਂ ਨਾ ਸ਼ਰਮਾਇਆ ।  ੧੭ ਸਗੋਂ ਜਦ ਉਹ ਰੋਮ ਨੂੰ ਆਇਆ ਤਾਂ ਉਹ ਨੇ ਮੈਨੂੰ ਵੱਡੀ ਕੋਸ਼ਿਸ਼ ਨਾਲ ਭਾਲਿਆ ਅਤੇ ਲੱਭ ਲਿਆ ।  ੧੮ ਪ੍ਰਭੂ ਉਹ ਨੂੰ ਇਹ ਦਾਤ ਕਰੇ ਕਿ ਉਸ ਦਿਨ ਪ੍ਰਭੂ ਵੱਲੋਂ ਉਸ ਉੱਤੇ ਦਯਾ ਹੋਵੇ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਜੋ ਅਫ਼ਸੁਸ ਵਿੱਚ ਕਿਵੇਂ ਉਸ ਨੇ ਮੇਰੀ ਸੇਵਾ ਕੀਤੀ ।